ਰੋਮੀਆਂ ਨੂੰ 15
15
ਰੋਮ ਅਤੇ ਹਿਸਪਾਨਿਯਾ ਨੂੰ ਜਾਣ ਦੀ ਆਸਾ
1ਸਾਨੂੰ ਜੋ ਤਕੜੇ ਹਾਂ ਚਾਹੀਦਾ ਹੈ ਭਈ ਬਲਹੀਣਾਂ ਦੀਆਂ ਨਿਰਬਲਤਾਈਆਂ ਨੂੰ ਸਹਾਰੀਏ ਅਤੇ ਆਪ ਨੂੰ ਨਾ ਰਿਝਾਈਏ 2ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨੂੰ ਉਹ ਦੀ ਭਲਿਆਈ ਲਈ ਰਿਝਾਏ ਭਈ ਉਹ ਦੀ ਤਰੱਕੀ ਹੋਵੇ 3ਕਿਉਂ ਜੋ ਮਸੀਹ ਨੇ ਵੀ ਆਪਣੇ ਆਪ ਨੂੰ ਨਹੀਂ ਰਿਝਾਇਆ ਪਰ ਜਿਵੇਂ ਲਿਖਿਆ ਹੋਇਆ ਹੈ#ਜ਼. 68:9 ਕਿ ਤੇਰੇ ਨਿੰਦਕਾਂ ਦੀਆਂ ਨਿੰਦਿਆਂ ਮੇਰੇ ਉੱਤੇ ਆ ਪਈਆਂ 4ਕਿਉਂਕਿ ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ 5ਅਤੇ ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ ਤੁਹਾਨੂੰ ਇਹ ਬਖ਼ਸ਼ੇ ਜੋ ਮਸੀਹ ਯਿਸੂ ਦੇ ਅਨੁਸਾਰ ਆਪੋ ਵਿੱਚ ਮੇਲ ਰੱਖੋ 6ਤਾਂ ਜੋ ਤੁਸੀਂ ਇੱਕ ਮਨ ਹੋ ਕੇ ਇਕ ਜ਼ਬਾਨ ਨਾਲ ਸਾਡੇ ਪ੍ਰਭੁ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਵਡਿਆਈ ਕਰੋ ।।
7ਇਸੇ ਕਾਰਨ ਤੁਸੀਂ ਇੱਕ ਦੂਏ ਨੂੰ ਕਬੂਲ ਕਰੋ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ ਭਈ ਪਰਮੇਸ਼ੁਰ ਦੀ ਵਡਿਆਈ ਹੋਵੇ 8ਮੈਂ ਆਖਦਾ ਹੈਂ ਭਈ ਮਸੀਹ ਪਰਮੇਸ਼ੁਰ ਦੀ ਸਚਿਆਈ ਦੇ ਨਮਿੱਤ ਸੁੰਨਤੀਆਂ ਦਾ ਸੇਵਕ ਬਣਿਆ ਤਾਂ ਜੋ ਉਹ ਉਨ੍ਹਾਂ ਬਚਨਾਂ ਨੂੰ ਜਿਹੜੇ ਪਿਤਰਾਂ ਨੂੰ ਦਿੱਤੇ ਹੋਏ ਸਨ ਪੂਰਿਆਂ ਕਰੇ 9ਅਤੇ ਪਰਾਈਆਂ ਕੌਮਾਂ ਰਹਮ ਦੇ ਲਈ ਪਰਮੇਸ਼ੁਰ ਦੀ ਵਡਿਆਈ ਕਰਨ ਜਿਵੇਂ ਲਿਖਿਆ ਹੋਇਆ ਹੈ,#ਜ਼. 18:49-
ਏਸੇ ਕਾਰਨ ਮੈਂ ਪਰਾਈਆਂ ਕੌਮਾਂ ਵਿੱਚ ਤੇਰੀ
ਵਡਿਆਈ ਕਰਾਂਗਾ
ਅਤੇ ਤੇਰੇ ਨਾਮ ਦਾ ਜਸ ਗਵਾਂਗਾ ।।
10ਫੇਰ ਕਹਿੰਦਾ ਹੈ, #ਬਿਵ. 32:43-
ਹੇ ਪਰਾਈਉ ਕੌਮੋ, ਉਹ ਦੀ ਪਰਜਾ ਨਾਲ ਖੁਸ਼ੀ
ਕਰੋ ।।
11ਅਤੇ ਫੇਰ,#ਜ਼. 117:1
ਹੇ ਸਾਰੀਓ ਕੌਮੋ,
ਪ੍ਰਭੁ ਦੀ ਉਸਤਤ ਕਰੋ,
ਅਤੇ ਸਾਰੇ ਲੋਕ ਉਹ ਦੇ ਗੁਣ ਗਾਉਣ ।।
12ਫੇਰ ਯਸਾਯਾਹ ਆਖਦਾ ਹੈ, #ਯਸ. 11:10-
ਯੱਸੀ ਦੀ ਜੜ੍ਹ ਪਰਗਟ ਹੋਵੇਗੀ,
ਅਤੇ ਜਿਹੜਾ ਕੌਮਾਂ ਉੱਤੇ ਹਕੂਮਤ ਕਰਨ ਲਈ
ਉੱਠਣ ਵਾਲਾ ਹੈ,
ਉਹ ਦੇ ਉੱਤੇ ਕੌਮਾਂ ਆਸਾ ਰੱਖਣਗੀਆਂ।।
13ਹੁਣ ਆਸਾ ਦਾ ਪਰਮੇਸ਼ੁਰ ਤੁਹਾਨੂੰ ਨਿਹਚਾ ਕਰਨ ਦੇ ਵਸੀਲੇ ਨਾਲ ਸਾਰੇ ਅਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਭਈ ਤੁਸੀਂ ਪਵਿੱਤਰ ਆਤਮਾ ਦੀ ਸਮਰਥ ਨਾਲ ਆਸਾ ਵਿੱਚ ਵਧਦੇ ਜਾਵੋ।।
14ਹੇ ਮੇਰੇ ਭਰਾਵੋ, ਮੈਂ ਆਪ ਵੀ ਤੁਹਾਡੇ ਵਿਖੇ ਯਕੀਨ ਰੱਖਦਾ ਹਾਂ ਭਈ ਤੁਸੀਂ ਆਪ ਭਲਿਆਈ ਨਾਲ ਪੂਰੇ ਅਤੇ ਸਾਰੇ ਗਿਆਨ ਨਾਲ ਭਰੇ ਹੋਏ ਹੋ ਅਰ ਇੱਕ ਦੂਏ ਨੂੰ ਸਿੱਖਾ ਸੱਕਦੇ ਹੋ 15ਪਰ ਮੈਂ ਤੁਹਾਨੂੰ ਫੇਰ ਚੇਤਾ ਕਰਾਉਣ ਲਈ ਕਿਤੇ ਕਿਤੇ ਹੋਰ ਵੀ ਦਿਲੇਰੀ ਨਾਲ ਤੁਹਾਨੁੰ ਉਸ ਕਿਰਪਾ ਦੇ ਕਾਰਨ ਲਿਖਦਾ ਹਾਂ ਜਿਹੜੀ ਮੈਨੂੰ ਪਰਮੇਸ਼ੁਰ ਦੀ ਵੱਲੋਂ ਬਖ਼ਸ਼ੀ ਗਈ 16ਭਈ ਮੈਂ ਪਰਮੇਸ਼ੁਰ ਦੀ ਖੁਸ਼ ਖਬਰੀ ਵਿੱਚ ਜਾਜਕਪੁਣੇ ਦਾ ਕੰਮ ਕਰਦਿਆਂ ਪਰਾਈਆਂ ਕੌਮਾਂ ਦੇ ਲਈ ਮਸੀਹ ਦਾ ਸੇਵਕ ਹੋਵਾਂ ਤਾਂ ਜੋ ਪਰਾਈਆਂ ਕੌਮਾਂ ਦਾ ਚੜ੍ਹਾਇਆ ਜਾਣਾ ਪਵਿੱਤਰ ਆਤਮਾ ਦੇ ਵਸੀਲੇ ਨਾਲ ਪਵਿੱਤਰ ਬਣ ਕੇ ਪਰਵਾਨ ਹੋਵੇ 17ਸੋ ਪਰਮੇਸ਼ੁਰੀ ਗੱਲਾਂ ਦੇ ਵਿਖੇ ਮੈਨੂੰ ਮਸੀਹ ਯਿਸੂ ਵਿੱਚ ਅਭਮਾਨ ਕਰਨ ਦਾ ਵੇਲਾ ਹੈ 18ਕਿਉਂ ਜੋ ਮੇਰਾ ਹਿਆਉ ਨਹੀਂ ਪੈਂਦਾ ਜੋ ਮੈਂ ਹੋਰਨਾਂ ਕੰਮਾਂ ਦੀ ਗੱਲ ਕਰਾਂ ਬਿਨਾ ਉਨ੍ਹਾਂ ਦੇ ਜਿਹੜੇ ਮਸੀਹ ਨੇ ਪਰਾਈਆਂ ਕੌਮਾਂ ਨੂੰ ਆਗਿਆਕਾਰ ਕਰਨ ਦੇ ਲਈ ਬਚਨ ਅਤੇ ਕਰਨੀ ਤੋਂ 19ਨਿਸ਼ਾਨੀਆਂ ਅਤੇ ਕਰਾਮਾਤਾਂ ਦੀ ਸ਼ਕਤੀ ਨਾਲ ਅਤੇ ਪਵਿੱਤਰ ਆਤਮਾ ਦੀ ਸਮੱਰਥਾ ਨਾਲ ਮੇਰੇ ਹੱਥੀਂ ਕੀਤੇ ਹਨ, ਇੱਥੋਂ ਤੋੜੀ ਜੋ ਮੈਂ ਯਰੂਸ਼ਲਮ ਤੋਂ ਲੈ ਕੇ ਚਾਰ ਚੁਫੇਰੇ ਇੱਲੁਰਿਕੁਨ ਤੀਕ ਮਸੀਹ ਦੀ ਖੁਸ਼ ਖਬਰੀ ਦਾ ਪੂਰਾ ਪਰਚਾਰ ਕੀਤਾ 20ਹਾਂ, ਮੈਂ ਇਹ ਚਾਹ ਕੀਤੀ ਭਈ ਜਿੱਥੇ ਮਸੀਹ ਦਾ ਨਾਮ ਨਹੀਂ ਲਿਆ ਗਿਆ ਉੱਥੇ ਖੁਸ਼ ਖਬਰੀ ਸੁਣਾਵਾਂ ਤਾਂ ਐਉਂ ਨਾ ਹੋਵੇ ਜੋ ਮੈਂ ਕਿਸੇ ਹੋਰ ਦੀ ਨੀਂਹ ਉੱਤੇ ਉਸਾਰੀ ਕਰਾਂ 21ਸਗੋਂ ਜਿਵੇਂ ਲਿਖਿਆ ਹੋਇਆ ਹੈ, #ਯਸ. 52:15- ਜਿਨ੍ਹਾਂ ਨੂੰ ਉਹ ਦੀ ਖਬਰ ਨਹੀਂ ਹੋਈ, ਓਹ ਵੇਖਣਗੇ, ਅਤੇ ਜਿਨ੍ਹਾਂ ਨਹੀਂ ਸੁਣਿਆ, ਓਹ ਸਮਝਣਗੇ ।।
22ਇਸੇ ਕਰਕੇ ਮੈਂ ਤੁਹਾਡੇ ਕੋਲ ਆਉਣ ਤੋਂ ਕਈ ਵਾਰ ਅਟਕ ਗਿਆ 23ਪਰ ਹੁਣ ਜਦੋਂ ਇਨ੍ਹਾਂ ਦੇਸਾਂ ਵਿੱਚ ਮੇਰੇ ਲਈ ਹੋਰ ਥਾਂ ਨਾ ਰਿਹਾ ਅਤੇ ਬਹੁਤ ਵਰਿਹਾਂ ਤੋਂ ਤੁਹਾਡੇ ਕੋਲ ਆਉਣ ਦੀ ਚਾਹ ਵੀ ਰੱਖਦਾ ਹਾਂ 24ਜਾਂ ਮੈਂ ਕਦੇ ਹਿਸਪਾਨਿਯਾ ਨੂੰ ਜਾਵਾਂ ਮੈਂ ਆਸਾ ਰੱਖਦਾ ਹੈਂ ਭਈ ਉੱਧਰ ਨੂੰ ਜਾਂਦਿਆਂ ਹੋਇਆ ਤੁਹਾਡਾ ਦਰਸ਼ਣ ਕਰਾਂ ਅਤੇ ਜਾਂ ਪਹਿਲਾਂ ਮੇਰਾ ਜੀ ਤੁਹਾਡੀ ਸੰਗਤ ਨਾਲ ਕੁਝ ਤ੍ਰਿਪਤ ਹੋਵੇ ਤਾਂ ਤੁਹਾਥੋਂ ਉੱਧਰ ਨੂੰ ਪੁਚਾਇਆ ਜਾਵਾਂ 25ਪਰ ਹਾਲੀ ਮੈਂ ਸੰਤਾਂ ਦੀ ਸੇਵਾ ਕਰਨ ਲਈ ਯਰੂਸ਼ਲਮ ਨੂੰ ਜਾਂਦਾ ਹਾਂ 26ਕਿਉਂ ਜੋ ਮਕਦੂਨਿਯਾ ਅਤੇ ਅਖਾਯਾ ਦੇ ਲੋਕਾਂ ਦੀ ਭਾਉਣੀ ਹੋਈ ਭਈ ਯਰੂਸ਼ਲਮ ਦੇ ਸੰਤਾਂ ਵਿੱਚੋਂ ਓਹਨਾਂ ਲਈ ਜਿਹੜੇ ਗਰੀਬ ਹਨ ਚੰਦਾ ਉਗਰਾਹੀ ਕਰਨ 27ਹਾਂ, ਇਹ ਓਹਨਾਂ ਦੀ ਭਾਉਣੀ ਹੋਈ ਅਤੇ ਓਹ ਏਹਨਾਂ ਦੇ ਕਰਜ਼ਦਾਰ ਭੀ ਹਨ ਕਿਉਂਕਿ ਜਦੋਂ ਪਰਾਈਆਂ ਕੌਮਾਂ ਏਹਨਾਂ ਦੀਆਂ ਆਤਮਕ ਗੱਲਾਂ ਵਿੱਚ ਸਾਂਝੀ ਹੋਈਆਂ ਤਾਂ ਓਹਨਾਂ ਨੂੰ ਭੀ ਚਾਹੀਦਾ ਹੈ ਭਈ ਸਰੀਰਕ ਵਸਤਾਂ ਨਾਲ ਏਹਨਾਂ ਦੀ ਸੇਵਾ ਕਰਨ 28ਸੋ ਜਦ ਇਸ ਕੰਮ ਨੂੰ ਸਿਰੇ ਚਾੜ ਲਵਾਂ ਅਤੇ ਇਸ ਫਲ ਨੂੰ ਸੇਂਘੀ ਨਾਲ ਓਹਨਾਂ ਦੇ ਹਵਾਲੇ ਕਰ ਦਿਆਂ#15:28 ਅਥਵਾ ਮੋਹਰ ਲਾਵਾਂ ਤਾਂ ਮੈਂ ਤੁਹਾਡੇ ਕੋਲੋਂ ਹੋ ਕੇ ਅਗਾਹਾਂ ਹਿਸਪਾਨਿਯਾ ਨੂੰ ਜਾਵਾਗਾਂ 29ਅਤੇ ਮੈਂ ਜਾਣਦਾ ਹਾਂ ਭਈ ਜਦੋਂ ਤੁਹਾਡੇ ਕੋਲ ਆਵਾਂਗਾ ਤਦੋਂ ਮਸੀਹ ਦੀ ਬਰਕਤ ਦੀ ਭਰਪੂਰੀ ਲੈ ਕੇ ਆਵਾਂਗਾ।।
30ਹੁਣ ਹੇ ਭਰਾਵੋ, ਸਾਡੇ ਪ੍ਰਭੁ ਯਿਸੂ ਮਸੀਹ ਦੇ ਨਮਿੱਤ ਅਰ ਆਤਮਾ ਦੇ ਪ੍ਰੇਮ ਦੇ ਨਮਿੱਤ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਜੋ ਤੁਸੀਂ ਪਰਮੇਸ਼ੁਰ ਦੇ ਅੱਗੇ ਮੇਰੇ ਲਈ ਪ੍ਰਾਰਥਨਾ ਕਰਨ ਵਿੱਚ ਮੇਰੇ ਨਾਲ ਜਤਨ ਕਰੋ 31ਭਈ ਓਹਨਾਂ ਤੋਂ ਜਿਹੜੇ ਯਹੂਦਿਆਂ ਵਿੱਚ ਬੇਪਰਤੀਤੇ ਹਨ ਮੈਂ ਬਚਾਇਆ ਜਾਵਾਂ, ਨਾਲੇ ਮੇਰੀ ਉਹ ਸੇਵਾ ਜੋ ਯਰੂਸ਼ਲਮ ਦੇ ਲਈ ਹੋਣ ਵਾਲੀ ਹੈ ਸੋ ਸੰਤਾਂ ਨੂੰ ਪਰਵਾਨ ਹੋਵੇ 32ਤਾਂ ਜੋ ਮੈਂ ਪਰਮੇਸ਼ੁਰ ਦੀ ਇੱਛਿਆ ਨਾਲ ਤੁਹਾਡੇ ਕੋਲ ਅਨੰਦ ਨਾਲ ਆਵਾਂ ਅਤੇ ਤੁਹਾਡੇ ਨਾਲ ਸੁਖ ਪਾਵਾਂ 33ਹੁਣ ਸ਼ਾਂਤੀ ਦਾਤਾ ਪਰਮੇਸ਼ੁਰ ਤੁਸਾਂ ਸਭਨਾਂ ਦੇ ਅੰਗ ਸੰਗ ਹੋਵੇ। ਆਮੀਨ ।।
ទើបបានជ្រើសរើសហើយ៖
ਰੋਮੀਆਂ ਨੂੰ 15: PUNOVBSI
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.