39
ਯੋਸੇਫ਼ ਅਤੇ ਪੋਟੀਫ਼ਰ ਦੀ ਪਤਨੀ
1ਹੁਣ ਯੋਸੇਫ਼ ਨੂੰ ਮਿਸਰ ਲਿਜਾਇਆ ਗਿਆ ਸੀ। ਪੋਟੀਫ਼ਰ, ਇੱਕ ਮਿਸਰੀ ਜੋ ਫ਼ਿਰਾਊਨ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ, ਪਹਿਰੇਦਾਰਾਂ ਦਾ ਪ੍ਰਧਾਨ ਸੀ, ਉਸਨੇ ਉਸਨੂੰ ਇਸਮਾਏਲੀ ਲੋਕਾਂ ਤੋਂ ਖਰੀਦ ਲਿਆ ਜੋ ਉਸਨੂੰ ਉੱਥੇ ਲਿਆਏ ਸਨ।
2ਯਾਹਵੇਹ ਯੋਸੇਫ਼ ਦੇ ਨਾਲ ਸੀ ਤਾਂ ਜੋ ਉਹ ਖੁਸ਼ਹਾਲ ਹੋਇਆ ਅਤੇ ਉਹ ਆਪਣੇ ਮਿਸਰੀ ਮਾਲਕ ਦੇ ਘਰ ਰਹਿੰਦਾ ਸੀ। 3ਜਦੋਂ ਉਸ ਦੇ ਮਾਲਕ ਨੇ ਵੇਖਿਆ ਕਿ ਯਾਹਵੇਹ ਉਸ ਦੇ ਨਾਲ ਹੈ ਅਤੇ ਯਾਹਵੇਹ ਨੇ ਉਸ ਨੂੰ ਹਰ ਕੰਮ ਵਿੱਚ ਸਫ਼ਲਤਾ ਦਿੱਤੀ ਹੈ, 4ਤਾਂ ਯੋਸੇਫ਼ ਨੇ ਉਸ ਦੀ ਨਿਗਾਹ ਵਿੱਚ ਕਿਰਪਾ ਪਾਈ ਅਤੇ ਉਸ ਦਾ ਸੇਵਾਦਾਰ ਬਣ ਗਿਆ। ਪੋਟੀਫ਼ਰ ਨੇ ਉਸਨੂੰ ਆਪਣੇ ਘਰ ਦਾ ਮੁਖ਼ਤਿਆਰ ਬਣਾ ਦਿੱਤਾ, ਅਤੇ ਉਸਨੇ ਆਪਣੀ ਸਾਰੀ ਮਲਕੀਅਤ ਉਸਦੀ ਦੇਖਭਾਲ ਲਈ ਸੌਂਪ ਦਿੱਤੀ। 5ਜਦੋਂ ਤੋਂ ਉਸ ਨੇ ਉਸ ਨੂੰ ਆਪਣੇ ਘਰਾਣੇ ਅਤੇ ਉਸ ਦੀ ਸਾਰੀ ਮਲਕੀਅਤ ਦਾ ਪ੍ਰਧਾਨ ਬਣਾਇਆ, ਯਾਹਵੇਹ ਨੇ ਯੋਸੇਫ਼ ਦੇ ਕਾਰਨ ਮਿਸਰੀ ਦੇ ਘਰਾਣੇ ਨੂੰ ਅਸੀਸ ਦਿੱਤੀ। ਯਾਹਵੇਹ ਦੀ ਬਰਕਤ ਪੋਟੀਫ਼ਰ ਦੀ ਹਰ ਚੀਜ਼ ਉੱਤੇ ਸੀ, ਭਾਵੇਂ ਉਹ ਘਰ ਵਿੱਚ ਸਨ ਭਾਵੇਂ ਖੇਤ ਵਿੱਚ। 6ਇਸ ਲਈ ਪੋਟੀਫ਼ਰ ਨੇ ਸਭ ਕੁਝ ਯੋਸੇਫ਼ ਦੇ ਹੱਥ ਵਿੱਚ ਸੌਂਪ ਦਿੱਤਾ ਅਤੇ ਉਸ ਨੇ ਆਪਣੀ ਖਾਣ ਦੀ ਰੋਟੀ ਤੋਂ ਛੁੱਟ ਹੋਰ ਕਿਸੇ ਚੀਜ਼ ਦੀ ਖ਼ਬਰ ਨਾ ਰੱਖੀ।
ਅਤੇ ਯੋਸੇਫ਼ ਰੂਪਵੰਤ ਅਤੇ ਸੋਹਣਾ ਸੀ। 7ਅਤੇ ਥੋੜ੍ਹੀ ਦੇਰ ਬਾਅਦ ਉਹ ਦੇ ਸੁਆਮੀ ਦੀ ਪਤਨੀ ਨੇ ਯੋਸੇਫ਼ ਨੂੰ ਵੇਖ ਕੇ ਆਖਿਆ, ਮੇਰੇ ਨਾਲ ਸੌ!
8ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਆਪਣੇ ਮਾਲਕ ਦੀ ਪਤਨੀ ਨੂੰ ਆਖਿਆ, “ਵੇਖੋ, ਮੇਰਾ ਮਾਲਕ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕੀ ਕੁਝ ਹੈ ਅਤੇ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਦੇ ਦਿੱਤਾ ਹੈ। 9ਇਸ ਘਰ ਵਿੱਚ ਮੇਰੇ ਨਾਲੋਂ ਵੱਡਾ ਕੋਈ ਨਹੀਂ ਹੈ। ਮੇਰੇ ਮਾਲਕ ਨੇ ਤੇਰੇ ਸਿਵਾਏ ਮੇਰੇ ਤੋਂ ਕੁਝ ਨਹੀਂ ਰੋਕਿਆ, ਕਿਉਂਕਿ ਤੂੰ ਉਸਦੀ ਪਤਨੀ ਹੈ। ਫਿਰ ਮੈਂ ਅਜਿਹਾ ਬੁਰਾ ਕੰਮ ਕਿਵੇਂ ਕਰ ਸਕਦਾ ਹਾਂ ਅਤੇ ਪਰਮੇਸ਼ਵਰ ਦੇ ਵਿਰੁੱਧ ਪਾਪ ਕਿਵੇਂ ਕਰ ਸਕਦਾ ਹਾਂ?” 10ਅਤੇ ਭਾਵੇਂ ਉਹ ਹਰ ਰੋਜ਼ ਯੋਸੇਫ਼ ਨਾਲ ਗੱਲ ਕਰਦੀ ਸੀ, ਪਰ ਉਸ ਨੇ ਉਸ ਦੇ ਨਾਲ ਸੌਣ ਜਾਂ ਉਸ ਦੇ ਨਾਲ ਰਹਿਣ ਤੋਂ ਇਨਕਾਰ ਕੀਤਾ।
11ਇੱਕ ਦਿਨ ਉਹ ਆਪਣੇ ਕੰਮ ਨੂੰ ਪੂਰਾ ਕਰਨ ਲਈ ਘਰ ਵਿੱਚ ਗਿਆ ਅਤੇ ਘਰ ਦਾ ਕੋਈ ਵੀ ਨੌਕਰ ਅੰਦਰ ਨਹੀਂ ਸੀ। 12ਉਸ ਨੇ ਉਹ ਨੂੰ ਆਪਣੀ ਚਾਦਰ ਤੋਂ ਫੜ੍ਹ ਲਿਆ ਅਤੇ ਆਖਿਆ, ਮੇਰੇ ਨਾਲ ਸੌਣ ਆ! ਪਰ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਘਰੋਂ ਬਾਹਰ ਭੱਜ ਗਿਆ।
13ਜਦੋਂ ਉਸ ਨੇ ਵੇਖਿਆ ਕਿ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਘਰੋਂ ਭੱਜ ਗਿਆ ਹੈ, 14ਤਾਂ ਉਸ ਨੇ ਆਪਣੇ ਘਰ ਦੇ ਨੌਕਰਾਂ ਨੂੰ ਬੁਲਾਇਆ ਅਤੇ ਉਸਨੇ ਉਹਨਾਂ ਨੂੰ ਕਿਹਾ, “ਦੇਖੋ, ਉਹ ਇੱਕ ਇਬਰਾਨੀ ਸਾਡੇ ਕੋਲ ਲੈ ਆਇਆ ਹੈ ਜਿਹੜਾ ਸਾਡੀ ਦੇਖਭਾਲ ਲਈ ਰੱਖਿਆ ਗਿਆ। ਉਹ ਮੇਰੇ ਨਾਲ ਸੌਣ ਲਈ ਇੱਥੇ ਆਇਆ, ਪਰ ਮੈਂ ਚੀਕਿਆ। 15ਜਦੋਂ ਉਸ ਨੇ ਮੈਨੂੰ ਮਦਦ ਲਈ ਚੀਕਦਿਆਂ ਸੁਣਿਆ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਘਰੋਂ ਭੱਜ ਗਿਆ।”
16ਜਦੋਂ ਤੱਕ ਉਹ ਦਾ ਮਾਲਕ ਘਰ ਨਾ ਆਇਆ, ਉਸਨੇ ਉਸਦਾ ਕੱਪੜਾ ਆਪਣੇ ਕੋਲ ਰੱਖਿਆ। 17ਤਦ ਉਸ ਨੇ ਉਸ ਨੂੰ ਇਹ ਕਹਾਣੀ ਸੁਣਾਈ, “ਉਹ ਇਬਰਾਨੀ ਨੌਕਰ ਜਿਸ ਨੂੰ ਤੂੰ ਸਾਡੇ ਕੋਲ ਲਿਆਇਆ ਸੀ ਉਹ ਮੇਰੇ ਨਾਲ ਬੁਰਾ ਵਿਵਹਾਰ ਕਰਨ ਲੱਗਾ ਸੀ। 18ਪਰ ਜਿਵੇਂ ਹੀ ਮੈਂ ਮਦਦ ਲਈ ਚਿੱਲਾਈ, ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਘਰੋਂ ਬਾਹਰ ਭੱਜ ਗਿਆ।”
19ਜਦੋਂ ਉਸਦੇ ਮਾਲਕ ਨੇ ਇਹ ਕਹਾਣੀ ਸੁਣੀ ਤਾਂ ਉਸਦੀ ਪਤਨੀ ਨੇ ਉਸਨੂੰ ਕਿਹਾ, “ਤੇਰੇ ਨੌਕਰ ਨੇ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ,” ਉਹ ਗੁੱਸੇ ਨਾਲ ਸੜ ਗਿਆ। 20ਯੋਸੇਫ਼ ਦੇ ਸੁਆਮੀ ਨੇ ਉਹ ਨੂੰ ਫੜ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ, ਇਹ ਉਹ ਥਾਂ ਸੀ ਜਿੱਥੇ ਰਾਜੇ ਦੇ ਸ਼ਾਹੀ ਕੈਦੀ ਸਨ।
ਯੋਸੇਫ਼ ਉੱਥੇ ਕੈਦ ਵਿੱਚ ਰਿਹਾ। 21ਯਾਹਵੇਹ ਯੋਸੇਫ਼ ਦੇ ਨਾਲ ਸੀ ਕਿ ਉਸਨੇ ਉਸਨੂੰ ਦਿਆਲਤਾ ਦਿਖਾਈ ਅਤੇ ਉਸਨੇ ਕੈਦਖ਼ਾਨੇ ਦੇ ਦਰੋਗੇ ਦੀਆਂ ਨਜ਼ਰਾ ਵਿੱਚ ਦਯਾ ਪਾਈ। 22ਸੋ ਦਰੋਗੇ ਨੇ ਯੋਸੇਫ਼ ਨੂੰ ਕੈਦਖ਼ਾਨੇ ਦੇ ਸਾਰੇ ਬੰਦਿਆਂ ਤੇ ਜ਼ਿੰਮੇਵਾਰ ਠਹਿਰਾਇਆ ਅਤੇ ਜੋ ਕੁਝ ਉੱਥੇ ਕੀਤਾ ਗਿਆ ਸੀ ਉਸ ਦਾ ਜ਼ਿੰਮੇਵਾਰ ਠਹਿਰਾਇਆ ਗਿਆ। 23ਚੌਕੀਦਾਰ ਨੇ ਯੋਸੇਫ਼ ਦੀ ਦੇਖਭਾਲ ਵਿੱਚ ਕਿਸੇ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਕਿਉਂਕਿ ਯਾਹਵੇਹ ਯੋਸੇਫ਼ ਦੇ ਨਾਲ ਸੀ ਅਤੇ ਉਸ ਨੇ ਜੋ ਵੀ ਕੀਤਾ ਉਸ ਵਿੱਚ ਉਸ ਨੂੰ ਸਫ਼ਲਤਾ ਦਿੱਤੀ।