ਰਸੂਲਾਂ 25

25
ਫੇਸਤੁਸ ਦੇ ਸਾਹਮਣੇ ਪੌਲੁਸ ਦਾ ਮੁਕੱਦਮਾ
1ਫੇਸਤੁਸ ਦੇ ਪ੍ਰਾਂਤ ਵਿੱਚ ਪਹੁੰਚਣ ਤੋਂ ਤਿੰਨ ਦਿਨ ਬਾਅਦ, ਉਹ ਕੈਸਰਿਆ ਤੋਂ ਯੇਰੂਸ਼ਲੇਮ ਗਿਆ। 2ਜਿੱਥੇ ਮੁੱਖ ਜਾਜਕਾਂ ਅਤੇ ਯਹੂਦੀ ਆਗੂ ਉਸ ਦੇ ਸਾਹਮਣੇ ਆਏ ਅਤੇ ਪੌਲੁਸ ਖ਼ਿਲਾਫ਼ ਦੋਸ਼ ਪੇਸ਼ ਕੀਤੇ। 3ਉਨ੍ਹਾਂ ਨੇ ਫੇਸਤੁਸ ਨੂੰ ਬੇਨਤੀ ਕੀਤੀ, ਕਿ ਪੌਲੁਸ ਨੂੰ ਯੇਰੂਸ਼ਲੇਮ ਭੇਜ ਦਿੱਤਾ ਜਾਵੇ, ਕਿਉਂਕਿ ਉਹ ਰਸਤੇ ਵਿੱਚ ਉਸ ਨੂੰ ਮਾਰਨ ਲਈ ਇੱਕ ਹਮਲਾ ਕਰਨ ਦੀ ਤਿਆਰੀ ਵਿੱਚ ਸਨ। 4ਫੇਸਤੁਸ ਨੇ ਉੱਤਰ ਦਿੱਤਾ, “ਪੌਲੁਸ ਨੂੰ ਕੈਸਰਿਆ ਵਿਖੇ ਕੈਦ ਵਿੱਚ ਰੱਖਿਆ ਗਿਆ ਹੈ, ਅਤੇ ਮੈਂ ਖ਼ੁਦ ਜਲਦੀ ਹੀ ਉੱਥੇ ਜਾ ਰਿਹਾ ਹਾਂ। 5ਤੁਹਾਡੇ ਕੁਝ ਆਗੂ ਮੇਰੇ ਨਾਲ ਆਉਣ, ਅਤੇ ਅਗਰ ਜੇ ਉਸ ਆਦਮੀ ਨੇ ਕੁਝ ਗਲਤ ਕੀਤਾ ਹੈ, ਤਾਂ ਉਹ ਉੱਥੇ ਉਸ ਉੱਤੇ ਇਲਜ਼ਾਮ ਲਾ ਸਕਦੇ ਹਨ।”
6ਉਨ੍ਹਾਂ ਨਾਲ ਅੱਠ-ਦਸ ਦਿਨ ਯੇਰੂਸ਼ਲੇਮ ਵਿੱਚ ਬਿਤਾਉਣ ਤੋਂ ਬਾਅਦ, ਫੇਸਤੁਸ ਕੈਸਰਿਆ ਵੱਲ ਨੂੰ ਚਲਾ ਗਿਆ। ਅਗਲੇ ਦਿਨ ਉਸ ਨੇ ਅਦਾਲਤ ਨੂੰ ਬੁਲਾਇਆ ਅਤੇ ਪੌਲੁਸ ਨੂੰ ਉਸ ਦੇ ਸਾਹਮਣੇ ਲਿਆਉਣ ਦਾ ਆਦੇਸ਼ ਦਿੱਤਾ। 7ਜਦੋਂ ਪੌਲੁਸ ਅੰਦਰ ਆਇਆ, ਤਾਂ ਯੇਰੂਸ਼ਲੇਮ ਤੋਂ ਆਏ ਯਹੂਦੀ ਆਗੂ ਉਸ ਦੇ ਆਸ-ਪਾਸ ਖੜੇ ਹੋ ਗਏ। ਉਨ੍ਹਾਂ ਨੇ ਉਸ ਦੇ ਵਿਰੁੱਧ ਕਈ ਗੰਭੀਰ ਦੋਸ਼ ਲਾਏ, ਪਰ ਜਿਨ੍ਹਾਂ ਨੂੰ ਸਾਬਤ ਨਾ ਕਰ ਸਕੇ।
