Bible App logo
Search Icon

2 ਤਿਮੋਥਿਉਸ 4

4
ਵਚਨ ਦਾ ਪ੍ਰਚਾਰ ਕਰ
1ਮੈਂ ਪਰਮੇਸ਼ਰ ਦੇ ਅਤੇ ਮਸੀਹ ਯਿਸੂ#4:1 ਕੁਝ ਹਸਤਲੇਖਾਂ ਵਿੱਚ “ਮਸੀਹ ਯਿਸੂ” ਦੇ ਸਥਾਨ 'ਤੇ “ਪ੍ਰਭੂ ਯਿਸੂ ਮਸੀਹ” ਲਿਖਿਆ ਹੈ। ਦੇ ਸਨਮੁੱਖ ਜੋ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰੇਗਾ, ਉਸ ਦੇ ਪਰਗਟ ਹੋਣ ਅਤੇ ਉਸ ਦੇ ਰਾਜ ਦਾ ਹਵਾਲਾ ਦੇ ਕੇ ਤੈਨੂੰ ਇਹ ਹਿਦਾਇਤ ਦਿੰਦਾ ਹਾਂ: 2ਵਚਨ ਦਾ ਪ੍ਰਚਾਰ ਕਰ, ਵੇਲੇ ਕੁਵੇਲੇ ਤਿਆਰ ਰਹਿ, ਪੂਰੇ ਧੀਰਜ ਸਹਿਤ ਸਿੱਖਿਆ ਦਿੰਦੇ ਹੋਏ ਸਮਝਾ, ਤਾੜਨਾ ਦੇ ਅਤੇ ਉਤਸ਼ਾਹਿਤ ਕਰ।
3ਕਿਉਂਕਿ ਉਹ ਸਮਾਂ ਆਵੇਗਾ ਜਦੋਂ ਉਹ ਚੰਗੀ ਸਿੱਖਿਆ ਨੂੰ ਸਹਿਣ ਨਹੀਂ ਕਰਨਗੇ, ਸਗੋਂ ਆਪਣੀਆਂ ਲਾਲਸਾਵਾਂ ਦੇ ਅਨੁਸਾਰ ਆਪਣੇ ਲਈ ਅਜਿਹੇ ਗੁਰੂ ਇਕੱਠੇ ਕਰਨਗੇ ਜੋ ਉਨ੍ਹਾਂ ਦੇ ਕੰਨਾਂ ਨੂੰ ਚੰਗੀ ਲੱਗਣ ਵਾਲੀ ਸਿੱਖਿਆ ਦੇਣ। 4ਉਹ ਆਪਣੇ ਕੰਨਾਂ ਨੂੰ ਸੱਚ ਤੋਂ ਫੇਰ ਕੇ ਕਾਲਪਨਿਕ ਗੱਲਾਂ ਵੱਲ ਲਾਉਣਗੇ। 5ਪਰ ਤੂੰ ਸਭਨਾਂ ਗੱਲਾਂ ਵਿੱਚ ਸੰਜਮੀ ਰਹਿ, ਦੁੱਖ ਝੱਲ, ਖੁਸ਼ਖ਼ਬਰੀ ਦੇ ਪ੍ਰਚਾਰ ਦਾ ਕੰਮ ਕਰ ਅਤੇ ਆਪਣੀ ਸੇਵਕਾਈ ਨੂੰ ਚੰਗੀ ਤਰ੍ਹਾਂ ਪੂਰਾ ਕਰ 6ਕਿਉਂਕਿ ਹੁਣ ਮੈਂ ਅਰਘ ਵਾਂਗ ਉਂਡੇਲਿਆ ਜਾ ਰਿਹਾ ਹਾਂ ਅਤੇ ਮੇਰੇ ਕੂਚ ਦਾ ਸਮਾਂ ਆ ਪਹੁੰਚਿਆ ਹੈ। 7ਮੈਂ ਚੰਗੀ ਲੜਾਈ ਲੜੀ ਹੈ; ਮੈਂ ਆਪਣੀ ਦੌੜ ਪੂਰੀ ਕਰ ਲਈ ਹੈ; ਮੈਂ ਵਿਸ਼ਵਾਸ ਨੂੰ ਫੜੀ ਰੱਖਿਆ ਹੈ। 8ਹੁਣ ਮੇਰੇ ਲਈ ਧਾਰਮਿਕਤਾ ਦਾ ਉਹ ਤਾਜ ਰੱਖਿਆ ਹੋਇਆ ਹੈ ਜੋ ਪ੍ਰਭੂ ਜਿਹੜਾ ਧਰਮੀ ਨਿਆਂਕਾਰ ਹੈ ਉਸ ਦਿਨ ਮੈਨੂੰ ਦੇਵੇਗਾ, ਬਲਕਿ ਮੈਨੂੰ ਹੀ ਨਹੀਂ ਸਗੋਂ ਉਨ੍ਹਾਂ ਸਭਨਾਂ ਨੂੰ ਵੀ ਜਿਨ੍ਹਾਂ ਉਸ ਦੇ ਪਰਗਟ ਹੋਣ ਨੂੰ ਪਿਆਰਾ ਜਾਣਿਆ।
ਆਖਰੀ ਨਿਰਦੇਸ਼
9ਛੇਤੀ ਮੇਰੇ ਕੋਲ ਆਉਣ ਦਾ ਯਤਨ ਕਰ, 10ਕਿਉਂਕਿ ਦੇਮਾਸ ਨੇ ਇਸ ਸੰਸਾਰ ਨੂੰ ਪਿਆਰਾ ਜਾਣ ਕੇ ਮੈਨੂੰ ਛੱਡ ਦਿੱਤਾ ਅਤੇ ਥੱਸਲੁਨੀਕਿਯਾ ਨੂੰ ਚਲਾ ਗਿਆ; ਕਰੇਸਕੇਸ ਗਲਾਤਿਯਾ ਨੂੰ ਅਤੇ ਤੀਤੁਸ ਦਲਮਾਤਿਯਾ ਨੂੰ ਚਲਾ ਗਿਆ; 11ਕੇਵਲ ਲੂਕਾ ਮੇਰੇ ਨਾਲ ਹੈ। ਮਰਕੁਸ ਨੂੰ ਆਪਣੇ ਨਾਲ ਲੈਂਦਾ ਆਵੀਂ, ਕਿਉਂਕਿ ਉਹ ਸੇਵਾ ਵਿੱਚ ਮੇਰੇ ਲਈ ਉਪਯੋਗੀ ਹੈ। 12ਤੁਖਿਕੁਸ ਨੂੰ ਮੈਂ ਅਫ਼ਸੁਸ ਭੇਜ ਦਿੱਤਾ ਹੈ। 13ਜਦੋਂ ਤੂੰ ਆਵੇਂ ਤਾਂ ਉਹ ਚੋਗਾ ਲੈਂਦਾ ਆਵੀਂ ਜੋ ਮੈਂ ਤ੍ਰੋਆਸ ਵਿੱਚ ਕਾਰਪੁਸ ਦੇ ਕੋਲ ਛੱਡਿਆ ਸੀ ਅਤੇ ਨਾਲ ਹੀ ਪੁਸਤਕਾਂ ਵੀ, ਖਾਸ ਕਰਕੇ ਚਰਮ-ਪੱਤਰ। 14ਸਿਕੰਦਰ ਠਠੇਰੇ ਨੇ ਮੇਰੇ ਨਾਲ ਬਹੁਤ ਬੁਰਾਈਆਂ ਕੀਤੀਆਂ। ਪ੍ਰਭੂ ਉਸ ਨੂੰ ਉਸ ਦੇ ਕੰਮਾਂ ਅਨੁਸਾਰ ਬਦਲਾ ਦੇਵੇਗਾ। 15ਤੂੰ ਵੀ ਉਸ ਤੋਂ ਸਾਵਧਾਨ ਰਹੀਂ, ਕਿਉਂਕਿ ਉਸ ਨੇ ਸਾਡੀ ਸਿੱਖਿਆ ਦਾ ਬਹੁਤ ਵਿਰੋਧ ਕੀਤਾ।
16ਮੇਰੇ ਬਚਾਅ ਦੀ ਪਹਿਲੀ ਪੇਸ਼ੀ 'ਤੇ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ, ਸਗੋਂ ਸਭ ਮੈਨੂੰ ਛੱਡ ਗਏ। ਪ੍ਰਭੂ ਕਰੇ ਇਹ ਉਨ੍ਹਾਂ ਦੇ ਲੇਖੇ ਨਾ ਲਾਇਆ ਜਾਵੇ। 17ਪਰ ਪ੍ਰਭੂ ਮੇਰੇ ਨਾਲ ਖੜ੍ਹਾ ਹੋਇਆ ਅਤੇ ਮੈਨੂੰ ਬਲ ਦਿੱਤਾ ਤਾਂਕਿ ਮੇਰੇ ਦੁਆਰਾ ਪੂਰਾ ਪ੍ਰਚਾਰ ਕੀਤਾ ਜਾਵੇ ਅਤੇ ਸਭ ਪਰਾਈਆਂ ਕੌਮਾਂ ਸੁਣ ਲੈਣ। ਸੋ ਮੈਂ ਸ਼ੇਰ ਦੇ ਮੂੰਹ ਵਿੱਚੋਂ ਬਚਾਇਆ ਗਿਆ। 18ਪ੍ਰਭੂ ਮੈਨੂੰ ਹਰੇਕ ਬੁਰੇ ਕੰਮ ਤੋਂ ਬਚਾਵੇਗਾ ਅਤੇ ਆਪਣੇ ਸਵਰਗੀ ਰਾਜ ਵਿੱਚ ਸੁਰੱਖਿਅਤ ਪਹੁੰਚਾਵੇਗਾ। ਉਸੇ ਦੀ ਮਹਿਮਾ ਯੁਗੋ-ਯੁਗ ਹੁੰਦੀ ਰਹੇ। ਆਮੀਨ।
ਕਿਰਪਾ ਦਾ ਵਚਨ
19ਪਰਿਸਕਾ ਅਤੇ ਅਕੂਲਾ ਨੂੰ ਅਤੇ ਉਨੇਸਿਫੁਰੁਸ ਦੇ ਘਰਾਣੇ ਨੂੰ ਸਲਾਮ ਕਹੀਂ। 20ਅਰਾਸਤੁਸ ਕੁਰਿੰਥੁਸ ਵਿੱਚ ਹੀ ਰਿਹਾ, ਪਰ ਤ੍ਰੋਫ਼ਿਮੁਸ ਨੂੰ ਮੈਂ ਮਿਲੇਤੁਸ ਵਿੱਚ ਬਿਮਾਰ ਛੱਡ ਆਇਆ ਹਾਂ। 21ਸਰਦੀਆਂ ਤੋਂ ਪਹਿਲਾਂ ਆਉਣ ਦਾ ਯਤਨ ਕਰੀਂ। ਯਬੂਲੁਸ ਤੈਨੂੰ ਸਲਾਮ ਕਹਿੰਦਾ ਹੈ ਅਤੇ ਪੂਦੇਸ, ਲੀਨੁਸ, ਕਲੋਦੀਆ ਅਤੇ ਸਾਰੇ ਭਾਈ ਵੀ।
22ਪ੍ਰਭੂ#4:22 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਿਸੂ ਮਸੀਹ” ਲਿਖਿਆ ਹੈ। ਤੇਰੀ ਆਤਮਾ ਦੇ ਨਾਲ ਰਹੇ। ਤੁਹਾਡੇ ਉੱਤੇ ਕਿਰਪਾ ਬਣੀ ਰਹੇ। ਆਮੀਨ।#4:22 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਆਮੀਨ” ਨਹੀਂ ਹੈ।

Highlight

Copy

Compare

Share

None

Want to have your highlights saved across all your devices? Sign up or sign in