ਰਸੂਲਾਂ 27

27
ਰੋਮ ਨੂੰ ਪੌਲੁਸ ਦੀ ਜਹਾਜ਼ੀ ਬੇੜ੍ਹੇ ਦੁਆਰਾ ਯਾਤਰਾ
1ਜਦੋਂ ਫੇਸਤੁਸ ਨੇ ਫ਼ੈਸਲਾ ਲਿਆ ਕਿ ਅਸੀਂ ਇਟਲੀ ਦੇਸ਼ ਲਈ ਰਵਾਨਾ ਹੋਵਾਂਗੇ, ਤਾਂ ਪੌਲੁਸ ਅਤੇ ਕੁਝ ਹੋਰ ਕੈਦੀਆਂ ਨੂੰ ਜੂਲੀਅਸ ਨਾਂ ਦੇ ਸੂਬੇਦਾਰ ਦੇ ਹਵਾਲੇ ਕਰ ਦਿੱਤਾ ਗਿਆ, ਜੋ ਪਾਤਸ਼ਾਹੀ ਪਲਟਣ ਨਾਲ ਸਬੰਧਤ ਸੀ। 2ਅਸੀਂ ਅਦ੍ਰਮੁਤਿਯੁਮ ਸ਼ਹਿਰ ਤੋਂ ਇੱਕ ਜਹਾਜ਼ ਤੇ ਚੜ੍ਹੇ ਜੋ ਕਿ ਏਸ਼ੀਆ ਦੇ ਪ੍ਰਾਂਤ ਦੇ ਤੱਟ ਦੇ ਨਾਲ ਬੰਦਰਗਾਹਾਂ ਦੇ ਵੱਲ ਰਵਾਨਾ ਹੋਣ ਜਾ ਰਹੇ ਸੀ, ਅਤੇ ਅਸੀਂ ਸਮੁੰਦਰ ਵਿੱਚ ਸਵਾਰ ਹੋ ਕੇ ਚਲੇ ਗਏ। ਅਰਿਸਤਰਖੁਸ ਥੱਸਲੁਨੀਕੀਆਂ ਸ਼ਹਿਰ ਦਾ ਇੱਕ ਮਕਦੂਨਿਯਾ ਪ੍ਰਾਂਤ ਦਾ ਵਸਨੀਕ ਜੋ ਸਾਡੇ ਨਾਲ ਸੀ।
3ਅਗਲੇ ਦਿਨ ਅਸੀਂ ਸਿਦੋਨ ਸ਼ਹਿਰ ਪਹੁੰਚੇ; ਅਤੇ ਜੂਲੀਅਸ ਪੌਲੁਸ ਤੇ ਮਿਹਰਬਾਨ ਹੋਇਆ, ਉਸ ਨੇ ਉਸ ਨੂੰ ਆਪਣੇ ਦੋਸਤਾਂ ਕੋਲ ਜਾਣ ਦੀ ਆਗਿਆ ਦਿੱਤੀ ਤਾਂ ਜੋ ਉਹ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ। 4ਅਸੀਂ ਫਿਰ ਸਮੁੰਦਰ ਵੱਲ ਚਲੇ ਗਏ ਅਤੇ ਉਥੋਂ ਅਸੀਂ ਸਾਈਪ੍ਰਸ ਟਾਪੂ ਦੀ ਝੀਲ ਵਿੱਚ ਚਲ ਪਏ ਕਿਉਂ ਜੋ ਹਵਾ ਸਾਹਮਣੀ ਸੀ। 5ਜਦੋਂ ਅਸੀਂ ਕਿਲਕਿਆ ਅਤੇ ਪੈਮਫੀਲੀਆ ਦੇ ਤੱਟ ਦੇ ਬਾਹਰ ਸਮੁੰਦਰ ਤੋਂ ਪਾਰ ਲੰਘੇ, ਤਾਂ ਅਸੀਂ ਲਿਸਿਯਾ ਦੇ ਮਾਈਰਾ ਪਹੁੰਚੇ। 