ਪ੍ਰਕਾਸ਼ ਪੱਤਰ 9
9
1ਪੰਜਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਮੈਂ ਇੱਕ ਤਾਰਾ ਵੇਖਿਆ ਜੋ ਅਸਮਾਨ ਤੋਂ ਧਰਤੀ ਉੱਤੇ ਡਿੱਗ ਪਿਆ ਸੀ। ਤਾਰੇ ਨੂੰ ਅਥਾਹ ਕੁੰਡ ਦੀ ਚਾਬੀ ਦਿੱਤੀ ਗਈ ਸੀ। 2ਜਦੋਂ ਉਸ ਨੇ ਅਥਾਹ ਕੁੰਡ ਨੂੰ ਖੋਲ੍ਹਿਆ, ਇਸ ਵਿੱਚੋਂ ਧੂੰਆਂ ਉੱਠਿਆ ਜਿਵੇਂ ਇੱਕ ਵਿਸ਼ਾਲ ਭੱਠੀ ਵਿੱਚੋਂ ਧੂੰਆਂ ਨਿਕਲਦਾ ਹੈ। ਅਥਾਹ ਕੁੰਡ ਦੇ ਧੂੰਏਂ ਨਾਲ ਸੂਰਜ ਅਤੇ ਅਸਮਾਨ ਹਨੇਰਾ ਹੋ ਗਿਆ ਸੀ।#9:2 ਯੋਏ 2:10 3ਅਤੇ ਧੂੰਏਂ ਵਿੱਚੋਂ ਟਿੱਡੀਆਂ ਧਰਤੀ ਉੱਤੇ ਉਤਰ ਆਈਆਂ ਅਤੇ ਉਹਨਾਂ ਨੂੰ ਧਰਤੀ ਦੇ ਬਿੱਛੂਆਂ ਦੀ ਤਰ੍ਹਾਂ ਸ਼ਕਤੀ ਦਿੱਤੀ ਗਈ। 4ਉਹਨਾਂ ਨੂੰ ਪਰਮੇਸ਼ਵਰ ਨੇ ਆਗਿਆ ਦਿੱਤੀ ਕਿ ਉਹ ਧਰਤੀ ਦੇ ਘਾਹ ਜਾਂ ਕਿਸੇ ਪੌਦੇ ਜਾਂ ਰੁੱਖ ਨੂੰ ਨੁਕਸਾਨ ਨਾ ਪਹੁੰਚਾਉਣ, ਬਲਕਿ ਸਿਰਫ ਉਹ ਲੋਕਾਂ ਨੂੰ ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ਵਰ ਦੀ ਮੋਹਰ ਨਹੀਂ ਸੀ। 5ਉਹਨਾਂ ਨੂੰ ਕਿਸੇ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਬਲਕਿ ਉਹਨਾਂ ਨੂੰ ਸਿਰਫ ਪੰਜ ਮਹੀਨਿਆਂ ਤੱਕ ਤਸੀਹੇ ਦੇਣ ਦੀ ਆਗਿਆ ਸੀ। ਅਤੇ ਉਹਨਾਂ ਨੇ ਜੋ ਤਕਲੀਫ ਝੱਲਨੀ ਸੀ ਉਹ ਬਿੱਛੂ ਦੇ ਡੰਗ ਮਾਰਨ ਵਰਗੀ ਸੀ। 6ਉਹਨਾਂ ਦਿਨਾਂ ਦੇ ਦੌਰਾਨ ਲੋਕ ਮੌਤ ਦੀ ਭਾਲ ਕਰਨਗੇ ਪਰ ਇਸ ਨੂੰ ਨਹੀਂ ਲੱਭਣਗੇ; ਉਹ ਮਰਨ ਦੀ ਇੱਛਾ ਰੱਖਣਗੇ, ਪਰ ਮੌਤ ਉਹਨਾਂ ਨੂੰ ਛੱਡ ਦੇਵੇਗੀ।#9:6 ਅੱਯੋ 3:21; ਯਿਰ 8:3
7ਟਿੱਡੀਆਂ ਲੜਾਈ ਲਈ ਤਿਆਰ ਘੋੜਿਆਂ ਵਾਂਗ ਦਿਖਾਈ ਦਿੱਤੀਆਂ। ਉਹਨਾਂ ਦੇ ਸਿਰਾਂ ਤੇ ਉਹਨਾਂ ਨੇ ਸੋਨੇ ਦੇ ਮੁਕਟ ਵਰਗਾ ਕੁਝ ਪਾਇਆ ਹੋਇਆ ਸੀ, ਅਤੇ ਉਹਨਾਂ ਦੇ ਚਿਹਰੇ ਮਨੁੱਖੀ ਚਿਹਰਿਆਂ ਵਰਗੇ ਲੱਗਦੇ ਸਨ। 8ਉਹਨਾਂ ਦੇ ਵਾਲ ਔਰਤਾਂ ਦੇ ਵਾਲਾਂ ਵਰਗੇ ਸਨ ਅਤੇ ਉਹਨਾਂ ਦੇ ਦੰਦ ਸ਼ੇਰਾਂ ਦੇ ਦੰਦਾਂ ਵਰਗੇ ਸਨ।#9:8 ਯੋਏ 2:4 9ਉਹਨਾਂ ਦੀ ਛਾਤੀਆਂ ਲੋਹੇ ਦੀਆਂ ਪੱਤੀਆਂ ਵਾਂਗ ਸਨ ਅਤੇ ਉਹਨਾਂ ਦੇ ਖੰਭਾਂ ਦੀ ਆਵਾਜ਼ ਲੜਾਈ ਵਿੱਚ ਭੱਜ ਰਹੇ ਬਹੁਤ ਸਾਰੇ ਘੋੜਿਆਂ ਅਤੇ ਰੱਥਾਂ ਦੀ ਗਰਜ ਵਾਂਗ ਸੀ। 10ਉਹਨਾਂ ਕੋਲ ਬਿੱਛੂਆਂ ਦੀ ਤਰ੍ਹਾਂ ਡੰਗ ਮਾਰਨ ਵਾਲੀਆਂ ਪੂਛਾਂ ਸਨ ਅਤੇ ਉਹਨਾਂ ਦੀਆਂ ਪੂਛਾਂ ਵਿੱਚ ਪੰਜ ਮਹੀਨਿਆਂ ਤੱਕ ਲੋਕਾਂ ਨੂੰ ਤਸੀਹੇ ਦੇਣ ਦੀ ਸ਼ਕਤੀ ਸੀ। 11ਅਥਾਹ ਕੁੰਡ ਦਾ ਦੂਤ ਉਹਨਾਂ ਉੱਤੇ ਰਾਜਾ ਸੀ। ਜਿਸ ਦਾ ਇਬਰਾਨੀ ਵਿੱਚ ਨਾਮ ਅਬਾਦੋਨ ਹੈ ਅਤੇ ਯੂਨਾਨੀ ਵਿੱਚ ਅਪੋਲਿਓਨ (ਅਰਥਾਤ ਵਿਨਾਸ਼ਕਾਰੀ) ਹੈ।
12ਪਹਿਲੀ ਮੁਸੀਬਤ ਬੀਤ ਗਈ ਹੈ; ਦੋ ਹੋਰ ਮੁਸੀਬਤਾਂ ਅਜੇ ਆਉਣੀਆਂ ਹਨ।
13ਫਿਰ ਛੇਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ, ਅਤੇ ਮੈਂ ਸੋਨੇ ਦੀ ਜਗਵੇਦੀ ਦੇ ਚਾਰ ਸਿੰਗਾਂ ਵਿੱਚੋਂ ਇੱਕ ਆਵਾਜ਼ ਸੁਣੀ ਜੋ ਪਰਮੇਸ਼ਵਰ ਦੇ ਸਾਹਮਣੇ ਹੈ। 14ਇਸ ਨੇ ਛੇਵੇਂ ਦੂਤ ਨੂੰ ਕਿਹਾ ਜਿਸ ਕੋਲ ਤੁਰ੍ਹੀ ਸੀ, “ਉਹਨਾਂ ਚਾਰ ਦੂਤਾਂ ਨੂੰ ਛੱਡ ਦਿਓ ਜਿਹੜੇ ਮਹਾਨ ਫ਼ਰਾਤ ਨਦੀ ਉੱਤੇ ਬੰਨ੍ਹੇ ਹੋਏ ਹਨ।” 15ਅਤੇ ਉਹ ਚਾਰ ਦੂਤ ਜਿਨ੍ਹਾਂ ਨੂੰ ਇਸ ਘੰਟੇ ਅਤੇ ਦਿਨ ਅਤੇ ਮਹੀਨੇ ਅਤੇ ਸਾਲ ਲਈ ਤਿਆਰ ਰੱਖਿਆ ਗਿਆ ਸੀ ਮਨੁੱਖਜਾਤੀ ਦੇ ਇੱਕ ਤਿਹਾਈ ਹਿੱਸੇ ਨੂੰ ਮਾਰਨ ਲਈ ਰਿਹਾ ਕੀਤੇ ਗਏ ਸਨ। 16ਤਾਇਨਾਤ ਫ਼ੌਜਾਂ ਦੀ ਗਿਣਤੀ 20 ਕਰੋੜ ਸੀ। ਮੈਂ ਉਹਨਾਂ ਦੀ ਗਿਣਤੀ ਸੁਣੀ।
17ਜਿਨ੍ਹਾਂ ਘੋੜਿਆਂ ਅਤੇ ਸਵਾਰਾਂ ਨੂੰ ਮੈਂ ਆਪਣੇ ਦਰਸ਼ਨ ਵਿੱਚ ਵੇਖਿਆ ਸੀ ਉਹ ਇਸ ਤਰ੍ਹਾਂ ਦਿਖਾਈ ਦਿੰਦੇ ਸਨ: ਉਹਨਾਂ ਦੀਆਂ ਛਾਤੀਆਂ ਦੇ ਪੱਤੇ ਅੱਗ ਦੀ ਤਰ੍ਹਾਂ ਲਾਲ, ਗੂੜ੍ਹੇ ਨੀਲੇ ਅਤੇ ਗੰਧਕ ਦੇ ਰੂਪ ਵਿੱਚ ਪੀਲੇ ਸਨ। ਘੋੜਿਆਂ ਦੇ ਸਿਰ ਸ਼ੇਰਾਂ ਦੇ ਸਿਰਾਂ ਵਰਗੇ ਸਨ ਅਤੇ ਉਹਨਾਂ ਦੇ ਮੂੰਹਾ ਵਿੱਚੋਂ ਅੱਗ, ਧੂੰਆਂ ਅਤੇ ਗੰਧਕ ਨਿਕਲਦੀ ਸੀ। 18ਮਨੁੱਖਾਂ ਦਾ ਇੱਕ ਤਿਹਾਈ ਹਿੱਸਾ ਅੱਗ, ਧੂੰਆਂ ਅਤੇ ਗੰਧਕ ਦੀਆਂ ਤਿੰਨ ਬਿਪਤਾਵਾਂ ਦੁਆਰਾ ਮਾਰਿਆ ਗਿਆ ਜੋ ਉਹਨਾਂ ਦੇ ਮੂੰਹੋਂ ਨਿਕਲੇ। 19ਘੋੜਿਆਂ ਦੀ ਤਾਕਤ ਉਹਨਾਂ ਦੇ ਮੂੰਹ ਅਤੇ ਉਹਨਾਂ ਦੀਆਂ ਪੂਛਾਂ ਵਿੱਚ ਸੀ; ਉਹਨਾਂ ਦੀਆਂ ਪੂਛਾਂ ਸੱਪਾਂ ਵਰਗੀਆਂ ਸਨ, ਜਿਨ੍ਹਾਂ ਦੇ ਸਿਰਾਂ ਨਾਲ ਉਹ ਸੱਟ ਮਾਰਦੇ ਸਨ।
20ਬਾਕੀ ਮਨੁੱਖਜਾਤੀ ਜੋ ਇਨ੍ਹਾਂ ਬਿਪਤਾਵਾਂ ਦੁਆਰਾ ਨਹੀਂ ਮਾਰੀ ਗਈ ਸੀ, ਉਹਨਾਂ ਨੇ ਅਜੇ ਵੀ ਆਪਣੇ ਹੱਥਾਂ ਦੇ ਕੰਮ ਤੋਂ ਤੋਬਾ ਨਹੀਂ ਕੀਤੀ; ਉਹਨਾਂ ਨੇ ਭੂਤਾਂ ਅਤੇ ਸੋਨੇ, ਚਾਂਦੀ, ਕਾਂਸੀ, ਪੱਥਰ ਅਤੇ ਲੱਕੜ ਦੀਆਂ ਮੂਰਤੀਆਂ ਦੀ ਪੂਜਾ ਕਰਨੀ ਬੰਦ ਨਹੀਂ ਕੀਤੀ ਉਹ ਮੂਰਤੀਆਂ ਜੋ ਵੇਖ ਜਾਂ ਸੁਣ ਜਾਂ ਚੱਲ ਨਹੀਂ ਸਕਦੀਆਂ।#9:20 ਪ੍ਰਕਾ 9:20; 2 ਇਤਿ 34:25 21ਨਾ ਹੀ ਉਹਨਾਂ ਨੇ ਆਪਣੇ ਕਤਲ, ਉਹਨਾਂ ਦੀਆਂ ਜਾਦੂਈ ਕਲਾਵਾਂ, ਉਹਨਾਂ ਦੀ ਜਿਨਸੀ ਅਨੈਤਿਕਤਾ ਜਾਂ ਉਹਨਾਂ ਦੀ ਚੋਰੀ ਤੋਂ ਤੋਬਾ ਕੀਤੀ।
Currently Selected:
ਪ੍ਰਕਾਸ਼ ਪੱਤਰ 9: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.