30
1ਜਦੋਂ ਰਾਖ਼ੇਲ ਨੇ ਵੇਖਿਆ ਕਿ ਉਹ ਯਾਕੋਬ ਤੋਂ ਕੋਈ ਔਲਾਦ ਨਹੀਂ ਜਣਦੀ ਤਾਂ ਉਹ ਆਪਣੀ ਭੈਣ ਨਾਲ ਈਰਖਾ ਕਰਨ ਲੱਗੀ। ਇਸ ਲਈ ਉਸਨੇ ਯਾਕੋਬ ਨੂੰ ਕਿਹਾ, “ਮੈਨੂੰ ਸੰਤਾਨ ਦੇ ਦਿਓ, ਨਹੀਂ ਤਾਂ ਮੈਂ ਮਰ ਜਾਵਾਂਗੀ!”
2ਯਾਕੋਬ ਰਾਖ਼ੇਲ ਉੱਤੇ ਗੁੱਸੇ ਹੋਇਆ ਅਤੇ ਬੋਲਿਆ, ਕੀ ਮੈਂ ਪਰਮੇਸ਼ਵਰ ਦੇ ਸਥਾਨ ਉੱਤੇ ਹਾਂ ਜਿਸ ਨੇ ਤੈਨੂੰ ਬੱਚੇ ਪੈਦਾ ਕਰਨ ਤੋਂ ਰੋਕਿਆ ਹੈ?
3ਤਦ ਉਸ ਨੇ ਕਿਹਾ, ਵੇਖ, “ਮੇਰੀ ਦਾਸੀ ਬਿਲਹਾਹ ਹੈ। ਉਸ ਦੇ ਨਾਲ ਸੌਂ ਤਾਂ ਜੋ ਉਹ ਮੇਰੇ ਲਈ ਬੱਚੇ ਪੈਦਾ ਕਰ ਸਕੇ ਅਤੇ ਮੈਂ ਵੀ ਉਸ ਰਾਹੀਂ ਪਰਿਵਾਰ ਬਣਾ ਸਕਾਂ।”
4ਇਸ ਲਈ ਉਸ ਨੇ ਉਸ ਨੂੰ ਆਪਣੀ ਦਾਸੀ ਬਿਲਹਾਹ ਪਤਨੀ ਵਜੋਂ ਦੇ ਦਿੱਤੀ। ਯਾਕੋਬ ਉਸ ਦੇ ਨਾਲ ਸੁੱਤਾ, 5ਅਤੇ ਬਿਲਹਾਹ ਗਰਭਵਤੀ ਹੋ ਗਈ ਅਤੇ ਉਸਨੇ ਉਸਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ। 6ਤਦ ਰਾਖ਼ੇਲ ਨੇ ਆਖਿਆ, “ਪਰਮੇਸ਼ਵਰ ਨੇ ਮੇਰੇ ਨਿਆਉਂ ਕੀਤਾ ਹੈ ਅਤੇ ਉਸਨੇ ਮੇਰੀ ਬੇਨਤੀ ਸੁਣ ਲਈ ਹੈ ਅਤੇ ਮੈਨੂੰ ਇੱਕ ਪੁੱਤਰ ਦਿੱਤਾ ਹੈ।” ਇਸ ਕਾਰਨ ਉਸ ਨੇ ਉਸ ਦਾ ਨਾਮ ਦਾਨ#30:6 ਦਾਨ ਅਰਥ ਨਿਆਉਂ ਕਰਨ ਵਾਲਾ ਰੱਖਿਆ।
7ਰਾਖ਼ੇਲ ਦੀ ਦਾਸੀ ਬਿਲਹਾਹ ਫੇਰ ਗਰਭਵਤੀ ਹੋਈ ਅਤੇ ਯਾਕੋਬ ਦੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। 8ਤਦ ਰਾਖ਼ੇਲ ਨੇ ਆਖਿਆ, ਮੈਂ ਆਪਣੀ ਭੈਣ ਨਾਲ ਬਹੁਤ ਸੰਘਰਸ਼ ਕੀਤਾ ਹੈ ਅਤੇ ਮੈਂ ਜਿੱਤ ਗਈ ਹਾਂ, ਇਸ ਲਈ ਉਸਨੇ ਉਸਦਾ ਨਾਮ ਨਫ਼ਤਾਲੀ#30:8 ਨਫ਼ਤਾਲੀ ਅਰਥ ਸੰਘਰਸ਼ ਰੱਖਿਆ।
9ਜਦੋਂ ਲੇਆਹ ਨੇ ਦੇਖਿਆ ਕਿ ਉਸਦੇ ਬੱਚੇ ਹੋਣੇ ਬੰਦ ਹੋ ਗਏ ਹਨ, ਤਾਂ ਉਸਨੇ ਆਪਣੀ ਦਾਸੀ ਜ਼ਿਲਫ਼ਾਹ ਨੂੰ ਲੈ ਕੇ ਯਾਕੋਬ ਨੂੰ ਪਤਨੀ ਵਜੋਂ ਦੇ ਦਿੱਤਾ। 10ਲੇਆਹ ਦੀ ਦਾਸੀ ਜ਼ਿਲਫ਼ਾਹ ਨੇ ਯਾਕੋਬ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ। 11ਤਦ ਲੇਆਹ ਨੇ ਕਿਹਾ, “ਕਿੰਨੀ ਚੰਗੀ ਕਿਸਮਤ ਹੈ ਮੇਰੀ!” ਇਸ ਲਈ ਉਸਨੇ ਉਸਦਾ ਨਾਮ ਗਾਦ#30:11 ਗਾਦ ਅਰਥ ਚੰਗੀ ਕਿਸਮਤ ਰੱਖਿਆ।
12ਲੇਆਹ ਦੀ ਦਾਸੀ ਜ਼ਿਲਫ਼ਾਹ ਨੇ ਯਾਕੋਬ ਦੇ ਇੱਕ-ਦੂਜੇ ਪੁੱਤਰ ਨੂੰ ਜਨਮ ਦਿੱਤਾ। 13ਤਦ ਲੇਆਹ ਨੇ ਆਖਿਆ, ਮੈਂ ਕਿੰਨੀ ਖੁਸ਼ ਹਾਂ! ਇਸ ਕਾਰਨ ਔਰਤਾਂ ਮੈਨੂੰ ਧੰਨ ਕਹਿਣਗੀਆਂ। ਇਸ ਲਈ ਉਸ ਨੇ ਉਸਦਾ ਨਾਮ ਆਸ਼ੇਰ#30:13 ਆਸ਼ੇਰ ਅਰਥ ਖੁਸ਼ ਰੱਖਿਆ।
14ਕਣਕ ਦੀ ਵਾਢੀ ਦੇ ਦੌਰਾਨ, ਰਊਬੇਨ ਖੇਤਾਂ ਵਿੱਚ ਗਿਆ ਅਤੇ ਉਸਨੂੰ ਕੁਝ ਦੁੰਦਰੇ ਪੌਦੇ ਦੇ ਫਲ ਮਿਲੇ, ਜੋ ਉਹ ਆਪਣੀ ਮਾਤਾ ਲੇਆਹ ਕੋਲ ਲਿਆਇਆ। ਰਾਖ਼ੇਲ ਨੇ ਲੇਆਹ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਆਪਣੇ ਪੁੱਤਰ ਦੇ ਦੁੰਦਰੇ ਫਲ ਵਿੱਚੋਂ ਕੁਝ ਦੇ ਦਿਓ।”
15ਪਰ ਉਸ ਨੇ ਉਸ ਨੂੰ ਆਖਿਆ, “ਕੀ ਇਹ ਕਾਫ਼ੀ ਨਹੀਂ ਸੀ ਕਿ ਤੂੰ ਮੇਰੇ ਪਤੀ ਨੂੰ ਖੋਹ ਲਿਆ? ਕੀ ਤੂੰ ਮੇਰੇ ਬੇਟੇ ਦੇ ਦੁੰਦਰੇ ਫਲ ਵੀ ਲੈ ਜਾਵੇਗੀ?”
ਰਾਖ਼ੇਲ ਨੇ ਕਿਹਾ, “ਬਹੁਤ ਵਧੀਆ, ਤੁਹਾਡੇ ਪੁੱਤਰ ਦੇ ਦੁੰਦਰੇ ਦੇ ਬਦਲੇ ਉਹ ਅੱਜ ਰਾਤ ਤੁਹਾਡੇ ਨਾਲ ਸੌਂ ਸਕਦਾ ਹੈ।”
16ਇਸ ਲਈ ਜਦੋਂ ਸ਼ਾਮ ਨੂੰ ਯਾਕੋਬ ਖੇਤਾਂ ਵਿੱਚੋਂ ਆਇਆ ਤਾਂ ਲੇਆਹ ਉਸਨੂੰ ਮਿਲਣ ਲਈ ਬਾਹਰ ਗਈ। ਉਸਨੇ ਕਿਹਾ, “ਤੁਹਾਨੂੰ ਮੇਰੇ ਨਾਲ ਸੌਣਾ ਚਾਹੀਦਾ ਹੈ, ਮੈਂ ਤੈਨੂੰ ਆਪਣੇ ਪੁੱਤਰ ਦੇ ਦੁੰਦਰੇ ਨਾਲ ਕਿਰਾਏ ਉੱਤੇ ਲਿਆ ਹੈ।” ਇਸ ਲਈ ਉਹ ਉਸ ਰਾਤ ਉਸ ਨਾਲ ਸੌਂ ਗਿਆ।
17ਪਰਮੇਸ਼ਵਰ ਨੇ ਲੇਆਹ ਦੀ ਗੱਲ ਸੁਣੀ ਅਤੇ ਉਹ ਗਰਭਵਤੀ ਹੋ ਗਈ ਅਤੇ ਯਾਕੋਬ ਦੇ ਪੰਜਵੇਂ ਪੁੱਤਰ ਨੂੰ ਜਨਮ ਦਿੱਤਾ। 18ਤਦ ਲੇਆਹ ਨੇ ਕਿਹਾ, “ਪਰਮੇਸ਼ਵਰ ਨੇ ਮੈਨੂੰ ਫਲ ਦਿੱਤਾ ਹੈ ਕਿ ਮੈਂ ਆਪਣੀ ਦਾਸੀ ਆਪਣੀ ਪਤੀ ਨੂੰ ਦੇ ਦਿੱਤੀ।” ਇਸ ਲਈ ਉਸਨੇ ਉਸਦਾ ਨਾਮ ਯਿੱਸਾਕਾਰ ਰੱਖਿਆ।
19ਲੇਆਹ ਫ਼ੇਰ ਗਰਭਵਤੀ ਹੋਈ ਅਤੇ ਯਾਕੋਬ ਤੋਂ ਛੇਵੇਂ ਪੁੱਤਰ ਨੂੰ ਜਨਮ ਦਿੱਤਾ। 20ਤਦ ਲੇਆਹ ਨੇ ਆਖਿਆ, “ਪਰਮੇਸ਼ਵਰ ਨੇ ਮੈਨੂੰ ਇੱਕ ਕੀਮਤੀ ਤੋਹਫ਼ਾ ਦਿੱਤਾ ਹੈ। ਇਸ ਵਾਰ ਮੇਰਾ ਪਤੀ ਮੇਰੇ ਨਾਲ ਇੱਜ਼ਤ ਨਾਲ ਪੇਸ਼ ਆਵੇਗਾ, ਕਿਉਂਕਿ ਮੈਂ ਉਸ ਲਈ ਛੇ ਪੁੱਤਰਾਂ ਨੂੰ ਜਨਮ ਦਿੱਤਾ ਹੈ।” ਇਸ ਲਈ ਉਸਨੇ ਉਸਦਾ ਨਾਮ ਜ਼ਬੂਲੁਨ ਰੱਖਿਆ।
21ਕੁਝ ਸਮੇਂ ਬਾਅਦ ਉਸਨੇ ਇੱਕ ਧੀ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਦੀਨਾਹ ਰੱਖਿਆ।
22ਤਦ ਪਰਮੇਸ਼ਵਰ ਨੇ ਰਾਖ਼ੇਲ ਨੂੰ ਚੇਤੇ ਕੀਤਾ। ਉਸਨੇ ਉਸਦੀ ਗੱਲ ਸੁਣੀ ਅਤੇ ਉਸਨੂੰ ਗਰਭ ਧਾਰਨ ਕਰਨ ਦੇ ਯੋਗ ਬਣਾਇਆ। 23ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਪਰਮੇਸ਼ਵਰ ਨੇ ਮੇਰੀ ਬੇਇੱਜ਼ਤੀ ਦੂਰ ਕਰ ਦਿੱਤੀ ਹੈ। 24ਉਸ ਨੇ ਉਸ ਦਾ ਨਾਮ ਯੋਸੇਫ਼ ਰੱਖਿਆ ਅਤੇ ਆਖਿਆ, “ਯਾਹਵੇਹ ਮੈਨੂੰ ਇੱਕ ਹੋਰ ਪੁੱਤਰ ਦੇਵੇਗਾ।”
ਯਾਕੋਬ ਦੇ ਇੱਜੜ ਵੱਧਦੇ ਗਏ
25ਜਦੋਂ ਰਾਖ਼ੇਲ ਨੇ ਯੋਸੇਫ਼ ਨੂੰ ਜਨਮ ਦਿੱਤਾ, ਤਾਂ ਯਾਕੋਬ ਨੇ ਲਾਬਾਨ ਨੂੰ ਕਿਹਾ, “ਮੈਨੂੰ ਮੇਰੇ ਰਸਤੇ ਭੇਜ ਦੇ ਤਾਂ ਜੋ ਮੈਂ ਆਪਣੇ ਦੇਸ਼ ਵਾਪਸ ਜਾ ਸਕਾਂ। 26ਮੈਨੂੰ ਮੇਰੀਆਂ ਪਤਨੀਆਂ ਅਤੇ ਬੱਚੇ ਦੇ ਦਿਓ, ਜਿਨ੍ਹਾਂ ਲਈ ਮੈਂ ਤੇਰੀ ਸੇਵਾ ਕੀਤੀ ਹੈ ਅਤੇ ਮੈਂ ਆਪਣੇ ਰਾਹ ਵਿੱਚ ਰਹਾਂਗਾ। ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਲਈ ਕਿੰਨਾ ਕੰਮ ਕੀਤਾ ਹੈ।”
27ਪਰ ਲਾਬਾਨ ਨੇ ਉਸ ਨੂੰ ਆਖਿਆ, ਜੇਕਰ ਮੇਰੇ ਉੱਤੇ ਤੇਰੀ ਕਿਰਪਾ ਦੀ ਨਜ਼ਰ ਹੋਵੇ ਤਾਂ ਇੱਥੇ ਠਹਿਰ ਜਾ। ਮੈਂ ਭਵਿੱਖਬਾਣੀ ਦੁਆਰਾ ਸਿੱਖਿਆ ਹੈ ਕਿਉਂਕਿ ਮੈਂ ਜਾਣ ਲਿਆ ਹੈ ਕਿ ਯਾਹਵੇਹ ਨੇ ਤੇਰੇ ਕਾਰਨ ਮੈਨੂੰ ਬਰਕਤ ਦਿੱਤੀ ਹੈ। 28ਉਸ ਨੇ ਕਿਹਾ, “ਆਪਣੀ ਮਜ਼ਦੂਰੀ ਮੇਰੇ ਨਾਲ ਠਹਿਰਾ ਲੈ, ਤਾਂ ਮੈਂ ਉਹ ਅਦਾ ਕਰ ਦਿਆਂਗਾ।”
29ਯਾਕੋਬ ਨੇ ਉਸ ਨੂੰ ਆਖਿਆ, “ਤੂੰ ਜਾਣਦਾ ਹੈ ਕਿ ਮੈਂ ਤੇਰੇ ਲਈ ਕਿਵੇਂ ਕੰਮ ਕੀਤਾ ਹੈ ਅਤੇ ਤੇਰੇ ਪਸ਼ੂ ਮੇਰੇ ਨਾਲ ਕਿਵੇਂ ਰਹੇ। 30ਮੇਰੇ ਆਉਣ ਤੋਂ ਪਹਿਲਾਂ ਤੁਹਾਡੇ ਕੋਲ ਜੋ ਥੋੜ੍ਹਾ ਸੀ ਉਹ ਬਹੁਤ ਵੱਧ ਗਿਆ ਹੈ ਅਤੇ ਮੈਂ ਜਿੱਥੇ ਕਿਤੇ ਵੀ ਸੀ ਯਾਹਵੇਹ ਨੇ ਤੈਨੂੰ ਅਸੀਸ ਦਿੱਤੀ ਹੈ। ਪਰ ਹੁਣ ਮੈਂ ਆਪਣੇ ਪਰਿਵਾਰ ਲਈ ਕਦੋਂ ਕੁਝ ਕਰਾਂਗਾ?”
31ਉਸ ਨੇ ਪੁੱਛਿਆ, “ਮੈਂ ਤੈਨੂੰ ਕੀ ਦੇਵਾਂ?”
ਯਾਕੋਬ ਨੇ ਜਵਾਬ ਦਿੱਤਾ, “ਮੈਨੂੰ ਕੁਝ ਨਾ ਦਿਓ, ਪਰ ਜੇ ਤੂੰ ਮੇਰੇ ਲਈ ਇਹ ਕੰਮ ਕਰੇਗਾ, ਤਾਂ ਮੈਂ ਤੁਹਾਡੇ ਇੱਜੜਾਂ ਨੂੰ ਚਰਾਵਾਂਗਾ ਅਤੇ ਉਹਨਾਂ ਦੀ ਦੇਖਭਾਲ ਕਰਾਂਗਾ। 32ਮੈਂ ਅੱਜ ਤੇਰੇ ਸਾਰੇ ਇੱਜੜ ਦੇ ਵਿੱਚੋਂ ਦੀ ਲੰਘ ਕੇ ਭੇਡਾਂ ਵਿੱਚੋਂ ਜਿੰਨ੍ਹੀਆਂ ਚਿਤਲੀਆਂ ਅਤੇ ਡੱਬੀਆਂ ਹੋਣ ਅਤੇ ਜੋ ਭੇਡਾਂ ਕਾਲੀਆਂ ਹੋਣ ਬੱਕਰੀਆਂ ਵਿੱਚੋਂ ਵੀ ਜਿੰਨ੍ਹੀਆਂ ਡੱਬੀਆਂ ਅਤੇ ਚਿਤਲੀਆਂ ਹੋਣ ਉਨ੍ਹਾਂ ਨੂੰ ਕੱਢਾਂਗਾ ਅਤੇ ਓਹ ਮੇਰੀ ਮਜ਼ਦੂਰੀ ਹੋਣਗੀਆਂ। 33ਅਤੇ ਮੇਰੀ ਇਮਾਨਦਾਰੀ ਭਵਿੱਖ ਵਿੱਚ ਮੇਰੇ ਲਈ ਗਵਾਹੀ ਦੇਵੇਗੀ, ਜਦ ਤੂੰ ਮੇਰੇ ਸਨਮੁੱਖ ਮੇਰੀ ਮਜ਼ਦੂਰੀ ਦੇਣ ਲਈ ਆਵੇਗਾ ਤਾਂ ਬੱਕਰੀਆਂ ਵਿੱਚੋਂ ਹਰ ਇੱਕ ਜਿਹੜੀ ਚਿਤਲੀ ਅਤੇ ਡੱਬੀ ਅਤੇ ਭੇਡਾਂ ਵਿੱਚ ਕਾਲੀ ਨਾ ਹੋਵੇ, ਉਹ ਮੇਰੇ ਕੋਲੋ ਨਾ ਮਿਲੇ ਤਾਂ ਚੋਰੀ ਦੀ ਹੋਵੇਗੀ।”
34ਲਾਬਾਨ ਨੇ ਕਿਹਾ, “ਮੈਂ ਸਹਿਮਤ ਹਾਂ। ਜਿਵੇਂ ਤੂੰ ਕਿਹਾ ਹੈ, ਉਸੇ ਤਰ੍ਹਾਂ ਹੋਣ ਦਿਓ।” 35ਉਸ ਨੇ ਉਸੇ ਦਿਨ ਸਾਰੇ ਧਾਰੀ ਵਾਲੇ ਅਤੇ ਡੱਬੇ ਬੱਕਰੇ ਅਤੇ ਸਾਰੀਆਂ ਚਿਤਲੀਆਂ ਅਤੇ ਡੱਬੀਆਂ ਬੱਕਰੀਆਂ ਅਰਥਾਤ ਜਿਸ ਕਿਸੇ ਵਿੱਚ ਸਫ਼ੇਦੀ ਸੀ ਅਤੇ ਭੇਡਾਂ ਵਿੱਚੋਂ ਜਿੰਨੀਆਂ ਕਾਲੀਆਂ ਸਨ, ਸਭ ਨੂੰ ਕੱਢਿਆ ਅਤੇ ਆਪਣੇ ਪੁੱਤਰਾਂ ਦੇ ਹੱਥਾਂ ਵਿੱਚ ਦਿੱਤਾ। 36ਤਦ ਉਸ ਨੇ ਆਪਣੇ ਅਤੇ ਯਾਕੋਬ ਦੇ ਵਿੱਚ ਤਿੰਨ ਦਿਨਾਂ ਦਾ ਸਫ਼ਰ ਤੈਅ ਕੀਤਾ ਅਤੇ ਯਾਕੋਬ ਲਾਬਾਨ ਦੇ ਬਾਕੀ ਇੱਜੜਾਂ ਨੂੰ ਚਾਰਦਾ ਰਿਹਾ।
37ਤਦ ਯਾਕੋਬ ਨੇ ਹਰੇ ਸਫੇਦੇ ਅਤੇ ਬਦਾਮ ਅਤੇ ਸਰੂ ਦੀਆਂ ਟਾਹਣੀਆਂ ਲੈ ਕੇ ਉਹਨਾਂ ਉੱਤੇ ਅਜਿਹੀਆਂ ਧਾਰੀਆਂ ਪਾਈਆਂ ਕਿ ਉਹਨਾਂ ਦੀ ਸਫ਼ੇਦੀ ਦਿੱਸਣ ਲੱਗ ਪਈ। 38ਤਦ ਉਸ ਨੇ ਛਿੱਲੀਆਂ ਹੋਈਆਂ ਟਹਿਣੀਆਂ ਨੂੰ ਪਾਣੀ ਪਿਲਾਉਣ ਵਾਲੇ ਸਾਰੇ ਟੋਇਆਂ ਵਿੱਚ ਰੱਖ ਦਿੱਤਾ ਤਾਂ ਜੋ ਜਦੋਂ ਉਹ ਪੀਣ ਲਈ ਆਉਣ ਤਾਂ ਉਹ ਸਿੱਧੀਆਂ ਇੱਜੜਾਂ ਦੇ ਸਾਹਮਣੇ ਹੋਣ। ਜਦੋਂ ਇੱਜੜ ਗਰਮੀ ਵਿੱਚ ਸਨ ਅਤੇ ਪੀਣ ਲਈ ਆਉਂਦੇ ਸਨ, 39ਇਸ ਤਰ੍ਹਾਂ ਇੱਜੜ ਛਿਟੀਆਂ ਦੇ ਅੱਗੇ ਆਸੇ ਲੱਗਿਆ ਤਾਂ ਉਨ੍ਹਾਂ ਨੇ ਗਦਰੇ ਅਤੇ ਚਿਤਲੇ ਅਤੇ ਡੱਬੇ ਬੱਚੇ ਦਿੱਤੇ। 40ਤਦ ਯਾਕੋਬ ਨੇ ਲੇਲੇ ਅੱਡ ਕੀਤੇ ਅਤੇ ਲਾਬਾਨ ਦੇ ਇੱਜੜ ਦੀਆਂ ਭੇਡ-ਬੱਕਰੀਆਂ ਦੇ ਮੂੰਹ ਸਭ ਗਦਰੀਆਂ ਅਤੇ ਸਭ ਕਾਲੀਆਂ ਭੇਡਾਂ ਵੱਲ ਫੇਰ ਦਿੱਤੇ ਅਤੇ ਉਸ ਨੇ ਆਪਣੇ ਇੱਜੜਾਂ ਨੂੰ ਲਾਬਾਨ ਦੇ ਇੱਜੜਾਂ ਤੋਂ ਵੱਖਰਿਆਂ ਕੀਤਾ ਅਤੇ ਨਾਲ ਰਲਣ ਨਾ ਦਿੱਤਾ। 41ਜਦੋਂ ਵੀ ਬਲਵੰਤ ਮਾਦਾ ਗਰਮੀ ਵਿੱਚ ਹੁੰਦੀ ਤਾਂ ਯਾਕੋਬ ਟਹਿਣੀਆਂ ਨੂੰ ਪਸ਼ੂਆਂ ਦੇ ਅੱਗੇ ਟੋਇਆਂ ਵਿੱਚ ਰੱਖ ਦਿੰਦਾ। 42ਪਰ ਜੇ ਪਸ਼ੂ ਕਮਜ਼ੋਰ ਹੁੰਦੇ ਤਾਂ ਉਹ ਉਹਨਾਂ ਨੂੰ ਉੱਥੇ ਨਾ ਰੱਖਦਾ। ਇਸ ਲਈ ਕਮਜ਼ੋਰ ਜਾਨਵਰ ਲਾਬਾਨ ਕੋਲ ਗਏ ਅਤੇ ਤਾਕਤਵਰ ਯਾਕੋਬ ਕੋਲ। 43ਇਸ ਤਰ੍ਹਾਂ ਉਹ ਮਨੁੱਖ ਬਹੁਤ ਹੀ ਖੁਸ਼ਹਾਲ ਹੁੰਦਾ ਗਿਆ ਅਤੇ ਉਹ ਵੱਡੇ-ਵੱਡੇ ਇੱਜੜਾਂ, ਦਾਸੀਆਂ, ਨੌਕਰਾਂ, ਊਠਾਂ ਅਤੇ ਗਧਿਆਂ ਦਾ ਮਾਲਕ ਬਣ ਗਿਆ।