ਪ੍ਰਕਾਸ਼ ਪੱਤਰ 8
8
ਸੱਤਵੀਂ ਮੋਹਰ ਅਤੇ ਸੋਨੇ ਦਾ ਧੂਪਦਾਨ
1ਜਦੋਂ ਲੇਲੇ ਨੇ ਸੱਤਵੀਂ ਮੋਹਰ ਖੋਲ੍ਹੀ, ਸਵਰਗ ਵਿੱਚ ਲਗਭਗ ਅੱਧੇ ਘੰਟੇ ਲਈ ਸੱਨਾਟਾ ਛਾ ਗਿਆ।
2ਅਤੇ ਮੈਂ ਉਹਨਾਂ ਸੱਤ ਦੂਤਾਂ ਨੂੰ ਵੇਖਿਆ ਜੋ ਪਰਮੇਸ਼ਵਰ ਦੇ ਸਾਹਮਣੇ ਖੜ੍ਹੇ ਰਹਿੰਦੇ ਹਨ ਅਤੇ ਉਹਨਾਂ ਨੂੰ ਸੱਤ ਤੁਰ੍ਹੀਆਂ ਦਿੱਤੀਆਂ ਗਈਆਂ।
3ਇੱਕ ਹੋਰ ਦੂਤ, ਜਿਸ ਕੋਲ ਇੱਕ ਸੋਨੇ ਦਾ ਸੁਨਹਿਰੀ ਧੂਪਦਾਨ ਸੀ, ਆ ਕੇ ਜਗਵੇਦੀ ਤੇ ਖੜ੍ਹਾ ਹੋ ਗਿਆ। ਉਸ ਨੂੰ ਬਹੁਤ ਧੂਪ ਦਿੱਤੀ ਗਈ ਕਿ ਉਹ ਪਰਮੇਸ਼ਵਰ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ ਸੋਨੇ ਦੀ ਜਗਵੇਦੀ ਉੱਤੇ ਜੋ ਸਿੰਘਾਸਣ ਦੇ ਸਾਹਮਣੇ ਸੀ ਚੜ੍ਹਾਵੇ। 4ਧੂਪ ਦਾ ਧੂੰਆਂ ਪਰਮੇਸ਼ਵਰ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ, ਦੂਤ ਦੇ ਹੱਥੋਂ ਪਰਮੇਸ਼ਵਰ ਦੇ ਅੱਗੇ ਉੱਪਰ ਪਹੁੰਚ ਗਿਆ।#8:4 ਜ਼ਬੂ 141:2 5ਤਦ ਦੂਤ ਨੇ ਧੂਪਦਾਨ ਲਿਆ, ਉਸ ਨੂੰ ਜਗਵੇਦੀ ਦੀ ਅੱਗ ਨਾਲ ਭਰ ਕੇ ਧਰਤੀ ਉੱਤੇ ਸੁੱਟ ਦਿੱਤਾ; ਅਤੇ ਉੱਥੇ ਗਰਜਾਂ, ਗੜਗੜਾਹਟ, ਬਿਜਲੀ ਦੀਆਂ ਲਪਟਾਂ ਅਤੇ ਭੂਚਾਲ ਆ ਗਿਆ।
ਪਹਿਲੀਆਂ ਚਾਰ ਤੁਰ੍ਹੀਆਂ
6ਤਦ ਉਹਨਾਂ ਸੱਤਾਂ ਦੂਤਾਂ ਨੇ ਜਿਨ੍ਹਾਂ ਕੋਲ ਸੱਤ ਤੁਰ੍ਹੀਆਂ ਸਨ ਆਪਣੇ ਆਪ ਨੂੰ ਤੁਰ੍ਹੀਆਂ ਵਜਾਉਣ ਲਈ ਤਿਆਰ ਕੀਤਾ।
7ਪਹਿਲੇ ਦੂਤ ਨੇ ਆਪਣੀ ਤੁਰ੍ਹੀ ਵਜਾਈ ਤਾਂ ਉੱਥੇ ਲਹੂ ਨਾਲ ਰਲੇ ਹੋਏ ਗੜੇ ਅਤੇ ਅੱਗ ਪ੍ਰਗਟ ਹੋਈ ਅਤੇ ਧਰਤੀ ਉੱਤੇ ਸੁੱਟੀ ਗਈ। ਧਰਤੀ ਦਾ ਇੱਕ ਤਿਹਾਈ ਹਿੱਸਾ ਸੜ ਗਿਆ, ਇੱਕ ਤਿਹਾਈ ਰੁੱਖ ਸੜ ਗਏ, ਅਤੇ ਸਾਰਾ ਹਰਾ ਘਾਹ ਸੜ ਗਿਆ।#8:7 ਹਿਜ਼ 38:22
8ਦੂਜੇ ਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਇੱਕ ਵਿਸ਼ਾਲ ਪਹਾੜ ਵਰਗੀ ਚੀਜ਼ ਅੱਗ ਨਾਲ ਬਲਦੀ ਹੋਈ ਸਮੁੰਦਰ ਵਿੱਚ ਸੁੱਟ ਦਿੱਤੀ ਗਈ। ਸਮੁੰਦਰ ਦਾ ਇੱਕ ਤਿਹਾਈ ਹਿੱਸਾ ਖੂਨ ਵਿੱਚ ਬਦਲ ਗਿਆ,#8:8 ਕੂਚ 7:17; ਯਿਰ 51:25 9ਸਮੁੰਦਰ ਵਿੱਚ ਰਹਿਣ ਵਾਲੇ ਜੀਵਾਂ ਦਾ ਇੱਕ ਤਿਹਾਈ ਹਿੱਸਾ ਮਰ ਗਿਆ ਅਤੇ ਇੱਕ ਤਿਹਾਈ ਜਹਾਜ਼ ਤਬਾਹ ਹੋ ਗਏ।
10ਤੀਜੇ ਦੂਤ ਨੇ ਆਪਣੀ ਤੁਰ੍ਹੀ ਵਜਾਈ ਤਾਂ ਇੱਕ ਮਹਾਨ ਤਾਰਾ, ਇੱਕ ਮਸ਼ਾਲ ਵਾਂਗ ਬਲਦਾ ਹੋਇਆ, ਅਸਮਾਨ ਤੋਂ ਇੱਕ ਤਿਹਾਈ ਨਦੀਆਂ ਅਤੇ ਪਾਣੀ ਦੇ ਚਸ਼ਮਿਆਂ ਤੇ ਡਿੱਗ ਪਿਆ। 11ਤਾਰੇ ਦਾ ਨਾਮ ਨਾਗਦਉਣਾ ਹੈ। ਪਾਣੀ ਦਾ ਇੱਕ ਤਿਹਾਈ ਹਿੱਸਾ ਕੌੜਾ ਹੋ ਗਿਆ, ਅਤੇ ਬਹੁਤ ਸਾਰੇ ਲੋਕ ਉਸ ਕੌੜੇ ਪਾਣੀ ਨੂੰ ਪੀਣ ਕਾਰਨ ਮਰ ਗਏ।#8:11 ਯਿਰ 9:15
12ਚੌਥੇ ਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਸੂਰਜ ਦਾ ਇੱਕ ਤਿਹਾਈ ਹਿੱਸਾ, ਚੰਦਰਮਾ ਅਤੇ ਤਾਰਿਆਂ ਦਾ ਤੀਜਾ ਹਿੱਸਾ ਮਾਰਿਆ ਗਿਆ, ਤਾਂ ਉਹਨਾਂ ਵਿੱਚੋਂ ਇੱਕ ਤਿਹਾਈ ਹਨੇਰਾ ਹੋ ਗਿਆ। ਦਿਨ ਦਾ ਇੱਕ ਤਿਹਾਈ ਹਿੱਸਾ ਰੌਸ਼ਨੀ ਤੋਂ ਰਹਿਤ ਹੋ ਗਿਆ ਅਤੇ ਉਵੇਂ ਹੀ ਰਾਤ ਦਾ ਇੱਕ ਤਿਹਾਈ ਹਿੱਸਾ ਵੀ।#8:12 ਯਸ਼ਾ 13:10; ਯੋਏ 2:10
13ਜਿਵੇਂ ਮੈਂ ਇਹ ਸਭ ਵੇਖ ਹੀ ਰਿਹਾ ਸੀ, ਮੈਂ ਇੱਕ ਉਕਾਬ ਨੂੰ ਉੱਚੀ ਆਵਾਜ਼ ਵਿੱਚ ਜੋ ਹਵਾ ਦੇ ਅੱਧ ਵਿਚਕਾਰ ਉੱਡ ਰਿਹਾ ਸੀ ਇਹ ਪੁਕਾਰਦੇ ਹੋਇਆ ਸੁਣਿਆ: “ਹਾਏ! ਹਾਏ! ਹਾਏ ਧਰਤੀ ਦੇ ਵਸਨੀਕਾਂ ਲਈ ਲਾਹਨਤ, ਕਿਉਂਕਿ ਹੋਰ ਤਿੰਨ ਦੂਤਾਂ ਦੁਆਰਾ ਤੁਰ੍ਹੀ ਵਜਾਈ ਜਾ ਰਹੀ ਹੈ!”
Currently Selected:
ਪ੍ਰਕਾਸ਼ ਪੱਤਰ 8: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.