ਉਤਪਤ 31

31
ਯਾਕੋਬ ਲਾਬਾਨ ਤੋਂ ਭੱਜ ਗਿਆ
1ਯਾਕੋਬ ਨੇ ਸੁਣਿਆ ਕਿ ਲਾਬਾਨ ਦੇ ਪੁੱਤਰ ਆਖ ਰਹੇ ਹਨ, “ਯਾਕੋਬ ਨੇ ਸਾਡੇ ਪਿਤਾ ਦਾ ਸਭ ਕੁਝ ਖੋਹ ਲਿਆ ਹੈ ਅਤੇ ਇਹ ਸਾਰੀ ਦੌਲਤ ਸਾਡੇ ਪਿਤਾ ਦੀ ਹੈ।” 2ਅਤੇ ਯਾਕੋਬ ਨੇ ਦੇਖਿਆ ਕਿ ਲਾਬਾਨ ਦਾ ਉਸ ਨਾਲ ਰਵੱਈਆ ਉਹ ਨਹੀਂ ਸੀ ਜੋ ਪਹਿਲਾਂ ਸੀ।
3ਤਦ ਯਾਹਵੇਹ ਨੇ ਯਾਕੋਬ ਨੂੰ ਆਖਿਆ, “ਤੂੰ ਆਪਣੇ ਪੁਰਖਿਆਂ ਅਤੇ ਆਪਣੇ ਰਿਸ਼ਤੇਦਾਰਾਂ ਦੇ ਦੇਸ਼ ਵਿੱਚ ਵਾਪਸ ਜਾ ਅਤੇ ਮੈਂ ਤੇਰੇ ਨਾਲ ਹੋਵਾਂਗਾ।”
4ਇਸ ਲਈ ਯਾਕੋਬ ਨੇ ਰਾਖ਼ੇਲ ਅਤੇ ਲੇਆਹ ਨੂੰ ਉਹਨਾਂ ਖੇਤਾਂ ਵਿੱਚ ਜਿੱਥੇ ਉਸ ਦੇ ਇੱਜੜ ਸਨ ਬਾਹਰ ਆਉਣ ਲਈ ਕਿਹਾ। 5ਉਸ ਨੇ ਉਹਨਾਂ ਨੂੰ ਆਖਿਆ, “ਮੈਂ ਵੇਖਦਾ ਹਾਂ ਕਿ ਤੁਹਾਡੇ ਪਿਤਾ ਦਾ ਮੇਰੇ ਨਾਲ ਰਵੱਈਆ ਪਹਿਲਾਂ ਵਰਗਾ ਨਹੀਂ ਹੈ ਪਰ ਮੇਰੇ ਪਿਤਾ ਦਾ ਪਰਮੇਸ਼ਵਰ ਮੇਰੇ ਨਾਲ ਰਿਹਾ ਹੈ। 6ਤੁਸੀਂ ਜਾਣਦੀਆਂ ਹੋ ਕਿ ਮੈਂ ਆਪਣੀ ਪੂਰੀ ਤਾਕਤ ਨਾਲ ਤੁਹਾਡੇ ਪਿਤਾ ਲਈ ਕੰਮ ਕੀਤਾ ਹੈ, 7ਫਿਰ ਵੀ ਤੁਹਾਡੇ ਪਿਤਾ ਨੇ ਦਸ ਵਾਰ ਮੇਰੀ ਮਜ਼ਦੂਰੀ ਬਦਲ ਕੇ ਮੇਰੇ ਨਾਲ ਧੋਖਾ ਕੀਤਾ ਹੈ। ਹਾਲਾਂਕਿ, ਪਰਮੇਸ਼ਵਰ ਨੇ ਉਸਨੂੰ ਮੈਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ। 8ਜੇ ਉਸ ਨੇ ਕਿਹਾ, ‘ਕਿ ਚਿਤਲੀਆਂ ਤੇਰੀ ਮਜ਼ਦੂਰੀ ਹਨ,’ ਤਾਂ ਸਾਰੇ ਇੱਜੜ ਨੇ ਗਦਰੇ ਹੀ ਬੱਚੇ ਦਿੱਤੇ ਅਤੇ ਜੇ ਉਸ ਨੇ ਕਿਹਾ, ‘ਧਾਰੀਦਾਰ ਤੇਰੀ ਮਜ਼ਦੂਰੀ ਹੋਵੇਗੀ,’ ਤਾਂ ਸਾਰੇ ਇੱਜੜ ਨੇ ਧਾਰੀਦਾਰ ਬੱਚੇ ਜੰਮੇ। 9ਇਸ ਲਈ ਪਰਮੇਸ਼ਵਰ ਨੇ ਤੁਹਾਡੇ ਪਿਤਾ ਦੇ ਪਸ਼ੂ ਖੋਹ ਕੇ ਮੈਨੂੰ ਦੇ ਦਿੱਤੇ ਹਨ।
