Bible App logo
Search Icon

ਇਬਰਾਨੀਆਂ 13

13
ਆਖਰੀ ਹਿਦਾਇਤਾਂ
1ਭਰੱਪਣ ਦਾ ਪ੍ਰੇਮ ਬਣਿਆ ਰਹੇ। 2ਪਰਾਹੁਣਚਾਰੀ ਕਰਨੀ ਨਾ ਭੁੱਲੋ, ਕਿਉਂਕਿ ਇਸ ਦੇ ਦੁਆਰਾ ਕਈਆਂ ਨੇ ਅਣਜਾਣੇ ਵਿੱਚ ਹੀ ਸਵਰਗਦੂਤਾਂ ਦਾ ਸੁਆਗਤ ਕੀਤਾ ਹੈ। 3ਕੈਦੀਆਂ ਨੂੰ ਯਾਦ ਰੱਖੋ ਜਿਵੇਂ ਕਿ ਤੁਸੀਂ ਆਪ ਉਨ੍ਹਾਂ ਦੇ ਨਾਲ ਕੈਦੀ ਹੋ ਅਤੇ ਦੁਰਵਿਹਾਰ ਸਹਿਣ ਵਾਲਿਆਂ ਨੂੰ ਵੀ, ਕਿਉਂਕਿ ਤੁਸੀਂ ਵੀ ਸਰੀਰ ਵਿੱਚ ਹੋ।
4ਵਿਆਹ ਸਭਨਾਂ ਵੱਲੋਂ ਆਦਰਯੋਗ ਸਮਝਿਆ ਜਾਵੇ ਅਤੇ ਵਿਆਹ ਦਾ ਬਿਸਤਰਾ ਬੇਦਾਗ਼ ਰਹੇ, ਕਿਉਂਕਿ ਪਰਮੇਸ਼ਰ ਜ਼ਨਾਹਕਾਰੀਆਂ ਅਤੇ ਵਿਭਚਾਰੀਆਂ ਦਾ ਨਿਆਂ ਕਰੇਗਾ।
5ਤੁਹਾਡਾ ਜੀਵਨ ਲੋਭ ਰਹਿਤ ਹੋਵੇ ਅਤੇ ਜੋ ਕੁਝ ਤੁਹਾਡੇ ਕੋਲ ਹੈ ਉਸੇ ਵਿੱਚ ਸੰਤੁਸ਼ਟ ਰਹੋ; ਕਿਉਂਕਿ ਉਸ ਨੇ ਆਪ ਕਿਹਾ ਹੈ:“ਮੈਂ ਤੈਨੂੰ ਕਦੇ ਨਾ ਛੱਡਾਂਗਾ ਅਤੇ ਨਾ ਕਦੇ ਤਿਆਗਾਂਗਾ।”#ਬਿਵਸਥਾ 31:6,8 6ਇਸ ਲਈ ਅਸੀਂ ਦਲੇਰੀ ਨਾਲ ਕਹਿੰਦੇ ਹਾਂ:
ਪ੍ਰਭੂ ਮੇਰਾ ਸਹਾਇਕ ਹੈ,
ਮੈਂ ਨਾ ਡਰਾਂਗਾ।
ਮਨੁੱਖ ਮੇਰਾ ਕੀ ਕਰੇਗਾ? # ਜ਼ਬੂਰ 118:6
7ਆਪਣੇ ਆਗੂਆਂ ਨੂੰ ਯਾਦ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ਰ ਦਾ ਵਚਨ ਸੁਣਾਇਆ। ਉਨ੍ਹਾਂ ਦੀ ਚਾਲ ਦੇ ਨਤੀਜੇ 'ਤੇ ਧਿਆਨ ਕਰਦੇ ਹੋਏ ਉਨ੍ਹਾਂ ਦੇ ਵਿਸ਼ਵਾਸ ਦੀ ਰੀਸ ਕਰੋ। 8ਯਿਸੂ ਮਸੀਹ ਕੱਲ੍ਹ, ਅੱਜ ਅਤੇ ਯੁਗੋ-ਯੁਗ ਇੱਕੋ ਜਿਹਾ ਹੈ।
9ਭਾਂਤ-ਭਾਂਤ ਦੀਆਂ ਅਤੇ ਓਪਰੀਆਂ ਸਿੱਖਿਆਵਾਂ ਨਾਲ ਭਰਮਾਏ ਨਾ ਜਾਓ; ਚੰਗਾ ਇਹ ਹੈ ਕਿ ਮਨ ਕਿਰਪਾ ਨਾਲ ਦ੍ਰਿੜ੍ਹ ਹੋਵੇ, ਨਾ ਕਿ ਭੋਜਨ-ਵਸਤਾਂ ਨਾਲ; ਕਿਉਂਕਿ ਭੋਜਨ ਲਈ ਜੀਉਣ ਵਾਲਿਆਂ ਨੂੰ ਇਸ ਤੋਂ ਕੋਈ ਲਾਭ ਨਾ ਹੋਇਆ। 10ਸਾਡੀ ਇੱਕ ਜਗਵੇਦੀ ਹੈ ਜਿੱਥੋਂ ਖਾਣ ਦਾ ਅਧਿਕਾਰ ਤੰਬੂ ਦੀ ਸੇਵਾ ਕਰਨ ਵਾਲਿਆਂ ਨੂੰ ਨਹੀਂ ਹੈ, 11ਕਿਉਂਕਿ ਉਨ੍ਹਾਂ ਜਾਨਵਰਾਂ ਦੀਆਂ ਲੋਥਾਂ ਜਿਨ੍ਹਾਂ ਦਾ ਲਹੂ ਮਹਾਂਯਾਜਕ ਪਾਪ-ਬਲੀ ਦੇ ਰੂਪ ਵਿੱਚ ਅੱਤ ਪਵਿੱਤਰ ਸਥਾਨ ਦੇ ਅੰਦਰ ਲੈ ਕੇ ਜਾਂਦਾ ਹੈ, ਡੇਰੇ ਤੋਂ ਬਾਹਰ ਸਾੜੀਆਂ ਜਾਂਦੀਆਂ ਹਨ। 12ਇਸ ਲਈ ਯਿਸੂ ਨੇ ਵੀ ਫਾਟਕ ਤੋਂ ਬਾਹਰ ਦੁੱਖ ਝੱਲਿਆ ਤਾਂਕਿ ਲੋਕਾਂ ਨੂੰ ਆਪਣੇ ਲਹੂ ਦੁਆਰਾ ਪਵਿੱਤਰ ਕਰੇ। 13ਇਸ ਲਈ ਆਓ, ਅਸੀਂ ਉਸ ਦੀ ਖਾਤਰ ਨਿੰਦਾ ਸਹਿੰਦੇ ਹੋਏ ਡੇਰੇ ਦੇ ਬਾਹਰ ਉਸ ਕੋਲ ਚੱਲੀਏ। 14ਕਿਉਂਕਿ ਇੱਥੇ ਸਾਡਾ ਕੋਈ ਸਥਾਈ ਨਗਰ ਨਹੀਂ ਹੈ, ਸਗੋਂ ਅਸੀਂ ਆਉਣ ਵਾਲੇ ਨਗਰ ਦੀ ਭਾਲ ਵਿੱਚ ਹਾਂ।
15ਇਸ ਲਈ ਆਓ, ਅਸੀਂ ਉਸ ਦੇ ਦੁਆਰਾ ਹਮੇਸ਼ਾ ਪਰਮੇਸ਼ਰ ਨੂੰ ਉਸਤਤ ਦਾ ਬਲੀਦਾਨ ਚੜ੍ਹਾਉਂਦੇ ਰਹੀਏ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜੋ ਉਸ ਦੇ ਨਾਮ ਦਾ ਇਕਰਾਰ ਕਰਦੇ ਹਨ। 16ਭਲਾਈ ਕਰਨਾ ਅਤੇ ਸਹਾਇਤਾ ਕਰਨਾ ਨਾ ਭੁੱਲੋ, ਕਿਉਂਕਿ ਪਰਮੇਸ਼ਰ ਅਜਿਹੇ ਬਲੀਦਾਨਾਂ ਤੋਂ ਪ੍ਰਸੰਨ ਹੁੰਦਾ ਹੈ।
17ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਨ੍ਹਾਂ ਦੇ ਅਧੀਨ ਰਹੋ; ਉਹ ਇਹ ਜਾਣਦੇ ਹੋਏ ਕਿ ਉਨ੍ਹਾਂ ਨੇ ਲੇਖਾ ਦੇਣਾ ਹੈ, ਤੁਹਾਡੇ ਪ੍ਰਾਣਾਂ ਦੀ ਚੌਕਸੀ ਕਰਦੇ ਹਨ। ਇਹ ਕੰਮ ਉਨ੍ਹਾਂ ਨੂੰ ਅਨੰਦ ਨਾਲ ਕਰਨ ਦਿਓ ਨਾ ਕਿ ਹਉਕੇ ਭਰਦੇ ਹੋਏ, ਕਿਉਂ ਜੋ ਇਸ ਤੋਂ ਤੁਹਾਨੂੰ ਕੋਈ ਲਾਭ ਨਹੀਂ ਹੋਵੇਗਾ।
18ਸਾਡੇ ਲਈ ਪ੍ਰਾਰਥਨਾ ਕਰਦੇ ਰਹੋ; ਸਾਨੂੰ ਭਰੋਸਾ ਹੈ ਕਿ ਸਾਡਾ ਵਿਵੇਕ ਸ਼ੁੱਧ ਹੈ ਅਤੇ ਅਸੀਂ ਸਭਨਾਂ ਗੱਲਾਂ ਵਿੱਚ ਚੰਗੀ ਚਾਲ ਚੱਲਣਾ ਚਾਹੁੰਦੇ ਹਾਂ। 19ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਹੋਰ ਵੀ ਵਧਕੇ ਕਰੋ ਤਾਂਕਿ ਮੈਂ ਤੁਹਾਡੇ ਕੋਲ ਛੇਤੀ ਵਾਪਸ ਆ ਸਕਾਂ।
ਅਸੀਸ ਦਾ ਵਚਨ
20ਹੁਣ ਸ਼ਾਂਤੀ ਦਾ ਪਰਮੇਸ਼ਰ ਜਿਸ ਨੇ ਭੇਡਾਂ ਦੇ ਮਹਾਨ ਚਰਵਾਹੇ ਸਾਡੇ ਪ੍ਰਭੂ ਯਿਸੂ ਨੂੰ ਸਦੀਪਕ ਨੇਮ ਦੇ ਲਹੂ ਦੁਆਰਾ ਮੁਰਦਿਆਂ ਵਿੱਚੋਂ ਜਿਵਾਇਆ, 21ਤੁਹਾਨੂੰ ਹਰੇਕ ਭਲੇ ਕੰਮ ਲਈ ਤਿਆਰ ਕਰੇ ਤਾਂਕਿ ਤੁਸੀਂ ਉਸ ਦੀ ਇੱਛਾ ਨੂੰ ਪੂਰਾ ਕਰੋ ਅਤੇ ਯਿਸੂ ਮਸੀਹ ਦੇ ਰਾਹੀਂ ਸਾਡੇ ਅੰਦਰ ਉਹ ਕੰਮ ਕਰੇ ਜੋ ਉਸ ਨੂੰ ਭਾਉਂਦਾ ਹੈ। ਉਸੇ ਦੀ ਮਹਿਮਾ ਯੁਗੋ-ਯੁਗ ਹੁੰਦੀ ਰਹੇ। ਆਮੀਨ।
22ਹੇ ਭਾਈਓ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਪਦੇਸ਼ ਦੇ ਇਸ ਵਚਨ ਨੂੰ ਧੀਰਜ ਨਾਲ ਸੁਣੋ, ਕਿਉਂਕਿ ਮੈਂ ਤੁਹਾਨੂੰ ਬਹੁਤ ਸੰਖੇਪ ਵਿੱਚ ਲਿਖਿਆ ਹੈ। 23ਤੁਸੀਂ ਜਾਣ ਲਵੋ ਕਿ ਸਾਡਾ ਭਾਈ ਤਿਮੋਥਿਉਸ ਕੈਦ ਵਿੱਚੋਂ ਰਿਹਾਅ ਹੋ ਗਿਆ ਹੈ। ਜੇ ਉਹ ਛੇਤੀ ਆ ਗਿਆ ਤਾਂ ਮੈਂ ਉਸ ਦੇ ਨਾਲ ਆ ਕੇ ਤੁਹਾਨੂੰ ਮਿਲਾਂਗਾ। 24ਆਪਣੇ ਸਾਰੇ ਆਗੂਆਂ ਨੂੰ ਅਤੇ ਸਾਰੇ ਸੰਤਾਂ#13:24 ਅਰਥਾਤ ਪਵਿੱਤਰ ਲੋਕਾਂ ਨੂੰ ਸਲਾਮ ਕਹਿਣਾ। ਇਤਾਲਿਯਾ#13:24 ਆਧੁਨਿਕ ਨਾਮ ਇਟਲੀ ਵਾਲੇ ਤੁਹਾਨੂੰ ਸਲਾਮ ਕਹਿੰਦੇ ਹਨ। 25ਤੁਹਾਡੇ ਸਭਨਾਂ ਉੱਤੇ ਕਿਰਪਾ ਬਣੀ ਰਹੇ। ਆਮੀਨ।#13:25 ਕੁਝ ਹਸਤਲੇਖਾਂ ਵਿੱਚ “ਆਮੀਨ” ਨਹੀਂ ਹੈ।

Highlight

Copy

Compare

Share

None

Want to have your highlights saved across all your devices? Sign up or sign in