ਰਸੂਲਾਂ 17
17
ਥੱਸਲੁਨੀਕਾ ਵਿੱਚ
1ਜਦੋਂ ਪੌਲੁਸ ਅਤੇ ਸੀਲਾਸ ਅਮਫ਼ਿਪੁਲਿਸ ਅਤੇ ਅੱਪੁਲੋਨਿਯਾ ਸ਼ਹਿਰਾਂ ਵਿੱਚੋਂ ਲੰਘੇ, ਫਿਰ ਉਹ ਥੱਸਲੁਨੀਕਾ ਸ਼ਹਿਰ ਆਏ, ਜਿੱਥੇ ਇੱਕ ਯਹੂਦੀ ਪ੍ਰਾਰਥਨਾ ਸਥਾਨ ਸੀ। 2ਜਿਸ ਤਰਾਂ ਉਸ ਦੀ ਰੀਤੀ ਸੀ ਪੌਲੁਸ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਸਬਤ ਦੇ ਤਿੰਨ ਦਿਨਾਂ ਤੱਕ ਉਸ ਨੇ ਉਨ੍ਹਾਂ ਨਾਲ ਪਵਿੱਤਰ ਸ਼ਾਸਤਰ ਵਿੱਚੋਂ ਵਾਦ-ਵਿਵਾਦ ਕੀਤਾ, 3ਅਤੇ ਅਰਥ ਖੋਲ੍ਹ ਕੇ ਉਹ ਨੇ ਇਹ ਦੱਸਿਆ ਕਿ ਮਸੀਹ ਦਾ ਦੁੱਖ ਭੋਗਣਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਸੀ। ਉਸ ਨੇ ਆਖਿਆ, “ਇਹ ਯਿਸ਼ੂ ਜਿਸ ਦੀ ਮੈਂ ਤੁਹਾਨੂੰ ਖ਼ਬਰ ਦਿੰਦਾ ਹਾਂ ਉਹ ਹੀ ਮਸੀਹ ਹੈ।” 4ਉਹਨਾਂ ਵਿੱਚੋਂ ਕੁਝ ਯਹੂਦੀ ਨੇ ਮੰਨ ਲਿਆ ਅਤੇ ਪੌਲੁਸ ਅਤੇ ਸੀਲਾਸ ਦੇ ਨਾਲ ਮਿਲ ਗਏ, ਜਿਵੇਂ ਕਿ ਵੱਡੀ ਗਿਣਤੀ ਵਿੱਚ ਪਰਮੇਸ਼ਵਰ ਤੋਂ ਡਰਨ ਵਾਲੇ ਯੂਨਾਨੀ ਅਤੇ ਕਾਫ਼ੀ ਸਾਰੀਆਂ ਪ੍ਰਮੁੱਖ ਔਰਤਾਂ ਰਲ ਗਈਆਂ ਸਨ।
5ਪਰ ਦੂਸਰੇ ਯਹੂਦੀ ਈਰਖਾ ਕਰਦੇ ਸਨ; ਇਸ ਲਈ ਉਹਨਾਂ ਨੇ ਬਜ਼ਾਰਾਂ ਦੇ ਵਿੱਚੋਂ ਕਈ ਬੁਰੇ ਲੋਕਾਂ ਨੂੰ ਆਪਣੇ ਨਾਲ ਰਲਾ ਲਿਆ, ਅਤੇ ਭੀੜ ਇਕੱਠੀ ਕਰਕੇ ਅਤੇ ਸ਼ਹਿਰ ਵਿੱਚ ਦੰਗੇ ਕਰਵਾਉਣੇ ਸ਼ੁਰੂ ਕਰ ਦਿੱਤੇ। ਅਤੇ ਉਹ ਪੌਲੁਸ ਅਤੇ ਸੀਲਾਸ ਦੀ ਭਾਲ ਵਿੱਚ ਜੇਸਨ ਨਾਮ ਦੇ ਇੱਕ ਆਦਮੀ ਦੇ ਘਰ ਪਹੁੰਚੇ ਤਾਂ ਜੋ ਉਹ ਉਨ੍ਹਾਂ ਨੂੰ ਬਾਹਰ ਭੀੜ ਵਿੱਚ ਲਿਆ ਸਕਣ। 6ਪਰ ਜਦੋਂ ਉਹ ਉਨ੍ਹਾਂ ਨੂੰ ਲੱਭ ਨਾ ਸਕੇ, ਤਾਂ ਉਹ ਸ਼ਹਿਰ ਦੇ ਅਧਿਕਾਰੀਆਂ ਸਾਹਮਣੇ ਜੇਸਨ ਅਤੇ ਕੁਝ ਹੋਰ ਵਿਸ਼ਵਾਸੀਆਂ ਨੂੰ ਖਿੱਚ ਕੇ ਲਿਆਏ, ਫਿਰ ਜ਼ੋਰ ਆਵਾਜ਼ ਨਾਲ ਬੋਲੇ: “ਇਹ ਲੋਕ ਜਿਨ੍ਹਾਂ ਨੇ ਪੂਰੀ ਦੁਨੀਆਂ ਵਿੱਚ ਮੁਸੀਬਤ ਖੜ੍ਹੀ ਕੀਤੀ ਹੈ, ਉਹ ਹੁਣ ਇੱਥੇ ਆ ਗਏ ਹਨ, 7ਅਤੇ ਜੇਸਨ ਨੇ ਉਨ੍ਹਾਂ ਨੂੰ ਆਪਣੇ ਘਰ ਰਹਿਣ ਲਈ ਸੱਦਾ ਦਿੱਤਾ। ਸਾਰੇ ਲੋਕ ਉਸ ਗੱਲ ਦਾ ਵਿਰੋਧ ਕਰਦੇ ਹਨ ਜੋ ਸਾਡੇ ਪਾਤਸ਼ਾਹ ਕੈਸਰ ਨੇ ਫਰਮਾਇਆ ਹੈ। ਉਹ ਕਹਿੰਦੇ ਹਨ ਕਿ ਇੱਕ ਹੋਰ ਵਿਅਕਤੀ, ਜਿਸ ਦਾ ਨਾਮ ਯਿਸ਼ੂ ਹੈ, ਉਹ ਅਸਲ ਰਾਜਾ ਹੈ!” 8ਜਦੋਂ ਲੋਕਾਂ ਦੀ ਭੀੜ ਜੋ ਇਕੱਠੀ ਹੋ ਗਈ ਸੀ ਅਤੇ ਸ਼ਹਿਰ ਦੇ ਅਧਿਕਾਰੀਆਂ ਨੇ ਇਹ ਸੁਣਿਆ, ਤਾਂ ਉਹ ਪਰੇਸ਼ਾਨ ਹੋ ਗਏ। 9ਫਿਰ ਉਹਨਾਂ ਨੇ ਜੇਸਨ ਅਤੇ ਦੂਸਰੇ ਵਿਸ਼ਵਾਸੀਆ ਤੋਂ ਜ਼ਮਾਨਤ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ।
ਪੌਲੁਸ ਬੇਰੀਆ ਸ਼ਹਿਰ ਵਿੱਚ
10ਉਸੇ ਰਾਤ ਵਿਸ਼ਵਾਸੀਆਂ ਨੇ ਪੌਲੁਸ ਅਤੇ ਸੀਲਾਸ ਨੂੰ ਥੱਸਲੁਨੀਕੇ ਤੋਂ ਬੇਰੀਆ ਸ਼ਹਿਰ ਭੇਜਿਆ। ਜਦੋਂ ਪੌਲੁਸ ਅਤੇ ਸੀਲਾਸ ਉੱਥੇ ਪਹੁੰਚੇ, ਉਹ ਯਹੂਦੀ ਪ੍ਰਾਰਥਨਾ ਸਥਾਨ ਵਿੱਚ ਗਏ, ਜਿਸ ਦਿਨ ਲੋਕ ਇਕੱਠੇ ਹੋਏ ਸਨ। 11ਬੇਰੀਆ ਦੇ ਲੋਕ ਥੱਸਲੁਨੀਕਾ ਸ਼ਹਿਰ ਦੇ ਯਹੂਦੀ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਜੋ ਉਨ੍ਹਾਂ ਨੇ ਬੜੀ ਦਿਲਚਸਪੀ ਅਤੇ ਲਗਨ ਨਾਲ ਬਚਨ ਨੂੰ ਸੁਣਿਆ। ਅਤੇ ਹਰ ਰੋਜ਼ ਪਵਿੱਤਰ ਸ਼ਾਸਤਰ ਵਿੱਚ ਲੱਭਦੇ ਰਹਿੰਦੇ ਸਨ ਕਿ ਪੌਲੁਸ ਨੇ ਮਸੀਹ ਬਾਰੇ ਜੋ ਕਿਹਾ ਸੀ ਉਹ ਸੱਚ ਹੈ ਜਾਂ ਨਹੀਂ। 12ਨਤੀਜੇ ਵਜੋਂ, ਉਨ੍ਹਾਂ ਵਿੱਚੋਂ ਕਈਆਂ ਨੇ ਵਿਸ਼ਵਾਸ ਕੀਤਾ, ਜਿਵੇਂ ਕਿ ਬਹੁਤ ਸਾਰੀਆਂ ਪਤਵੰਤੀ ਯੂਨਾਨੀ ਔਰਤਾਂ ਅਤੇ ਆਦਮੀਆਂ ਵਿੱਚੋਂ ਵੀ ਬਹੁਤ ਸਾਰਿਆਂ ਨੇ ਪ੍ਰਭੂ ਯਿਸ਼ੂ ਉੱਤੇ ਵਿਸ਼ਵਾਸ ਕੀਤਾ।
13ਪਰ ਫੇਰ ਥੱਸਲੁਨੀਕਾ ਦੇ ਯਹੂਦੀਆਂ ਨੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਕਿ ਪੌਲੁਸ ਬੇਰੀਆ ਵਿੱਚ ਪਰਮੇਸ਼ਵਰ ਦੇ ਬਚਨ ਦਾ ਪ੍ਰਚਾਰ ਕਰ ਰਿਹਾ ਸੀ। ਇਸ ਲਈ ਉਹ ਬੇਰੀਆ ਗਏ ਅਤੇ ਉੱਥੋਂ ਦੇ ਲੋਕਾਂ ਨੂੰ ਦੱਸਿਆ ਕਿ ਜੋ ਪੌਲੁਸ ਸਿਖਾ ਰਿਹਾ ਸੀ ਉਹ ਸੱਚ ਨਹੀਂ ਸੀ। ਇਸ ਤਰ੍ਹਾਂ, ਉਨ੍ਹਾਂ ਨੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪੌਲੁਸ ਦੇ ਵਿਰੁੱਧ ਭੜਕਾਇਆ। 14ਇਸ ਲਈ ਬੇਰੀਆ ਸ਼ਹਿਰ ਦੇ ਕਈ ਵਿਸ਼ਵਾਸੀ ਪੌਲੁਸ ਨੂੰ ਇੱਕ ਹੋਰ ਸੂਬੇ ਜਾਣ ਲਈ ਸਮੁੰਦਰੀ ਕੰਢੇ ਤੇ ਲੈ ਗਏ। ਪਰ ਸੀਲਾਸ ਅਤੇ ਤਿਮੋਥਿਉਸ ਬੇਰੀਆ ਵਿੱਚ ਹੀ ਰਹੇ। 15ਜਿਨ੍ਹਾਂ ਨੇ ਪੌਲੁਸ ਨੂੰ ਭਜਾ ਲਿਆਦਾਂ ਸੀ ਉਹ ਉਸ ਨੂੰ ਅਥੇਨੈ ਸ਼ਹਿਰ ਲੈ ਆਏ ਅਤੇ ਫਿਰ ਸੀਲਾਸ ਅਤੇ ਤਿਮੋਥਿਉਸ ਨੂੰ ਨਿਰਦੇਸ਼ ਦਿੱਤੇ ਕਿ ਉਹ ਜਲਦੀ ਤੋਂ ਜਲਦੀ ਉਸ ਦੇ ਕੋਲ ਆਉਣ।
ਅਥੇਨੈ ਵਿੱਚ ਪੌਲੁਸ
16ਅਥੇਨੈ ਵਿੱਚ, ਪੌਲੁਸ ਜਦੋਂ ਸੀਲਾਸ ਅਤੇ ਤਿਮੋਥਿਉਸ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਦੌਰਾਨ, ਉਹ ਸ਼ਹਿਰ ਵਿੱਚ ਘੁੰਮਦਾ ਰਿਹਾ। ਉਹ ਬਹੁਤ ਦੁਖੀ ਹੋਇਆ ਕਿਉਂਕਿ ਉਸ ਨੇ ਵੇਖਿਆ ਕਿ ਸਾਰੇ ਸ਼ਹਿਰ ਵਿੱਚ ਬਹੁਤ ਸਾਰੀਆਂ ਮੂਰਤੀਆਂ ਸਨ। 17ਫਿਰ ਉਹ ਯਹੂਦੀਆਂ ਦੇ ਪ੍ਰਾਰਥਨਾ ਸਥਾਨ ਵਿੱਚ ਗਿਆ। ਅਤੇ ਉਸ ਨੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਵੀ ਜਿਨ੍ਹਾਂ ਨੇ ਯਹੂਦੀਆਂ ਦੇ ਵਿਸ਼ਵਾਸ ਨੂੰ ਮੰਨ ਲਿਆ ਸੀ ਯਿਸ਼ੂ ਬਾਰੇ ਪ੍ਰਚਾਰ ਕੀਤਾ। ਉਹ ਹਰ ਰੋਜ਼ ਬਜ਼ਾਰਾਂ ਵਿੱਚ ਵੀ ਜਾਂਦਾ ਸੀ ਅਤੇ ਉਨ੍ਹਾਂ ਲੋਕਾਂ ਨਾਲ ਗੱਲ ਕਰਦਾ ਜਿਹੜੇ ਉਹ ਨੂੰ ਉੱਥੇ ਮਿਲਦੇ ਸੀ। 18ਏਪੀਕੁਰੀਅਨ#17:18 ਏਪੀਕੁਰੀਅਨ ਅਤੇ ਸਟੋਇਕ ਦਾ ਸਮੂਹ ਜੋ ਅਥੇਨੈ ਦੇ ਵੱਖੋ ਵੱਖਰੇ ਦਰਸ਼ਨਾਂ ਦੇ ਪ੍ਰਤਿਨਿਧਤਾ ਨੂੰ ਦਰਸਾਉਂਦੇ ਸਨ। ਅਤੇ ਸਟੋਇਕ ਦਾਰਸ਼ਨਿਕਾਂ ਦਾ ਸਮੂਹ ਉਸ ਨਾਲ ਬਹਿਸ ਕਰਨ ਲੱਗਾ। ਉਨ੍ਹਾਂ ਵਿੱਚੋਂ ਕੁਝ ਨੇ ਪੁੱਛਿਆ, “ਇਹ ਬੜਬੋਲਾ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ?” ਹੋਰਾਂ ਨੇ ਟਿੱਪਣੀ ਕੀਤੀ, “ਕਿ ਉਹ ਲੋਕਾਂ ਨੂੰ ਨਵੇਂ ਦੇਵਤਿਆਂ ਬਾਰੇ ਸਿਖਾ ਰਿਹਾ ਹੈ ਜਿਸ ਬਾਰੇ ਅਸੀਂ ਨਹੀਂ ਸੁਣਿਆ,” ਉਨ੍ਹਾਂ ਨੇ ਇਹ ਇਸ ਲਈ ਕਿਹਾ ਕਿਉਂਕਿ ਪੌਲੁਸ ਯਿਸ਼ੂ ਅਤੇ ਉਸ ਦੇ ਪੁਨਰ-ਉਥਾਨ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰ ਰਿਹਾ ਸੀ। 