ਮਰਕੁਸ 3
3
ਸਬਤ ਨੂੰ ਮੰਨਣਾ। ਪਵਿੱਤ੍ਰ ਆਤਮਾ ਦੇ ਵਿਰੁੱਧ ਪਾਪ
1ਉਹ ਫੇਰ ਸਮਾਜ ਵਿੱਚ ਗਿਆ ਅਰ ਉੱਥੇ ਇੱਕ ਮਨੁੱਖ ਸੀ ਜਿਹ ਦਾ ਹੱਥ ਸੁੱਕਿਆ ਹੋਇਆ ਸੀ 2ਅਤੇ ਓਹ ਉਸ ਦੀ ਤੱਕ ਵਿਚ ਲੱਗੇ ਹੋਏ ਸਨ ਕਿ ਵੇਖੀਏ ਉਹ ਸਬਤ ਦੇ ਦਿਨ ਉਸ ਨੂੰ ਚੰਗਾ ਕਰੇ ਕਿ ਨਹੀਂ ਭਈ ਉਹ ਦੇ ਜੁੰਮੇ ਦੋਸ਼ ਲਾਉਣ 3ਉਹ ਨੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਆਖਿਆ, ਵਿਚਾਲੇ ਖੜਾ ਹੋ 4ਫੇਰ ਉਹ ਨੇ ਉਨ੍ਹਾਂ ਤੋਂ ਪੁੱਛਿਆ ਕਿ ਸਬਤ ਦੇ ਦਿਨ ਭਲਾ ਕਰਨਾ ਜੋਗ ਹੈ ਯਾ ਬੁਰਾ ਕਰਨਾ? ਜਾਨ ਬਚਾਉਣੀ ਯਾ ਜਾਨ ਮਾਰਨੀ? ਪਰ ਓਹ ਚੁੱਪ ਹੀ ਰਹੇ 5ਤਦ ਉਹ ਨੇ ਉਨ੍ਹਾਂ ਦੀ ਸਖ਼ਤ ਦਿਲੀ ਦੇ ਕਾਰਨ ਉਦਾਸ ਹੋਕੇ ਉਨ੍ਹਾਂ ਵੱਲ ਕ੍ਰੋਧ ਨਾਲ ਚੁਫੇਰੇ ਨਜ਼ਰ ਕੀਤੀ ਅਤੇ ਉਸ ਮਨੁੱਖ ਨੂੰ ਕਿਹਾ, ਆਪਣਾ ਹੱਥ ਲੰਮਾ ਕਰ। ਤਾਂ ਉਸ ਨੇ ਲੰਮਾ ਕੀਤਾ ਅਤੇ ਉਸ ਦਾ ਹੱਥ ਫੇਰ ਚੰਗਾ ਹੋ ਗਿਆ 6ਤਦ ਫ਼ਰੀਸੀਆਂ ਨੇ ਨਿੱਕਲ ਕੇ ਉਸ ਵੇਲੇ ਹੇਰੋਦੀਆਂ ਨਾਲ ਉਹ ਦੇ ਵਿਰੁੱਧ ਮਤਾ ਪਕਾਇਆ ਜੋ ਕਿਸ ਤਰਾਂ ਉਹ ਦਾ ਨਾਸ ਕਰੀਏ।।
7ਯਿਸੂ ਆਪਣੇ ਚੇਲਿਆਂ ਸਣੇ ਝੀਲ ਵੱਲ ਚੱਲਿਆ ਗਿਆ ਅਰ ਗਲੀਲ ਤੋਂ ਬਹੁਤ ਸਾਰੇ ਲੋਕ ਮਗਰ ਹੋ ਤੁਰੇ 8ਅਰ ਯਹੂਦਿਯਾ ਅਤੇ ਯਰੂਸ਼ਲਮ ਅਤੇ ਅਦੂਮ ਤੋਂ ਅਤੇ ਯਰਦਨ ਦੇ ਪਾਰੋਂ ਅਤੇ ਸੂਰ ਅਤੇ ਸੈਦਾ ਦੇ ਆਲੇ ਦੁਆਲਿਓਂ ਇੱਕ ਵੱਡੀ ਭੀੜ ਇਹ ਸੁਣ ਕੇ ਜੋ ਉਹ ਕਿਹੇ ਵੱਡੇ ਵੱਡੇ ਕੰਮ ਕਰਦਾ ਹੈ ਉਹ ਦੇ ਕੋਲ ਆਈ 9ਤਾਂ ਉਹ ਨੇ ਆਪਣੇ ਚੇਲਿਆ ਨੂੰ ਆਖਿਆ, ਭੀੜ ਦੇ ਕਾਰਨ ਇੱਕ ਡੋਂਗੀ ਮੇਰੇ ਲਈ ਤਿਆਰ ਰਹੇ ਭਈ ਲੋਕ ਮੈਨੂੰ ਦਬਾ ਨਾ ਲੈਣ 10ਕਿਉਂਕਿ ਉਹ ਨੇ ਬਹੁਤਿਆਂ ਨੂੰ ਚੰਗਾ ਕੀਤਾ ਸੀ ਐਥੋਂ ਤੋੜੀ ਕਿ ਜਿੰਨੇ ਰੋਗੀ ਸਨ ਓਹ ਉਸ ਨੂੰ ਛੋਹਣ ਲਈ ਉਸ ਉੱਤੇ ਡਿੱਗਦੇ ਜਾਂਦੇ ਸਨ 11ਅਤੇ ਭਰਿਸ਼ਟ ਆਤਮਿਆਂ ਨੇ ਜਾਂ ਉਹ ਨੂੰ ਵੇਖਿਆ ਤਾਂ ਉਹ ਦੇ ਅੱਗੇ ਡਿੱਗ ਪਏ ਅਰ ਚੀਕਾਂ ਮਾਰ ਕੇ ਬੋਲੇ, ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈ! 12ਤਦ ਓਸ ਉਨ੍ਹਾਂ ਨੂੰ ਵੱਡੀ ਤਗੀਦ ਕੀਤੀ ਭਈ ਮੈਨੂੰ ਉਜਾਗਰ ਨਾ ਕਰੋ।।
13ਫੇਰ ਉਹ ਨੇ ਪਹਾੜ ਉੱਤੇ ਚੜ੍ਹ ਕੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ ਉਨ੍ਹਾਂ ਨੂੰ ਕੋਲ ਸੱਦਿਆ ਅਤੇ ਓਹ ਉਸ ਦੇ ਕੋਲ ਆਏ 14ਅਰ ਉਹ ਨੇ ਬਾਰਾਂ ਪੁਰਸ਼ ਠਹਿਰਾਏ ਜੋ ਉਹ ਦੇ ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਭੇਜੇ ਭਈ ਪਰਚਾਰ ਕਰਨ 15ਨਾਲੇ ਭੂਤਾਂ ਦੇ ਕੱਢਣ ਦਾ ਇਖ਼ਤਿਆਰ ਰੱਖਣ 16ਅਤੇ ਸ਼ਮਊਨ ਦਾ ਨਾਉਂ ਉਹ ਨੇ ਪਤਰਸ ਵੀ ਰੱਖਿਆ 17ਅਤੇ ਜ਼ਬਦੀ ਦਾ ਪੁੱਤ੍ਰ ਯਾਕੂਬ ਅਰ ਯਾਕੂਬ ਦਾ ਭਰਾ ਯੂਹੰਨਾ ਜਿਨ੍ਹਾਂ ਦੋਹਾਂ ਦਾ ਨਾਉਂ ਉਹ ਨੇ ਬਨੀ ਰੋਗਿਜ਼ ਰੱਖਿਆ ਅਰਥਾਤ ਗਰਜਣ ਦੇ ਪੁੱਤ੍ਰ 18ਅਤੇ ਅੰਦ੍ਰਿਯਾਸ ਅਤੇ ਫ਼ਿਲਿੱਪੁਸ ਅਤੇ ਬਰਥੁਲਮਈ ਅਤੇ ਮੱਤੀ ਅਤੇ ਥੋਮਾ ਅਤੇ ਹਲਫ਼ਾ ਦਾ ਪੁੱਤ੍ਰ ਯਾਕੂਬ ਅਤੇ ਥੱਦਈ ਅਤੇ ਸ਼ਮਊਨ ਕਨਾਨੀ 19ਅਤੇ ਯਹੂਦਾ ਇਸਕਰਿਯੋਤੀ ਜਿਹ ਨੇ ਉਸ ਨੂੰ ਫੜਵਾ ਵੀ ਦਿੱਤਾ।।
20ਉਹ ਘਰ ਆਇਆ ਅਰ ਫਿਰ ਐੱਨੀ ਭੀੜ ਇੱਕਠੀ ਹੋਈ ਜੋ ਓਹ ਰੋਟੀ ਵੀ ਨਾ ਖਾ ਸਕੇ 21ਜਾਂ ਉਹ ਦੇ ਸਾਕਾਂ ਨੇ ਇਹ ਸੁਣਿਆ ਤਾਂ ਓਹ ਉਸ ਦੇ ਫੜਨ ਨੂੰ ਨਿੱਕਲੇ ਕਿਉਂ ਜੋ ਉਨ੍ਹਾਂ ਆਖਿਆ, ਉਹ ਆਪਣੇ ਆਪ ਤੋਂ ਬਾਹਰ ਹੋ ਗਿਆ! 22ਅਤੇ ਗ੍ਰੰਥੀਆਂ ਨੇ ਜਿਹੜੇ ਯਰੂਸ਼ਲਮ ਤੋਂ ਆਏ ਸਨ ਇਹ ਕਿਹਾ ਭਈ ਉਹ ਬਆਲ- ਜ਼ਬੂਲ ਨਾਲ ਮਿਲਿਆ ਹੋਇਆ ਹੈ ਅਤੇ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ 23ਤਾਂ ਉਸ ਨੇ ਉਹਨਾਂ ਨੂੰ ਅਪਣੇ ਕੋਲ ਸੱਦ ਕੇ ਦ੍ਰਿਸ਼ਟਾਂਤਾਂ ਵਿਚ ਉਨ੍ਹਾਂ ਨੂੰ ਕਿਹਾ ਕਿ ਸ਼ਤਾਨ ਨੂੰ ਸ਼ਤਾਨ ਕਿਸ ਤਰਾਂ ਕੱਢ ਸੱਕਦਾ ਹੈ? 24ਜੇ ਕਿਸੇ ਰਾਜ ਵਿਚ ਫੁੱਟ ਪੈ ਜਾਵੇ ਤਾਂ ਉਹ ਰਾਜ ਠਹਿਰ ਨਹੀਂ ਸੱਕਦਾ 25ਅਰ ਜੇ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਠਹਿਰ ਨਾ ਸੱਕੇਗਾ 26ਜੇ ਸ਼ਤਾਨ ਆਪਣੇ ਹੀ ਵਿਰੁੱਧ ਉੱਠੇ ਅਰ ਉਸ ਵਿੱਚ ਫੁੱਟ ਪੈ ਜਾਵੇ ਤਾਂ ਉਹ ਠਹਿਰ ਨਹੀਂ ਸੱਕਦਾ ਸਗੋਂ ਉਹ ਦਾ ਓੜਕ ਆ ਪੁੱਜਿਆ 27ਪਰ ਕੋਈ ਕਿਸੇ ਜੋਰਾਵਰ ਦੇ ਘਰ ਵਿੱਚ ਵੜ ਕੇ ਉਹ ਦਾ ਅਸਬਾਬ ਲੁੱਟ ਨਹੀਂ ਸੱਕਦਾ ਜੇ ਪਹਿਲਾਂ ਉਸ ਜੋਰਾਵਰ ਨੂੰ ਬੰਨ੍ਹ ਨਾ ਲਵੇ ਤਦ ਉਹ ਉਸ ਦਾ ਘਰ ਲੁੱਟੇਗਾ 28ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਮਨੁੱਖਾਂ ਦੇ ਪੁੱਤ੍ਰਾਂ ਦੇ ਸਾਰੇ ਪਾਪ ਅਤੇ ਕੁਫ਼ਰ ਜਿੰਨੇ ਓਹ ਬਕਣਗੇ ਮਾਫ਼ ਕੀਤੇ ਜਾਣਗੇ 29ਪਰ ਜੋ ਕੋਈ ਪਵਿੱਤ੍ਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ ਉਹ ਨੂੰ ਕਦੇ ਵੀ ਮਾਫ਼ੀ ਨਹੀਂ ਮਿਲੇਗੀ ਪਰ ਉਹ ਸਦਾ ਦੇ ਪਾਪ ਦੇ ਵੱਸ ਵਿੱਚ ਆ ਗਿਆ 30ਕਿਉਂ ਜੋ ਉਨ੍ਹਾਂ ਆਖਿਆ ਸੀ ਭਈ ਭਰਿਸ਼ਟ ਆਤਮਾ ਉਹ ਦੇ ਵਿੱਚ ਹੈ।।
31ਤਦ ਉਹ ਦੀ ਮਾਤਾ ਅਰ ਉਹ ਦੇ ਭਰਾ ਆਏ ਅਤੇ ਬਾਹਰ ਖੜੋ ਕੇ ਉਹ ਨੂੰ ਬੁਲਾ ਭੇਜਿਆ 32ਅਤੇ ਬਹੁਤ ਲੋਕ ਉਹ ਦੇ ਚੁਫੇਰੇ ਬੈਠੇ ਸਨ ਸੋ ਉਹ ਨੂੰ ਆਖਣ ਲੱਗੇ, ਵੇਖ ਤੇਰੀ ਮਾਂ ਅਤੇ ਤੇਰੇ ਭਰਾ ਬਾਹਰ ਤੈਨੂੰ ਢੂੰਡਦੇ ਹਨ 33ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਮੇਰੇ ਭਰਾ ? 34ਅਤੇ ਉਸ ਨੇ ਉਨ੍ਹਾਂ ਵੱਲ ਜਿਹੜੇ ਉਸ ਦੇ ਆਲੇ ਦੁਆਲੇ ਬੈਠੇ ਸਨ ਚੌਹੀਂ ਪਾਸੀਂ ਨਿਗਾਹ ਕਰ ਕੇ ਆਖਿਆ, ਔਹ ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ 35ਕਿਉਂਕਿ ਜੋ ਕੋਈ ਪਰਮੇਸ਼ੁਰ ਦੀ ਮਰਜ਼ੀ ਉੱਤੇ ਚੱਲਦਾ ਹੈ ਸੋਈ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ।।
اکنون انتخاب شده:
ਮਰਕੁਸ 3: PUNOVBSI
هایلایت
کپی
مقایسه
به اشتراک گذاشتن
می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.