6ਉੱਥੇ ਸੂਬੇਦਾਰ ਨੂੰ ਇੱਕ ਸਿਕੰਦਰੀਆ ਦਾ ਜਹਾਜ਼ ਮਿਲਿਆ ਜੋ ਇਟਲੀ ਦੇ ਲਈ ਰਵਾਨਾ ਹੋ ਰਿਹਾ ਸੀ ਅਤੇ ਸਾਨੂੰ ਜਹਾਜ਼ ਵਿੱਚ ਬਿਠਾ ਦਿੱਤਾ। 7ਅਸੀਂ ਕਈ ਦਿਨਾਂ ਤੋਂ ਹੌਲੀ-ਹੌਲੀ ਅੱਗੇ ਵਧੇ ਅਤੇ ਕਨੀਡਸ ਸ਼ਹਿਰ ਪਹੁੰਚਣ ਵਿੱਚ ਮੁਸ਼ਕਲ ਆਈ। ਜਦੋਂ ਤੇਜ਼ ਹਵਾ ਨੇ ਸਾਨੂੰ ਅੱਗੇ ਵਧਣ ਨਹੀਂ ਦਿੱਤਾ, ਤਾਂ ਅਸੀਂ ਸੈਲਮੋਨੀ ਸ਼ਹਿਰ ਦੇ ਬਿਲਕੁਲ ਉਲਟ, ਕਰੇਤ ਟਾਪੂ ਦੀ ਝੀਲ ਵੱਲ ਚਲੇ ਗਏ। 8ਅਤੇ ਮੁਸ਼ਕਲ ਨਾਲ ਸਮੁੰਦਰੀ ਕੰਢੇ ਦੇ ਨੇੜੇ ਹੋ ਕੇ ਸੁੰਦਰ ਘਾਟ ਨਾਮ ਦੀ ਇੱਕ ਥਾਂ ਪਹੁੰਚੇ। ਉੱਥੋਂ ਲਿਸਿਯਾ ਨਗਰ ਨੇੜੇ ਹੀ ਸੀ।
9ਬਹੁਤ ਸਾਰੇ ਦਿਨ ਖਰਾਬ ਹੋ ਗਏ ਸਨ, ਅਤੇ ਯਾਤਰਾ ਪਹਿਲਾਂ ਹੀ ਖ਼ਤਰਨਾਕ ਹੋ ਚੁੱਕੀ ਸੀ ਕਿਉਂਕਿ ਹੁਣ ਇਹ ਪ੍ਰਾਸਚਿਤ ਦੇ ਦਿਨ#27:9 ਪ੍ਰਾਸਚਿਤ ਦੇ ਦਿਨ “ਉਹ ਦਿਨ ਜਿਹੜਾ ਪਾਪਾਂ ਦੀ ਮਾਫ਼ੀ ਵਜੋਂ ਮਨਾਇਆ ਜਾਂਦਾ ਹੈ।” ਤੋਂ ਬਾਅਦ ਸੀ। ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ, 10“ਹੇ ਆਦਮੀਓ, ਮੈਂ ਵੇਖ ਸਕਦਾ ਹਾਂ ਕਿ ਸਾਡੀ ਸਮੁੰਦਰ ਦੀ ਯਾਤਰਾ ਬੁਰੀ ਹੋਣ ਵਾਲੀ ਹੈ ਅਤੇ ਬਹੁਤ ਨੁਕਸਾਨ ਹੋਣ ਵਾਲਾ ਹੈ ਕੇਵਲ ਮਾਲ ਅਤੇ ਜਹਾਜ਼ ਦਾ ਹੀ ਨਹੀਂ ਸਗੋਂ ਸਾਡੀਆਂ ਆਪਣੀਆਂ ਜਾਨਾਂ ਦਾ ਵੀ।” 11ਪਰ ਸੂਬੇਦਾਰ ਨੇ ਪੌਲੁਸ ਦੀਆਂ ਗੱਲਾਂ ਨੂੰ ਸੁਣਨ ਦੀ ਬਜਾਏ ਮਲਾਹਾਂ ਅਤੇ ਜਹਾਜ਼ ਦੇ ਮਾਲਕ ਦੀ ਸਲਾਹ ਮੰਨ ਲਈ। 