ਯਾਕੂਬ 1
1
ਸਲਾਮ
1ਪਰਮੇਸ਼ਰ ਦੇ ਅਤੇ ਪ੍ਰਭੂ ਯਿਸੂ ਮਸੀਹ ਦੇ ਦਾਸ ਯਾਕੂਬ ਦੀ ਵੱਲੋਂ ਉਨ੍ਹਾਂ ਬਾਰਾਂ ਗੋਤਾਂ ਨੂੰ ਸਲਾਮ ਜਿਹੜੇ ਖਿੰਡੇ ਹੋਏ ਹਨ।
ਵਿਸ਼ਵਾਸ ਦੀ ਪਰਖ
2ਹੇ ਮੇਰੇ ਭਾਈਓ, ਜਦੋਂ ਤੁਸੀਂ ਭਾਂਤ-ਭਾਂਤ ਦੇ ਪਰਤਾਵਿਆਂ ਵਿੱਚ ਪੈਂਦੇ ਹੋ ਤਾਂ ਇਸ ਨੂੰ ਸੰਪੂਰਨ ਅਨੰਦ ਦੀ ਗੱਲ ਜਾਣੋ, 3ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿਸ਼ਵਾਸ ਦਾ ਪਰਖਿਆ ਜਾਣਾ ਧੀਰਜ ਨੂੰ ਪੈਦਾ ਕਰਦਾ ਹੈ। 4ਧੀਰਜ ਨੂੰ ਆਪਣਾ ਕੰਮ ਪੂਰਾ ਕਰਨ ਦਿਓ ਤਾਂਕਿ ਤੁਸੀਂ ਸਿੱਧ ਅਤੇ ਸੰਪੂਰਨ ਹੋ ਜਾਓ ਅਤੇ ਤੁਹਾਡੇ ਵਿੱਚ ਕਿਸੇ ਗੱਲ ਦੀ ਕਮੀ ਨਾ ਹੋਵੇ। 5ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦੀ ਘਾਟ ਹੋਵੇ ਤਾਂ ਉਹ ਪਰਮੇਸ਼ਰ ਕੋਲੋਂ ਮੰਗੇ ਜਿਹੜਾ ਸਭ ਨੂੰ ਖੁੱਲ੍ਹੇ ਦਿਲ ਅਤੇ ਬਿਨਾਂ ਉਲਾਂਭੇ ਦਿੰਦਾ ਹੈ ਅਤੇ ਇਹ ਉਸ ਨੂੰ ਦਿੱਤੀ ਜਾਵੇਗੀ। 6ਪਰ ਉਹ ਵਿਸ਼ਵਾਸ ਨਾਲ ਮੰਗੇ ਅਤੇ ਸ਼ੱਕ ਨਾ ਕਰੇ, ਕਿਉਂਕਿ ਸ਼ੱਕ ਕਰਨ ਵਾਲਾ ਸਮੁੰਦਰ ਦੀ ਲਹਿਰ ਵਰਗਾ ਹੈ ਜੋ ਹਵਾ ਦੁਆਰਾ ਵਹਾਈ ਅਤੇ ਉਛਾਲੀ ਜਾਂਦੀ ਹੈ। 7ਅਜਿਹਾ ਮਨੁੱਖ ਕਦੇ ਨਾ ਸੋਚੇ ਕਿ ਉਸ ਨੂੰ ਪ੍ਰਭੂ ਤੋਂ ਕੁਝ ਮਿਲੇਗਾ, 8ਕਿਉਂਕਿ ਉਹ ਦੁਚਿੱਤਾ ਹੈ ਅਤੇ ਆਪਣੇ ਸਾਰੇ ਰਾਹਾਂ ਵਿੱਚ ਅਸਥਿਰ ਹੈ।
9ਪਰ ਗਰੀਬ ਭਾਈ ਆਪਣੀ ਉੱਚੀ ਦਸ਼ਾ ਉੱਤੇ ਅਭਿਮਾਨ ਕਰੇ 10ਅਤੇ ਧਨਵਾਨ ਭਾਈ ਆਪਣੀ ਦੀਨ ਦਸ਼ਾ ਉੱਤੇ; ਕਿਉਂਕਿ ਘਾਹ ਦੇ ਫੁੱਲ ਵਾਂਗ ਉਸ ਦਾ ਅੰਤ ਹੋ ਜਾਵੇਗਾ। 11ਸੂਰਜ ਆਪਣੀ ਤੇਜ਼ ਧੁੱਪ ਨਾਲ ਚੜ੍ਹਦਾ ਅਤੇ ਘਾਹ ਨੂੰ ਸੁਕਾ ਦਿੰਦਾ ਹੈ ਤੇ ਇਸ ਦਾ ਫੁੱਲ ਝੜ ਜਾਂਦਾ ਹੈ ਅਤੇ ਇਸ ਦੀ ਵਿਖਾਈ ਦੇਣ ਵਾਲੀ ਸੁੰਦਰਤਾ ਖ਼ਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਧਨਵਾਨ ਵੀ ਆਪਣੇ ਰਾਹਾਂ ਉੱਤੇ ਚੱਲਦਾ-ਚੱਲਦਾ ਖ਼ਤਮ ਹੋ ਜਾਵੇਗਾ।
12ਧੰਨ ਹੈ ਉਹ ਮਨੁੱਖ ਜਿਹੜਾ ਪਰਤਾਵੇ ਵਿੱਚ ਸਥਿਰ ਰਹਿੰਦਾ ਹੈ, ਕਿਉਂਕਿ ਜਦੋਂ ਉਹ ਖਰਾ ਨਿੱਕਲਿਆ ਤਾਂ ਜੀਵਨ ਦੇ ਉਸ ਤਾਜ ਨੂੰ ਪ੍ਰਾਪਤ ਕਰੇਗਾ ਜਿਸ ਦਾ ਵਾਇਦਾ ਪਰਮੇਸ਼ਰ ਨੇ ਆਪਣੇ ਪ੍ਰੇਮ ਕਰਨ ਵਾਲਿਆਂ ਨਾਲ ਕੀਤਾ ਹੈ। 13ਜਦੋਂ ਕੋਈ ਪਰਤਾਇਆ ਜਾਂਦਾ ਹੈ ਤਾਂ ਉਹ ਇਹ ਨਾ ਕਹੇ ਕਿ ਮੈਂ ਪਰਮੇਸ਼ਰ ਵੱਲੋਂ ਪਰਤਾਇਆ ਜਾ ਰਿਹਾ ਹਾਂ; ਕਿਉਂਕਿ ਪਰਮੇਸ਼ਰ ਨੂੰ ਬੁਰੀਆਂ ਗੱਲਾਂ ਦੁਆਰਾ ਨਹੀਂ ਪਰਤਾਇਆ ਜਾ ਸਕਦਾ#1:13 ਜਾਂ ਪਰਮੇਸ਼ਰ ਦਾ ਬੁਰਾਈ ਨਾਲ ਕੋਈ ਵਾਸਤਾ ਨਹੀਂ। ਅਤੇ ਨਾ ਹੀ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ। 14ਪਰ ਹਰੇਕ ਵਿਅਕਤੀ ਆਪਣੀ ਹੀ ਕਾਮਨਾ ਦੁਆਰਾ ਲਲਚਾਏ ਅਤੇ ਫਸਾਏ ਜਾ ਕੇ ਪਰਤਾਵੇ ਵਿੱਚ ਪੈਂਦਾ ਹੈ। 15ਤਦ ਕਾਮਨਾ ਗਰਭਵਤੀ ਹੋ ਕੇ ਪਾਪ ਨੂੰ ਜਨਮ ਦਿੰਦੀ ਹੈ ਅਤੇ ਪਾਪ ਵਧਕੇ ਮੌਤ ਨੂੰ ਜਨਮ ਦਿੰਦਾ ਹੈ।
16ਹੇ ਮੇਰੇ ਪਿਆਰੇ ਭਾਈਓ, ਧੋਖਾ ਨਾ ਖਾਓ। 17ਹਰੇਕ ਉੱਤਮ ਦਾਨ ਅਤੇ ਹਰੇਕ ਸਿੱਧ ਵਰਦਾਨ ਉੱਪਰੋਂ ਉਸ ਜੋਤਾਂ ਦੇ ਪਿਤਾ ਵੱਲੋਂ ਆਉਂਦਾ ਹੈ ਜਿਸ ਵਿੱਚ ਨਾ ਕੋਈ ਬਦਲਾਵ ਹੈ ਅਤੇ ਨਾ ਹੀ ਘੁੰਮਣ ਵਾਲਾ ਪਰਛਾਵਾਂ। 18ਉਸ ਨੇ ਆਪਣੀ ਇੱਛਾ ਨਾਲ ਸਾਨੂੰ ਸੱਚ ਦੇ ਵਚਨ ਦੁਆਰਾ ਜਨਮ ਦਿੱਤਾ, ਤਾਂਕਿ ਅਸੀਂ ਉਸ ਦੀਆਂ ਸਿਰਜੀਆਂ ਹੋਈਆਂ ਵਸਤਾਂ ਵਿੱਚੋਂ ਪਹਿਲੇ ਫਲ ਜਿਹੇ ਹੋਈਏ।
ਸੁਣਨਾ ਅਤੇ ਕਰਨਾ
19ਹੇ ਮੇਰੇ ਪਿਆਰੇ ਭਾਈਓ, ਇਹ ਜਾਣ ਲਵੋ ਕਿ#1:19 ਕੁਝ ਹਸਤਲੇਖਾਂ ਵਿੱਚ “ਹੇ ਮੇਰੇ ਪਿਆਰੇ ਭਾਈਓ, ਤੁਸੀਂ ਇਹ ਜਾਣ ਲਵੋ ਕਿ” ਦੇ ਸਥਾਨ 'ਤੇ “ਇਸ ਲਈ ਮੇਰੇ ਪਿਆਰੇ ਭਾਈਓ” ਲਿਖਿਆ ਹੈ। ਹਰੇਕ ਮਨੁੱਖ ਸੁਣਨ ਵਿੱਚ ਕਾਹਲਾ, ਬੋਲਣ ਵਿੱਚ ਧੀਮਾ ਅਤੇ ਕ੍ਰੋਧ ਵਿੱਚ ਵੀ ਧੀਮਾ ਹੋਵੇ। 20ਕਿਉਂਕਿ ਮਨੁੱਖ ਦਾ ਕ੍ਰੋਧ ਪਰਮੇਸ਼ਰ ਦੀ ਧਾਰਮਿਕਤਾ ਨੂੰ ਪੈਦਾ ਨਹੀਂ ਕਰ ਸਕਦਾ। 21ਇਸ ਲਈ ਸਾਰੀ ਗੰਦਗੀ ਅਤੇ ਸਾਰੀ ਬੁਰਾਈ ਨੂੰ ਤਿਆਗ ਕੇ ਉਸ ਬੀਜੇ ਗਏ ਵਚਨ ਨੂੰ ਨਿਮਰਤਾ ਸਹਿਤ ਗ੍ਰਹਿਣ ਕਰੋ ਜਿਹੜਾ ਤੁਹਾਡੇ ਪ੍ਰਾਣਾਂ ਨੂੰ ਬਚਾ ਸਕਦਾ ਹੈ।
22ਵਚਨ ਉੱਤੇ ਚੱਲਣ ਵਾਲੇ ਬਣੋ, ਨਾ ਕੇਵਲ ਸੁਣ ਕੇ ਆਪਣੇ ਆਪ ਨੂੰ ਧੋਖਾ ਦੇਣ ਵਾਲੇ। 23ਕਿਉਂਕਿ ਜੇ ਕੋਈ ਵਚਨ ਦਾ ਸੁਣਨ ਵਾਲਾ ਹੈ, ਪਰ ਇਸ ਉੱਤੇ ਚੱਲਣ ਵਾਲਾ ਨਹੀਂ ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਸ਼ੀਸ਼ੇ ਵਿੱਚ ਆਪਣੇ ਅਸਲ ਚਿਹਰੇ ਨੂੰ ਵੇਖਦਾ ਹੈ; 24ਕਿਉਂਕਿ ਉਹ ਆਪਣੇ ਆਪ ਨੂੰ ਵੇਖ ਕੇ ਚਲਾ ਜਾਂਦਾ ਹੈ ਅਤੇ ਤੁਰੰਤ ਭੁੱਲ ਜਾਂਦਾ ਹੈ ਕਿ ਉਹ ਕਿਹੋ ਜਿਹਾ ਸੀ। 25ਪਰ ਜਿਹੜਾ ਅਜ਼ਾਦੀ ਦੀ ਸਿੱਧ ਬਿਵਸਥਾ ਉੱਤੇ ਗੌਰ ਕਰਦਾ ਹੈ ਅਤੇ ਇਸ ਵਿੱਚ ਬਣਿਆ ਰਹਿੰਦਾ ਹੈ ਅਤੇ ਸੁਣ ਕੇ ਭੁੱਲਣ ਵਾਲਾ ਨਹੀਂ ਸਗੋਂ ਇਸ ਉੱਤੇ ਚੱਲਣ ਵਾਲਾ ਹੈ, ਉਹ ਆਪਣੇ ਕੰਮਾਂ ਵਿੱਚ ਬਰਕਤ ਪਾਵੇਗਾ।
26ਜੇ ਕੋਈ ਆਪਣੇ ਆਪ ਨੂੰ ਭਗਤ ਸਮਝਦਾ ਹੈ, ਪਰ ਆਪਣੀ ਜੀਭ ਨੂੰ ਲਗਾਮ ਨਹੀਂ ਲਾਉਂਦਾ ਤਾਂ ਉਹ ਆਪਣੇ ਦਿਲ ਨੂੰ ਧੋਖਾ ਦਿੰਦਾ ਹੈ ਅਤੇ ਉਸ ਦੀ ਭਗਤੀ ਵਿਅਰਥ ਹੈ। 27ਸਾਡੇ ਪਰਮੇਸ਼ਰ ਅਤੇ ਪਿਤਾ ਦੇ ਸਨਮੁੱਖ ਸ਼ੁੱਧ ਅਤੇ ਸੱਚੀ ਭਗਤੀ ਇਹ ਹੈ: ਅਨਾਥਾਂ ਅਤੇ ਵਿਧਵਾਵਾਂ ਦੇ ਦੁੱਖ ਵਿੱਚ ਉਨ੍ਹਾਂ ਦੀ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਸੰਸਾਰ ਤੋਂ ਬੇਦਾਗ਼ ਰੱਖਣਾ।
Currently Selected:
ਯਾਕੂਬ 1: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative