ਮੱਤੀ 9

9
ਮੱਤੀ ਨੂੰ ਸੱਦਾ
1ਉਹ ਬੇੜੀ ਉੱਤੇ ਚੜ੍ਹ ਕੇ ਪਾਰ ਲੰਘਿਆ ਅਰ ਆਪਣੇ ਨਗਰ ਵਿੱਚ ਆਇਆ 2ਅਤੇ ਵੇਖੋ ਇੱਕ ਮੰਜੀ ਉੱਤੇ ਪਏ ਹੋਏ ਅਧਰੰਗੀ ਨੂੰ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੀ ਨਿਹਚਾ ਵੇਖ ਕੇ ਉਸ ਅਧਰੰਗੀ ਨੂੰ ਆਖਿਆ, ਹੇ ਪੁੱਤ੍ਰ ਹੌਂਸਲਾ ਰੱਖ! ਤੇਰੇ ਪਾਪ ਮਾਫ਼ ਹੋਏ 3ਅਤੇ ਵੇਖੋ ਕਈਆਂ ਗ੍ਰੰਥੀਆਂ ਨੇ ਆਪਣੇ ਮਨ ਵਿੱਚ ਕਿਹਾ ਜੋ ਇਹ ਕੁਫ਼ਰ ਬਕਦਾ ਹੈ 4ਤਾਂ ਯਿਸੂ ਨੇ ਉਨ੍ਹਾਂ ਦੀ ਸੋਚ ਵਿਚਾਰ ਮਲੂਮ ਕਰ ਕੇ ਆਖਿਆ, ਤੁਸੀਂ ਕਾਹਨੂੰ ਆਪਣੇ ਮਨ ਵਿੱਚ ਬੁਰੇ ਵਿਚਾਰ ਕਰਦੇ ਹੋ? 5ਭਲਾ, ਕਿਹੜੀ ਗੱਲ ਸੁਖਾਲੀ ਹੈ, ਇਹ ਕਹਿਣਾ ਜੋ ਤੇਰੇ ਪਾਪ ਮਾਫ਼ ਹੋਏ ਯਾ ਇਹ ਕਹਿਣਾ ਭਈ ਉੱਠ ਅਤੇ ਤੁਰ? 6ਪਰ ਇਸ ਲਈ ਜੋ ਤੁਸੀਂ ਜਾਣੋ ਜੋ ਮਨੁੱਖ ਦੇ ਪੁੱਤ੍ਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖ਼ਤਿਆਰ ਹੈ ਤਦ ਉਸ ਨੇ ਅਧਰੰਗੀ ਨੂੰ ਕਿਹਾ, ਉੱਠ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾਹ 7ਤਾਂ ਉਹ ਉੱਠ ਕੇ ਆਪਣੇ ਘਰ ਨੂੰ ਤੁਰ ਗਿਆ 8ਅਤੇ ਭੀੜ ਇਹ ਵੇਖ ਕੇ ਡਰ ਗਈ ਅਤੇ ਪਰਮੇਸ਼ੁਰ ਦੀ ਵਡਿਆਈ ਕੀਤੀ ਜੋ ਉਹ ਨੇ ਮਨੁੱਖਾਂ ਨੂੰ ਐੱਨਾ ਇਖ਼ਤਿਆਰ ਦਿੱਤਾ।।
9ਯਿਸੂ ਨੇ ਉੱਥੋਂ ਅੱਗੇ ਵਧ ਕੇ ਮੱਤੀ ਨਾਮੇ ਇੱਕ ਮਨੁੱਖ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਰ ਉਹ ਨੂੰ ਕਿਹਾ ਭਈ ਮੇਰੇ ਮਗਰ ਹੋ ਤੁਰ, ਅਤੇ ਉਹ ਉੱਠ ਕੇ ਉਹ ਦੇ ਮਗਰ ਹੋ ਤੁਰਿਆ।। 10ਤਾਂ ਐਉਂ ਹੋਇਆ ਕਿ ਜਾਂ ਉਹ ਘਰ ਵਿੱਚ ਰੋਟੀ ਖਾਣ ਬੈਠਾ ਸੀ ਤਾਂ ਵੇਖੋ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਆਣ ਕੇ ਯਿਸੂ ਅਰ ਉਹ ਦੇ ਚੇਲਿਆਂ ਨਾਲ ਬੈਠ ਗਏ 11ਅਤੇ ਫ਼ਰੀਸਿਆਂ ਨੇ ਇਹ ਵੇਖ ਕੇ ਉਹ ਦੇ ਚੇਲਿਆਂ ਨੂੰ ਆਖਿਆ, ਤੁਹਾਡਾ ਗੁਰੂ ਮਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ? 12ਪਰ ਉਹ ਨੇ ਇਹ ਸੁਣ ਕੇ ਕਿਹਾ, ਨਵੇਂ ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੈ 13ਪਰ ਤੁਸੀਂ ਜਾ ਕੇ ਇਹ ਦਾ ਅਰਥ ਸਿੱਖੋ ਕਿ ਮੈਂ ਬਲੀਦਾਨ ਨੂੰ ਨਹੀਂ ਪਰ ਦਯਾ ਨੂੰ ਚਾਹੁੰਦਾ ਹਾਂ ਕਿਉਂ ਜੋ ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ।।
14ਤਦ ਯੂਹੰਨਾ ਦੇ ਚੇਲਿਆਂ ਨੇ ਉਹ ਦੇ ਕੋਲ ਆਣ ਕੇ ਕਿਹਾ ਜੋ ਇਹ ਦਾ ਕੀ ਕਾਰਨ ਹੈ ਕਿ ਅਸੀਂ ਅਤੇ ਫ਼ਰੀਸੀ ਬਹੁਤ ਵਰਤ ਰੱਖਦੇ ਹਾਂ ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ 15ਯਿਸੂ ਨੇ ਉਨ੍ਹਾਂ ਨੂੰ ਆਖਿਆ, ਜਿੰਨਾ ਚਿਰ ਲਾੜਾ ਜਨੇਤੀਆਂ ਦੇ ਨਾਲ ਹੈ ਭਲਾ, ਓਹ ਸੋਗ ਕਰ ਸੱਕਦੇ ਹਨ? ਪਰ ਓਹ ਦਿਨ ਆਉਣਗੇ ਜਦ ਲਾੜਾ ਉਨ੍ਹਾਂ ਤੋਂ ਅੱਡ ਕੀਤਾ ਜਾਵੇਗਾ ਤਦ ਓਹ ਵਰਤ ਰੱਖਣਗੇ 16ਪੁਰਾਣੇ ਕੱਪੜੇ ਨੂੰ ਕੋਰੇ ਦੀ ਟਾਕੀ ਕੋਈ ਨਹੀਂ ਲਾਉਂਦਾ ਕਿਉਂ ਜੋ ਉਹ ਟਾਕੀ ਜਿਹੜੀ ਲਾਈ ਹੈ ਉਸ ਕੱਪੜੇ ਤੋਂ ਕੁਝ ਖਿੱਚ ਲੈਂਦੀ ਹੈ ਅਤੇ ਉਹ ਲੰਗਾਰ ਵਧ ਜਾਂਦਾ ਹੈ 17ਅਤੇ ਨਾ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਭਰਦੇ ਹਨ ਨਹੀਂ ਤਾਂ ਮਸ਼ਕਾਂ ਪਾਟ ਜਾਂਦੀਆਂ ਅਤੇ ਮੈ ਵਗ ਜਾਂਦੀ ਅਤੇ ਮਸ਼ਕਾਂ ਦਾ ਨਾਸ ਹੋ ਜਾਂਦਾ ਹੈ। ਪਰ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ ਸੋ ਓਹ ਦੋਵੇਂ ਬਚ ਰਹਿੰਦੀਆ ਹਨ।।
18ਤਦ ਉਹ ਉਨ੍ਹਾਂ ਨੂੰ ਏਹ ਗੱਲਾਂ ਕਹਿ ਰਿਹਾ ਸੀ ਵੇਖੋ ਇੱਕ ਸਰਦਾਰ ਨੇ ਆਣ ਕੇ ਉਹ ਦੇ ਅੱਗੇ ਮੱਥਾ ਟੇਕਿਆ ਅਤੇ ਆਖਿਆ, ਮੇਰੀ ਬੇਟੀ ਹੁਣੇ ਮਰੀ ਹੈ ਪਰ ਤੂੰ ਆਣ ਕੇ ਆਪਣਾ ਹੱਥ ਉਸ ਉੱਤੇ ਰੱਖ ਤਾਂ ਉਹ ਜੀ ਪਵੇਗੀ 19ਫੇਰ ਯਿਸੂ ਉੱਠ ਕੇ ਆਪਣੇ ਚੇਲਿਆਂ ਸਣੇ ਉਹ ਦੇ ਮਗਰ ਤੁਰ ਪਿਆ 20ਅਰ ਵੇਖੋ ਇੱਕ ਜਨਾਨੀ ਨੇ ਜਿਹ ਦੇ ਬਾਰਾਂ ਵਰਿਹਾਂ ਤੋਂ ਲਹੂ ਆਉਂਦਾ ਸੀ ਪਿੱਛੋਂ ਦੀ ਆਣ ਕੇ ਉਹ ਦੇ ਕੱਪੜੇ ਦਾ ਪੱਲਾ ਛੋਹਿਆ 21ਕਿਉਂ ਜੋ ਉਹ ਆਪਣੇ ਜੀ ਵਿੱਚ ਆਖਦੀ ਸੀ ਭਈ ਜੇ ਮੈਂ ਨਿਰਾ ਉਹ ਦੇ ਕੱਪੜੇ ਨੂੰ ਛੋਹ ਲਵਾਂ ਤਾਂ ਚੰਗੀ ਹੋ ਜਾਵਾਂਗੀ 22ਤਦ ਯਿਸੂ ਨੇ ਪਿਛਾਹਾਂ ਮੁੜ ਕੇ ਅਤੇ ਉਹ ਨੂੰ ਵੇਖ ਕੇ ਆਖਿਆ, ਬੇਟੀ ਹੌਸਲਾ ਰੱਖ! ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ। ਉਹ ਜਨਾਨੀ ਉਸੇ ਘੜੀਓਂ ਚੰਗੀ ਹੋ ਗਈ 23ਤਾਂ ਯਿਸੂ ਸਰਦਾਰ ਦੇ ਘਰ ਵਿੱਚ ਗਿਆ ਅਤੇ ਬੌਂਸਰੀ ਬਜਾਉਣ ਵਾਲਿਆਂ ਨੂੰ ਅਤੇ ਭੀੜ ਨੂੰ ਰੌਲਾ ਪਾਉਂਦੀ ਵੇਖ ਕੇ ਆਖਿਆ 24ਲਾਂਭੇ ਹੋਵੋ ਕਿਉਂ ਜੋ ਕੁੜੀ ਮਰੀ ਨਹੀਂ ਪਰ ਸੁੱਤੀ ਹੈ ਪਰ ਓਹ ਉਸ ਉੱਤੇ ਹੱਸੇ 25ਜਾਂ ਭੀੜ ਬਾਹਰ ਕੱਢੀ ਗਈ ਤਾਂ ਉਸ ਨੇ ਅੰਦਰ ਜਾ ਕੇ ਉਹ ਦਾ ਹੱਥ ਫੜਿਆ ਅਤੇ ਕੁੜੀ ਉੱਠੀ 26ਅਰ ਇਹ ਖ਼ਬਰ ਉਸ ਸਾਰੇ ਦੇਸ ਵਿੱਚ ਖਿੰਡ ਗਈ।।
27ਜਾਂ ਯਿਸੂ ਉੱਥੋਂ ਤੁਰਿਆ ਤਾਂ ਦੋ ਅੰਨ੍ਹੇ ਉਹ ਦੇ ਮਗਰ ਹਾਕਾਂ ਮਾਰਦੇ ਆਏ ਅਤੇ ਬੋਲੇ ਹੇ ਦਾਊਦ ਦੇ ਪੁੱਤ੍ਰ, ਸਾਡੇ ਉੱਤੇ ਦਯਾ ਕਰ! 28ਅਰ ਜਾਂ ਉਹ ਘਰ ਵਿੱਚ ਗਿਆ ਤਾਂ ਓਹ ਅੰਨ੍ਹੇ ਉਹ ਦੇ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਹਾਨੂੰ ਨਿਹਚਾ ਹੈ ਜੋ ਮੈਂ ਇਹ ਕੰਮ ਕਰ ਸੱਕਦਾ ਹਾਂ? ਉਨ੍ਹਾਂ ਉਹ ਨੂੰ ਆਖਿਆ, ਹਾਂ ਪ੍ਰਭੁ ਜੀ 29ਤਦ ਉਹ ਉਨ੍ਹਾਂ ਦੀਆਂ ਅੱਖੀਆਂ ਨੂੰ ਛੋਹ ਕੇ ਬੋਲਿਆ, ਜਿਹੀ ਤੁਹਾਡੀ ਨਿਹਚਾ ਹੈ ਤੁਹਾਡੇ ਲਈ ਤਿਹਾ ਹੀ ਹੋਵੇ 30ਅਤੇ ਉਨ੍ਹਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ ਤਾਂ ਯਿਸੂ ਨੇ ਤਗੀਦ ਨਾਲ ਉਨ੍ਹਾਂ ਨੂੰ ਆਖਿਆ, ਖ਼ਬਰਦਾਰ, ਕੋਈ ਨਾ ਜਾਣੇ! 31ਪਰ ਉਨ੍ਹਾਂ ਨੇ ਨਿੱਕਲ ਕੇ ਉਸ ਸਾਰੇ ਦੇਸ ਵਿੱਚ ਉਹ ਦਾ ਜਸ ਖਿੰਡਾਇਆ।।
32ਫੇਰ ਉਨ੍ਹਾਂ ਦੇ ਬਾਹਰ ਨਿੱਕਲਦਿਆਂ ਹੀ ਵੇਖੋ ਇੱਕ ਗੁੰਗੇ ਨੂੰ ਜਿਹ ਨੂੰ ਭੂਤ ਚਿੰਬੜਿਆ ਹੋਇਆ ਸੀ ਉਹ ਦੇ ਕੋਲ ਲਿਆਏ 33ਅਤੇ ਜਦ ਭੂਤ ਕੱਢਿਆ ਗਿਆ ਤਦ ਗੁੰਗਾ ਬੋਲਣ ਲੱਗ ਪਿਆ ਅਤੇ ਭੀੜ ਅਚਰਜ ਮੰਨ ਕੇ ਆਖਣ ਲੱਗੀ ਭਈ ਇਸਰਾਏਲ ਵਿੱਚ ਇਸ ਪਰਕਾਰ ਕਦੀ ਨਹੀਂ ਵੇਖਿਆ! 34ਪਰ ਫ਼ਰੀਸੀਆਂ ਨੇ ਕਿਹਾ, ਉਹ ਤਾਂ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।।
35ਯਿਸੂ ਉਨ੍ਹਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ ਖ਼ਬਰੀ ਦਾ ਪਰਚਾਰ ਕਰਦਾ ਹੋਇਆ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਦੂਰ ਕਰਦਾ ਹੋਇਆ ਸਰਬੱਤ ਨਗਰਾਂ ਅਤੇ ਪਿੰਡਾਂ ਵਿੱਚ ਫਿਰਿਆ 36ਅਤੇ ਜਾਂ ਉਹ ਨੇ ਭੀੜ੍ਹਾਂ ਵੇਖੀਆਂ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ 37ਤਦ ਉਹ ਨੇ ਆਪਣੇ ਚੇਲਿਆਂ ਨੂੰ ਆਖਿਆ, ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ 38ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।।

اکنون انتخاب شده:

ਮੱਤੀ 9: PUNOVBSI

های‌لایت

کپی

مقایسه

به اشتراک گذاشتن

None

می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید