ਮੱਤੀ 7
7
ਮਸੀਹ ਦਾ ਇਖ਼ਤਿਆਰ ਵਾਲਾ ਉਪਦੇਸ਼
1ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਵੇ 2ਕਿਉਂਕਿ ਜਿਸ ਨਿਆਉਂ ਨਾਲ ਤੁਸੀਂ ਦੋਸ਼ ਲਾਉਂਦੇ ਹੋ ਉਸੇ ਨਾਲ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ ਅਤੇ ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸ ਨਾਲ ਤੁਹਾਡੇ ਲਈ ਮਿਣਿਆ ਜਾਵੇਗਾ 3ਅਤੇ ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈਂ ਪਰ ਉਸ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਕਰਦਾ? 4ਅਥਵਾ ਕਿੱਕੁਰ ਤੂੰ ਆਪਣੇ ਭਾਈ ਨੂੰ ਆਖੇਂਗਾ, ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਸੁੱਟਾਂ ਅਤੇ ਵੇਖ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ! 5ਹੇ ਕਪਟੀ ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖੋਂ ਕੱਢ ਤਾਂ ਚੰਗੀ ਤਰਾਂ ਵੇਖ ਕੇ ਤੂੰ ਉਸ ਕੱਖ ਨੂੰ ਆਪਣੇ ਭਾਈ ਦੀ ਅੱਖੋਂ ਕੱਢ ਸੱਕੇਂਗਾ।।
6ਪਵਿੱਤ੍ਰ ਵਸਤ ਕੁੱਤਿਆਂ ਨੂੰ ਨਾ ਪਾਓ ਅਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ ਕਿਤੇ ਐਉਂ ਨਾ ਹੋਵੇ ਜੋ ਓਹ ਉਨ੍ਹਾਂ ਨੂੰ ਆਪਣੇ ਪੈਰਾਂ ਹੇਠ ਮਿੱਧ ਦੇਣ ਅਤੇ ਮੁੜ ਕੇ ਤੁਹਾਨੂੰ ਪਾੜਨ।।
7ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਢੂੰਢੋ ਤਾਂ ਤੁਹਾਨੂੰ ਲੱਭੇਗਾ। ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ 8ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਢਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਖੋਲ੍ਹਿਆ ਜਾਵੇਗਾ 9ਯਾ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਕਿ ਜੇ ਉਸ ਦਾ ਪੁੱਤ੍ਰ ਉਸ ਤੋਂ ਰੋਟੀ ਮੰਗੇ ਤਾਂ ਉਹ ਨੂੰ ਪੱਥਰ ਦੇਵੇ? 10ਅਤੇ ਜੇ ਮੱਛੀ ਮੰਗੇ ਤਾਂ ਉਹ ਨੂੰ ਸੱਪ ਦੇਵੇ? 11ਸੋ ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਕਿੰਨਾ ਵਧੀਕ ਤੁਹਾਡਾ ਸੁਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆ ਵਸਤਾਂ ਦੇਵਗਾ! 12ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ ਕਿਉਂ ਜੋ ਤੁਰੇਤ ਅਤੇ ਨਬੀਆਂ ਦਾ ਇਹੋ ਮਤਲਬ ਹੈ।। 13ਭੀੜੇ ਫਾਟਕ ਤੋਂ ਵੜੋ ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁਲ੍ਹਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ 14ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।।
15ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਓਹ ਪਾੜਨ ਵਾਲੇ ਬਘਿਆੜ ਹਨ 16ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ। ਭਲਾ, ਕੰਡਿਆਲਿਆਂ ਤੋਂ ਦਾਖ ਯਾ ਊਂਟਕਟਾਰਿਆਂ ਤੋਂ ਹੰਜੀਰ ਤੋਂੜਦੇ ਹਨ? 17ਇਸੇ ਪਰਕਾਰ ਹਰੇਕ ਅੱਛਾ ਬਿਰਛ ਚੰਗਾ ਫਲ ਦਿੰਦਾ ਪਰ ਮਾੜਾ ਬਿਰਛ ਬੁਰਾ ਫਲ ਦਿੰਦਾ ਹੈ 18ਅੱਛਾ ਬਿਰਛ ਬੁਰਾ ਫਲ ਨਹੀਂ ਦੇ ਸੱਕਦਾ ਅਤੇ ਨਾ ਮਾੜਾ ਬਿਰਛ ਚੰਗਾ ਫਲ ਦੇ ਸੱਕਦਾ ਹੈ 19ਹਰੇਕ ਬਿਰਛ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ 20ਸੋ ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ 21ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ 22ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੁ! ਹੇ ਪ੍ਰਭੁ! ਕੀ ਅਸਾਂ ਤੇਰਾ ਨਾਮ ਲੈਕੇ ਅਗੰਮ ਵਾਕ ਨਹੀਂ ਕੀਤਾ? ਅਤੇ ਤੇਰਾ ਨਾਮ ਲੈਕੇ ਭੂਤ ਨਹੀਂ ਕੱਢੇ? ਅਤੇ ਤੇਰਾ ਨਾਮ ਲੈਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀ? 23ਤਦ ਮੈਂ ਉਨ੍ਹਾਂ ਨੂੰ ਸਾਫ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ!।।
24ਸੋ ਹਰੇਕ ਜੋ ਮੇਰੇ ਏਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹ ਨੇ ਪੱਥਰ ਉੱਤੇ ਆਪਣਾ ਘਰ ਬਣਾਇਆ 25ਅਤੇ ਮੀਂਹ ਵਰ੍ਹਿਆ ਅਤੇ ਹੜ੍ਹ ਆਏ ਅਤੇ ਅਨ੍ਹੇਰੀਆਂ ਵਗੀਆਂ ਅਰ ਉਸ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ ਕਿਉਂਕਿ ਉਹ ਦੀ ਨਿਉਂ ਪੱਥਰ ਉੱਤੇ ਧਰੀ ਹੋਈ ਸੀ 26ਅਤੇ ਹਰੇਕ ਜੋ ਮੇਰੇ ਏਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਨਹੀਂ ਚੱਲਦਾ ਉਹ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜਿਹ ਨੇ ਆਪਣਾ ਘਰ ਰੇਤ ਉੱਤੇ ਬਣਾਇਆ 27ਅਤੇ ਮੀਂਹ ਵਰ੍ਹਿਆ ਅਤੇ ਹੜ੍ਹ ਆਏ ਅਤੇ ਅਨ੍ਹੇਰੀਆਂ ਵਗੀਆਂ ਅਰ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਢਹਿ ਪਿਆ ਅਤੇ ਉਹ ਦਾ ਵੱਡਾ ਨਾਸ ਹੋਇਆ।।
28ਅਤੇ ਐਉਂ ਹੋਇਆ ਕਿ ਜਾਂ ਯਿਸੂ ਏਹ ਗੱਲਾਂ ਕਰ ਹਟਿਆ ਤਾਂ ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ 29ਕਿਉਂ ਜੋ ਉਹ ਉਨ੍ਹਾਂ ਦੇ ਗ੍ਰੰਥੀਆਂ ਵਾਂਙੁ ਨਹੀਂ ਪਰ ਇਖ਼ਤਿਆਰ ਵਾਲੇ ਵਾਂਙੁ ਉਨ੍ਹਾਂ ਨੂੰ ਉਪਦੇਸ਼ ਦਿੰਦਾ ਸੀ।।
اکنون انتخاب شده:
ਮੱਤੀ 7: PUNOVBSI
هایلایت
کپی
مقایسه
به اشتراک گذاشتن
می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.