ਕੂਚ 31
31
ਡੇਹਰੇ ਦੇ ਬਣਾਉਣ ਵਾਲੇ
1ਯਹੋਵਾਹ ਨੇ ਮੂਸਾ ਨੂੰ ਫ਼ਰਮਾਇਆ ਕਿ 2ਵੇਖ ਮੈਂ ਬਸਲਏਲ ਨੂੰ ਜਿਹੜਾ ਊਰੀ ਦਾ ਪੁੱਤ੍ਰ ਹੈ ਅਤੇ ਹੂਰ ਦਾ ਪੋਤ੍ਰਾ ਹੈ ਅਰ ਯਹੂਦਾਹ ਦੀ ਗੋਤ ਦਾ ਹੈ ਨਾਉਂ ਲੈਕੇ ਸੱਦਿਆ ਹੈ 3ਅਤੇ ਮੈਂ ਉਹ ਨੂੰ ਪਰਮੇਸ਼ੁਰ ਦੇ ਆਤਮਾ ਤੋਂ ਬੁੱਧ ਸਮਝ ਵਿੱਦਿਆ ਅਤੇ ਸਾਰੀ ਕਾਰੀਗਰੀ ਨਾਲ ਭਰਪੂਰ ਕੀਤਾ ਹੈ 4ਕਿ ਉਹ ਚਤਰਾਈ ਦੇ ਕੰਮ ਦੀ ਵਿਚਾਰ ਕਰੇ ਅਤੇ ਸੋਨੇ ਚਾਂਦੀ ਅਤੇ ਪਿੱਤਲ ਦਾ ਕੰਮ ਕਰੇ 5ਨਾਲੇ ਜੋੜਨ ਲਈ ਪੱਥਰਾਂ ਦੀ ਉੱਕਰਾਈ ਅਤੇ ਲੱਕੜੀ ਦੀ ਉੱਕਰਾਈ ਕਰੇ ਅਰ ਸਾਰੀ ਕਾਰੀਗਰੀ ਨਾਲ ਕਰੇ 6ਅਤੇ ਵੇਖ ਮੈਂ ਉਹ ਦੇ ਨਾਲ ਅਹੀਸਾਮਾਕ ਦੇ ਪੁੱਤ੍ਰ ਆਹਾਲੀਆਬ ਨੂੰ ਜਿਹੜਾ ਦਾਨ ਦੇ ਗੋਤ ਦਾ ਹੈ ਥਾਪਿਆ ਅਤੇ ਸਾਰੇ ਸਿਆਣਿਆਂ ਦੇ ਹਿਰਦਿਆਂ ਵਿੱਚ ਬੁੱਧ ਪਾ ਦਿੱਤੀ ਤਾਂ ਜੋ ਓਹ ਜੋ ਕੁਝ ਮੈਂ ਤੈਨੂੰ ਹੁਕਮ ਦਿੱਤਾ ਬਣਾਉਣ 7ਅਰਥਾਤ ਮੰਡਲੀ ਦਾ ਤੰਬੂ ਅਤੇ ਸਾਖੀ ਦਾ ਸੰਦੂਕ ਅਤੇ ਪਰਾਸਚਿਤ ਦਾ ਸਰਪੋਸ਼ ਜਿਹੜਾ ਉਸ ਦੇ ਉੱਤੇ ਹੈ ਅਤੇ ਤੰਬੂ ਦਾ ਸਾਰਾ ਸਮਾਨ 8ਨਾਲੇ ਮੇਜ਼ ਅਰ ਉਸ ਦਾ ਸਮਾਨ ਅਤੇ ਖ਼ਾਲਸ ਸ਼ਮਾਦਾਨ ਅਤੇ ਉਸ ਦਾ ਸਾਰਾ ਸਮਾਨ ਅਤੇ ਧੂਪ ਦੀ ਜਗਵੇਦੀ 9ਅਤੇ ਹੋਮ ਦੀ ਭੇਟ ਦੀ ਜਗਵੇਦੀ ਅਰ ਉਸ ਦਾ ਸਾਰਾ ਸਮਾਨ ਅਤੇ ਹੌਦ ਅਰ ਉਸ ਦੀ ਚੌਂਕੀ 10ਅਤੇ ਮਹੀਨ ਉਣੇ ਹੋਏ ਬਸਤ੍ਰ ਅਤੇ ਹਾਰੂਨ ਜਾਜਕ ਦੇ ਪਵਿੱਤ੍ਰ ਬਸਤ੍ਰ ਅਤੇ ਉਸ ਦੇ ਪੁੱਤ੍ਰਾਂ ਦੇ ਬਸਤ੍ਰ ਜਦ ਓਹ ਜਾਜਕਾਈ ਦੀ ਉਪਾਸਨਾ ਕਰਨ 11ਅਤੇ ਮਸਹ ਕਰਨ ਦਾ ਤੇਲ ਅਰ ਸੁਗੰਧ ਵਾਲੀ ਧੂਪ ਪਵਿੱਤ੍ਰ ਅਸਥਾਨ ਲਈ ਜੋ ਕੁਝ ਮੈਂ ਤੈਨੂੰ ਹੁਕਮ ਦਿੱਤਾ ਉਸ ਦੇ ਅਨੁਸਾਰ ਓਹ ਕਰਨ।।
12ਫੇਰ ਯਹੋਵਾਹ ਨੇ ਮੂਸਾ ਨੂੰ ਫ਼ਰਮਾਇਆ ਕਿ 13ਤੂੰ ਇਸਰਾਏਲੀਆਂ ਨੂੰ ਬੋਲ ਭਈ ਮੇਰੇ ਸਬਤਾਂ ਦੀ ਜ਼ਰੂਰ ਮਨੌਤ ਕਰਿਓ ਕਿਉਂ ਜੋ ਉਹ ਮੇਰੇ ਵਿੱਚ ਅਤੇ ਤੁਹਾਡੇ ਵਿੱਚ ਤੁਹਾਡੀਆਂ ਪੀੜ੍ਹੀਆਂ ਤੀਕ ਇੱਕ ਨਿਸ਼ਾਨ ਹੈ ਭਈ ਤੁਸੀਂ ਜਾਣੋਂ ਕਿ ਮੈਂ ਯਹੋਵਾਹ ਤੁਹਾਡਾ ਪਵਿੱਤ੍ਰ ਕਰਨ ਵਾਲਾ ਹਾਂ 14ਅਤੇ ਤੁਸੀਂ ਸਬਤ ਦੀ ਮਨੌਤ ਕਰਿਓ ਕਿਉਂ ਜੋ ਉਹ ਤੁਹਾਡੇ ਲਈ ਪਵਿੱਤ੍ਰ ਹੈ। ਜਿਹੜਾ ਉਹ ਨੂੰ ਭਰਿਸ਼ਟ ਕਰੇ ਉਹ ਜਰੂਰ ਮਾਰਿਆ ਜਾਵੇ ਕਿਉਂ ਕਿ ਜੇ ਕੋਈ ਉਸ ਵਿੱਚ ਕੰਮ ਕਰੇ ਉਹ ਪਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ 15ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਵਿਸਰਾਮ ਦਾ ਸਬਤ ਯਹੋਵਾਹ ਲਈ ਪਵਿੱਤ੍ਰ ਹੈ। ਜੋ ਕੋਈ ਸਬਤ ਦੇ ਦਿਨ ਵਿੱਚ ਕੰਮ ਕਰੇ ਉਹ ਜਰੂਰ ਮਾਰਿਆ ਜਾਵੇ 16ਉਪਰੰਤ ਇਸਰਾਏਲੀ ਸਬਤ ਦੀ ਮਨੌਤ ਕਰਨ ਅਤੇ ਆਪਣੀਆਂ ਪੀੜ੍ਹੀਆਂ ਤੀਕ ਇੱਕ ਵਿਸਰਾਮ ਦਾ ਦਿਨ ਕਰ ਕੇ ਮੰਨਣ ਕਿਉਂ ਜੋ ਉਹ ਸਦਾ ਲਈ ਇੱਕ ਨੇਮ ਹੈ 17ਉਹ ਮੇਰੇ ਵਿੱਚ ਅਤੇ ਇਸਰਾਏਲੀਆਂ ਵਿੱਚ ਸਦਾ ਲਈ ਇੱਕ ਨਿਸ਼ਾਨ ਹੈ ਕਿਉਂ ਕਿ ਛੇ ਦਿਨਾਂ ਵਿੱਚ ਯਹੋਵਾਹ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ ਅਤੇ ਸੱਤਵੇਂ ਦਿਨ ਵਿਸਰਾਮ ਕੀਤਾ ਅਤੇ ਸ਼ਾਂਤ ਪਾਈ।।
18ਫੇਰ ਉਸ ਨੇ ਮੂਸਾ ਨੂੰ ਜਦ ਉਸ ਨਾਲ ਗੱਲਾਂ ਕਰ ਚੁੱਕਿਆ ਸੀਨਈ ਪਹਾੜ ਉੱਤੇ ਸਾਖੀ ਦੀਆਂ ਦੋਵੇਂ ਫੱਟੀਆਂ ਅਰਥਾਤ ਪੱਥਰ ਦੀਆਂ ਫੱਟੀਆਂ ਪਰਮੇਸ਼ੁਰ ਦੀ ਉਂਗਲੀ ਨਾਲ ਲਿਖੀਆਂ ਹੋਈਆਂ ਦਿੱਤੀਆਂ।।
ទើបបានជ្រើសរើសហើយ៖
ਕੂਚ 31: PUNOVBSI
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.