12ਅਤੇ ਇਸ ਲਈ ਕਿ ਉਹ ਬੰਦਰਗਾਹ ਸਿਆਲ ਕੱਟਣ ਲਈ ਚੰਗੀ ਨਹੀਂ ਸੀ, ਬਹੁਤਿਆਂ ਨੇ ਇਹ ਸਲਾਹ ਦਿੱਤੀ ਜੋ ਇੱਥੋਂ ਆਪਾਂ ਚੱਲੇ ਚੱਲੀਏ ਜਿਵੇਂ ਵੀ ਹੋ ਸਕੇ ਤਾਂ ਫ਼ਿਨਿਕਸ ਸ਼ਹਿਰ ਵਿੱਚ ਪਹੁੰਚ ਕੇ ਸਿਆਲ ਕੱਟੀਏ, ਜੋ ਕਰੇਤ ਦੀ ਇੱਕ ਬੰਦਰਗਾਹ ਸੀ ਜਿਹੜੀ ਉੱਤਰ ਪੂਰਬ ਅਤੇ ਦੱਖਣ ਪੂਰਬ ਦੇ ਕੋਨੇ ਦੀ ਵੱਲ ਹੈ।
ਤੂਫ਼ਾਨ
13ਜਦੋਂ ਇੱਕ ਕੋਮਲ ਦੱਖਣੀ ਹਵਾ ਵਗਣ ਲੱਗੀ, ਉਨ੍ਹਾਂ ਨੇ ਆਪਣਾ ਮੌਕਾ ਵੇਖਿਆ; ਇਸ ਲਈ ਉਨ੍ਹਾਂ ਨੇ ਜਹਾਜ਼ ਲੰਗਰ ਚੁੱਕ ਲਿਆ ਅਤੇ ਕਰੇਤ ਟਾਪੂ ਦੇ ਕੰਢੇ ਵੱਲ ਚੱਲ ਪਏ। 14ਬਹੁਤ ਲੰਬੇ ਸਮੇਂ ਤੋਂ ਪਹਿਲਾਂ, ਤੂਫ਼ਾਨ ਦੀ ਇੱਕ ਹਵਾ, ਜਿਸ ਨੂੰ ਉੱਤਰ ਪੱਛਮੀ ਕਿਹਾ ਜਾਂਦਾ ਹੈ, ਟਾਪੂ ਤੋਂ ਹੇਠਾਂ ਵੱਲ ਗਈ। 15ਸਮੁੰਦਰੀ ਜਹਾਜ਼ ਨੂੰ ਤੂਫ਼ਾਨ ਨੇ ਵੱਸ ਵਿੱਚ ਕਰ ਲਿਆ ਅਤੇ ਉਹ ਹਵਾ ਵੱਲ ਨਹੀਂ ਜਾ ਸਕਿਆ; ਤਾਂ ਸਾਡੀ ਕੋਈ ਕੋਸ਼ਿਸ਼ ਕਾਮਯਾਬ ਨਾ ਹੋਈ ਅਤੇ ਅਸੀਂ ਰੁੜ੍ਹਦੇ ਚਲੇ ਗਏ। 16ਅਤੇ ਕਲੌਦਾ ਨਾਮ ਦੇ ਇੱਕ ਛੋਟੇ ਟਾਪੂ ਹੇਠ ਜਾ ਕੇ ਅਸੀਂ ਮੁਸ਼ਕਿਲ ਨਾਲ ਜਹਾਜ਼ ਦੀ ਢੋਗੀ ਨੂੰ ਕਾਬੂ ਵਿੱਚ ਕੀਤਾ, 17ਸੋ ਜਦੋਂ ਉਨ੍ਹਾਂ ਉਸ ਨੂੰ ਚੁੱਕ ਲਿਆ ਤਾਂ ਸਹਾਰਾ ਦੇ ਕੇ ਜਹਾਜ਼ ਨੂੰ ਥੱਲਿਓਂ ਬੰਨਿਆ ਅਤੇ ਇਸ ਡਰ ਦੇ ਕਾਰਨ ਕਿ ਕਿਤੇ ਸੁਰਤਿਸ ਵਿੱਚ ਨਾ ਜਾ ਫਸੀਏ, ਪਾਲ ਲਾਹ ਦਿੱਤੇ ਅਤੇ ਐਂਵੇਂ ਰੁੜ੍ਹਦੇ ਚਲੇ ਗਏ। 18ਅਸੀਂ ਤੂਫ਼ਾਨ ਦੇ ਕਾਰਨ ਬਹੁਤ ਹਿਚਕੋਲੇ ਖਾਧੇ ਤਾਂ ਅਗਲੇ ਦਿਨ ਉਨ੍ਹਾਂ ਨੇ ਜਹਾਜ਼ ਦਾ ਕੁਝ ਮਾਲ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। 19ਅਤੇ ਤੀਜੇ ਦਿਨ, ਉਨ੍ਹਾਂ ਆਪਣੇ ਹੱਥੀਂ ਜਹਾਜ਼ ਦਾ ਸਮਾਨ#27:19 ਲੱਕੜ ਅਤੇ ਰੱਸੀ ਵੀ ਉਤਾਰ ਸੁੱਟਿਆ। 20ਜਦੋਂ ਬਹੁਤ ਦਿਨਾਂ ਤੱਕ ਨਾ ਸੂਰਜ ਨਾ ਤਾਰੇ ਦਿਖਾਈ ਦਿੱਤੇ ਅਤੇ ਤੇਜ਼ ਤੂਫ਼ਾਨ ਚਲਦਾ ਰਿਹਾ, ਆਖ਼ਿਰ ਵਿੱਚ ਸਾਡੇ ਬਚਣ ਦੀ ਸਾਰੀ ਉਮੀਦ ਖ਼ਤਮ ਹੋ ਗਈ।
21ਲੰਬਾ ਸਮਾਂ ਬਿਨਾਂ ਕੁਝ ਖਾਣਾ ਖਾਂਦੇ ਰਹਿਣ ਤੋਂ ਬਗੈਰ, ਪੌਲੁਸ ਉਨ੍ਹਾਂ ਦੇ ਸਾਹਮਣੇ ਖੜਾ ਹੋ ਗਿਆ ਅਤੇ ਕਿਹਾ: “ਹੇ ਆਦਮੀਓ, ਤੁਹਾਨੂੰ ਮੇਰੀ ਸਲਾਹ ਲੈਣੀ ਚਾਹੀਦੀ ਸੀ ਕਰੇਤ ਤੋਂ ਜਹਾਜ਼ ਨਾ ਚਲਾਉਂਦੇ; ਫਿਰ ਤੁਸੀਂ ਆਪਣੇ ਆਪ ਨੂੰ ਇਸ ਹਾਨੀ ਅਤੇ ਨੁਕਸਾਨ ਤੋਂ ਬਚਾ ਲੈਂਦੇ। 22ਪਰ ਹੁਣ ਮੈਂ ਤੁਹਾਨੂੰ ਹੌਸਲਾ ਰੱਖਣ ਦੀ ਤਾਕੀਦ ਕਰਦਾ ਹਾਂ, ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇਗਾ; ਸਿਰਫ ਜਹਾਜ਼ ਨਸ਼ਟ ਹੋ ਜਾਵੇਗਾ। 23ਕੱਲ੍ਹ ਰਾਤ ਉਸ ਪਰਮੇਸ਼ਵਰ ਦਾ ਸਵਰਗਦੂਤ ਜਿਸ ਦਾ ਮੈਂ ਹਾਂ ਅਤੇ ਜਿਸ ਦੀ ਮੈਂ ਸੇਵਾ ਕਰਦਾ ਹਾਂ ਮੇਰੇ ਕੋਲ ਖੜ੍ਹਾ ਹੋ ਗਿਆ 24ਅਤੇ ਕਿਹਾ, ‘ਪੌਲੁਸ, ਨਾ ਡਰ! ਤੈਨੂੰ ਲਾਜ਼ਮੀ ਹੈ ਕਿ ਤੂੰ ਰੋਮ ਦੇ ਪਾਤਸ਼ਾਹ ਕੈਸਰ ਦੇ ਸਾਹਮਣੇ ਖੜ੍ਹਾ ਹੋਵੇਗਾ; ਅਤੇ ਪਰਮੇਸ਼ਵਰ ਨੇ ਆਪਣੀ ਕਿਰਪਾ ਨਾਲ ਤੁਹਾਨੂੰ ਉਨ੍ਹਾਂ ਸਾਰਿਆਂ ਦੀਆਂ ਜ਼ਿੰਦਗੀਆਂ ਦਿੱਤੀਆਂ ਹਨ ਜੋ ਤੇਰੇ ਨਾਲ ਜਹਾਜ਼ ਵਿੱਚ ਹਨ।’ 25ਇਸ ਲਈ, ਹੇ ਦੋਸਤੋ, ਹੌਸਲਾ ਰੱਖੋ, ਕਿਉਂਕਿ ਮੈਨੂੰ ਪਰਮੇਸ਼ਵਰ ਉੱਤੇ ਵਿਸ਼ਵਾਸ ਹੈ ਕਿ ਇਹ ਉਵੇਂ ਹੀ ਵਾਪਰੇਗਾ ਜਿਵੇਂ ਉਸ ਨੇ ਮੈਨੂੰ ਕਿਹਾ ਸੀ। 26ਫਿਰ ਵੀ, ਸਾਨੂੰ ਜ਼ਰੂਰ ਕਿਸੇ ਟਾਪੂ ਵੱਲ ਦੌੜਨਾ ਪਏਗਾ।”
ਜਹਾਜ਼ ਦਾ ਟੁੱਟਣਾ
27ਤੂਫਾਨ ਸ਼ੁਰੂ ਹੋਣ ਤੋਂ ਬਾਅਦ ਚੌਧਵੀਂ ਰਾਤ ਨੂੰ ਅਸੀਂ ਅਜੇ ਵੀ ਐਡਰੈਟਿਕ ਸਮੁੰਦਰ ਦੇ ਵਿੱਚ ਇਧਰ-ਉਧਰ ਰੁੜ੍ਹਦੇ ਜਾ ਰਹੇ ਸੀ, ਜਦੋਂ ਅੱਧੀ ਰਾਤ ਦੇ ਕਰੀਬ ਮਲਾਹਾਂ ਨੇ ਮਹਿਸੂਸ ਕੀਤਾ ਕਿ ਉਹ ਜ਼ਮੀਨ ਦੇ ਨੇੜੇ ਪਹੁੰਚ ਗਏ ਹਨ। 28ਤਾਂ ਪਾਣੀ ਦੀ ਗਹਿਰਾਈ ਨੂੰ ਨਾਪਿਆ ਜੋ ਇੱਕ ਸੌ ਵੀਹ ਫੁੱਟ ਨਿੱਕਲਿਆ। ਅਤੇ ਕੁਝ ਅੱਗੇ ਵੱਧ ਕੇ ਫੇਰ ਗਹਿਰਾਈ ਨੂੰ ਨਾਪਿਆ ਤਾਂ ਨੱਬੇ ਫੁੱਟ ਨਿੱਕਲਿਆ। 29ਡਰ ਦੇ ਮਾਰੇ ਕਿ ਅਸੀਂ ਕਿਤੇ ਚੱਟਾਨਾਂ ਵਾਲੇ ਥਾਂ ਨਾ ਜਾ ਪਈਏ, ਉਨ੍ਹਾਂ ਨੇ ਜਹਾਜ਼ ਦੇ ਪਿੱਛਲੇ ਪਾਸਿਓਂ ਚਾਰ ਲੰਗਰ ਸੁੱਟੇ ਅਤੇ ਦਿਨ ਦੀ ਰੌਸ਼ਨੀ ਲਈ ਪ੍ਰਾਰਥਨਾ ਕੀਤੀ। 30ਜਦੋਂ ਮਲਾਹਾਂ ਨੇ ਜਹਾਜ਼ ਉੱਤੋਂ ਭੱਜਣਾ ਚਾਹਿਆ ਅਤੇ ਅਗਲੇ ਪਾਸਿਓਂ ਜਹਾਜ਼ ਦਾ ਲੰਗਰ ਪਾਉਣ ਦੇ ਬਹਾਨੇ ਨਾਲ ਢੋਗੀ ਨੂੰ ਸਮੁੰਦਰ ਵਿੱਚ ਉਤਾਰਿਆ। 31ਤਦ ਪੌਲੁਸ ਨੇ ਸੂਬੇਦਾਰ ਅਤੇ ਸਿਪਾਹੀਆਂ ਨੂੰ ਕਿਹਾ, “ਜਦ ਤੱਕ ਇਹ ਆਦਮੀ ਜਹਾਜ਼ ਉੱਤੇ ਨਾ ਰਹਿਣ, ਤਾਂ ਤੁਸੀਂ ਬਚ ਨਹੀਂ ਸਕਦੇ।” 32ਤਦ ਸਿਪਾਹੀਆਂ ਨੇ ਢੋਗੀ ਦੇ ਰੱਸੇ ਵੱਢ ਕੇ ਉਹ ਨੂੰ ਡੇਗ ਦਿੱਤਾ।
33ਸਵੇਰ ਹੋਣ ਤੋਂ ਪਹਿਲਾਂ ਪੌਲੁਸ ਨੇ ਉਨ੍ਹਾਂ ਸਾਰਿਆਂ ਨੂੰ ਖਾਣ ਦੀ ਤਾਕੀਦ ਕੀਤੀ। ਉਸ ਨੇ ਕਿਹਾ, “ਪਿਛਲੇ ਚੌਦਾਂ ਦਿਨਾਂ ਤੋਂ ਤੁਸੀਂ ਲਗਾਤਾਰ ਦੁਬਿਧਾ ਵਿੱਚ ਰਹੇ ਅਤੇ ਬਿਨਾਂ ਭੋਜਨ ਦੇ ਗਏ, ਤੁਸੀਂ ਕੁਝ ਨਹੀਂ ਖਾਧਾ ਸੀ। 34ਹੁਣ ਮੈਂ ਤੁਹਾਨੂੰ ਕੁਝ ਖਾਣ ਦੀ ਤਾਕੀਦ ਕਰਦਾ ਹਾਂ। ਤੁਹਾਨੂੰ ਬਚਣ ਲਈ ਇਸਦੀ ਜ਼ਰੂਰਤ ਹੈ। ਤੁਹਾਡੇ ਵਿੱਚੋਂ ਕਿਸੇ ਦੇ ਸਿਰ ਦਾ ਇੱਕ ਵਾਲ਼ ਵੀ ਵਿੰਗਾ ਨਾ ਹੋਵੇਗਾ।” 35ਇਹ ਕਹਿਣ ਤੋਂ ਬਾਅਦ, ਉਸ ਨੇ ਕੁਝ ਰੋਟੀ ਲਈ ਅਤੇ ਉਨ੍ਹਾਂ ਸਾਰਿਆਂ ਦੇ ਅੱਗੇ ਪਰਮੇਸ਼ਵਰ ਦਾ ਧੰਨਵਾਦ ਕੀਤਾ। ਫਿਰ ਉਸ ਨੇ ਰੋਟੀ ਤੋੜੀ ਅਤੇ ਖਾਣਾ ਸ਼ੁਰੂ ਕੀਤਾ। 36ਉਹ ਸਾਰੇ ਬਹੁਤ ਉਤਸ਼ਾਹਿਤ ਹੋਏ ਅਤੇ ਕੁਝ ਖਾਣਾ ਖੁਦ ਖਾਧਾ। 37ਕੁੱਲ ਮਿਲਾ ਕੇ ਸਾਡੇ ਵਿੱਚੋਂ 276 ਲੋਕ ਜਹਾਜ਼ ਵਿੱਚ ਸਵਾਰ ਸਨ। 38ਜਦੋਂ ਉਹ ਆਪਣੀ ਮਰਜ਼ੀ ਅਨੁਸਾਰ ਭੋਜਨ ਖਾ ਕੇ ਰੱਜ ਗਏ, ਉਨ੍ਹਾਂ ਨੇ ਅਨਾਜ ਨੂੰ ਸਮੁੰਦਰ ਵਿੱਚ ਸੁੱਟ ਕੇ ਜਹਾਜ਼ ਨੂੰ ਹਲਕਾ ਕੀਤਾ।
39ਜਦੋਂ ਦਿਨ ਦੀ ਰੋਸ਼ਨੀ ਆਈ, ਤਾਂ ਉਨ੍ਹਾਂ ਨੇ ਜ਼ਮੀਨ ਨੂੰ ਨਾ ਪਛਾਣਿਆ, ਪਰ ਉਨ੍ਹਾਂ ਨੇ ਰੇਤਲੇ ਸਮੁੰਦਰੀ ਕੰਢੇ ਵਾਲੀ ਖਾੜੀ ਵੇਖੀ, ਜਿੱਥੇ ਉਨ੍ਹਾਂ ਨੇ ਜਹਾਜ਼ ਨੂੰ ਜ਼ਮੀਨ ਦੇ ਨਾਲ ਲਾਉਣ ਦਾ ਫੈਸਲਾ ਕੀਤਾ ਜੇ ਉਹ ਕਰ ਸਕਦੇ ਸਨ। 40ਅਤੇ ਉਨ੍ਹਾਂ ਜਹਾਜ਼ ਦਾ ਲੰਗਰ ਖੋਲ੍ਹ ਕੇ ਸਮੁੰਦਰ ਵਿੱਚ ਛੱਡ ਦਿੱਤੇ, ਪਤਵਾਰਾਂ ਦੇ ਰੱਸੇ ਖੋਲੇ ਅਤੇ ਪੌਣ ਦੀ ਦਿਸ਼ਾ ਅਨੁਸਾਰ ਅਗਲੇ ਪਾਸੇ ਦਾ ਪਾਲ ਚੜ੍ਹਾ ਕੇ ਕੰਢੇ ਦੀ ਵੱਲ ਚੱਲ ਪਏ। 41ਅਤੇ ਇੱਕ ਥਾਂ ਪਹੁੰਚ ਕੇ ਜਿੱਥੇ ਦੋ ਸਮੁੰਦਰ ਮਿਲਦੇ ਸਨ, ਉਨ੍ਹਾਂ ਨੇ ਜਹਾਜ਼ ਨੂੰ ਘੱਟ ਪਾਣੀ ਵਿੱਚ ਚਲਾ ਦਿੱਤਾ ਤਾਂ ਅਗਲਾ ਪਾਸਾ ਖੁੱਭ ਕੇ ਫਸਿਆ ਹੀ ਰਿਹਾ ਪਰ ਜਹਾਜ਼ ਦਾ ਪਿਛਲਾ ਪਾਸਾ ਲਹਿਰਾਂ ਦੇ ਜ਼ੋਰ ਨਾਲ ਟੁੱਟ ਗਿਆ।
42ਸਿਪਾਹੀਆਂ ਨੇ ਕੈਦੀਆਂ ਨੂੰ ਮਾਰਨ ਦੀ ਯੋਜਨਾ ਬਣਾਈ ਤਾਂ ਜੋ ਉਨ੍ਹਾਂ ਵਿੱਚੋਂ ਕਿਤੇ ਕੋਈ ਤੈਰ ਕੇ ਨਾ ਭੱਜ ਜਾਵੇ। 43ਪਰ ਸੂਬੇਦਾਰ ਪੌਲੁਸ ਦੀ ਜਾਨ ਬਚਾਉਣਾ ਚਾਹੁੰਦਾ ਸੀ ਅਤੇ ਉਨ੍ਹਾਂ ਨੂੰ ਆਪਣੀ ਯੋਜਨਾ ਨੂੰ ਪੂਰਾ ਕਰਨ ਤੋਂ ਰੋਕ ਦਿੱਤਾ। ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਜੋ ਤੈਰ ਸਕਦੇ ਸਨ ਉਹ ਪਹਿਲਾਂ ਜਹਾਜ਼ ਚੋਂ ਛਾਲ ਮਾਰ ਕੇ ਧਰਤੀ ਤੇ ਜਾ ਪਹੁੰਚਣ। 44ਅਤੇ ਬਾਕੀ ਦੇ ਕਈ ਫੱਟਿਆਂ ਉੱਤੇ ਅਤੇ ਕਈ ਜਹਾਜ਼ ਦੀਆਂ ਹੋਰ ਚੀਜ਼ਾਂ ਉੱਤੇ ਬੈਠੇ। ਇਸ ਤਰ੍ਹਾਂ ਹਰ ਕੋਈ ਸੁਰੱਖਿਅਤ ਧਰਤੀ ਤੇ ਪਹੁੰਚ ਗਿਆ।

ទើបបានជ្រើសរើសហើយ៖

ਰਸੂਲਾਂ 27: PCB

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល