ਮਰਕੁਸ 4
4
ਬੀ ਬੀਜਣ ਵਾਲਾ। ਪੌਣ ਅਤੇ ਝੀਲ ਦਾ ਮਾਲਕ
1ਉਹ ਫੇਰ ਝੀਲ ਦੇ ਕੰਢੇ ਉਪਦੇਸ਼ ਦੇਣ ਲੱਗਾ ਅਰ ਇੱਕ ਐਡੀ ਭੀੜ ਉਹ ਦੇ ਕੋਲ ਇਕੱਠੀ ਹੋਈ ਜੋ ਉਹ ਝੀਲ ਵਿੱਚ ਇੱਕ ਬੇੜੀ ਉੱਤੇ ਚੜ੍ਹ ਬੈਠਾ ਅਰ ਸਾਰੀ ਭੀੜ ਝੀਲ ਦੇ ਕੰਢੇ ਧਰਤੀ ਉੱਤੇ ਰਹੀ 2ਤੇ ਉਸ ਨੇ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਉਪਦੇਸ਼ ਦਿੱਤਾ ਅਰ ਆਪਣੇ ਉਪਦੇਸ਼ ਵਿਚ ਉਨ੍ਹਾਂ ਨੂੰ ਕਿਹਾ 3ਸੁਣੋ! ਵੇਖੋ, ਇੱਕ ਬੀਜਣ ਵਾਲਾ ਬੀਜਣ ਨੂੰ ਨਿੱਕਲਿਆ 4ਅਤੇ ਐਉਂ ਹੋਇਆ ਕਿ ਉਹ ਦੇ ਬੀਜਦਿਆਂ ਕੁਝ ਪਹੇ ਵੱਲ ਕਿਰ ਪਿਆ ਅਤੇ ਪੰਛੀ ਆਣ ਕੇ ਉਹ ਨੂੰ ਚੁਗ ਗਏ 5ਅਰ ਕੁਝ ਪਥਰੀਲੀ ਜਮੀਨ ਵਿੱਚ ਕਿਰਿਆ ਜਿੱਥੇ ਉਹ ਨੂੰ ਬਹੁਤੀ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਨ ਕਰਕੇ ਉਹ ਛੇਤੀ ਉੱਗ ਪਿਆ 6ਅਤੇ ਜਾਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਰ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ 7ਅਤੇ ਕੁਝ ਕੰਡਿਆਲਿਆਂ ਵਿੱਚ ਕਿਰਿਆ ਅਤੇ ਕੰਡਿਆਲਿਆਂ ਨੇ ਵਧ ਕੇ ਉਹ ਨੂੰ ਦਬਾ ਲਿਆ ਅਤੇ ਉਹ ਨਾ ਫਲਿਆ 8ਅਰ ਕੁਝ ਚੰਗੀ ਜਮੀਨ ਵਿੱਚ ਕਿਰਿਆ ਅਤੇ ਉੱਗਦਿਆਂ ਵਧਦਿਆਂ ਫਲਿਆ, ਕੁਝ ਤੀਹ ਗੁਣਾ, ਕੁਝ ਸੱਠ ਗੁਣਾ, ਕੁਝ ਸੌ ਗੁਣਾ ਦਿੱਤਾ 9ਫੇਰ ਉਹ ਨੇ ਕਿਹਾ, ਜਿਹ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ।।
10ਜਾਂ ਉਹ ਇਕਾਂਤ ਵਿੱਚ ਸੀ ਤਾਂ ਜਿਹੜੇ ਉਹ ਦੇ ਕੋਲ ਸਨ ਉਨ੍ਹਾਂ ਨੇ ਬਾਰਾਂ ਚੇਲਿਆਂ ਨਾਲ ਮਿਲ ਕੇ ਦ੍ਰਿਸ਼ਟਾਂਤਾ ਦਾ ਅਰਥ ਉਹ ਨੂੰ ਪੁੱਛਿਆ 11ਉਸ ਨੇ ਉਨ੍ਹਾਂ ਨੂੰ ਕਿਹਾ, ਪਰਮੇਸ਼ੁਰ ਦੇ ਰਾਜ ਦਾ ਭੇਤ ਤੁਹਾਨੂੰ ਦਿੱਤਾ ਗਿਆ ਹੈ ਪਰ ਜਿਹੜੇ ਬਾਹਰ ਹਨ ਉਨ੍ਹਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤਾ ਵਿੱਚ ਹੁੰਦੀਆ ਹਨ ਕਿ#ਯਸ. 6:9,10
12ਓਹ ਵੇਖਦੇ ਹੋਏ ਤਾਂ ਵੇਖਣ ਪਰ ਬੁਝਣ ਨਹੀਂ,
ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਹੀਂ,
ਮਤੇ ਓਹ ਮੁੜ ਆਉਣ,
ਅਤੇ ਉਹਨਾਂ ਨੂੰ ਮਾਫੀਂ ਮਿਲੇ।।
13ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਕਿ ਤੁਸੀਂ ਇਹ ਦ੍ਰਿਸ਼ਟਾਂਤ ਨਹੀਂ ਸਮਝਦੇ? ਤਾਂ ਸਾਰੀਆਂ ਦ੍ਰਿਸ਼ਟਾਂਤਾ ਨੂੰ ਕਿੱਕੁਰ ਸਮਝੋਗੇ? 14ਬੀਜਣ ਵਾਲਾ ਬਚਨ ਬੀਜਦਾ ਹੈ 15ਅਤੇ ਪਹੇ ਦੇ ਕਨਾਰੇ ਵਾਲੇ ਜਿੱਥੇ ਬਚਨ ਬੀਜਿਆ ਜਾਂਦਾ ਹੈ ਸੋ ਏਹ ਲੋਕ ਹਨ ਭਈ ਜਦ ਉਨ੍ਹਾਂ ਨੇ ਸੁਣ ਲਿਆ ਤਦ ਸ਼ਤਾਨ ਓਵੇਂ ਆਣ ਕੇ ਉਸ ਬਚਨ ਨੂੰ ਲੈ ਜਾਂਦਾ ਹੈ ਜਿਹੜਾ ਉਨ੍ਹਾਂ ਵਿੱਚ ਬੀਜਿਆ ਗਿਆ ਸੀ 16ਅਤੇ ਇਸੇ ਤਰ੍ਹਾਂ ਜਿਹੜੇ ਪਥਰੇਲਿਆਂ ਥਾਵਾਂ ਵਿੱਚ ਬੀਜੇ ਜਾਂਦੇ ਸੋ ਓਹ ਹਨ ਜਿਹੜੇ ਬਚਨ ਨੂੰ ਸੁਣਦਿਆਂ ਸਾਰ ਖੁਸ਼ੀ ਨਾਲ ਉਹ ਨੂੰ ਮੰਨ ਲੈਂਦੇ ਹਨ 17ਅਤੇ ਆਪਣੇ ਵਿੱਚ ਜੜ੍ਹ ਨਹੀਂ ਰੱਖਦੇ ਹਨ ਪਰ ਥੋੜਾ ਚਿਰ ਰਹਿੰਦੇ ਹਨ ਅਤੇ ਜਾਂ ਬਚਨ ਦੇ ਕਾਰਨ ਦੁਖ ਵਿੱਚ ਪੈਂਦੇ ਯਾ ਸਤਾਏ ਜਾਂਦੇ ਹਨ ਤਾਂ ਝੱਟ ਠੋਕਰ ਖਾਂਦੇ ਹਨ 18ਅਤੇ ਹੋਰ ਓਹ ਹਨ ਜਿਹੜੇ ਕੰਡਿਆਲਿਆਂ ਵਿੱਚ ਬੀਜੇ ਜਾਂਦੇ। ਏਹ ਓਹ ਹਨ ਜਿਨ੍ਹਾਂ ਬਚਨ ਸੁਣਿਆ 19ਅਤੇ ਦੁਨੀਆ ਦੀ ਚਿੰਤਾ ਅਰ ਧਨ ਦਾ ਧੋਖਾ ਅਰ ਹੋਰਨਾਂ ਚੀਜ਼ਾਂ ਦਾ ਲੋਭ ਆਣ ਕੇ ਬਚਨ ਨੂੰ ਦਬਾ ਲੈਂਦੇ ਹਨ ਅਤੇ ਉਹ ਅਫੱਲ ਰਹਿੰਦਾ ਹੈ 20ਅਤੇ ਜਿਹੜੇ ਚੰਗੀ ਜਮੀਨ ਵਿੱਚ ਬੀਜੇ ਗਏ ਸਨ ਸੋ ਓਹ ਲੋਕ ਹਨ ਜਿਹੜੇ ਬਚਨ ਨੂੰ ਸੁਣ ਕੇ ਮੰਨ ਲੈਂਦੇ ਅਤੇ ਫਲ ਦਿੰਦੇ ਹਨ, ਕੁਝ ਤੀਹ ਗੁਣਾ, ਕੁਝ ਸੱਠ ਗੁਣਾ, ਕੁਝ ਸੌ ਗੁਣਾ ।।
21ਉਸ ਨੇ ਉਨ੍ਹਾਂ ਨੂੰ ਆਖਿਆ, ਕੀ ਦੀਵਾ ਟੋਪੇ ਦੇ ਹੇਠ ਯਾ ਮੰਜੇ ਦੇ ਹੇਠ ਰੱਖਣ ਨੂੰ ਲਿਆਉਂਦੇ ਹਨ ਅਤੇ ਦੀਵਟ ਉੱਤੇ ਰੱਖਣ ਨੂੰ ਨਹੀਂ ? 22ਕੋਈ ਵਸਤੁ ਗੁਪਤ ਨਹੀਂ ਪਰ ਇਸ ਲਈ ਜੋ ਉਹ ਪਰਗਟ ਕੀਤੀ ਜਾਏ ਅਤੇ ਨਾ ਕੋਈ ਵਸਤੁ ਛਿਪਾਈ ਗਈ ਪਰ ਇਸ ਲਈ ਜੋ ਉਹ ਉਜਾਗਰ ਹੋਵੇ 23ਜੇ ਕਿਸੇ ਦੇ ਸੁਨਣ ਦੇ ਕੰਨ ਹੋਣ ਤਾਂ ਸੁਣੇ 24ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਚੌਕਸ ਰਹੋ ਜੋ ਕੀ ਸੁਣਦੇ ਹੋ! ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮਿਣਿਆ ਜਾਵੇਗਾ ਅਤੇ ਤੁਹਾਨੂੰ ਵਧੀਕ ਦਿੱਤਾ ਜਾਵੇਗਾ 25ਕਿਉਂਕਿ ਜਿਹ ਦੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਅਤੇ ਜਿਹ ਦੇ ਕੋਲ ਨਹੀਂ ਉਸ ਤੋਂ ਜੋ ਕੁਝ ਹੈ ਸੋ ਭੀ ਲੈ ਲਿਆ ਜਾਵੇਗਾ।।
26ਫੇਰ ਉਹ ਨੇ ਆਖਿਆ, ਪਰਮੇਸ਼ੁਰ ਦਾ ਰਾਜ ਇਹੋ ਜਿਹਾ ਹੈ ਜਿਹਾ ਕੋਈ ਮਨੁੱਖ ਜ਼ਮੀਨ ਵਿੱਚ ਬੀ ਪਾਵੇ 27ਅਤੇ ਰਾਤ ਦਿਨ ਸੌਂਵੇ ਉੱਠੇ ਅਤੇ ਉਹ ਬੀ ਉੱਗ ਪਏ ਅਰ ਵਧੇ ਪਰ ਉਹ ਨਾ ਜਾਣੇ ਕਿਸ ਤਰ੍ਹਾਂ 28ਜ਼ਮੀਨ ਤਾਂ ਆਪੇ ਆਪ ਫਲ ਲਿਆਉਂਦੀ ਹੈ, ਪਹਿਲਾਂ ਅੰਗੂਰੀ, ਫੇਰ ਸਿੱਟਾ, ਫੇਰ ਸਿੱਟੇ ਵਿੱਚ ਸਾਬਤ ਦਾਣੇ 29ਅਰ ਜਾਂ ਫਲ ਪੱਕੇ ਤਾਂ ਉਹ ਝੱਟ ਦਾਤੀ ਲਾਉਂਦਾ ਹੈ ਕਿਉਂ ਜੋ ਵਾਢੀ ਦਾ ਵੇਲਾ ਆ ਗਿਆ 30ਫੇਰ ਉਹ ਨੇ ਕਿਹਾ, ਅਸੀਂ ਪਰਮੇਸ਼ੁਰ ਦੇ ਰਾਜ ਨੂੰ ਕਿਹ ਦੇ ਵਰਗਾ ਦੱਸੀਏ ਯਾ ਉਹ ਦੇ ਲਈ ਕਿਹੜਾ ਦ੍ਰਿਸ਼ਟਾਂਤ ਦੇਈਏ ? 31ਉਹ ਇੱਕ ਰਾਈ ਦੇ ਦਾਣੇ ਵਰਗਾ ਹੈ ਕਿ ਜਦ ਜ਼ਮੀਨ ਵਿੱਚ ਬੀਜਿਆ ਜਾਂਦਾ ਹੈ ਜ਼ਮੀਨ ਦੇ ਸਭਨਾਂ ਬੀਆਂ ਨਾਲੋਂ ਛੋਟਾ ਹੈ 32ਪਰ ਜਦ ਬੀਜਿਆ ਗਿਆ ਤਦ ਉੱਗਦਾ ਹੈ ਅਤੇ ਸਾਰੀਆਂ ਸਬਜ਼ੀਆਂ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਅਜਿਹੀਆਂ ਵੱਡੀਆਂ ਟਹਿਣੀਆਂ ਫੁੱਟਦੀਆਂ ਹਨ ਜੋ ਆਕਾਸ਼ ਦੇ ਪੰਛੀ ਉਹ ਦੀ ਛਾਇਆ ਵਿੱਚ ਵਸੇਰਾ ਕਰ ਸੱਕਦੇ ਹਨ।। 33ਉਹ ਇਹੋ ਜਿਹੇ ਬਹੁਤ ਦ੍ਰਿਸ਼ਟਾਂਤਾਂ ਵਿੱਚ ਉਨ੍ਹਾਂ ਨਾਲ ਬਚਨ ਕਰਦਾ ਸੀ ਜਿਸ ਤਰਾਂ ਓਹ ਸੁਣ ਸੱਕਦੇ ਸਨ 34ਅਰ ਬਿਨਾ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ ਪਰ ਨਿਰਾਲੇ ਵਿੱਚ ਉਹ ਆਪਣੇ ਹੀ ਚੇਲਿਆਂ ਨੂੰ ਸਭ ਕੁਝ ਖੋਲ੍ਹ ਕੇ ਦੱਸਦਾ ਸੀ।।
35ਉਸੇ ਦਿਨ ਜਾਂ ਸੰਝ ਹੋਈ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਅਸੀਂ ਪਾਰ ਚੱਲੀਏ 36ਅਰ ਓਹ ਭੀੜ ਨੂੰ ਛੱਡ ਕੇ ਜਿੱਕਰ ਉਹ ਬੇੜੀ ਉੱਤੇ ਸੀ ਤਿਹਾ ਹੀ ਉਹ ਨੂੰ ਲੈ ਚੱਲੇ ਅਤੇ ਹੋਰ ਬੇੜੀਆਂ ਭੀ ਉਹ ਦੇ ਨਾਲ ਸਨ 37ਤਦ ਵੱਡੀ ਹਨ੍ਹੇਰੀ ਵਗੀ ਅਤੇ ਲਹਿਰਾਂ ਬੇੜੀ ਪੁਰ ਐਥੋਂ ਤੀਕਰ ਲੱਗ ਗਈਆਂ ਜੋ ਬੇੜੀ ਪਾਣੀ ਨਾਲ ਭਰ ਚੱਲੀ ਸੀ 38ਉਹ ਬੇੜੀ ਦੇ ਪਿਛਲੇ ਸਿਰੇ ਵੱਲ ਇੱਕ ਸਿਰਹਾਣਾ ਰੱਖ ਕੇ ਸੁੱਤਾ ਹੋਇਆ ਸੀ। ਤਦ ਉਨ੍ਹਾਂ ਉਹ ਨੂੰ ਜਗਾਇਆ ਅਤੇ ਉਹ ਨੂੰ ਆਖਿਆ, ਗੁਰੂ ਜੀ ਤੈਨੂੰ ਕੋਈ ਫ਼ਿਕਰ ਨਹੀਂ ਜੋ ਅਸੀਂ ਨਿਸ਼ਟ ਹੋ ਚੱਲੇ ਹਾਂ ? 39ਤਦ ਉਹ ਨੇ ਉੱਠ ਕੇ ਪੌਣ ਨੂੰ ਦਬਕਾ ਦਿੱਤਾ ਅਤੇ ਝੀਲ ਨੂੰ ਕਿਹਾ, ਚੁੱਪ ਕਰ ਥੰਮ੍ਹ ਜਾਹ! ਤਾਂ ਪੌਣ ਥੰਮ੍ਹ ਗਈ ਅਤੇ ਵੱਡਾ ਚੈਨ ਹੋ ਗਿਆ 40ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਹੋ? 41ਅਜੇ ਤੁਹਾਨੂੰ ਨਿਹਚਾ ਨਹੀਂ ਆਈ? ਤਾਂ ਉਨ੍ਹਾਂ ਨੇ ਡਾਢਾ ਭੈ ਖਾਧਾ ਅਤੇ ਆਪੋ ਵਿੱਚ ਕਹਿਣ ਲੱਗੇ, ਇਹ ਕੌਣ ਹੈ ਕਿ ਪੌਣ ਅਤੇ ਝੀਲ ਵੀ ਉਹ ਦੀ ਮਨ ਲੈਂਦੇ ਹਨ?।।
اکنون انتخاب شده:
ਮਰਕੁਸ 4: PUNOVBSI
هایلایت
کپی
مقایسه
به اشتراک گذاشتن
می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.