ਮੱਤੀ 8
8
ਮਸੀਹ ਦੇ ਇਖ਼ਤਿਆਰ ਵਾਲੇ ਕੰਮ
1ਜਾਂ ਉਹ ਪਹਾੜੋਂ ਉੱਤਰਿਆ ਤਾਂ ਵੱਡੀ ਭੀੜ ਉਹ ਦੇ ਮਗਰ ਲੱਗ ਪਈ 2ਅਤੇ ਵੇਖੋ ਇੱਕ ਕੋੜ੍ਹੀ ਨੇ ਕੋਲ ਆਣ ਕੇ ਉਸ ਅੱਗੇ ਮੱਥਾ ਟੇਕਿਆ ਅਤੇ ਕਿਹਾ, ਪ੍ਰਭੁ ਜੀ ਜੇ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ 3ਤਾਂ ਉਸ ਨੇ ਹੱਥ ਲੰਮਾ ਕਰ ਕੇ ਉਹ ਨੂੰ ਛੋਹਿਆ ਅਤੇ ਆਖਿਆ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ ਅਤੇ ਉਸੇ ਵੇਲੇ ਉਹ ਦਾ ਕੋੜ੍ਹ ਜਾਂਦਾ ਰਿਹਾ 4ਤਾਂ ਯਿਸੂ ਨੇ ਉਹ ਨੂੰ ਆਖਿਆ, ਖ਼ਬਰਦਾਰ! ਕਿਸੇ ਨੂੰ ਨਾ ਦੱਸੀਂ ਪਰ ਜਾ ਕੇ ਆਪਣਾ ਆਪ ਜਾਜਕ ਨੂੰ ਵਿਖਾ ਅਤੇ ਜਿਹੜੀ ਭੇਟ ਮੂਸਾ ਨੇ ਠਹਿਰਾਈ ਚੜ੍ਹਾ ਭਈ ਉਨ੍ਹਾਂ ਲਈ ਸਾਖੀ ਹੋਵੇ।।
5ਜਾਂ ਉਹ ਕਫ਼ਰਨਾਹੂਮ ਵਿੱਚ ਵੜਿਆ ਤਾਂ ਇੱਕ ਸੂਬੇਦਾਰ ਉਸ ਕੋਲ ਆਇਆ ਅਤੇ ਉਹ ਦੀ ਮਿੰਨਤ ਕਰ ਕੇ ਕਿਹਾ, 6ਪ੍ਰਭੁ ਜੀ ਮੇਰਾ ਨੌਕਰ ਝੋਲੇ ਦਾ ਮਾਰਿਆ ਘਰ ਵਿੱਚ ਵੱਡਾ ਦੁੱਖੀ ਪਿਆ ਹੈ 7ਅਤੇ ਉਸ ਨੇ ਉਹ ਨੂੰ ਆਖਿਆ, ਮੈਂ ਆਣ ਕੇ ਉਹ ਨੂੰ ਚੰਗਾ ਕਰ ਦਿਆਂਗਾ 8ਪਰ ਸੂਬੇਦਾਰ ਨੇ ਉੱਤਰ ਦਿੱਤਾ, ਪ੍ਰਭੁ ਜੀ ਮੈਂ ਇਸ ਜੋਗ ਨਹੀਂ ਜੋ ਤੂੰ ਮੇਰੀ ਛੱਤ ਦੇ ਹੇਠ ਆਵੇਂ ਪਰ ਨਿਰਾ ਬਚਨ ਹੀ ਕਰ ਤਾਂ ਮੇਰਾ ਨੌਕਰ ਚੰਗਾ ਹੋ ਜਾਊ 9ਕਿਉਂ ਜੋ ਮੈਂ ਭੀ ਇੱਕ ਮਨੁੱਖ ਦੂਏ ਦੇ ਹੁਕਮ ਵਿੱਚ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਇਖ਼ਤਿਆਰ ਵਿੱਚ ਰੱਖਦਾ ਹਾਂ ਅਰ ਇੱਕ ਨੂੰ ਆਖਦਾ ਹਾਂ, ਜਾਹ! ਤਾਂ ਉਹ ਜਾਂਦਾ ਹੈ ਅਤੇ ਦੂਏ ਨੂੰ, ਆ! ਤਾਂ ਉਹ ਆਉਂਦਾ ਹੈ ਅਰ ਆਪਣੇ ਚਾਕਰ ਨੂੰ, ਇਹ ਕਰ! ਤਾਂ ਉਹ ਕਰਦਾ ਹੈ 10ਯਿਸੂ ਨੇ ਇਹ ਸੁਣ ਅਚਰਜ ਮੰਨਿਆ ਅਤੇ ਉਨ੍ਹਾਂ ਨੂੰ ਜਿਹੜੇ ਮਗਰ ਮਗਰ ਆਉਂਦੇ ਸਨ ਕਿਹਾ ਭਈ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਇਸਰਾਏਲ ਵਿੱਚ ਵੀ ਮੈਂ ਐਡੀ ਨਿਹਚਾ ਨਹੀਂ ਵੇਖੀ! 11ਅਰ ਮੈਂ ਤੁਹਾਨੂੰ ਆਖਦਾ ਹਾਂ ਜੋ ਬਥੇਰੇ ਚੜ੍ਹਦਿਓਂ ਅਤੇ ਲਹਿੰਦਿਓਂ ਆਉਣਗੇ ਅਤੇ ਸੁਰਗ ਦੇ ਰਾਜ ਵਿੱਚ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਨਾਲ ਬੈਠਣਗੇ 12ਪਰ ਰਾਜ ਦੇ ਪੁੱਤ੍ਰ ਬਾਹਰ ਦੇ ਅੰਧਘੋਰ ਵਿੱਚ ਕੱਢੇ ਜਾਣਗੇ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ 13ਤਾਂ ਯਿਸੂ ਨੇ ਸੂਬੇਦਾਰ ਨੂੰ ਕਿਹਾ, ਜਾਹ, ਜਿਹੀ ਤੈਂ ਨਿਹਚਾ ਕੀਤੀ ਤੇਰੇ ਲਈ ਤਿਹਾ ਹੀ ਹੋਵੇ ਅਤੇ ਉਹ ਨੌਕਰ ਉਸੇ ਘੜੀ ਚੰਗਾ ਹੋ ਗਿਆ।।
14ਯਿਸੂ ਨੇ ਪਤਰਸ ਦੇ ਘਰ ਵਿੱਚ ਆਣ ਕੇ ਉਹ ਦੀ ਸੱਸ ਨੂੰ ਤਾਪ ਨਾਲ ਪਈ ਹੋਈ ਵੇਖਿਆ 15ਅਤੇ ਉਸ ਨੇ ਉਹ ਦਾ ਹੱਥ ਛੋਹਿਆ ਅਤੇ ਉਹ ਦਾ ਤਾਪ ਲਹਿ ਗਿਆ ਅਰ ਉਹ ਨੇ ਉੱਠ ਕੇ ਉਸ ਦੀ ਖ਼ਾਤਰ ਕੀਤੀ 16ਅਤੇ ਜਾਂ ਸੰਝ ਹੋਈ ਉਸ ਦੇ ਕੋਲ ਬਹੁਤਿਆਂ ਨੂੰ ਲਿਆਏ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਉਸ ਨੇ ਬਚਨ ਨਾਲ ਰੂਹਾਂ ਨੂੰ ਕੱਢ ਦਿੱਤਾ ਅਰ ਸਾਰੇ ਰੋਗੀਆਂ ਨੂੰ ਚੰਗਿਆ ਕੀਤਾ 17ਤਾਂ ਜੋ ਯਸਾਯਾਹ ਨਬੀ ਦਾ ਉਹ ਵਾਕ#ਯਸ. 53:4 ਪੂਰਾ ਹੋਵੇ ਭਈ ਉਹ ਨੇ ਆਪੇ ਸਾਡੀਆਂ ਮਾਂਦਗੀਆਂ ਲੈ ਲਈਆਂ ਅਤੇ ਰੋਗਾਂ ਨੂੰ ਚੁੱਕ ਲਿਆ।।
18ਤਦ ਯਿਸੂ ਨੇ ਬਹੁਤ ਭੀੜ ਆਪਣੇ ਚੁਫੇਰੇ ਵੇਖ ਕੇ ਪਾਰ ਚੱਲਣ ਦੀ ਆਗਿਆ ਦਿੱਤੀ 19ਅਤੇ ਇੱਕ ਗ੍ਰੰਥੀ ਨੇ ਕੋਲ ਆਣ ਕੇ ਉਹ ਨੂੰ ਕਿਹਾ, ਗੁਰੂ ਜੀ ਜਿੱਥੇ ਕਿਤੇ ਤੂੰ ਜਾਵੇਂ ਮੈਂ ਤੇਰੇ ਮਗਰ ਚੱਲਾਂਗਾ 20ਅਤੇ ਯਿਸੂ ਨੇ ਉਹ ਨੂੰ ਆਖਿਆ ਭਈ ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ 21ਅਰ ਚੇਲਿਆਂ ਵਿੱਚੋ ਹੋਰ ਦੂਏ ਨੇ ਉਹ ਨੂੰ ਆਖਿਆ, ਪ੍ਰਭੁ ਜੀ ਮੈਨੂੰ ਪਰਵਾਨਗੀ ਦਿਹ ਜੋ ਪਹਿਲਾਂ ਜਾ ਕੇ ਆਪਣੇ ਪਿਉ ਨੂੰ ਦੱਬਾਂ 22ਪਰ ਯਿਸੂ ਨੇ ਉਹ ਨੂੰ ਕਿਹਾ, ਤੂੰ ਮੇਰੇ ਮਗਰ ਚੱਲਿਆ ਆ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦਿਹ।।
23ਜਾਂ ਉਹ ਬੇੜੀ ਉੱਤੇ ਚੜ੍ਹਿਆ ਉਹ ਦੇ ਚੇਲੇ ਉਹ ਦੇ ਮਗਰ ਆਏ 24ਅਰ ਵੇਖੋ ਝੀਲ ਵਿੱਚ ਐਡਾ ਵੱਡਾ ਤੁਫ਼ਾਨ ਆਇਆ ਜੋ ਬੇੜੀ ਲਹਿਰਾਂ ਵਿੱਚ ਲੁਕਦੀ ਜਾਂਦੀ ਸੀ ਪਰ ਉਹ ਸੁੱਤਾ ਪਿਆ ਸੀ 25ਅਤੇ ਉਨ੍ਹਾਂ ਨੇ ਕੋਲ ਆਣ ਕੇ ਉਹ ਨੂੰ ਜਗਾਇਆ ਅਤੇ ਕਿਹਾ, ਪ੍ਰਭੁ ਜੀ ਬਚਾ! ਅਸੀਂ ਤਾਂ ਮਰ ਚੱਲੇ ਹਾਂ! 26ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਹੇ ਥੋੜੀ ਪਰਤੀਤ ਵਾਲਿਓ ਤੁਸੀਂ ਕਿਉਂ ਡਰਦੇ ਹੋ? ਤਦ ਉਹ ਨੇ ਉੱਠ ਕੇ ਪੌਣ ਅਤੇ ਝੀਲ ਨੂੰ ਦਬਕਾ ਦਿੱਤਾ ਅਤੇ ਵੱਡਾ ਚੈਨ ਹੋ ਗਿਆ 27ਤਾਂ ਓਹ ਮਨੁੱਖ ਹੈਰਾਨ ਹੋਕੇ ਬੋਲੇ ਜੋ ਇਹ ਕਿਹੋ ਜਿਹਾ ਪੁਰਖ ਹੈ ਕਿ ਪੌਣ ਅਤੇ ਝੀਲ ਭੀ ਉਹ ਦੀ ਮੰਨ ਲੈਂਦੇ ਹਨ?।।
28ਜਾਂ ਉਹ ਪਾਰ ਗਦਰੀਨੀਆਂ ਦੇ ਦੇਸ ਵਿੱਚ ਪਹੁੰਚਿਆ ਤਾਂ ਦੋ ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਕਬਰਾਂ ਵਿੱਚੋਂ ਨਿੱਕਲ ਕੇ ਉਹ ਨੂੰ ਮਿਲੇ ਅਤੇ ਓਹ ਐਡੇ ਕਰੜੇ ਸਨ ਜੋ ਉਸ ਰਸਤੇ ਕੋਈ ਲੰਘ ਨਹੀਂ ਸੀ ਸੱਕਦਾ 29ਅਤੇ ਵੇਖੋ, ਉਨ੍ਹਾਂ ਨੇ ਪੁਕਾਰ ਕੇ ਆਖਿਆ, ਹੇ ਪਰਮੇਸ਼ੁਰ ਦੇ ਪੁੱਤ੍ਰ ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਵੇਲਿਓਂ ਪਹਿਲਾਂ ਸਾਨੂੰ ਦੁਖ ਦੇਣ ਐਥੇ ਆਇਆ ਹੈ? 30ਉਨ੍ਹਾਂ ਤੋਂ ਕੁਝ ਦੂਰ ਬਹੁਤ ਸਾਰਿਆਂ ਸੂਰਾਂ ਦਾ ਇੱਜੜ ਚੁਗਦਾ ਸੀ 31ਅਰ ਭੂਤਾਂ ਨੇ ਉਹਦੀਆਂ ਮਿੰਨਤਾਂ ਕਰ ਕੇ ਆਖਿਆ ਕਿ ਜੇ ਤੂੰ ਸਾਨੂੰ ਕੱਢਦਾ ਹੈਂ ਤਾਂ ਸਾਨੂੰ ਸੂਰਾਂ ਦੇ ਇੱਜੜ ਵਿੱਚ ਘੱਲ ਦਿਹ 32ਉਸ ਨੇ ਉਨ੍ਹਾਂ ਨੂੰ ਆਖਿਆ, ਜਾਓ! ਤਾਂ ਓਹ ਨਿੱਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਵੇਖੋ ਕਿ ਸਾਰਾ ਇੱਜੜ ਢਾਹੇ ਉੱਤੋਂ ਸਿਰ ਤੋਂੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਪਾਣੀ ਵਿੱਚ ਡੁੱਬ ਮੋਇਆ 33ਤਦ ਚੁਗਾਉਣ ਵਾਲੇ ਨੱਠੇ ਅਤੇ ਨਗਰ ਵਿੱਚ ਜਾ ਕੇ ਸਾਰੀ ਵਾਰਤਾ ਅਤੇ ਭੂਤਾਂ ਵਾਲਿਆਂ ਦੀ ਵਿਥਿਆ ਸੁਣਾ ਦਿੱਤੀ 34ਅਤੇ ਵੇਖੋ ਸਾਰਾ ਨਗਰ ਯਿਸੂ ਦੇ ਮਿਲਨ ਨੂੰ ਨਿੱਕਲਿਆ ਅਰ ਜਾਂ ਉਹ ਨੂੰ ਵੇਖਿਆ ਤਾਂ ਉਹਦੀਆਂ ਮਿੰਨਤਾਂ ਕੀਤੀਆਂ ਜੋ ਸਾਡੀ ਹੱਦੋਂ ਬਾਹਰ ਨਿੱਕਲ ਜਾਓ।।
اکنون انتخاب شده:
ਮੱਤੀ 8: PUNOVBSI
هایلایت
کپی
مقایسه
به اشتراک گذاشتن
می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.