40
ਸਾਕੀ ਅਤੇ ਰਸੋਈਆ
1ਕੁਝ ਸਮੇਂ ਬਾਅਦ, ਮਿਸਰ ਦੇ ਰਾਜੇ ਦੇ ਸਾਕੀ ਅਤੇ ਰਸੋਈਏ ਨੇ ਆਪਣੇ ਮਾਲਕ, ਮਿਸਰ ਦੇ ਰਾਜੇ ਨੂੰ ਨਾਰਾਜ਼ ਕੀਤਾ। 2ਫ਼ਿਰਾਊਨ ਆਪਣੇ ਦੋ ਅਧਿਕਾਰੀਆਂ ਅਰਥਾਤ ਮੁੱਖ ਸਾਕੀ ਅਤੇ ਰਸੋਈਏ ਉੱਤੇ ਗੁੱਸੇ ਹੋ ਗਿਆ, 3ਅਤੇ ਉਹਨਾਂ ਨੂੰ ਪਹਿਰੇਦਾਰਾਂ ਦੇ ਸਰਦਾਰ ਦੇ ਘਰ ਉਸੇ ਕੈਦਖ਼ਾਨੇ ਵਿੱਚ ਰੱਖਿਆ ਜਿੱਥੇ ਯੋਸੇਫ਼ ਸੀ। 4ਪਹਿਰੇਦਾਰਾਂ ਦੇ ਸਰਦਾਰ ਨੇ ਉਹਨਾਂ ਨੂੰ ਯੋਸੇਫ਼ ਦੇ ਹਵਾਲੇ ਕੀਤਾ ਅਤੇ ਯੋਸੇਫ਼ ਉਹਨਾਂ ਦਾ ਧਿਆਨ ਰੱਖਦਾ ਰਿਹਾ।
ਕੁਝ ਸਮੇਂ ਲਈ ਹਿਰਾਸਤ ਵਿੱਚ ਰਹਿਣ ਤੋਂ ਬਾਅਦ, 5ਮਿਸਰ ਦੇ ਰਾਜੇ ਦਾ ਸਾਕੀ ਅਤੇ ਰਸੋਈਆ ਜੋ ਕੈਦ ਵਿੱਚ ਸਨ, ਉਹਨਾਂ ਵਿੱਚੋਂ ਦੋਵਾਂ ਨੇ ਉਸੇ ਰਾਤ ਇੱਕ ਸੁਪਨਾ ਦੇਖਿਆ ਅਤੇ ਹਰੇਕ ਸੁਪਨੇ ਦਾ ਅਲੱਗ-ਅਲੱਗ ਅਰਥ ਸੀ।
6ਅਗਲੀ ਸਵੇਰ ਯੋਸੇਫ਼ ਉਹਨਾਂ ਕੋਲ ਆਇਆ ਤਾਂ ਉਸ ਨੇ ਵੇਖਿਆ ਕਿ ਉਹ ਉਦਾਸ ਸਨ। 7ਤਾਂ ਉਸ ਨੇ ਫ਼ਿਰਾਊਨ ਦੇ ਅਧਿਕਾਰੀਆਂ ਨੂੰ ਜਿਹੜੇ ਉਸ ਦੇ ਮਾਲਕ ਦੇ ਘਰ ਵਿੱਚ ਉਸ ਦੇ ਨਾਲ ਕੈਦ ਵਿੱਚ ਸਨ ਪੁੱਛਿਆ, ਤੁਸੀਂ ਅੱਜ ਇੰਨੇ ਉਦਾਸ ਕਿਉਂ ਲੱਗ ਰਹੇ ਹੋ?
8ਉਹਨਾਂ ਨੇ ਉੱਤਰ ਦਿੱਤਾ, “ਅਸੀਂ ਦੋਹਾਂ ਨੇ ਸੁਪਨੇ ਵੇਖੇ ਸਨ ਪਰ ਉਹਨਾਂ ਦਾ ਅਰਥ ਦੱਸਣ ਵਾਲਾ ਕੋਈ ਨਹੀਂ ਹੈ।”
ਤਦ ਯੋਸੇਫ਼ ਨੇ ਉਹਨਾਂ ਨੂੰ ਕਿਹਾ, “ਕੀ ਵਿਆਖਿਆ ਪਰਮੇਸ਼ਵਰ ਦੇ ਵੱਸ ਵਿੱਚ ਨਹੀਂ ਹੈ? ਮੈਨੂੰ ਆਪਣੇ ਸੁਪਨੇ ਦੱਸੋ।”
9ਤਾਂ ਪ੍ਰਧਾਨ ਸਾਕੀ ਨੇ ਯੋਸੇਫ਼ ਨੂੰ ਆਪਣਾ ਸੁਪਨਾ ਦੱਸਿਆ। ਉਸ ਨੇ ਉਸ ਨੂੰ ਕਿਹਾ, “ਸੁਪਨੇ ਵਿੱਚ ਮੈਂ ਆਪਣੇ ਸਾਹਮਣੇ ਇੱਕ ਅੰਗੂਰੀ ਵੇਲ ਦੇਖੀ, 10ਅਤੇ ਵੇਲ ਉੱਤੇ ਤਿੰਨ ਟਹਿਣੀਆਂ ਸਨ। ਜਿਵੇਂ ਹੀ ਇਹ ਉਗਿਆ, ਇਹ ਖਿੜ ਗਿਆ ਅਤੇ ਇਸ ਦੇ ਗੁੱਛੇ ਅੰਗੂਰ ਬਣ ਗਏ। 11ਫ਼ਿਰਾਊਨ ਦਾ ਪਿਆਲਾ ਮੇਰੇ ਹੱਥ ਵਿੱਚ ਸੀ ਅਤੇ ਮੈਂ ਅੰਗੂਰ ਲੈ ਕੇ ਫ਼ਿਰਾਊਨ ਦੇ ਪਿਆਲੇ ਵਿੱਚ ਨਿਚੋੜ ਦਿੱਤੇ ਅਤੇ ਪਿਆਲਾ ਉਸ ਦੇ ਹੱਥ ਵਿੱਚ ਦੇ ਦਿੱਤਾ।”
12ਯੋਸੇਫ਼ ਨੇ ਉਸ ਨੂੰ ਕਿਹਾ, “ਇਸਦਾ ਅਰਥ ਇਹ ਹੈ ਕਿ ਤਿੰਨ ਸ਼ਾਖਾਵਾਂ ਤਿੰਨ ਦਿਨ ਹਨ। 13ਤਿੰਨਾਂ ਦਿਨਾਂ ਦੇ ਅੰਦਰ ਫ਼ਿਰਾਊਨ ਤੇਰਾ ਸਿਰ ਉੱਚਾ ਕਰੇਗਾ ਅਤੇ ਤੈਨੂੰ ਆਪਣੇ ਪਦ ਉੱਤੇ ਬਹਾਲ ਕਰੇਗਾ ਅਤੇ ਤੂੰ ਫ਼ਿਰਾਊਨ ਦਾ ਪਿਆਲਾ ਉਹ ਦੇ ਹੱਥ ਵਿੱਚ ਦੇਵੇਂਗਾ, ਜਿਵੇਂ ਤੂੰ ਉਸ ਦੇ ਸਾਕੀ ਹੋਣ ਵੇਲੇ ਕਰਦਾ ਸੀ। 14ਪਰ ਜਦੋਂ ਸਭ ਕੁਝ ਤੁਹਾਡੇ ਨਾਲ ਠੀਕ ਹੋ ਜਾਵੇ, ਤਾਂ ਮੈਨੂੰ ਯਾਦ ਰੱਖੋ ਅਤੇ ਮੇਰੇ ਉੱਤੇ ਦਯਾ ਕਰੋ। ਫ਼ਿਰਾਊਨ ਕੋਲ ਮੇਰਾ ਜ਼ਿਕਰ ਕਰੋ ਅਤੇ ਮੈਨੂੰ ਇਸ ਕੈਦ ਵਿੱਚੋਂ ਬਾਹਰ ਕੱਢੋ। 15ਮੈਨੂੰ ਇਬਰਾਨੀਆਂ ਦੇ ਦੇਸ਼ ਤੋਂ ਜ਼ਬਰਦਸਤੀ ਬਾਹਰ ਕੱਢਿਆ ਗਿਆ ਅਤੇ ਇੱਥੇ ਵੀ ਮੈਂ ਅਜਿਹਾ ਕੁਝ ਨਹੀਂ ਕੀਤਾ ਜੋ ਕਾਲ ਕੋਠੜੀ ਵਿੱਚ ਪਾਉਣ ਦੇ ਲਾਇਕ ਹੋਵੇ।”
16ਜਦੋਂ ਮੁੱਖ ਰਸੋਈਆ ਦੇ ਮੁਖੀ ਨੇ ਵੇਖਿਆ ਕਿ ਯੋਸੇਫ਼ ਨੇ ਚੰਗਾ ਅਰਥ ਦਿੱਤਾ ਹੈ ਤਾਂ ਉਸ ਨੇ ਯੋਸੇਫ਼ ਨੂੰ ਕਿਹਾ, “ਮੈਨੂੰ ਵੀ ਇੱਕ ਸੁਪਨਾ ਆਇਆ ਸੀ ਜਿਸ ਵਿੱਚ ਮੇਰੇ ਸਿਰ ਉੱਤੇ ਰੋਟੀ ਦੀਆਂ ਤਿੰਨ ਟੋਕਰੀਆਂ ਸਨ। 17ਅਤੇ ਸਭ ਤੋਂ ਉੱਪਰਲੀ ਟੋਕਰੀ ਵਿੱਚ ਫ਼ਿਰਾਊਨ ਲਈ ਪਕਾਇਆ ਹੋਇਆ ਭੋਜਨ ਸੀ, ਪਰ ਪੰਛੀ ਮੇਰੇ ਸਿਰ ਉੱਪਰਲੀ ਟੋਕਰੀ ਵਿੱਚੋਂ ਖਾਂਦੇ ਸਨ।”
18ਯੋਸੇਫ਼ ਨੇ ਕਿਹਾ, “ਇਸਦਾ ਅਰਥ ਇਹ ਹੈ ਕਿ ਤਿੰਨ ਟੋਕਰੀਆਂ ਤਿੰਨ ਦਿਨ ਹਨ। 19ਤਿੰਨਾਂ ਦਿਨਾਂ ਦੇ ਅੰਦਰ ਫ਼ਿਰਾਊਨ ਤੇਰੇ ਸਿਰ ਨੂੰ ਉਤਾਰ ਦੇਵੇਗਾ ਅਤੇ ਤੇਰੇ ਸਰੀਰ ਨੂੰ ਖੰਭੇ ਉੱਤੇ ਟੰਗ ਦੇਵੇਗਾ ਅਤੇ ਪੰਛੀ ਤੇਰਾ ਮਾਸ ਖਾ ਜਾਣਗੇ।”
20ਤੀਜੇ ਦਿਨ ਫ਼ਿਰਾਊਨ ਦਾ ਜਨਮ ਦਿਨ ਸੀ ਅਤੇ ਉਸ ਨੇ ਆਪਣੇ ਸਾਰੇ ਅਧਿਕਾਰੀਆਂ ਲਈ ਦਾਵਤ ਦਿੱਤੀ। ਉਸ ਨੇ ਆਪਣੇ ਅਧਿਕਾਰੀਆਂ ਦੇ ਸਾਹਮਣੇ ਮੁੱਖ ਸਾਕੀ ਅਤੇ ਰਸੋਈਏ ਦੇ ਮੁੱਖੀਏ ਦਾ ਸਿਰ ਉੱਚਾ ਕੀਤਾ। 21ਉਸ ਨੇ ਪ੍ਰਧਾਨ ਸਾਕੀ ਨੂੰ ਉਸ ਦੇ ਅਹੁਦੇ ਉੱਤੇ ਬਹਾਲ ਕੀਤਾ ਤਾਂ ਜੋ ਉਸ ਨੇ ਇੱਕ ਵਾਰ ਫਿਰ ਪਿਆਲਾ ਫ਼ਿਰਾਊਨ ਦੇ ਹੱਥ ਵਿੱਚ ਦਿੱਤਾ, 22ਪਰ ਉਸਨੇ ਰਸੋਈਏ ਦੇ ਮੁੱਖੀ ਨੂੰ ਫ਼ਾਸੀ ਦੇ ਦਿੱਤੀ ਜਿਵੇਂ ਯੋਸੇਫ਼ ਨੇ ਉਹਨਾਂ ਦੇ ਸੁਪਨਿਆਂ ਦਾ ਅਰਥ ਦੱਸਿਆ ਸੀ।
23ਸਾਕੀਆਂ ਦੇ ਮੁੱਖੀਏ ਨੇ ਯੋਸੇਫ਼ ਨੂੰ ਯਾਦ ਨਾ ਰੱਖਿਆ ਪਰ ਉਹ ਉਸਨੂੰ ਭੁੱਲ ਗਿਆ।