10“ਇੱਜੜ ਦੇ ਜੰਮਣ ਦੇ ਸਮੇਂ ਇੱਕ ਵਾਰ ਮੈਨੂੰ ਇੱਕ ਸੁਪਨਾ ਆਇਆ ਜਿਸ ਵਿੱਚ ਮੈਂ ਉੱਪਰ ਵੇਖਿਆ ਅਤੇ ਵੇਖੋ ਜਿਹੜੇ ਬੱਕਰੇ ਇੱਜੜ ਉੱਪਰ ਟੱਪਦੇ ਸਨ ਓਹ ਗਦਰੇ ਅਤੇ ਚਿਤਲੇ ਅਤੇ ਚਿਤਕਬਰੇ ਸਨ। 11ਪਰਮੇਸ਼ਵਰ ਦੇ ਦੂਤ ਨੇ ਮੈਨੂੰ ਸੁਪਨੇ ਵਿੱਚ ਕਿਹਾ, ਯਾਕੋਬ! ਮੈਂ ਉੱਤਰ ਦਿੱਤਾ, ‘ਮੈਂ ਹਾਜ਼ਰ ਹਾਂ।’ 12ਤਦ ਉਸ ਨੇ ਆਖਿਆ ‘ਆਪਣੀਆਂ ਅੱਖਾਂ ਚੁੱਕ ਕੇ ਵੇਖ ਕਿ ਸਾਰੇ ਬੱਕਰੇ ਜਿਹੜੇ ਇੱਜੜ ਦੇ ਉੱਤੇ ਟੱਪਦੇ ਸਨ ਗਦਰੇ, ਚਿਤਲੇ ਅਤੇ ਚਿਤਕਬਰੇ ਹਨ ਕਿਉਂ ਜੋ ਮੈਂ ਜੋ ਕੁਝ ਲਾਬਾਨ ਨੇ ਤੇਰੇ ਨਾਲ ਕੀਤਾ, ਉਹ ਸਭ ਮੈਂ ਵੇਖਿਆ ਹੈ। 13ਮੈਂ ਬੈਤਏਲ ਦਾ ਪਰਮੇਸ਼ਵਰ ਹਾਂ, ਜਿੱਥੇ ਤੂੰ ਇੱਕ ਥੰਮ੍ਹ ਨੂੰ ਮਸਹ ਕੀਤਾ ਅਤੇ ਜਿੱਥੇ ਤੂੰ ਮੇਰੇ ਅੱਗੇ ਸੁੱਖਣਾ ਸੁੱਖੀ। ਹੁਣ ਇਸ ਧਰਤੀ ਨੂੰ ਇੱਕ ਦਮ ਛੱਡ ਕੇ ਆਪਣੇ ਜੱਦੀ ਦੇਸ਼ ਨੂੰ ਵਾਪਸ ਚੱਲਾ ਜਾ।’ ”
14ਤਦ ਰਾਖ਼ੇਲ ਅਤੇ ਲੇਆਹ ਨੇ ਉੱਤਰ ਦਿੱਤਾ, “ਕੀ ਸਾਡੇ ਪਿਤਾ ਦੀ ਜਾਇਦਾਦ ਵਿੱਚ ਹਾਲੇ ਵੀ ਸਾਡਾ ਕੋਈ ਹਿੱਸਾ ਹੈ? 15ਕੀ ਉਹ ਸਾਨੂੰ ਪਰਦੇਸੀ ਨਹੀਂ ਸਮਝਦਾ? ਉਸ ਨੇ ਨਾ ਸਿਰਫ ਸਾਨੂੰ ਵੇਚ ਦਿੱਤਾ ਹੈ, ਪਰ ਉਸ ਨੇ ਸਾਡੇ ਲਈ ਜੋ ਭੁਗਤਾਨ ਕੀਤਾ ਗਿਆ ਸੀ ਉਸ ਨੂੰ ਵਰਤਿਆ ਹੈ। 16ਨਿਸ਼ਚੇ ਹੀ ਉਹ ਸਾਰੀ ਦੌਲਤ ਜਿਹੜੀ ਪਰਮੇਸ਼ਵਰ ਨੇ ਸਾਡੇ ਪਿਤਾ ਤੋਂ ਖੋਹ ਲਈ ਹੈ ਸਾਡੀ ਅਤੇ ਸਾਡੇ ਬੱਚਿਆਂ ਦੀ ਹੈ। ਇਸ ਲਈ ਉਹੀ ਕਰੋ ਜੋ ਪਰਮੇਸ਼ਵਰ ਨੇ ਤੁਹਾਨੂੰ ਕਿਹਾ ਹੈ।”
