Bible App logo
Search Icon

ਗਿਣਤੀ 9

9
ਪਸਾਹ ਦਾ ਤਿਉਹਾਰ
1ਯਾਹਵੇਹ ਨੇ ਮੋਸ਼ੇਹ ਨਾਲ ਸੀਨਾਈ ਦੇ ਉਜਾੜ ਵਿੱਚ ਮਿਸਰ ਤੋਂ ਬਾਹਰ ਆਉਣ ਦੇ ਦੂਜੇ ਸਾਲ ਦੇ ਪਹਿਲੇ ਮਹੀਨੇ ਵਿੱਚ ਗੱਲ ਕੀਤੀ ਅਤੇ ਉਸ ਨੇ ਆਖਿਆ, 2“ਇਸਰਾਏਲੀ ਨਿਸ਼ਚਿਤ ਸਮੇਂ ਉੱਤੇ ਪਸਾਹ ਦਾ ਤਿਉਹਾਰ ਮਨਾਉਣ। 3ਇਸ ਨੂੰ ਇਸ ਮਹੀਨੇ ਦੀ ਚੌਦ੍ਹਵੀਂ ਤਾਰੀਖ਼ ਨੂੰ ਸ਼ਾਮ ਵੇਲੇ, ਠਹਿਰਾਏ ਹੋਏ ਸਮੇਂ ਉੱਤੇ, ਇਸ ਦੀਆਂ ਸਾਰੀਆਂ ਬਿਧੀਆਂ ਅਤੇ ਨਿਯਮਾਂ ਦੇ ਅਨੁਸਾਰ ਮਨਾਇਆ ਕਰੋ।”
4ਤਾਂ ਮੋਸ਼ੇਹ ਨੇ ਇਸਰਾਏਲੀਆਂ ਨੂੰ ਪਸਾਹ ਦਾ ਤਿਉਹਾਰ ਮਨਾਉਣ ਲਈ ਆਖਿਆ, 5ਅਤੇ ਉਹਨਾਂ ਨੇ ਪਹਿਲੇ ਮਹੀਨੇ ਦੀ ਚੌਦ੍ਹਵੀਂ ਤਾਰੀਖ਼ ਨੂੰ ਸ਼ਾਮ ਵੇਲੇ ਸੀਨਾਈ ਦੇ ਉਜਾੜ ਵਿੱਚ ਅਜਿਹਾ ਕੀਤਾ, ਇਸਰਾਏਲੀਆਂ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
6ਪਰ ਉਹਨਾਂ ਵਿੱਚੋਂ ਕਈ ਉਸ ਦਿਨ ਪਸਾਹ ਦਾ ਤਿਉਹਾਰ ਨਾ ਮਨਾ ਸਕੇ ਕਿਉਂਕਿ ਉਹ ਇੱਕ ਮੁਰਦੇ ਦੇ ਕਾਰਨ ਅਸ਼ੁੱਧ ਸਨ, ਇਸ ਲਈ ਉਹ ਉਸੇ ਦਿਨ ਮੋਸ਼ੇਹ ਅਤੇ ਹਾਰੋਨ ਕੋਲ ਆਏ। 7ਅਤੇ ਮੋਸ਼ੇਹ ਨੂੰ ਆਖਿਆ, “ਅਸੀਂ ਇੱਕ ਮੁਰਦੇ ਦੇ ਕਾਰਨ ਅਸ਼ੁੱਧ ਹੋ ਗਏ ਹਾਂ, ਪਰ ਸਾਨੂੰ ਇਸਰਾਏਲ ਦੇ ਬਾਕੀ ਘਰਾਣੇ ਨਾਲ ਯਾਹਵੇਹ ਨੂੰ ਭੇਟਾਂ ਚੜ੍ਹਾਉਣ ਤੋਂ ਕਿਉਂ ਰੋਕਿਆ ਜਾਂਦਾ ਹੈ?”
8ਮੋਸ਼ੇਹ ਨੇ ਉਹਨਾਂ ਨੂੰ ਉੱਤਰ ਦਿੱਤਾ, “ਉਦੋਂ ਤੱਕ ਉਡੀਕ ਕਰੋ ਜਦੋਂ ਤੱਕ ਮੈਂ ਇਹ ਨਾ ਜਾਣ ਲਵਾਂ ਕਿ ਯਾਹਵੇਹ ਤੁਹਾਡੇ ਬਾਰੇ ਕੀ ਹੁਕਮ ਦਿੰਦਾ ਹੈ।”
9ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 10“ਇਸਰਾਏਲੀਆਂ ਨੂੰ ਦੱਸ, ‘ਜਦੋਂ ਤੁਹਾਡੇ ਵਿੱਚੋਂ ਕੋਈ ਜਾਂ ਤੁਹਾਡੀ ਸੰਤਾਨ ਕਿਸੇ ਮੁਰਦੇ ਕਾਰਨ ਅਸ਼ੁੱਧ ਹੋਵੇ ਜਾਂ ਉਹ ਰਸਤੇ ਵਿੱਚ ਜਾ ਰਹੇ ਹੋਣ, ਤਾਂ ਵੀ ਉਹ ਯਾਹਵੇਹ ਦਾ ਪਸਾਹ ਮਨਾ ਸਕਦੇ ਹਨ, 11ਪਰ ਉਹ ਇਸਨੂੰ ਦੂਜੇ ਮਹੀਨੇ ਦੇ ਚੌਦਵੇਂ ਦਿਨ ਸ਼ਾਮ ਵੇਲੇ ਮਨਾਉਣ, ਉਹ ਪਸਾਹ ਦੀ ਪਤੀਰੀ ਰੋਟੀ ਅਤੇ ਸਾਗ ਪੱਤ ਨਾਲ ਉਸ ਨੂੰ ਖਾਣ। 12ਉਹ ਸਵੇਰ ਤੱਕ ਇਸ ਵਿੱਚੋਂ ਕੁਝ ਨਾ ਛੱਡਣ ਅਤੇ ਨਾ ਹੀ ਉਸਦੀ ਕੋਈ ਹੱਡੀ ਤੋੜਨ ਅਤੇ ਜਦੋਂ ਉਹ ਪਸਾਹ ਦਾ ਤਿਉਹਾਰ ਮਨਾਉਂਦੇ ਹਨ, ਉਹ ਸਾਰੇ ਨਿਯਮਾਂ ਦੀ ਪਾਲਣਾ ਕਰਨ। 13ਪਰ ਜੇਕਰ ਕੋਈ ਵਿਅਕਤੀ ਜੋ ਰਸਮੀ ਤੌਰ ਉੱਤੇ ਸ਼ੁੱਧ ਹੈ ਅਤੇ ਰਸਤੇ ਵਿੱਚ ਵੀ ਨਹੀਂ ਹੈ, ਅਤੇ ਪਸਾਹ ਦਾ ਤਿਉਹਾਰ ਮਨਾਉਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਨਿਸ਼ਚਿਤ ਸਮੇਂ ਉੱਤੇ ਯਾਹਵੇਹ ਦੀ ਭੇਟ ਨਾ ਚੜ੍ਹਾਉਣ ਦੇ ਕਾਰਨ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ਅਤੇ ਉਹ ਆਪਣੇ ਪਾਪ ਦਾ ਫਲ ਆਪ ਹੀ ਭੁਗਤੇਗਾ।
14“ ‘ਤੁਹਾਡੇ ਵਿੱਚ ਰਹਿਣ ਵਾਲੇ ਇੱਕ ਵਿਦੇਸ਼ੀ ਨੂੰ ਵੀ ਯਾਹਵੇਹ ਦੇ ਪਸਾਹ ਦਾ ਤਿਉਹਾਰ ਇਸ ਦੇ ਹੁਕਮਾਂ ਅਤੇ ਨਿਯਮਾਂ ਅਨੁਸਾਰ ਮਨਾਉਣਾ ਚਾਹੀਦਾ ਹੈ, ਪਰ ਪਰਦੇਸੀ ਅਤੇ ਤੁਹਾਡੇ ਦੋਹਾਂ ਲਈ ਇੱਕੋ ਜਿਹੇ ਨਿਯਮ ਹਨ।’ ”
ਤੰਬੂ ਦੇ ਉੱਪਰ ਬੱਦਲ
15ਜਿਸ ਦਿਨ ਡੇਰਾ, ਨੇਮ ਦਾ ਤੰਬੂ ਸਥਾਪਿਤ ਕੀਤਾ ਗਿਆ, ਬੱਦਲ ਨੇ ਉਸ ਨੂੰ ਢੱਕ ਲਿਆ ਅਤੇ ਸ਼ਾਮ ਤੋਂ ਸਵੇਰ ਤੱਕ ਤੰਬੂ ਦੇ ਉੱਪਰ ਬੱਦਲ ਅੱਗ ਵਾਂਗ ਦਿਖਾਈ ਦਿੰਦਾ ਸੀ। 16ਇਸ ਤਰ੍ਹਾਂ ਸਦਾ ਹੀ ਹੁੰਦਾ ਸੀ, ਬੱਦਲ ਨੇ ਇਸਨੂੰ ਢੱਕ ਲਿਆ ਅਤੇ ਰਾਤ ਨੂੰ ਇਹ ਅੱਗ ਵਰਗੀ ਦਿਖਾਈ ਦਿੰਦੀ ਸੀ। 17ਜਦੋਂ ਵੀ ਬੱਦਲ ਤੰਬੂ ਦੇ ਉੱਪਰੋਂ ਉੱਠਦਾ ਸੀ, ਇਸਰਾਏਲੀ ਕੂਚ ਕਰਦੇ ਸਨ ਅਤੇ ਜਿੱਥੇ ਵੀ ਬੱਦਲ ਠਹਿਰਦਾ ਸੀ, ਇਸਰਾਏਲੀ ਉੱਥੇ ਡੇਰੇ ਲਾਉਂਦੇ। 18ਯਾਹਵੇਹ ਦੇ ਹੁਕਮ ਉੱਤੇ ਇਸਰਾਏਲੀ ਕੂਚ ਕਰਦੇ ਸਨ, ਅਤੇ ਉਸ ਦੇ ਹੁਕਮ ਨਾਲ ਡੇਰੇ ਲਾਉਂਦੇ ਸਨ। ਜਿੰਨਾ ਚਿਰ ਬੱਦਲ ਤੰਬੂ ਉੱਤੇ ਰਿਹਾ, ਉਹ ਆਪਣੇ ਡੇਰੇ ਵਿੱਚ ਰਹਿੰਦੇ। 19ਜਦੋਂ ਬੱਦਲ ਤੰਬੂ ਉੱਤੇ ਲੰਮਾ ਸਮਾਂ ਠਹਿਰਿਆ ਰਹਿੰਦਾ ਸੀ, ਤਾਂ ਇਸਰਾਏਲੀਆਂ ਨੇ ਯਾਹਵੇਹ ਦਾ ਹੁਕਮ ਮੰਨਿਆ ਅਤੇ ਬਾਹਰ ਨਾ ਨਿਕਲੇ। 20ਕਦੇ-ਕਦੇ ਬੱਦਲ ਤੰਬੂ ਉੱਤੇ ਥੋੜ੍ਹੇ ਦਿਨ ਹੀ ਰਹਿੰਦਾ ਸੀ ਤਦ ਯਾਹਵੇਹ ਦੇ ਹੁਕਮ ਉੱਤੇ ਉਹ ਡੇਰੇ ਲਾਉਦੇਂ, ਅਤੇ ਫਿਰ ਉਸਦੇ ਹੁਕਮ ਉੱਤੇ ਉਹ ਕੂਚ ਕਰਦੇ ਸਨ। 21ਕਦੇ-ਕਦੇ ਬੱਦਲ ਸ਼ਾਮ ਤੋਂ ਸਵੇਰ ਤੱਕ ਹੀ ਰਹਿੰਦਾ ਸੀ, ਅਤੇ ਜਦੋਂ ਉਹ ਸਵੇਰ ਨੂੰ ਉੱਠਦਾ ਸੀ, ਤਾਂ ਉਹ ਚਲੇ ਜਾਂਦੇ ਸਨ। ਚਾਹੇ ਦਿਨੇ ਜਾਂ ਰਾਤ ਨੂੰ, ਜਦੋਂ ਵੀ ਬੱਦਲ ਉੱਠਦਾ ਹੈ, ਉਹ ਨਿਕਲ ਜਾਂਦੇ ਹਨ। 22ਭਾਵੇਂ ਬੱਦਲ ਤੰਬੂ ਉੱਤੇ ਦੋ ਦਿਨ ਜਾਂ ਇੱਕ ਮਹੀਨਾ ਜਾਂ ਇੱਕ ਸਾਲ ਠਹਿਰਿਆ ਰਹੇ, ਇਸਰਾਏਲੀ ਡੇਰੇ ਵਿੱਚ ਹੀ ਰਹਿਦੇ ਸਨ ਅਤੇ ਬਾਹਰ ਨਹੀਂ ਜਾਦੇ ਸਨ; ਪਰ ਜਦੋਂ ਬੱਦਲ ਚੁੱਕਿਆ ਜਾਂਦਾ, ਤਾਂ ਉਹ ਕੂਚ ਕਰਦੇ ਸਨ। 23ਯਾਹਵੇਹ ਦੇ ਹੁਕਮ ਉੱਤੇ ਉਹ ਡੇਰੇ ਲਾਉਂਦੇ ਸਨ ਅਤੇ ਯਾਹਵੇਹ ਦੇ ਹੁਕਮ ਉੱਤੇ ਕੂਚ ਕਰਦੇ ਸਨ। ਉਹਨਾਂ ਨੇ ਮੋਸ਼ੇਹ ਰਾਹੀਂ ਯਾਹਵੇਹ ਦੇ ਹੁਕਮ ਦੀ ਪਾਲਣਾ ਕੀਤੀ।

Currently Selected:

ਗਿਣਤੀ 9: PCB

Highlight

Copy

Compare

Share

None

Want to have your highlights saved across all your devices? Sign up or sign in

Video for ਗਿਣਤੀ 9