19ਉਹ ਉਸ ਨੂੰ ਫੜ੍ਹ ਕੇ ਅਰਿਯੁਪਗੁਸ ਉੱਤੇ ਲੈ ਗਏ ਅਤੇ ਬੋਲੇ, “ਕੀ ਅਸੀਂ ਪੁੱਛ ਸਕਦੇ ਹਾਂ ਕਿ ਉਹ ਨਵੀਂ ਸਿੱਖਿਆ ਜੋ ਤੂੰ ਦਿੰਦਾ ਹੈ ਕੀ ਹੈ? 20ਕਿਉਂਕਿ ਤੁਹਾਡੇ ਦੁਆਰਾ ਦੱਸੀਆਂ ਗਈਆਂ ਗੱਲਾਂ ਸਾਡੇ ਲਈ ਕੰਨਾਂ ਲਈ ਅਨੌਖੀਆਂ ਹਨ। ਅਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਨ੍ਹਾਂ ਦਾ ਕੀ ਅਰਥ ਹੈ।” 21ਸਾਰੇ ਅਥੇਨੀ ਲੋਕ ਅਤੇ ਜਿਹੜੇ ਪਰਦੇਸੀ ਉੱਥੇ ਰਹਿੰਦੇ ਸਨ, ਨਵੀਂਆਂ-ਨਵੀਂਆਂ ਗੱਲਾਂ ਸੁਣਨ ਅਤੇ ਸੁਣਾਉਣ ਤੋਂ ਬਿਨ੍ਹਾਂ ਆਪਣਾ ਸਮਾਂ ਕਿਸੇ ਕੰਮ ਵਿੱਚ ਨਹੀਂ ਗੁਜਾਰਦੇ ਸਨ।
22ਫਿਰ ਪੌਲੁਸ ਅਰਿਯੁਪਗੁਸ ਦੀ ਸਭਾ ਵਿੱਚ ਖੜ੍ਹਾ ਹੋਇਆ ਅਤੇ ਕਿਹਾ, “ਅਥੇਨੀ ਦੇ ਲੋਕੋ! ਮੈਂ ਵੇਖਦਾ ਹਾਂ ਕਿ ਤੁਸੀਂ ਹਰ ਪੱਖੋ ਬਹੁਤ ਧਾਰਮਿਕ ਹੋ। 23ਜਦੋਂ ਮੈਂ ਇਧਰ-ਉਧਰ ਫਿਰਦਾ ਸੀ ਤੇ ਤੁਹਾਡੇ ਦੇਵਤਿਆਂ ਦੀਆਂ ਮੂਰਤਾਂ ਵੇਖੀਆਂ ਅਤੇ ਮੈ ਇੱਕ ਸ਼ਿਲਾਲੇਖ ਵਾਲੀ ਇੱਕ ਜਗਵੇਦੀ ਨੂੰ ਵੇਖਿਆ ਜਿਸ ਦੇ ਉੱਤੇ ਇਹ ਲਿਖਿਆ ਹੋਇਆ ਸੀ:
ਅਣਜਾਣੇ ਦੇਵਤੇ ਲਈ।
ਇਸ ਲਈ ਜਿਸ ਨੂੰ ਤੁਸੀਂ ਬਿਨ ਜਾਣੇ ਪੂਜਦੇ ਹੋ ਮੈਂ ਤੁਹਾਨੂੰ ਉਸੇ ਦੀ ਖ਼ਬਰ ਦਿੰਦਾ ਹਾਂ।
24“ਉਹ ਪਰਮੇਸ਼ਵਰ ਜਿਸ ਨੇ ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਹਰ ਚੀਜ਼ ਬਣਾਈ ਹੈ। ਕਿਉਂਕਿ ਉਹ ਸਵਰਗ ਵਿੱਚ ਅਤੇ ਧਰਤੀ ਉੱਤੇ ਸਾਰੇ ਜੀਵਾਂ ਉੱਤੇ ਰਾਜ ਕਰਦਾ ਹੈ ਇਸ ਲਈ ਉਹ ਇਨਸਾਨ ਦੇ ਬਣਾਏ ਹੋਏ ਹੈਕਲ ਵਿੱਚ ਨਹੀਂ ਰਹਿੰਦਾ ਹੈ। 25ਅਤੇ ਨਾ ਉਹ ਨੂੰ ਕਿਸੇ ਚੀਜ਼ ਤੋਂ ਥੋੜ ਹੈ ਨਾ ਉਹ ਮਨੁੱਖਾਂ ਦੇ ਹੱਥੋਂ ਸੇਵਾ ਕਰਾਉਂਦਾ ਹੈ ਕਿਉਂ ਜੋ ਉਹ ਖੁਦ ਹੀ ਸਭਨਾਂ ਨੂੰ ਜ਼ਿੰਦਗੀ, ਸਾਹ ਅਤੇ ਸਭ ਕੁਝ ਦਿੰਦਾ ਹੈ। 26ਪਰਮੇਸ਼ਵਰ ਨੇ ਇੱਕ ਮਨੁੱਖ ਤੋਂ ਸਾਰੀਆਂ ਕੌਮਾਂ ਨੂੰ ਬਣਾਇਆ, ਤਾਂ ਜੋ ਉਹ ਸਾਰੀ ਧਰਤੀ ਵਿੱਚ ਵੱਸਣ; ਅਤੇ ਉਸ ਨੇ ਇਤਿਹਾਸ ਵਿੱਚ ਉਨ੍ਹਾਂ ਦੇ ਨਿਰਧਾਰਤ ਸਮੇਂ ਅਤੇ ਉਨ੍ਹਾਂ ਦੀਆਂ ਧਰਤੀ ਉੱਤੇ ਹੱਦਾਂ ਤੈਅ ਕੀਤੀਆਂ ਹਨ।#17:26 ਬਿਵ 32:8 27ਉਹ ਚਾਹੁੰਦਾ ਹੈ ਕਿ ਲੋਕ ਮਹਿਸੂਸ ਕਰਨ ਕਿ ਉਨ੍ਹਾਂ ਨੂੰ ਉਸ ਦੀ ਲੋੜ ਹੈ। ਤਦ ਉਹ ਉਸ ਦੀ ਭਾਲ ਕਰਨਗੇ ਅਤੇ ਉਸ ਨੂੰ ਲੱਭ ਲੈਣਗੇ। ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਭਾਲ ਸਕੀਏ, ਹਾਲਾਂਕਿ ਉਹ ਅਸਲ ਵਿੱਚ ਸਾਡੇ ਸਾਰਿਆਂ ਦੇ ਨੇੜੇ ਹੈ। 28ਉਸ ਲਈ ਅਸੀਂ ਉਸ ਦੇ ਵਿੱਚ ਜੀਉਂਦੇ ਅਤੇ ਚਲਦੇ ਹਾਂ ਅਤੇ ਆਪਣੀ ਹੋਂਦ ਰੱਖਦੇ ਹਾਂ। ਜਿਵੇਂ ਤੁਹਾਡੇ ਆਪਣੇ ਕੁਝ ਕਵੀਆਂ ਨੇ ਕਿਹਾ ਹੈ, ‘ਕਿ ਅਸੀਂ ਉਸ ਦੀ ਸੰਤਾਨ ਹਾਂ।’
29“ਇਸ ਲਈ ਕਿਉਂਕਿ ਅਸੀਂ ਪਰਮੇਸ਼ਵਰ ਦੀ ਵੰਸ਼ ਹਾਂ,” ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ਵਰ ਸੋਨੇ, ਚਾਂਦੀ ਜਾਂ ਪੱਥਰ ਵਰਗਾ ਹੈ, ਯਾਂ ਫਿਰ ਮਨੁੱਖੀ ਕਲਾ ਅਤੇ ਕੁਸ਼ਲਤਾ ਦੁਆਰਾ ਬਣਾਇਆ ਚਿੱਤਰ ਹੈ। 30ਪਰਮੇਸ਼ਵਰ ਨੇ ਅਣਜਾਣਪੁਣੇ ਦੇ ਸਮੇਂ ਵੱਲ ਧਿਆਨ ਨਹੀਂ ਦਿੱਤਾ, ਪਰ ਹੁਣ ਸਭ ਥਾਂਵਾਂ ਅਤੇ ਸਾਰਿਆ ਮਨੁੱਖਾਂ ਨੂੰ ਹੁਕਮ ਦਿੰਦਾ ਹੈ, ਕਿ ਉਹ ਸਾਰੇ ਤੋਬਾ ਕਰਨ। 31ਕਿਉਂ ਜੋ ਉਸ ਨੇ ਇੱਕ ਦਿਨ ਨਿਸ਼ਚਿਤ ਕੀਤਾ ਹੈ ਜਿਸ ਦੇ ਵਿੱਚ ਉਹ ਦੁਨੀਆਂ ਤੇ ਸਾਡੇ ਸਾਰਿਆਂ ਲੋਕਾਂ ਦਾ ਨਿਆਂ ਕਰਨ ਜਾ ਰਿਹਾ ਹੈ। ਉਸ ਨੇ ਸਾਡੇ ਲਈ ਨਿਆਂ ਕਰਨ ਲਈ ਇੱਕ ਆਦਮੀ ਨੂੰ ਨਿਯੁਕਤ ਕੀਤਾ ਹੈ, ਅਤੇ ਉਹ ਆਦਮੀ ਸਾਡੇ ਸਾਰਿਆਂ ਦਾ ਨਿਰਪੱਖਤਾ ਨਾਲ ਨਿਆਂ ਕਰੇਗਾ। “ਪਰਮੇਸ਼ਵਰ ਨੇ ਇਸ ਗੱਲ ਦਾ ਸਬੂਤ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਸਭ ਨੂੰ ਦਿੱਤਾ ਹੈ।”
32ਜਦੋਂ ਉਨ੍ਹਾਂ ਨੇ ਮੁਰਦਿਆਂ ਦੇ ਦੁਬਾਰਾ ਪੁਨਰ-ਉਥਾਨ ਬਾਰੇ ਸੁਣਿਆ, ਉਨ੍ਹਾਂ ਵਿੱਚੋਂ ਕਈਆਂ ਨੇ ਉਸ ਦਾ ਮਜ਼ਾਕ ਉਡਾਇਆਂ, ਪਰ ਕਈਆਂ ਨੇ ਕਿਹਾ, “ਅਸੀਂ ਤੇਰੇ ਕੋਲੋ ਇਸ ਵਿਸ਼ੇ ਤੇ ਫਿਰ ਦੁਬਾਰਾ ਸੁਣਨਾ ਚਾਹੁੰਦੇ ਹਾਂ।” 33ਉਸੇ ਵੇਲੇ, ਪੌਲੁਸ ਨੇ ਸਭਾ ਛੱਡ ਦਿੱਤੀ। 34ਕੁਝ ਲੋਕ ਪੌਲੁਸ ਦੇ ਚੇਲੇ ਬਣ ਗਏ ਅਤੇ ਵਿਸ਼ਵਾਸ ਕੀਤਾ। ਉਨ੍ਹਾਂ ਵਿੱਚੋਂ ਇੱਕ ਦਿਯਾਨੀਸਿਯੁਸ, ਜੋ ਅਰਿਯੁਪਗੁਸ ਦਾ ਇੱਕ ਮੈਂਬਰ ਸੀ, ਇਸ ਦੇ ਨਾਲ ਦਮਾਰਿਸ ਨਾਮ ਦੀ ਇੱਕ ਮਹਿਲਾ ਅਤੇ ਕਈ ਹੋਰ ਸਨ।
ទើបបានជ្រើសរើសហើយ៖
ਰਸੂਲਾਂ 17: PCB
គំនូសចំណាំ
ចែករំលែក
ចម្លង

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.