17ਤਦ ਯਾਕੋਬ ਨੇ ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਊਠਾਂ ਉੱਤੇ ਬਿਠਾ ਦਿੱਤਾ, 18ਅਤੇ ਉਸ ਨੇ ਆਪਣੇ ਸਾਰੇ ਪਸ਼ੂਆਂ ਨੂੰ ਅਤੇ ਉਸ ਸਾਰੇ ਮਾਲ ਨੂੰ ਜੋ ਉਸ ਨੇ ਪਦਨ ਅਰਾਮ ਵਿੱਚ ਇਕੱਠਾ ਕੀਤਾ ਸੀ, ਤਾਂ ਜੋ ਕਨਾਨ ਦੇਸ਼ ਨੂੰ ਆਪਣੇ ਪਿਤਾ ਇਸਹਾਕ ਕੋਲ ਚਲਿਆ ਜਾਵੇ।
19ਜਦੋਂ ਲਾਬਾਨ ਆਪਣੀਆਂ ਭੇਡਾਂ ਦੀ ਉੱਨ ਵੱਢਣ ਗਿਆ ਤਾਂ ਰਾਖ਼ੇਲ ਨੇ ਆਪਣੇ ਪਿਤਾ ਦੀ ਘਰੇਲੂ ਮੂਰਤੀਆਂ ਨੂੰ ਚੁਰਾ ਕੇ ਲੈ ਗਈ। 20ਇਸ ਤੋਂ ਇਲਾਵਾ, ਯਾਕੋਬ ਨੇ ਲਾਬਾਨ ਅਰਾਮੀ ਨੂੰ ਇਹ ਨਾ ਕਹਿ ਕੇ ਧੋਖਾ ਦਿੱਤਾ ਕਿ ਉਹ ਭੱਜ ਰਿਹਾ ਹੈ। 21ਸੋ ਉਹ ਆਪਣਾ ਸਭ ਕੁਝ ਲੈ ਕੇ ਭੱਜ ਗਿਆ ਅਤੇ ਫ਼ਰਾਤ ਦਰਿਆ ਪਾਰ ਕਰਕੇ ਗਿਲਆਦ ਦੇ ਪਹਾੜੀ ਦੇਸ਼ ਨੂੰ ਚੱਲਿਆ ਗਿਆ।
ਲਾਬਾਨ ਨੇ ਯਾਕੋਬ ਦਾ ਪਿੱਛਾ ਕੀਤਾ
22ਤੀਜੇ ਦਿਨ ਲਾਬਾਨ ਨੂੰ ਦੱਸਿਆ ਗਿਆ ਕਿ ਯਾਕੋਬ ਭੱਜ ਗਿਆ ਹੈ। 23ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਸੱਤ ਦਿਨਾਂ ਤੱਕ ਯਾਕੋਬ ਦਾ ਪਿੱਛਾ ਕੀਤਾ ਅਤੇ ਗਿਲਆਦ ਦੇ ਪਹਾੜੀ ਦੇਸ਼ ਵਿੱਚ ਉਹ ਨੂੰ ਫੜ ਲਿਆ। 24ਤਦ ਪਰਮੇਸ਼ਵਰ ਰਾਤ ਨੂੰ ਸੁਪਨੇ ਵਿੱਚ ਲਾਬਾਨ ਅਰਾਮੀ ਕੋਲ ਆਇਆ ਅਤੇ ਉਸ ਨੂੰ ਕਿਹਾ, “ਸਾਵਧਾਨ ਰਹੋ ਕਿ ਯਾਕੋਬ ਨਾਲ ਬੁਰਾ ਜਾ ਭਲਾ ਨਾ ਕਰਨਾ।”
25ਯਾਕੋਬ ਨੇ ਗਿਲਆਦ ਦੇ ਪਹਾੜੀ ਦੇਸ਼ ਵਿੱਚ ਆਪਣਾ ਤੰਬੂ ਲਾਇਆ ਹੋਇਆ ਸੀ ਜਦੋਂ ਲਾਬਾਨ ਉਸ ਤੱਕ ਪਹੁੰਚ ਗਿਆ ਤਾਂ ਲਾਬਾਨ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਵੀ ਉੱਥੇ ਤੰਬੂ ਲਾਏ। 26ਤਦ ਲਾਬਾਨ ਨੇ ਯਾਕੋਬ ਨੂੰ ਆਖਿਆ, “ਤੂੰ ਇਹ ਕੀ ਕੀਤਾ? ਤੂੰ ਮੈਨੂੰ ਧੋਖਾ ਦਿੱਤਾ ਹੈ, ਅਤੇ ਤੂੰ ਮੇਰੀਆਂ ਧੀਆਂ ਨੂੰ ਜੰਗ ਵਿੱਚ ਜਿੱਤੇ ਹੋਏ ਕੈਦੀਆਂ ਵਾਂਗ ਚੁੱਕ ਲਿਆਇਆ ਹੈ। 27ਤੂੰ ਕਿਉਂ ਲੁਕ ਕੇ ਭੱਜਿਆ ਅਤੇ ਮੈਨੂੰ ਧੋਖਾ ਦਿੱਤਾ? ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ, ਤਾਂ ਜੋ ਮੈਂ ਤੁਹਾਨੂੰ ਖੁਸ਼ੀ ਨਾਲ ਅਤੇ ਬਰਬਤਾਂ ਦੇ ਸੰਗੀਤ ਵਜਾ ਕੇ ਵਿਦਾ ਕਰਦਾ? 28ਤੂੰ ਮੈਨੂੰ ਮੇਰੇ ਪੋਤੇ-ਪੋਤੀਆਂ ਅਤੇ ਧੀਆਂ ਨੂੰ ਵੀ ਚੁੰਮਣ ਕਿਉਂ ਨਾ ਦਿੱਤਾ? ਤੂੰ ਇੱਕ ਮੂਰਖਤਾ ਵਾਲੀ ਗੱਲ ਕੀਤੀ ਹੈ। 29ਮੇਰੇ ਕੋਲ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਸ਼ਕਤੀ ਹੈ, ਪਰ ਕੱਲ੍ਹ ਰਾਤ ਤੇਰੇ ਪਿਤਾ ਦੇ ਪਰਮੇਸ਼ਵਰ ਨੇ ਮੈਨੂੰ ਆਖਿਆ, ‘ਸਾਵਧਾਨ ਹੋ ਕਿ ਯਾਕੋਬ ਨਾਲ ਬੁਰਾ ਜਾਂ ਭਲਾ ਨਾ ਕਰਨਾ।’ 30ਹੁਣ ਤੂੰ ਇਸ ਲਈ ਚੱਲਾ ਹੈ ਕਿਉਂਕਿ ਤੂੰ ਆਪਣੇ ਪਿਤਾ ਦੇ ਘਰ ਨੂੰ ਵਾਪਸ ਜਾਣਾ ਚਾਹੁੰਦਾ ਸੀ। ਪਰ ਤੂੰ ਮੇਰੇ ਦੇਵਤਿਆਂ ਨੂੰ ਕਿਉਂ ਚੋਰੀ ਕੀਤਾ?”
31ਯਾਕੋਬ ਨੇ ਲਾਬਾਨ ਨੂੰ ਉੱਤਰ ਦਿੱਤਾ, “ਮੈਂ ਡਰਿਆ ਹੋਇਆ ਸੀ ਕਿਉਂ ਜੋ ਮੈਂ ਸੋਚਿਆ ਸੀ ਕਿ ਤੂੰ ਆਪਣੀਆਂ ਧੀਆਂ ਨੂੰ ਜ਼ਬਰਦਸਤੀ ਮੇਰੇ ਕੋਲੋਂ ਖੋਹ ਲਵੇਂਗਾ। 32ਪਰ ਜੇ ਤੂੰ ਕਿਸੇ ਅਜਿਹੇ ਵਿਅਕਤੀ ਨੂੰ ਲੱਭੇ ਜਿਸ ਕੋਲ ਤੇਰੇ ਦੇਵਤੇ ਹਨ, ਤਾਂ ਉਹ ਮਨੁੱਖ ਜੀਉਂਦਾ ਨਹੀਂ ਰਹੇਗਾ। ਸਾਡੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ, ਤੁਸੀਂ ਆਪ ਹੀ ਦੇਖ ਲਓ ਕਿ ਕੀ ਇੱਥੇ ਮੇਰੇ ਨਾਲ ਤੁਹਾਡਾ ਕੁਝ ਹੈ; ਅਤੇ ਜੇ ਅਜਿਹਾ ਹੈ, ਤਾਂ ਇਸ ਨੂੰ ਲੈ ਲਓ।” ਹੁਣ ਯਾਕੋਬ ਨੂੰ ਨਹੀਂ ਪਤਾ ਸੀ ਕਿ ਰਾਖ਼ੇਲ ਨੇ ਦੇਵਤਿਆਂ ਨੂੰ ਚੁਰਾ ਲਿਆ ਸੀ।
33ਸੋ ਲਾਬਾਨ ਯਾਕੋਬ ਦੇ ਤੰਬੂ ਵਿੱਚ ਅਤੇ ਲੇਆਹ ਦੇ ਤੰਬੂ ਵਿੱਚ ਅਤੇ ਦੋਹਾਂ ਦਾਸੀਆਂ ਦੇ ਤੰਬੂ ਵਿੱਚ ਗਿਆ ਪਰ ਉਸ ਨੂੰ ਕੁਝ ਨਾ ਮਿਲਿਆ। ਲੇਆਹ ਦੇ ਤੰਬੂ ਤੋਂ ਬਾਹਰ ਆਉਣ ਤੋਂ ਬਾਅਦ, ਉਹ ਰਾਖ਼ੇਲ ਦੇ ਤੰਬੂ ਵਿੱਚ ਗਿਆ। 34ਹੁਣ ਰਾਖ਼ੇਲ ਨੇ ਘਰੇਲੂ ਦੇਵਤਿਆਂ ਦੀਆਂ ਮੂਰਤੀਆਂ ਨੂੰ ਲੈ ਕੇ ਆਪਣੇ ਊਠ ਦੀ ਕਾਠੀ ਵਿੱਚ ਪਾ ਲਿਆ ਅਤੇ ਉਹਨਾਂ ਉੱਤੇ ਬੈਠੀ ਹੋਈ ਸੀ। ਲਾਬਾਨ ਨੇ ਤੰਬੂ ਵਿੱਚ ਸਭ ਕੁਝ ਲੱਭਿਆ ਪਰ ਕੁਝ ਨਹੀਂ ਮਿਲਿਆ।
35ਰਾਖ਼ੇਲ ਨੇ ਆਪਣੇ ਪਿਤਾ ਨੂੰ ਆਖਿਆ, “ਮੇਰੇ ਮਾਲਕ, ਨਾਰਾਜ਼ ਨਾ ਹੋ ਕਿ ਮੈਂ ਤੁਹਾਡੇ ਸਾਹਮਣੇ ਖੜ੍ਹੀ ਨਹੀਂ ਹੋ ਸਕਦੀ। ਕਿਉਂ ਜੋ ਮੈਂ ਮਾਹਵਾਰੀ ਦੇ ਹਾਲ ਵਿੱਚ ਹਾਂ।” ਇਸ ਲਈ ਉਸਨੇ ਖੋਜ ਕੀਤੀ ਪਰ ਘਰ ਦੇ ਦੇਵਤੇ ਦੀਆਂ ਮੂਰਤੀਆਂ ਨਾ ਲੱਭੀਆ।
36ਯਾਕੋਬ ਗੁੱਸੇ ਵਿੱਚ ਆ ਗਿਆ। “ਮੇਰਾ ਗੁਨਾਹ ਕੀ ਹੈ?” ਉਸਨੇ ਲਾਬਾਨ ਨੂੰ ਪੁੱਛਿਆ। “ਮੈਂ ਤੇਰੇ ਨਾਲ ਕਿਵੇਂ ਬੇਇਨਸਾਫ਼ੀ ਕੀਤੀ ਹੈ ਜੋ ਤੂੰ ਇੰਨੇ ਗੁੱਸੇ ਵਿੱਚ ਹੋ ਕੇ ਮੇਰਾ ਪਿੱਛਾ ਕੀਤਾ ਹੈ? 37ਹੁਣ ਜਦੋਂ ਤੁਸੀਂ ਮੇਰੇ ਸਾਰੇ ਮਾਲ ਦੀ ਤਲਾਸ਼ੀ ਲਈ ਹੈ, ਤਾਂ ਤੈਨੂੰ ਕੀ ਮਿਲਿਆ ਜੋ ਤੇਰੇ ਘਰ ਦਾ ਹੈ? ਇਸ ਨੂੰ ਇੱਥੇ ਆਪਣੇ ਅਤੇ ਮੇਰੇ ਰਿਸ਼ਤੇਦਾਰਾਂ ਦੇ ਸਾਹਮਣੇ ਰੱਖ, ਤਾਂ ਜੋ ਉਹ ਸਾਡੇ ਦੋਹਾ ਦਾ ਨਿਆਂ ਕਰਨ।
38“ਮੈਂ ਹੁਣ ਵੀਹ ਸਾਲਾਂ ਤੋਂ ਤੁਹਾਡੇ ਨਾਲ ਹਾਂ। ਤੁਹਾਡੀਆਂ ਭੇਡਾਂ ਅਤੇ ਬੱਕਰੀਆਂ ਦਾ ਗਰਭਪਾਤ ਨਹੀਂ ਹੋਇਆ, ਨਾ ਮੈਂ ਤੇਰੇ ਇੱਜੜਾਂ ਵਿੱਚੋਂ ਕੋਈ ਭੇਡੂ ਖਾਧਾ ਹੈ। 39ਅਤੇ ਫੱਟੜਾਂ ਨੂੰ ਮੈਂ ਤੇਰੇ ਕੋਲ ਨਹੀਂ ਲਿਆਂਦਾ ਸਗੋਂ ਮੈਂ ਖੁਦ ਉਸਦਾ ਨੁਕਸਾਨ ਝੱਲਿਆ। ਉਹ ਜਿਹੜਾ ਦਿਨ ਅਤੇ ਰਾਤ ਚੋਰੀ ਹੋ ਗਿਆ ਉਹ ਤੂੰ ਮੇਰੇ ਕੋਲੋ ਮੰਗਿਆ। 40ਮੇਰੀ ਹਾਲਤ ਇਹ ਸੀ ਕਿ ਮੈਨੂੰ ਦਿਨੇ ਗਰਮੀ ਅਤੇ ਰਾਤ ਦੀ ਠੰਡ ਨੇ ਮੈਨੂੰ ਖਾ ਲਿਆ ਅਤੇ ਨੀਂਦ ਮੇਰੀਆਂ ਅੱਖਾਂ ਤੋਂ ਉੱਡ ਗਈ। 41ਇਸ ਤਰ੍ਹਾਂ ਵੀਹ ਸਾਲ ਮੈਂ ਤੁਹਾਡੇ ਘਰ ਵਿੱਚ ਰਿਹਾ। ਮੈਂ ਤੇਰੇ ਲਈ ਚੌਦਾਂ ਸਾਲ ਤੇਰੀਆਂ ਦੋ ਧੀਆਂ ਲਈ ਅਤੇ ਛੇ ਸਾਲ ਤੇਰੇ ਇੱਜੜਾਂ ਲਈ ਕੰਮ ਕੀਤਾ ਅਤੇ ਤੂੰ ਦਸ ਵਾਰ ਮੇਰੀ ਮਜ਼ਦੂਰੀ ਬਦਲ ਦਿੱਤੀ। 42ਜੇ ਮੇਰੇ ਪਿਤਾ ਦਾ ਪਰਮੇਸ਼ਵਰ, ਅਬਰਾਹਾਮ ਦਾ ਪਰਮੇਸ਼ਵਰ ਅਤੇ ਇਸਹਾਕ ਦਾ ਡਰ ਮੇਰੇ ਨਾਲ ਨਾ ਹੁੰਦਾ, ਤਾਂ ਤੂੰ ਜ਼ਰੂਰ ਮੈਨੂੰ ਖਾਲੀ ਹੱਥ ਭੇਜ ਦਿੰਦਾ। ਪਰ ਪਰਮੇਸ਼ਵਰ ਨੇ ਮੇਰੀ ਕਠਿਨਾਈ ਅਤੇ ਮੇਰੇ ਹੱਥਾਂ ਦੀ ਮਿਹਨਤ ਨੂੰ ਦੇਖਿਆ ਹੈ, ਅਤੇ ਪਿਛਲੀ ਰਾਤ ਉਸ ਨੇ ਤੁਹਾਨੂੰ ਝਿੜਕਿਆ ਹੈ।”
43ਲਾਬਾਨ ਨੇ ਯਾਕੋਬ ਨੂੰ ਉੱਤਰ ਦਿੱਤਾ, “ਇਹ ਔਰਤਾਂ ਮੇਰੀਆਂ ਧੀਆਂ ਹਨ, ਇਹ ਬੱਚੇ ਮੇਰੇ ਬੱਚੇ ਹਨ ਇਹ ਅਤੇ ਇੱਜੜ ਮੇਰੇ ਇੱਜੜ ਹੈ। ਜੋ ਤੂੰ ਦੇਖਦਾ ਹੈ ਉਹ ਮੇਰਾ ਹੈ। ਫਿਰ ਵੀ ਮੈਂ ਅੱਜ ਮੇਰੀਆਂ ਇਹਨਾਂ ਧੀਆਂ ਬਾਰੇ, ਜਾਂ ਉਹਨਾਂ ਦੇ ਜਨਮੇ ਬੱਚਿਆਂ ਬਾਰੇ ਕੀ ਕਰ ਸਕਦਾ ਹਾਂ? 44ਹੁਣ ਆ, ਤੂੰ ਅਤੇ ਮੈਂ ਇੱਕ ਨੇਮ ਬੰਨ੍ਹੀਏ ਅਤੇ ਇਹ ਸਾਡੇ ਵਿਚਕਾਰ ਗਵਾਹੀ ਹੋਵੇ।”
45ਤਾਂ ਯਾਕੋਬ ਨੇ ਇੱਕ ਪੱਥਰ ਲਿਆ ਅਤੇ ਉਸ ਨੂੰ ਥੰਮ੍ਹ ਵਾਂਗ ਖੜ੍ਹਾ ਕੀਤਾ। 46ਯਾਕੋਬ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ, ਕੁਝ ਪੱਥਰ ਇਕੱਠੇ ਕਰੋ। ਇਸ ਲਈ ਉਹਨਾਂ ਨੇ ਪੱਥਰਾਂ ਨੂੰ ਇਕੱਠੇ ਕਰਕੇ ਇੱਕ ਢੇਰ ਲਗਾ ਦਿੱਤਾ ਅਤੇ ਉਹਨਾਂ ਨੇ ਉਸ ਢੇਰ ਕੋਲ ਖਾਧਾ। 47ਲਾਬਾਨ ਨੇ ਇਸ ਦਾ ਨਾਮ ਯਗਰ ਸਾਹਦੂਥਾ#31:47 ਅਰਾਮੀ ਭਾਸ਼ਾ ਵਿੱਚ ਇਸ ਦਾ ਅਰਥ ਪੱਥਰਾਂ ਦਾ ਢੇਰ ਅਤੇ ਯਾਕੋਬ ਨੇ ਇਸਨੂੰ ਗਲੇਦ ਕਿਹਾ।
48ਲਾਬਾਨ ਨੇ ਆਖਿਆ, ਇਹ ਢੇਰ ਅੱਜ ਤੇਰੇ ਅਤੇ ਮੇਰੇ ਵਿੱਚ ਗਵਾਹ ਹੈ। ਇਸ ਲਈ ਇਸਨੂੰ ਗਲੇਦ#31:48 ਗਲੇਦ ਮਤਲਬ ਇਬਰਾਨੀ ਸ਼ਬਦ ਦਾ ਅਰਥ ਪੱਥਰਾਂ ਦਾ ਢੇਰ ਕਿਹਾ। 49ਇਸ ਨੂੰ ਮਿਸਪਾਹ#31:49 ਮਿਸਪਾਹ ਮਤਲਬ ਉੱਪਰਲਾ ਸਥਾਨ ਵੀ ਕਿਹਾ ਜਾਂਦਾ ਹੈ, ਕਿਉਂਕਿ ਉਸਨੇ ਕਿਹਾ ਸੀ, “ਜਦੋਂ ਅਸੀਂ ਇੱਕ-ਦੂਜੇ ਤੋਂ ਦੂਰ ਹੁੰਦੇ ਹਾਂ, ਯਾਹਵੇਹ ਤੇਰੇ ਅਤੇ ਮੇਰੇ ਵਿਚਕਾਰ ਰਾਖੀ ਕਰੇ। 50ਜੇ ਤੂੰ ਮੇਰੀਆਂ ਧੀਆਂ ਨਾਲ ਦੁਰਵਿਵਹਾਰ ਕਰੇ ਜਾਂ ਮੇਰੀਆਂ ਧੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਪਤਨੀ ਬਣਾਵੇ, ਭਾਵੇਂ ਸਾਡੇ ਨਾਲ ਕੋਈ ਮਨੁੱਖ ਨਹੀਂ ਹੈ, ਪਰ ਯਾਦ ਰੱਖ ਕਿ ਪਰਮੇਸ਼ਵਰ ਤੇਰੇ ਅਤੇ ਮੇਰੇ ਵਿਚਕਾਰ ਗਵਾਹ ਹੈ।”
51ਲਾਬਾਨ ਨੇ ਯਾਕੋਬ ਨੂੰ ਵੀ ਆਖਿਆ, “ਇਸ ਢੇਰ ਨੂੰ ਅਤੇ ਇਸ ਥੰਮ੍ਹ ਨੂੰ ਦੇਖ, ਜੋ ਮੈਂ ਤੇਰੇ ਅਤੇ ਆਪਣੇ ਵਿਚਕਾਰ ਸਥਾਪਿਤ ਕੀਤਾ ਹੈ 52ਇਹ ਢੇਰ ਗਵਾਹ ਹੈ ਅਤੇ ਇਹ ਥੰਮ੍ਹ ਗਵਾਹ ਹੈ ਕਿ ਮੈਂ ਇਸ ਢੇਰ ਤੋਂ ਪਾਰ ਲੰਘ ਕੇ ਤੇਰਾ ਨੁਕਸਾਨ ਨਹੀਂ ਕਰਾਂਗਾ ਅਤੇ ਤੂੰ ਮੇਰਾ ਨੁਕਸਾਨ ਕਰਨ ਲਈ ਇਸ ਢੇਰ ਅਤੇ ਥੰਮ੍ਹ ਤੋਂ ਪਾਰ ਨਹੀਂ ਜਾਵੇਂਗਾ। 53ਅਬਰਾਹਾਮ ਦਾ ਪਰਮੇਸ਼ਵਰ ਅਤੇ ਨਾਹੋਰ ਦਾ ਪਰਮੇਸ਼ਵਰ, ਉਹਨਾਂ ਦੇ ਪਿਤਾ ਦਾ ਪਰਮੇਸ਼ਵਰ ਸਾਡੇ ਵਿਚਕਾਰ ਨਿਆਂ ਕਰੇ।”
ਇਸ ਲਈ ਯਾਕੋਬ ਨੇ ਆਪਣੇ ਪਿਤਾ ਇਸਹਾਕ ਦੇ ਡਰ ਦੇ ਨਾਮ ਉੱਤੇ ਸਹੁੰ ਖਾਧੀ। 54ਯਾਕੋਬ ਨੇ ਉੱਥੇ ਪਹਾੜੀ ਦੇਸ਼ ਵਿੱਚ ਬਲੀ ਚੜ੍ਹਾਈ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਭੋਜਨ ਲਈ ਬੁਲਾਇਆ। ਖਾਣਾ ਖਾਣ ਤੋਂ ਬਾਅਦ, ਉਹਨਾਂ ਨੇ ਉੱਥੇ ਰਾਤ ਕੱਟੀ।
55ਅਗਲੀ ਸਵੇਰ ਲਾਬਾਨ ਨੇ ਆਪਣੇ ਪੋਤੇ-ਪੋਤੀਆਂ ਅਤੇ ਧੀਆਂ ਨੂੰ ਚੁੰਮਿਆ ਅਤੇ ਉਹਨਾਂ ਨੂੰ ਅਸੀਸ ਦਿੱਤੀ। ਫਿਰ ਉਹ ਚਲਾ ਗਿਆ ਅਤੇ ਘਰ ਵਾਪਸ ਆ ਗਿਆ।

ទើបបានជ្រើសរើសហើយ៖

ਉਤਪਤ 31: PCB

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល