੧ ਕੁਰਿੰਥੀਆਂ ਨੂੰ 14
14
ਪਰਾਈਆਂ ਭਾਖਿਆ
1ਪ੍ਰੇਮ ਦੇ ਮਗਰ ਲੱਗੋ । ਤਾਂ ਵੀ ਆਤਮਿਕ ਦਾਨਾਂ ਨੂੰ ਲੋਚੋ ਪਰ ਵਧਕੇ ਇਹ ਜੋ ਤੁਸੀਂ ਅਗੰਮ ਵਾਕ ਕਰੋ 2ਜਿਹੜਾ ਪਰਾਈ ਭਾਖਿਆ ਬੋਲਦਾ ਹੈ ਉਹ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਬੋਲਦਾ ਹੈ ਇਸ ਲਈ ਕਿ ਕੋਈ ਨਹੀਂ ਸਮਝਦਾ ਹੈ ਪਰ ਉਹ ਆਤਮਾ ਵਿੱਚ ਭੇਤ ਦੀਆਂ ਗੱਲਾਂ ਕਰਦਾ ਹੈ 3ਪਰ ਜਿਹੜਾ ਅਗੰਮ ਵਾਕ ਕਰਦਾ ਹੈ ਉਹ ਲਾਭ ਅਤੇ ਉਪਦੇਸ਼ ਅਤੇ ਤਸੱਲੀ ਦੀਆਂ ਗੱਲਾਂ ਮਨੁੱਖਾਂ ਨਾਲ ਕਰਦਾ ਹੈ 4ਜਿਹੜਾ ਪਰਾਈ ਭਾਖਿਆ ਬੋਲਦਾ ਹੈ ਉਹ ਆਪ ਹੀ ਲਾਭ ਲੈਂਦਾ ਹੈ, ਪਰ ਜਿਹੜਾ ਅਗੰਮ ਵਾਕ ਕਰਦਾ ਹੈ ਉਹ ਕਲਿਸਿਯਾ ਨੂੰ ਲਾਭ ਦਿੰਦਾ ਹੈ 5ਹੁਣ ਮੈਂ ਚਾਹੁੰਦਾ ਹਾਂ ਜੋ ਤੁਸੀਂ ਸੱਭੇ ਪਰਾਈਆਂ ਭਾਖਿਆਂ ਬੋਲੋ ਪਰ ਇਸ ਤੋਂ ਵਧੀਕ ਇਹ, ਜੋ ਤੁਸੀਂ ਅਗੰਮ ਵਾਕ ਕਰੋ। ਜਿਹੜਾ ਪਰਾਈਆਂ ਭਾਖਿਆਂ ਬੋਲਣ ਵਾਲਾ ਹੈ ਜੇਕਰ ਉਹ ਅਰਥ ਨਾ ਕਰੇ ਜਿਸ ਤੋਂ ਕਲੀਸਿਯਾ ਲਾਭ ਉਠਾਵੇ ਤਾਂ ਅਗੰਮ ਵਾਕ ਕਰਨ ਵਾਲਾ ਉਸ ਨਾਲੋਂ ਉੱਤਮ ਹੈ 6ਪਰ ਹੁਣ ਭਰਾਵੋ, ਜੇ ਮੈਂ ਪਰਾਈਆਂ ਭਾਖਿਆ ਬੋਲਦਾ ਹੋਇਆ ਤੁਹਾਡੇ ਕੋਲ ਆਵਾਂ ਅਤੇ ਪਰਕਾਸ਼ ਯਾਂ ਗਿਆਨ ਯਾਂ ਅਗੰਮ ਵਾਕ ਯਾਂ ਸਿੱਖਿਆ ਦੀ ਗੱਲ ਤੁਹਾਡੇ ਨਾਲ ਨਾ ਕਰਾਂ ਤਾਂ ਮੈਥੋਂ ਤੁਹਾਨੂੰ ਕੀ ਲਾਭ ਹੋਵੇਗਾ? 7ਬੇ ਜਾਨ ਵਸਤਾਂ ਭੀ ਜਿਹੜੀਆਂ ਅਵਾਜ਼ ਦਿੰਦੀਆਂ ਹਨ ਭਾਵੇਂ ਵੰਝਲੀ ਭਾਵੇਂ ਰਬਾਬ ਜੇ ਉਹਨਾਂ ਦੀਆਂ ਸੁਰਾਂ ਵਿੱਚ ਭੇਦ ਨਾ ਹੋਵੇ ਤਾਂ ਕੀ ਪਤਾ ਲੱਗੇ ਜੋ ਕੀ ਫੂਕਿਆ ਅਥਵਾ ਵਜਾਇਆ ਜਾਂਦਾ ਹੈ? 8ਜੇ ਤੁਰ੍ਹੀ ਬੇ ਠਿਕਾਣੇ ਅਵਾਜ਼ ਦੇਵੇ ਤਾਂ ਕੌਣ ਲੜਾਈ ਲਈ ਲੱਕ ਬੰਨੇਗਾ 9ਇਸੇ ਤਰ੍ਹਾਂ ਤੁਸੀਂ ਵੀ ਜੇ ਸਿੱਧੀ ਗੱਲ ਆਪਣੀ ਜੁਬਾਨੋਂ ਨਾ ਬੋਲੋ ਤਾਂ ਕੀ ਪਤਾ ਲੱਗੇ ਜੋ ਕੀ ਬੋਲਿਆ ਜਾਂਦਾ ਹੈ? ਤੁਸੀਂ ਪੌਣ ਨਾਲ ਗੱਲਾਂ ਕਰਨ ਵਾਲੇ ਹੋਵੇਗੇ 10ਕੀ ਜਾਣੀਏ ਜੋ ਸੰਸਾਰ ਵਿੱਚ ਕਿੰਨੇ ਪਰਕਾਰ ਦੀਆਂ ਬੋਲੀਆਂ ਹਨ ਅਤੇ ਕੋਈ ਵਿਅਰਥ ਨਹੀਂ ਹੈ 11ਉਪਰੰਤ ਜੇ ਉਹ ਬੋਲੀ ਮੇਰੀ ਸਮਝ ਵਿੱਚ ਨਾ ਆਉਂਦੀ ਹੋਵੇ ਤਾਂ ਮੈਂ ਬੋਲਣ ਵਾਲੇ ਦੇ ਭਾਣੇ ਓਭੜ ਬਣਾਂਗਾ ਅਤੇ ਬੋਲਣ ਵਾਲਾ ਮੇਰੇ ਭਾਣੇ ਓਭੜ ਬਣੇਗਾ 12ਇਸੇ ਤਰ੍ਹਾਂ ਤੁਸੀਂ ਵੀ ਜਾਂ ਆਤਮਿਕ ਦਾਨਾਂ ਨੂੰ ਲੋਚਦੇ ਹੋ ਤਾਂ ਜਤਨ ਕਰੋ ਜੋ ਕਲੀਸਿਯਾ ਦੇ ਲਾਭ ਲਈ ਤੁਹਾਨੂੰ ਵਾਧਾ ਹੋਵੇ 13ਇਸ ਕਰਕੇ ਜਿਹੜਾ ਪਰਾਈ ਭਾਖਿਆ ਬੋਲਦਾ ਹੈ ਉਹ ਪ੍ਰਾਰਥਨਾ ਕਰੇ ਭਈ ਅਰਥ ਵੀ ਕਰ ਸੱਕੇ 14ਜੇ ਮੈਂ ਪਰਾਈ ਭਾਖਿਆ ਵਿੱਚ ਪ੍ਰਾਰਥਨਾ ਕਰਾਂ ਤਾਂ ਮੇਰਾ ਆਤਮਾ ਪ੍ਰਾਰਥਨਾ ਕਰਦਾ ਹੈ ਪਰ ਮੇਰੀ ਸਮਝ ਨਿਸਫਲ ਹੈ 15ਫਿਰ ਗੱਲ ਕੀ ਹੈ? ਮੈਂ ਤਾਂ ਆਤਮਾ ਨਾਲ ਪ੍ਰਾਰਥਨਾ ਕਰਾਂਗਾ ਅਤੇ ਸਮਝ ਨਾਲ ਵੀ ਪ੍ਰਾਰਥਨਾ ਕਰਾਂਗਾ ਮੈਂ ਆਤਮਾ ਨਾਲ ਗਾਵਾਂਗਾ ਅਤੇ ਸਮਝ ਨਾਲ ਵੀ ਗਾਵਾਂਗਾ 16ਨਹੀਂ ਤਾਂ ਜੇ ਤੂੰ ਆਤਮਾ ਹੀ ਨਾਲ ਉਸਤਤ ਕਰੇਂ ਤਾਂ ਜਿਹੜਾ ਅਣਪੜ੍ਹ ਦੇ ਥਾਂ ਬੈਠਾ ਹੋਇਆ ਹੈ ਜਦੋਂ ਉਹ ਨਹੀਂ ਜਾਣਦਾ ਜੋ ਤੂੰ ਕੀ ਆਖਦਾ ਹੈਂ ਉਹ ਤੇਰੇ ਧੰਨਵਾਦ ਕਰਨ ਉੱਤੇ ਆਮੀਨ ਕਿਵੇਂ ਆਖੇ? 17ਤੂੰ ਤਾਂ ਧੰਨਵਾਦ ਚੰਗੀ ਤਰ੍ਹਾਂ ਨਾਲ ਕਰਦਾ ਹੈਂ ਪਰ ਦੂਏ ਨੂੰ ਕੁੱਝ ਲਾਭ ਨਹੀਂ ਹੁੰਦਾ 18ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜੋ ਮੈਂ ਤੁਸਾਂ ਸਭਨਾਂ ਨਾਲੋਂ ਵਧੀਕ ਪਰਾਈਆਂ ਭਾਖਿਆਂ ਬੋਲਦਾ ਹਾਂ 19ਤਾਂ ਵੀ ਕਲੀਸਿਯਾ ਵਿੱਚ ਪੰਜ ਗੱਲਾਂ ਆਪਣੀ ਸਮਝ ਨਾਲ ਬੋਲਣੀਆਂ ਭਈ ਹੋਰਨਾਂ ਨੂੰ ਵੀ ਸਿਖਾਲਾਂ ਇਹ ਮੈਨੂੰ ਇਸ ਨਾਲੋਂ ਬਹੁਤ ਪਸੰਦ ਆਉਂਦਾ ਹੈ ਜੋ ਦਸ ਹਜਾਰ ਗੱਲਾਂ ਪਰਾਈ ਭਾਖਿਆ ਵਿੱਚ ਬੋਲਾਂ।।
20ਹੇ ਭਰਾਵੋ, ਤੁਸੀਂ ਬੁੱਧ ਵਿੱਚ ਬਾਲਕ ਨਾ ਬਣੋ ਤਾਂ ਵੀ ਬੁਰਿਆਈ ਵਿੱਚ ਨਿਆਣੇ ਬਣੇ ਰਹੋ ਪਰ ਬੁੱਧ ਵਿੱਚ ਸਿਆਣੇ ਹੋਵੋ 21ਸ਼ਰਾ ਵਿੱਚ ਲਿਖਿਆ ਹੋਇਆ ਹੈ#ਯਸ. 28:11 ਜੋ ਪ੍ਰਭੁ ਆਖਦਾ ਹੈ ਭਈ ਮੈਂ ਪਰਾਈਆਂ ਭਾਖਿਆਂ ਦੇ ਬੋਲਣ ਵਾਲਿਆਂ ਅਤੇ ਓਪਰਿਆਂ ਦਿਆਂ ਬੁੱਲ੍ਹਾਂ ਦੇ ਰਾਹੀਂ ਇੰਨ੍ਹਾਂ ਲੋਕਾਂ ਨਾਲ ਬੋਲਾਂਗਾ ਅਤੇ ਇਉਂ ਭੀ ਓਹ ਮੇਰੀ ਨਾ ਸੁਣਨਗੇ 22ਸੋ ਪਰਾਈਆਂ ਭਾਖਿਆਂ ਨਿਹਚਾਵਾਨਾਂ ਲਈ ਨਹੀਂ ਸਗੋਂ ਨਿਹਚਾਹੀਣਾਂ ਲਈ ਇੱਕ ਨਿਸ਼ਾਨੀ ਦੇ ਲਈ ਹਨ ਪਰ ਅਗੰਮ ਵਾਕ ਨਿਹਚਾਹੀਣਾਂ ਲਈ ਨਹੀਂ ਸਗੋਂ ਨਿਹਚਾਵਾਨਾਂ ਲਈ ਹੈ 23ਉਪਰੰਤ ਜੇ ਸਾਰੀ ਕਲੀਸਿਯਾ ਇੱਕ ਥਾਂ ਇੱਕਠੀ ਹੋਵੇ ਅਰ ਸੱਭੇ ਅੱਡੋ ਅੱਡੀ ਭਾਖਿਆ ਬੋਲਣ ਅਤੇ ਨਾ ਵਾਕਫ਼ ਅਥਵਾ ਨਿਹਚਾਹੀਣ ਲੋਕ ਅੰਦਰ ਆਉਣ ਤਾਂ ਭਲਾ, ਉਹ ਨਹੀਂ ਆਖਣਗੇ, ਭਲਾ, ਤੁਸੀਂ ਪਾਗਲ ਹੋ? 24ਪਰ ਜੇ ਸੱਭੇ ਅਗੰਮ ਵਾਕ ਬੋਲਣ ਅਤੇ ਕੋਈ ਨਿਹਚਾਹੀਣ ਅਥਵਾ ਨਾ ਵਾਕਫ਼ ਅੰਦਰ ਆਵੇ ਤਾਂ ਸਭਨਾਂ ਤੋਂ ਕਾਇਲ ਕੀਤਾ ਜਾਵੇਗਾ, ਸਭਨਾਂ ਤੋਂ ਜਾਚਿਆ ਜਾਵੇਗਾ 25ਉਹ ਦੇ ਮਨ ਦੀਆਂ ਗੁਪਤ ਗੱਲਾਂ ਪਰਗਟ ਹੋਣਗੀਆਂ ਅਤੇ ਇਉਂ ਮੂੰਧੇ ਪੈ ਕੇ ਉਹ ਪਰਮੇਸ਼ੁਰ ਨੂੰ ਮੱਥਾ ਟੇਕੇਗਾ ਅਤੇ ਆਖੇਗਾ ਭਈ ਸੱਚੀ ਮੁੱਚੀ ਪਰਮੇਸ਼ੁਰ ਇਹਨਾਂ ਦੇ ਵਿੱਚ ਹੈ।।
26ਸੋ ਭਰਾਵੋ, ਗੱਲ ਕੀ ਹੈ? ਜਾਂ ਤੁਸੀਂ ਇੱਕਠੇ ਹੁੰਦੇ ਹੋ ਤਾਂ ਕਿਸੇ ਦੇ ਕੋਲ ਭਜਨ, ਕਿਸੇ ਦੇ ਕੋਲ ਸਿੱਖਿਆ, ਕਿਸੇ ਦੇ ਕੋਲ ਅਗੰਮ ਗਿਆਨ, ਕਿਸੇ ਦੇ ਕੋਲ ਪਰਾਈ ਭਾਖਿਆ, ਕਿਸੇ ਦੇ ਕੋਲ ਅਰਥ ਹੈ। ਸੱਭੋ ਕੁੱਝ ਲਾਭ ਦੇ ਲਈ ਹੋਣਾ ਚਾਹੀਦਾ ਹੈ 27ਜੇ ਕੋਈ ਪਰਾਈ ਭਾਖਿਆ ਬੋਲੇ ਤਾਂ ਦੋ ਦੋ ਅਥਵਾ ਵੱਧ ਤੋਂ ਵੱਧ ਤਿੰਨ ਤਿੰਨ ਕਰਕੇ ਬੋਲਣ ਸੋ ਭੀ ਵਾਰੋ ਵਾਰੀ ਅਤੇ ਇੱਕ ਜਣਾ ਅਰਥ ਕਰੇ 28ਪਰ ਜੇ ਕੋਈ ਅਰਥ ਕਰਨ ਵਾਲਾ ਨਾ ਹੋਵੇ ਤਾਂ ਕਲੀਸਿਯਾ ਵਿੱਚ ਚੁੱਪ ਕਰ ਰਹੇ ਅਤੇ ਆਪਣੇ ਨਾਲ ਅਤੇ ਪਰਮੇਸ਼ੁਰ ਨਾਲ ਬੋਲੇ 29ਅਤੇ ਨਬੀਆਂ ਵਿੱਚੋਂ ਦੋ ਅਥਵਾ ਤਿੰਨ ਬੋਲਣ ਅਤੇ ਬਾਕੀ ਦੇ ਪਰਖਣ 30ਪਰ ਜੇ ਦੂਏ ਉੱਤੇ ਜੋ ਕੋਲ ਬੈਠਾ ਹੋਇਆ ਹੈ ਕਿਸੇ ਗੱਲ ਦਾ ਪਰਕਾਸ਼ ਹੋਇਆ ਹੋਵੇ ਤਾਂ ਪਹਿਲਾ ਚੁੱਪ ਹੋ ਰਹੇ 31ਕਿਉਂ ਜੋ ਤੁਸੀਂ ਸਾਰੇ ਇੱਕ ਇੱਕ ਕਰਕੇ ਅਗੰਮ ਵਾਕ ਕਰ ਸੱਕਦੇ ਹੋ ਭਈ ਸਾਰੇ ਸਿੱਖਣ ਅਤੇ ਸਾਰੇ ਦਿਲਾਸਾ ਪਾਉਣ 32ਅਤੇ ਨਬੀਆਂ ਦੇ ਆਤਮੇ ਨਬੀਆਂ ਦੇ ਵੱਸ ਵਿੱਚ ਹਨ 33ਕਿਉਂ ਜੋ ਪਰਮੇਸ਼ੁਰ ਘਮਸਾਣ ਦਾ ਨਹੀਂ ਸਗੋਂ ਸ਼ਾਂਤੀ ਦਾ ਹੈ।।
ਜਿਵੇਂ ਸੰਤਾਂ ਦੀਆਂ ਸਾਰੀਆਂ ਕਲੀਸਿਯਾਂ ਵਿੱਚ ਹੈ
34ਮੰਡਲੀਆਂ ਵਿੱਚ ਤੀਵੀਆਂ ਚੁੱਪ ਹੋ ਰਹਿਣ ਕਿਉਂ ਜੋ ਉਨ੍ਹਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ ਸਗੋਂ ਉਹ ਅਧੀਨ ਹੋ ਰਹਿਣ ਜਿਵੇਂ ਸ਼ਰਾ ਵੀ ਕਹਿੰਦੀ ਹੈ 35ਅਤੇ ਜੇ ਕੁੱਝ ਸਿੱਖਣਾ ਚਾਹੁੰਦੀਆਂ ਹਨ ਤਾਂ ਘਰ ਵਿੱਚ ਆਪੋ ਆਪਣੇ ਪਤੀਆਂ ਕੋਲੋਂ ਪੁੱਛਣ ਕਿਉਂ ਜੋ ਤੀਵੀਂ ਦੇ ਲਈ ਮੰਡਲੀ ਵਿੱਚ ਬੋਲਣਾ ਲਾਜ ਦੀ ਗੱਲ ਹੈ 36ਭਲਾ, ਪਰਮੇਸ਼ੁਰ ਦਾ ਬਚਨ ਤੁਸਾਂ ਹੀ ਤੋਂ ਨਿੱਕਲਿਆ ਅਥਵਾ ਨਿਰਾ ਤੁਹਾਡੇ ਹੀ ਤੀਕ ਪਹੁੰਚਿਆ?।।
37ਜੇ ਕੋਈ ਆਪਣੇ ਆਪ ਨੂੰ ਨਬੀ ਯਾਂ ਆਤਮਕ ਸਮਝੇ ਤਾਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਲਿਖਦਾ ਹਾਂ ਉਹ ਓਹਨਾਂ ਨੂੰ ਜਾਣ ਲਵੇ ਭਈ ਓਹ ਪ੍ਰਭੁ ਦੇ ਹੁਕਮ ਹਨ 38ਪਰ ਜੇ ਕੋਈ ਨਾ ਜਾਣੇ ਤਾਂ ਨਾ ਜਾਣੇ।।
39ਗੱਲ ਕਾਹਦੀ, ਮੇਰੇ ਭਰਾਵੋ ਅਗੰਮ ਵਾਕ ਕਰਨ ਨੂੰ ਲੋਚੋ, ਅਤੇ ਪਰਾਈਆਂ ਭਾਖਿਆਂ ਬੋਲਣ ਤੋਂ ਨਾ ਵਰਜੋ 40ਪਰ ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।।
ទើបបានជ្រើសរើសហើយ៖
੧ ਕੁਰਿੰਥੀਆਂ ਨੂੰ 14: PUNOVBSI
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.