ਕੂਚ 20
20
ਦਸ ਹੁਕਮ
1ਫੇਰ ਪਰਮੇਸ਼ੁਰ ਏਹ ਸਾਰੀਆਂ ਗੱਲਾਂ ਬੋਲਿਆ ਕਿ 2ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ ਜਿਹੜਾ ਤੈਨੂੰ ਮਿਸਰ ਦੇਸ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਹਾਂ।। 3ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ।।
4ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ 5ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ ਜਿਹੜਾ ਪਿਉ ਦਾਦਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ 6ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪਰੀਤ ਪਾਲਦੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਦਯਾ ਕਰਦਾ ਹਾਂ।।
7ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ ਕਿਉਂ ਕਿ ਜਿਹੜਾ ਉਸ ਦਾ ਨਾਮ ਵਿਅਰਥ ਲੈਂਦਾ ਹੈ ਯਹੋਵਾਹ ਉਸ ਨੂੰ ਬੇਦੋਸ਼ ਨਾ ਠਹਿਰਾਵੇਗਾ।।
8ਤੂੰ ਸਬਤ ਦੇ ਦਿਨ ਨੂੰ ਪਵਿੱਤ੍ਰ ਜਾਣ ਕੇ ਚੇਤੇ ਰੱਖ 9ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ ਧੰਦਾ ਕਰ 10ਪਰ ਸੱਤਵਾਂ ਦਿਨ ਯਹੋਵਾਹ ਤੇਰੇ ਪਰਮੇਸ਼ੁਰ ਲਈ ਸਬਤ ਹੈ। ਤੂੰ ਉਸ ਵਿੱਚ ਕੋਈ ਕੰਮ ਧੰਦਾ ਨਾ ਕਰ, ਨਾ ਤੂੰ ਨਾ ਤੇਰਾ ਪੁੱਤ੍ਰ ਨਾ ਤੇਰੀ ਧੀ ਨਾ ਤੇਰਾ ਗੋੱਲਾ ਨਾ ਤੇਰੀ ਗੋੱਲੀ ਨਾ ਤੇਰਾ ਡੰਗਰ ਅਤੇ ਨਾ ਤੇਰਾ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਹੈ 11ਕਿਉਂ ਜੋ ਛੇਆਂ ਦਿਨਾਂ ਵਿੱਚ ਯਹੋਵਾਹ ਨੇ ਅਕਾਸ਼ ਅਤੇ ਧਰਤੀ ਨੂੰ, ਸਮੁੰਦਰ ਨੂੰ ਅਤੇ ਸਭ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ ਪਰ ਸੱਤਵੇਂ ਦਿਨ ਵਿਸਰਾਮ ਕੀਤਾ। ਏਸ ਲਈ ਯਹੋਵਾਹ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਅਰ ਉਸ ਨੂੰ ਪਵਿੱਤ੍ਰ ਠਹਿਰਾਇਆ।।
12ਤੂੰ ਆਪਣੇ ਪਿਤਾ ਅਰ ਮਾਤਾ ਦਾ ਆਦਰ ਕਰ ਤਾਂ ਜੋ ਤੇਰੇ ਦਿਨ ਉਸ ਭੂਮੀ ਉੱਤੇ ਜਿਹੜੀ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ ਲੰਮੇ ਹੋਣ।।
13ਤੂੰ ਖ਼ੂਨ ਨਾ ਕਰ ।।
14ਤੂੰ ਜ਼ਨਾਹ ਨਾ ਕਰ।।
15ਤੂੰ ਚੋਰੀ ਨਾ ਕਰ ।।
16ਤੂੰ ਆਪਣੇ ਗਵਾਂਢੀ ਉੱਤੇ ਝੂਠੀ ਗਵਾਹੀ ਨਾ ਦੇਹ।।
17ਤੂੰ ਆਪਣੇ ਗਵਾਂਢੀ ਦੇ ਘਰ ਦਾ ਲਾਲਸਾ ਨਾ ਕਰ। ਤੂੰ ਆਪਣੇ ਗਵਾਂਢੀ ਦੀ ਤੀਵੀਂ ਦਾ ਲਾਲਸਾ ਨਾ ਕਰ, ਨਾ ਉਸ ਦੇ ਗੋੱਲੇ ਦਾ, ਨਾ ਉਸਦੀ ਗੋੱਲੀ ਦਾ, ਨਾ ਉਸ ਦੇ ਬਲਦ ਦਾ, ਨਾ ਉਸ ਦੇ ਗਧੇ ਦਾ, ਨਾ ਕਿਸੇ ਚੀਜ ਦਾ ਜਿਹੜੀ ਤੇਰੇ ਗਵਾਂਢੀ ਦੀ ਹੈ।।
18ਸਾਰੀ ਪਰਜਾ ਗੱਜਾਂ, ਲਸ਼ਕਾਂ ਅਤੇ ਤੁਰ੍ਹੀ ਦੀ ਅਵਾਜ਼ ਅਤੇ ਪਹਾੜ ਤੋਂ ਧੂਆਂ ਵੇਖ ਰਹੀ ਸੀ ਅਤੇ ਜਾਂ ਪਰਜਾ ਨੇ ਵੇਖਿਆ ਤਾਂ ਕੰਬ ਉੱਠੀ ਤੇ ਦੂਰ ਜਾ ਖਲੋਤੀ 19ਉਨ੍ਹਾਂ ਨੇ ਮੂਸਾ ਨੂੰ ਆਖਿਆ, ਤੂੰ ਸਾਡੇ ਨਾਲ ਗੱਲਾਂ ਕਰ ਤਾਂ ਅਸੀਂ ਸੁਣਾਂਗੇ। ਪਰ ਪਰਮੇਸ਼ੁਰ ਸਾਡੇ ਨਾਲ ਗੱਲਾਂ ਨਾ ਕਰੇ ਭਈ ਅਸੀਂ ਕਿਤੇ ਮਰ ਨਾ ਜਾਈਏ 20ਤਾਂ ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ ਕਿਉਂ ਜੋ ਪਰਮੇਸ਼ੁਰ ਏਸ ਲਈ ਆਇਆ ਹੈ ਭਈ ਤੁਹਾਨੂੰ ਪਰਤਾਵੇ ਅਰ ਉਸ ਦਾ ਭੈ ਤੁਹਾਡੇ ਅੱਗੇ ਰਹੇ ਤਾਂ ਜੋ ਤੁਸੀਂ ਪਾਪ ਨਾ ਕਰੋ 21ਤਾਂ ਪਰਜਾ ਦੂਰ ਖਲੋਤੀ ਰਹੀ ਪਰ ਮੂਸਾ ਉਸ ਘੁੱਪ ਅਨ੍ਹੇਰ ਦੇ ਕੋਲ ਢੁੱਕਾ ਜਿੱਥੇ ਪਰਮੇਸ਼ੁਰ ਸੀ।।
22ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਇਸਰਾਏਲੀਆਂ ਨੂੰ ਐਉਂ ਫ਼ਰਮਾ, ਤੁਸਾਂ ਵੇਖਿਆ ਭਈ ਮੈਂ ਤੁਹਾਡੇ ਨਾਲ ਅਕਾਸ਼ ਤੋਂ ਬੋਲਿਆ ਹਾਂ 23ਤੁਸੀਂ ਮੇਰੇ ਸ਼ਰੀਕ ਨਾ ਬਣਾਓ, ਨਾ ਚਾਂਦੀ ਦੇ ਦੇਵਤੇ, ਨਾ ਸੋਨੇ ਦੇ ਦੇਵਤੇ ਆਪਣੇ ਲਈ ਬਣਾਓ 24ਤੁਸੀਂ ਮੇਰੇ ਲਈ ਮਿੱਟੀ ਦੀ ਜਗਵੇਦੀ ਬਣਾਓ ਅਰ ਉਸ ਉੱਤੇ ਆਪਣੀਆਂ ਹੋਮ ਦੀਆਂ ਬਲੀਆਂ ਅਤੇ ਆਪਣੀਆਂ ਸੁਖ ਸਾਂਦ ਦੀਆਂ ਬਲੀਆਂ ਅਰਥਾਤ ਆਪਣੀਆਂ ਭੇਡਾਂ ਅਤੇ ਆਪਣੇ ਬਲਦ ਚੜ੍ਹਾਓ ਅਤੇ ਹਰ ਅਸਥਾਨ ਉੱਤੇ ਜਿੱਥੇ ਮੈਂ ਆਪਣਾ ਨਾਮ ਚੇਤੇ ਕਰਾਉਂਦਾ ਹਾਂ ਮੈਂ ਤੁਹਾਡੇ ਕੋਲ ਆਵਾਂਗਾ ਅਰ ਤੁਹਾਨੂੰ ਬਰਕਤ ਦੇਵਾਂਗਾ 25ਜੇ ਤੁਸੀਂ ਮੇਰੇ ਲਈ ਪੱਥਰਾਂ ਦੀ ਜਗਵੇਦੀ ਬਣਾਓ। ਤਾਂ ਉਹ ਨੂੰ ਘੜਿਆਂ ਹੋਇਆਂ ਪੱਥਰਾਂ ਨਾਲ ਨਾ ਬਣਾਓ। ਜੇ ਤੁਸਾਂ ਆਪਣੀ ਤੇਸੀ ਉਨ੍ਹਾਂ ਉੱਤੇ ਚੁੱਕੀ ਤਾਂ ਤੁਸਾਂ ਉਸ ਨੂੰ ਭਰਿਸ਼ਟ ਕੀਤਾ 26ਤੁਸੀਂ ਮੇਰੀ ਜਗਵੇਦੀ ਉੱਤੇ ਪੌੜੀਆਂ ਨਾਲ ਨਾ ਚੜ੍ਹੋ ਭਈ ਕਿਤੇ ਤੁਹਾਡਾ ਨੰਗੇਜ ਉਸ ਉੱਤੇ ਖੁਲ੍ਹ ਨਾ ਜਾਵੇ।।
ទើបបានជ្រើសរើសហើយ៖
ਕੂਚ 20: PUNOVBSI
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.