Bible App logo
Search Icon

2 ਤਿਮੋਥਿਉਸ 2

2
ਕਿਰਪਾ ਵਿੱਚ ਬਲਵੰਤ ਹੋ
1ਇਸ ਲਈ ਹੇ ਮੇਰੇ ਪੁੱਤਰ, ਤੂੰ ਮਸੀਹ ਯਿਸੂ ਦੀ ਕਿਰਪਾ ਵਿੱਚ ਬਲਵੰਤ ਹੋ 2ਅਤੇ ਜੋ ਗੱਲਾਂ ਤੂੰ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਮੇਰੇ ਤੋਂ ਸੁਣੀਆਂ ਉਹ ਅਜਿਹੇ ਵਿਸ਼ਵਾਸਯੋਗ ਵਿਅਕਤੀਆਂ ਨੂੰ ਸੌਂਪ ਦੇ ਜਿਹੜੇ ਦੂਜਿਆਂ ਨੂੰ ਵੀ ਸਿਖਾਉਣ ਦੇ ਯੋਗ ਹੋਣ।
3ਮਸੀਹ ਯਿਸੂ ਦੇ ਚੰਗੇ ਸਿਪਾਹੀ ਵਾਂਗ ਦੁੱਖ ਝੱਲ। 4ਇੱਕ ਸਿਪਾਹੀ ਦੇ ਤੌਰ 'ਤੇ ਕੰਮ ਕਰਨ ਵਾਲਾ ਵਿਅਕਤੀ ਦੈਨਿਕ ਜੀਵਨ ਦੇ ਮਾਮਲਿਆਂ ਵਿੱਚ ਨਹੀਂ ਪੈਂਦਾ ਤਾਂਕਿ ਉਹ ਆਪਣੇ ਭਰਤੀ ਕਰਨ ਵਾਲੇ ਨੂੰ ਪ੍ਰਸੰਨ ਕਰੇ। 5ਇਸੇ ਤਰ੍ਹਾਂ ਜੇ ਕੋਈ ਖੇਡ ਵਿੱਚ ਭਾਗ ਲੈਂਦਾ ਹੈ ਤਾਂ ਉਸ ਨੂੰ ਉਦੋਂ ਤੱਕ ਇਨਾਮ ਨਹੀਂ ਮਿਲਦਾ ਜਦੋਂ ਤੱਕ ਉਹ ਨਿਯਮਾਂ ਅਨੁਸਾਰ ਨਾ ਖੇਡੇ। 6ਫਲ ਦਾ ਹਿੱਸਾ ਸਭ ਤੋਂ ਪਹਿਲਾਂ ਮਿਹਨਤ ਕਰਨ ਵਾਲੇ ਕਿਸਾਨ ਨੂੰ ਹੀ ਮਿਲਣਾ ਚਾਹੀਦਾ ਹੈ। 7ਜੋ ਮੈਂ ਕਹਿੰਦਾ ਹਾਂ ਉਸ 'ਤੇ ਧਿਆਨ ਦੇ, ਕਿਉਂਕਿ ਪ੍ਰਭੂ ਤੈਨੂੰ ਸਭਨਾਂ ਗੱਲਾਂ ਦੀ ਸਮਝ ਦੇਵੇਗਾ।
8ਦਾਊਦ ਦੇ ਵੰਸ਼ਜ ਯਿਸੂ ਮਸੀਹ ਨੂੰ ਯਾਦ ਰੱਖ ਜਿਹੜਾ ਮੁਰਦਿਆਂ ਵਿੱਚੋਂ ਜੀ ਉੱਠਿਆ ਅਤੇ ਇਹ ਉਸ ਖੁਸ਼ਖ਼ਬਰੀ ਦੇ ਅਨੁਸਾਰ ਹੈ ਜਿਸ ਦਾ ਮੈਂ ਪ੍ਰਚਾਰ ਕੀਤਾ। 9ਮੈਂ ਇਸੇ ਦੇ ਨਮਿੱਤ ਦੁੱਖ ਝੱਲਦਾ ਹਾਂ, ਇੱਥੋਂ ਤੱਕ ਕਿ ਅਪਰਾਧੀ ਵਾਂਗ ਬੰਧਨਾਂ ਵਿੱਚ ਹਾਂ; ਪਰ ਪਰਮੇਸ਼ਰ ਦਾ ਵਚਨ ਬੰਧਨ ਵਿੱਚ ਨਹੀਂ ਹੈ। 10ਇਸੇ ਕਾਰਨ ਮੈਂ ਚੁਣੇ ਹੋਇਆਂ ਦੀ ਖਾਤਰ ਸਭ ਕੁਝ ਸਹਿੰਦਾ ਹਾਂ, ਤਾਂਕਿ ਉਹ ਵੀ ਮਸੀਹ ਯਿਸੂ ਵਿੱਚ ਸਦੀਪਕ ਮਹਿਮਾ ਸਹਿਤ ਮੁਕਤੀ ਨੂੰ ਪ੍ਰਾਪਤ ਕਰਨ। 11ਇਹ ਗੱਲ ਭਰੋਸੇਯੋਗ ਹੈ: ਜੇ ਅਸੀਂ ਉਸ ਦੇ ਨਾਲ ਮਰੇ ਤਾਂ ਉਸ ਦੇ ਨਾਲ ਜੀਵਾਂਗੇ ਵੀ। 12ਜੇ ਅਸੀਂ ਸਹਿੰਦੇ ਹਾਂ ਤਾਂ ਉਸ ਦੇ ਨਾਲ ਰਾਜ ਵੀ ਕਰਾਂਗੇ। ਜੇ ਅਸੀਂ ਉਸ ਦਾ ਇਨਕਾਰ ਕਰਾਂਗੇ ਤਾਂ ਉਹ ਵੀ ਸਾਡਾ ਇਨਕਾਰ ਕਰੇਗਾ। 13ਜੇ ਅਸੀਂ ਵਫ਼ਾਦਾਰ ਨਹੀਂ ਰਹਿੰਦੇ ਉਹ ਤਾਂ ਵੀ ਵਫ਼ਾਦਾਰ ਰਹਿੰਦਾ ਹੈ, ਕਿਉਂਕਿ ਉਹ ਆਪਣਾ ਇਨਕਾਰ ਨਹੀਂ ਕਰ ਸਕਦਾ।
ਆਦਰਯੋਗ ਸੇਵਕ
14ਉਨ੍ਹਾਂ ਨੂੰ ਇਹ ਗੱਲਾਂ ਚੇਤੇ ਕਰਾਉਂਦੇ ਹੋਏ ਪਰਮੇਸ਼ਰ#2:14 ਕੁਝ ਹਸਤਲੇਖਾਂ ਵਿੱਚ “ਪਰਮੇਸ਼ਰ” ਦੇ ਸਥਾਨ 'ਤੇ “ਪ੍ਰਭੂ” ਲਿਖਿਆ ਹੈ। ਦੇ ਸਨਮੁੱਖ ਹਿਦਾਇਤ ਕਰ ਕਿ ਉਹ ਸ਼ਬਦਾਂ ਦੇ ਵਿਖੇ ਬਹਿਸ ਨਾ ਕਰਨ, ਕਿਉਂਕਿ ਇਸ ਤੋਂ ਕੋਈ ਲਾਭ ਨਹੀਂ ਹੁੰਦਾ ਸਗੋਂ ਸੁਣਨ ਵਾਲਿਆਂ ਦੀ ਬਰਬਾਦੀ ਹੀ ਹੁੰਦੀ ਹੈ। 15ਆਪਣੇ ਆਪ ਨੂੰ ਪਰਮੇਸ਼ਰ ਦੇ ਸਨਮੁੱਖ ਇੱਕ ਅਜਿਹੇ ਪਰਵਾਨਯੋਗ ਕਾਮੇ ਦੇ ਤੌਰ 'ਤੇ ਪੇਸ਼ ਕਰਨ ਦਾ ਯਤਨ ਕਰ ਜਿਸ ਨੂੰ ਸ਼ਰਮਿੰਦਾ ਨਾ ਹੋਣਾ ਪਵੇ ਅਤੇ ਜਿਹੜਾ ਸੱਚ ਦੇ ਵਚਨ ਨੂੰ ਠੀਕ-ਠੀਕ ਸਿਖਾਉਂਦਾ ਹੋਵੇ। 16ਵਿਅਰਥ ਦੀਆਂ ਸੰਸਾਰਕ ਗੱਲਾਂ ਤੋਂ ਦੂਰ ਰਹਿ, ਕਿਉਂਕਿ ਇਸ ਨਾਲ ਲੋਕ ਕੁਧਰਮ ਵਿੱਚ ਹੋਰ ਵੀ ਜ਼ਿਆਦਾ ਵਧਣਗੇ 17ਅਤੇ ਉਨ੍ਹਾਂ ਦੀਆਂ ਗੱਲਾਂ ਸੜੇ ਜ਼ਖਮ ਵਾਂਗ ਫੈਲਦੀਆਂ ਜਾਣਗੀਆਂ; ਹੁਮਿਨਾਯੁਸ ਅਤੇ ਫ਼ਿਲੇਤੁਸ ਉਨ੍ਹਾਂ ਵਿੱਚੋਂ ਹੀ ਹਨ 18ਜਿਹੜੇ ਸੱਚ ਤੋਂ ਭਟਕ ਗਏ ਹਨ ਕਿਉਂਕਿ ਉਹ ਕਹਿੰਦੇ ਹਨ ਕਿ ਪੁਨਰ-ਉਥਾਨ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਕਈਆਂ ਦੇ ਵਿਸ਼ਵਾਸ ਨੂੰ ਵਿਗਾੜਦੇ ਹਨ।
ਆਖਰੀ ਸਲਾਮ
19ਪਰ ਪਰਮੇਸ਼ਰ ਦੀ ਪੱਕੀ ਨੀਂਹ ਕਾਇਮ ਰਹਿੰਦੀ ਹੈ ਜਿਸ ਉੱਤੇ ਇਹ ਮੋਹਰ ਲੱਗੀ ਹੈ: “ਪ੍ਰਭੂ ਆਪਣੇ ਲੋਕਾਂ ਨੂੰ ਜਾਣਦਾ ਹੈ,” ਅਤੇ “ਜੋ ਕੋਈ ਪ੍ਰਭੂ#2:19 ਕੁਝ ਹਸਤਲੇਖਾਂ ਵਿੱਚ “ਪ੍ਰਭੂ” ਦੇ ਸਥਾਨ 'ਤੇ “ਮਸੀਹ” ਲਿਖਿਆ ਹੈ। ਦਾ ਨਾਮ ਲੈਂਦਾ ਹੈ ਉਹ ਕੁਧਰਮ ਤੋਂ ਦੂਰ ਰਹੇ।”
20ਇੱਕ ਵੱਡੇ ਘਰ ਵਿੱਚ ਕੇਵਲ ਸੋਨੇ ਅਤੇ ਚਾਂਦੀ ਦੇ ਹੀ ਨਹੀਂ, ਸਗੋਂ ਲੱਕੜ ਅਤੇ ਮਿੱਟੀ ਦੇ ਬਰਤਨ ਵੀ ਹੁੰਦੇ ਹਨ; ਕੁਝ ਖਾਸ ਇਸਤੇਮਾਲ ਲਈ ਅਤੇ ਕੁਝ ਆਮ ਇਸਤੇਮਾਲ ਲਈ। 21ਇਸ ਲਈ ਜਿਹੜਾ ਆਪਣੇ ਆਪ ਨੂੰ ਇਨ੍ਹਾਂ ਗੱਲਾਂ ਤੋਂ ਸ਼ੁੱਧ ਕਰਦਾ ਹੈ ਉਹ ਖਾਸ ਇਸਤੇਮਾਲ ਦਾ ਉਹ ਬਰਤਨ ਬਣੇਗਾ ਜਿਹੜਾ ਪਵਿੱਤਰ ਕੀਤਾ ਗਿਆ, ਆਪਣੇ ਮਾਲਕ ਲਈ ਉਪਯੋਗੀ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਗਿਆ ਹੈ।
22ਜਵਾਨੀ ਦੀਆਂ ਲਾਲਸਾਵਾਂ ਤੋਂ ਭੱਜ ਅਤੇ ਜਿਹੜੇ ਸ਼ੁੱਧ ਮਨ ਨਾਲ ਪ੍ਰਭੂ ਦਾ ਨਾਮ ਲੈਂਦੇ ਹਨ ਉਨ੍ਹਾਂ ਨਾਲ ਮਿਲ ਕੇ ਧਾਰਮਿਕਤਾ, ਵਿਸ਼ਵਾਸ, ਪ੍ਰੇਮ ਅਤੇ ਸ਼ਾਂਤੀ ਦੇ ਪਿੱਛੇ ਲੱਗਾ ਰਹਿ। 23ਪਰ ਮੂਰਖਤਾਪੂਰਣ ਅਤੇ ਵਿਅਰਥ ਵਾਦ-ਵਿਵਾਦ ਤੋਂ ਦੂਰ ਰਹਿ, ਕਿਉਂਕਿ ਤੂੰ ਜਾਣਦਾ ਹੈ ਕਿ ਇਨ੍ਹਾਂ ਤੋਂ ਝਗੜੇ ਹੀ ਪੈਦਾ ਹੁੰਦੇ ਹਨ। 24ਪ੍ਰਭੂ ਦੇ ਦਾਸ ਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ, ਸਗੋਂ ਉਹ ਹਰੇਕ ਨਾਲ ਕੋਮਲ, ਸਿਖਾਉਣ ਵਿੱਚ ਨਿਪੁੰਨ, ਧੀਰਜਵਾਨ 25ਅਤੇ ਵਿਰੋਧ ਕਰਨ ਵਾਲਿਆਂ ਨੂੰ ਨਿਮਰਤਾ ਨਾਲ ਸਮਝਾਉਣ ਵਾਲਾ ਹੋਵੇ। ਹੋ ਸਕਦਾ ਹੈ ਕਿ ਪਰਮੇਸ਼ਰ ਉਨ੍ਹਾਂ ਨੂੰ ਤੋਬਾ ਦਾ ਮੌਕਾ ਬਖਸ਼ੇ ਜਿਸ ਨਾਲ ਉਹ ਸੱਚ ਨੂੰ ਜਾਣ ਲੈਣ 26ਅਤੇ ਸੁਰਤ ਵਿੱਚ ਆ ਕੇ ਸ਼ੈਤਾਨ ਦੀ ਫਾਹੀ ਵਿੱਚੋਂ ਨਿੱਕਲ ਆਉਣ ਜਿਸ ਨੇ ਉਨ੍ਹਾਂ ਨੂੰ ਆਪਣੀ ਇੱਛਾ ਪੂਰੀ ਕਰਨ ਲਈ ਬੰਦੀ ਬਣਾ ਰੱਖਿਆ ਹੈ।

Highlight

Copy

Compare

Share

None

Want to have your highlights saved across all your devices? Sign up or sign in