8ਪਰ ਪੌਲੁਸ ਨੇ ਆਪਣੀ ਸਫ਼ਾਈ ਵਿੱਚ ਕਿਹਾ: “ਕਿ ਮੈਂ ਯਹੂਦੀ ਬਿਵਸਥਾ ਜਾਂ ਹੈਕਲ ਦੇ ਵਿਰੁੱਧ ਜਾਂ ਰੋਮਨ ਪਾਤਸ਼ਾਹ ਕੈਸਰ ਦੇ ਵਿਰੁੱਧ ਕੋਈ ਗਲਤ ਨਹੀਂ ਕੀਤਾ ਹੈ।”
9ਫੇਸਤੁਸ ਨੇ ਯਹੂਦੀਆਂ ਦਾ ਪੱਖ ਪੂਰਨ ਦੀ ਇੱਛਾ ਕਰਦਿਆਂ ਪੌਲੁਸ ਨੂੰ ਕਿਹਾ, “ਕੀ ਤੂੰ ਯੇਰੂਸ਼ਲੇਮ ਜਾ ਕੇ ਇਨ੍ਹਾਂ ਦੋਸ਼ਾਂ ਉੱਤੇ ਮੇਰੇ ਸਾਹਮਣੇ ਮੁਕੱਦਮਾ ਖੜਾ ਕਰਨਾ ਚਾਹੁੰਦਾ?”
10ਪੌਲੁਸ ਨੇ ਜਵਾਬ ਦਿੱਤਾ: “ਮੈਂ ਹੁਣ ਕੈਸਰ ਦੀ ਅਦਾਲਤ ਵਿੱਚ ਖੜ੍ਹਾ ਹਾਂ, ਹੁਣ ਠੀਕ ਇਹ ਹੀ ਹੈ ਕਿ ਮੇਰਾ ਨਿਆਂ ਇੱਥੇ ਹੀ ਹੋਵੇ। ਮੈਂ ਯਹੂਦੀਆਂ ਨਾਲ ਕੋਈ ਬੇਇਨਸਾਫ਼ੀ ਨਹੀਂ ਕੀਤੀ, ਜਿਵੇਂ ਕਿ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ। 11ਅਗਰ ਫਿਰ ਵੀ ਮੈਂ ਮੌਤ ਦੇ ਯੋਗ ਕੁਝ ਵੀ ਕਰਨ ਲਈ ਦੋਸ਼ੀ ਹਾਂ, ਤਾਂ ਮੈਂ ਮਰਨ ਤੋਂ ਇਨਕਾਰ ਨਹੀਂ ਕਰਦਾ। ਪਰ ਜੇ ਮੇਰੇ ਉੱਤੇ ਇਹ ਯਹੂਦੀਆਂ ਦੁਆਰਾ ਲਾਏ ਦੋਸ਼ ਸਹੀ ਨਹੀਂ ਹਨ, ਤਾਂ ਕਿਸੇ ਨੂੰ ਵੀ ਮੈਨੂੰ ਉਨ੍ਹਾਂ ਦੇ ਹਵਾਲੇ ਕਰਨ ਦਾ ਅਧਿਕਾਰ ਨਹੀਂ ਹੈ। ਮੈਂ ਰੋਮਨ ਪਾਤਸ਼ਾਹ ਕੈਸਰ ਨੂੰ ਅਪੀਲ ਕਰਦਾ ਹਾਂ!”
12ਫੇਸਤੁਸ ਨੇ ਆਪਣੀ ਸਭਾ ਨਾਲ ਗੱਲਬਾਤ ਕਰਨ ਤੋਂ ਬਾਅਦ, ਉਸ ਨੇ ਐਲਾਨ ਕੀਤਾ: “ਤੁਸੀਂ ਰੋਮਨ ਪਾਤਸ਼ਾਹ ਕੈਸਰ ਨੂੰ ਬੇਨਤੀ ਕੀਤੀ ਹੈ। ਤੂੰ ਰੋਮਨ ਪਾਤਸ਼ਾਹ ਦੇ ਹੀ ਕੋਲ ਜਾਵੇਂਗਾ!”
ਫੇਸਤੁਸ ਦੀ ਰਾਜਾ ਅਗ੍ਰਿੱਪਾ ਨਾਲ ਸਲਾਹ
13ਕੁਝ ਦਿਨਾਂ ਬਾਅਦ ਰਾਜਾ ਅਗ੍ਰਿੱਪਾ#25:13 ਇਹ ਦੂਸਰਾ ਅਗ੍ਰਿੱਪਾ ਹੈ ਜੋ ਹੇਰੋਦੇਸ ਅਗ੍ਰਿੱਪਾ ਦਾ ਪੁੱਤਰ ਸੀ। ਅਤੇ ਬਰਨੀਸ ਫੇਸਤੁਸ ਨੂੰ ਮਿਲਣ ਲਈ ਕੈਸਰਿਆ ਪਹੁੰਚੇ। 14ਕਿਉਂਕਿ ਉਹ ਉੱਥੇ ਬਹੁਤ ਸਾਰੇ ਦਿਨ ਬਿਤਾ ਰਹੇ ਸਨ, ਫੇਸਤੁਸ ਨੇ ਰਾਜੇ ਨਾਲ ਪੌਲੁਸ ਦੇ ਮੁਕੱਦਮਾ ਦੀ ਚਰਚਾ ਕੀਤੀ। ਉਸ ਨੇ ਕਿਹਾ: “ਇੱਥੇ ਇੱਕ ਆਦਮੀ ਹੈ ਜਿਸ ਨੂੰ ਫੇਲਿਕ੍ਸ ਕੈਦੀ ਬਣਾ ਕੇ ਛੱਡ ਗਿਆ। 15ਜਦੋਂ ਮੈਂ ਯੇਰੂਸ਼ਲੇਮ ਗਿਆ, ਤਾਂ ਮੁੱਖ ਜਾਜਕਾਂ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੇ ਉਸ ਦੇ ਖ਼ਿਲਾਫ਼ ਦੋਸ਼ ਲਿਆਂਦੇ ਅਤੇ ਬੇਨਤੀ ਕੀਤੀ ਜੋ ਉਸ ਤੇ ਸਜ਼ਾ ਦਾ ਹੁਕਮ ਹੋਵੇ।
16“ਮੈਂ ਉਨ੍ਹਾਂ ਨੂੰ ਕਿਹਾ ਕਿ ਰੋਮੀਆਂ ਦਾ ਇਹ ਰਿਵਾਜ ਨਹੀਂ ਹੈ ਕਿਸੇ ਮਨੁੱਖ ਨੂੰ ਹਵਾਲੇ ਕਰਨ ਜਿੰਨਾ ਚਿਰ ਆਪਣੇ ਦੋਸ਼ ਲਗਾਉਣ ਵਾਲਿਆਂ ਦੇ ਸਾਹਮਣੇ ਸਫ਼ਾਈ ਦੇਣ ਦਾ ਮੌਕਾ ਨਾ ਪਾਵੇ। 17ਜਦੋਂ ਉਸ ਦੇ ਦੋਸ਼ੀ ਮੇਰੇ ਨਾਲ ਇੱਥੇ ਆਏ, ਮੈਂ ਮੁਕੱਦਮੇ ਵਿੱਚ ਦੇਰੀ ਨਹੀਂ ਕੀਤੀ, ਪਰ ਅਗਲੇ ਹੀ ਦਿਨ ਅਦਾਲਤ ਵਿੱਚ ਬੁਲਾਇਆ ਅਤੇ ਉਸ ਆਦਮੀ ਨੂੰ ਅੰਦਰ ਲਿਆਉਣ ਦਾ ਆਦੇਸ਼ ਦਿੱਤਾ। 18ਜਦੋਂ ਉਸ ਦੇ ਦੋਸ਼ੀ ਬੋਲਣ ਲਈ ਉੱਠੇ, ਤਾਂ ਉਨ੍ਹਾਂ ਨੇ ਉਸ ਉੱਤੇ ਕਿਸੇ ਜੁਰਮ ਦਾ ਦੋਸ਼ ਨਹੀਂ ਲਗਾਇਆ ਜਿਸ ਦੀ ਮੈਂ ਉਮੀਦ ਕੀਤੀ ਸੀ। 19ਇਸ ਦੀ ਬਜਾਏ, ਉਨ੍ਹਾਂ ਨਾਲ ਉਸ ਦੇ ਆਪਣੇ ਧਰਮ ਅਤੇ ਯਿਸ਼ੂ ਨਾਮ ਦੇ ਇੱਕ ਮਰੇ ਹੋਏ ਆਦਮੀ ਬਾਰੇ ਝਗੜਾ ਹੋਇਆ ਜਿਸ ਬਾਰੇ ਪੌਲੁਸ ਆਖਦਾ ਸੀ ਕਿ ਉਹ ਜੀਉਂਦਾ ਹੈ। 20ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਅਜਿਹੇ ਮਾਮਲਿਆਂ ਦੀ ਜਾਂਚ ਕਿਵੇਂ ਕੀਤੀ ਜਾਏ; ਇਸ ਲਈ ਮੈਂ ਉਸ ਨੂੰ ਪੁੱਛਿਆ ਕਿ ਉਹ ਯੇਰੂਸ਼ਲੇਮ ਜਾ ਕੇ ਇਹਨਾਂ ਦੋਸ਼ਾਂ ਉੱਤੇ ਮੁਕੱਦਮਾ ਖੜ੍ਹੇ ਕਰਨਾ ਚਾਹੇਗਾ। 21ਪਰ ਜਦੋਂ ਪੌਲੁਸ ਨੇ ਆਪਣੀ ਅਪੀਲ ਪਾਤਸ਼ਾਹ ਦੇ ਫ਼ੈਸਲੇ ਲਈ ਰੱਖੀ, ਤਾਂ ਮੈਂ ਉਸ ਨੂੰ ਉਦੋਂ ਤੱਕ ਕੈਦ ਵਿੱਚ ਰੱਖਣ ਦਾ ਆਦੇਸ਼ ਦਿੱਤਾ ਜਦੋਂ ਤੱਕ ਮੈਂ ਉਸ ਨੂੰ ਕੈਸਰ ਪਾਤਸ਼ਾਹ ਕੋਲ ਨਾ ਭੇਜਾਂ।”
22ਤਦ ਅਗ੍ਰਿੱਪਾ ਨੇ ਫੇਸਤੁਸ ਨੂੰ ਕਿਹਾ, “ਮੈਂ ਇਸ ਆਦਮੀ ਨੂੰ ਆਪ ਵੀ ਸੁਣਨਾ ਚਾਹੁੰਦਾ ਹਾਂ।”
ਉਸ ਨੇ ਜਵਾਬ ਦਿੱਤਾ, “ਕੱਲ੍ਹ ਤੁਸੀਂ ਉਸ ਨੂੰ ਸੁਣੋਗੇ।”
ਪੌਲੁਸ ਅਗ੍ਰਿੱਪਾ ਦੇ ਸਾਹਮਣੇ
23ਅਗਲੇ ਹੀ ਦਿਨ ਅਗ੍ਰਿੱਪਾ ਅਤੇ ਬਰਨੀਸ ਬਹੁਤ ਸ਼ੌਕ ਨਾਲ ਆਏ ਅਤੇ ਸ਼ਹਿਰ ਦੇ ਉੱਚ-ਦਰਜੇ ਦੇ ਫੌਜੀ ਅਧਿਕਾਰੀਆਂ ਅਤੇ ਪ੍ਰਮੁੱਖ ਆਦਮੀਆਂ ਨਾਲ ਕਚਿਹਰੀ ਵਿੱਚ ਦਾਖਲ ਹੋਏ। ਫੇਸਤੁਸ ਦੇ ਹੁਕਮ ਤੇ ਪੌਲੁਸ ਨੂੰ ਅੰਦਰ ਲਿਆਂਦਾ ਗਿਆ। 24ਫੇਸਤੁਸ ਨੇ ਕਿਹਾ: “ਰਾਜਾ ਅਗ੍ਰਿੱਪਾ, ਜੋ ਸਾਡੇ ਨਾਲ ਮੌਜੂਦ ਹਨ, ਤੁਸੀਂ ਇਸ ਆਦਮੀ ਨੂੰ ਦੇਖਦੇ ਹੋ! ਸਾਰੇ ਯਹੂਦੀ ਲੋਕਾਂ ਨੇ ਮੇਰੇ ਅੱਗੇ ਉਸ ਬਾਰੇ ਯੇਰੂਸ਼ਲੇਮ ਵਿੱਚ ਅਤੇ ਇੱਥੇ ਕੈਸਰਿਆ ਵਿੱਚ ਦਰਖ਼ਾਸਤ ਕੀਤੀ, ਅਤੇ ਇਹ ਰੌਲ਼ਾ ਪਾਉਂਦੇ ਹਨ ਕਿ ਹੁਣ ਉਸ ਨੂੰ ਇੱਕ ਪਲ ਵੀ ਜੀਣ ਦਾ ਹੱਕ ਨਹੀਂ ਹੈ। 25ਮੈਂ ਪਾਇਆ ਕਿ ਇਸ ਨੇ ਮੌਤ ਦੇ ਲਾਇਕ ਕੋਈ ਕੰਮ ਨਹੀਂ ਕੀਤਾ, ਪਰ ਕਿਉਂਕਿ ਇਸ ਨੇ ਸਮਰਾਟ ਅੱਗੇ ਆਪਣੀ ਅਪੀਲ ਕੀਤੀ ਮੈਂ ਉਸ ਨੂੰ ਰੋਮ ਭੇਜਣ ਦਾ ਫ਼ੈਸਲਾ ਕੀਤਾ। 26ਪਰ ਮੇਰੇ ਕੋਲ ਉਸ ਰਾਜ ਪ੍ਰਤਾਪ ਨੂੰ ਲਿਖਣ ਲਈ ਕੁਝ ਨਿਸ਼ਚਤ ਨਹੀਂ ਹੈ। ਇਸ ਲਈ ਮੈਂ ਉਸ ਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਲਿਆਇਆ ਹਾਂ, ਅਤੇ ਖ਼ਾਸ ਕਰਕੇ, ਹੇ ਰਾਜਾ ਅਗ੍ਰਿੱਪਾ, ਤੇਰੇ ਅੱਗੇ ਹਾਜ਼ਰ ਕੀਤਾ ਹੈ ਤਾਂ ਜੋ ਇਸ ਜਾਂਚ-ਪੜਤਾਲ ਦੇ ਨਤੀਜੇ ਵਜੋਂ ਮੈਨੂੰ ਕੁਝ ਲਿਖਣ ਲਈ ਮਿਲ ਸਕੇ। 27ਕਿਉਂਕਿ ਇਹ ਗੱਲ ਮੈਨੂੰ ਸਿਆਣੀ ਨਹੀਂ ਸੁੱਝਦੀ ਕਿ ਇੱਕ ਕੈਦੀ ਨੂੰ ਉਸ ਵਿਰੁੱਧ ਲਾਏ ਦੋਸ਼ਾਂ ਦੀ ਜਾਣਕਾਰੀ ਦਿੱਤੇ ਬਗ਼ੈਰ ਰੋਮ ਵਿੱਚ ਭੇਜ ਦਿੱਤਾ ਜਾਵੇ।”

ទើបបានជ្រើសរើសហើយ៖

ਰਸੂਲਾਂ 25: PCB

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល