ਗਿਣਤੀ 10
10
ਚਾਂਦੀ ਦੀਆਂ ਤੁਰ੍ਹੀਆਂ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਕੁੱਟੀ ਹੋਈ ਚਾਂਦੀ ਦੀਆਂ ਦੋ ਤੁਰ੍ਹੀਆਂ ਬਣਾ, ਅਤੇ ਉਹਨਾਂ ਦੀ ਵਰਤੋਂ ਲੋਕਾਂ ਨੂੰ ਇਕੱਠੇ ਕਰਨ ਲਈ ਅਤੇ ਡੇਰੇ ਲਗਾਉਣ ਲਈ ਕਰੋ। 3ਜਦੋਂ ਦੋਵੇਂ ਤੁਰ੍ਹੀਆਂ ਵਜਾਈਆਂ ਜਾਣ ਤਾਂ ਸਾਰੀ ਕੌਮ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਤੁਹਾਡੇ ਅੱਗੇ ਇਕੱਠੀ ਹੋਵੇ। 4ਅਤੇ ਜਦ ਇੱਕੋ ਹੀ ਵਜਾਈ ਜਾਏ, ਤਾਂ ਇਸਰਾਏਲ ਵਿੱਚ ਜਿਹੜੇ ਹਜ਼ਾਰਾਂ ਦੇ ਮੁਖੀ ਤੁਹਾਡੇ ਸਾਮ੍ਹਣੇ ਇਕੱਠੇ ਹੋਣ। 5ਜਦੋਂ ਪਹਿਲਾ ਸਾਹ ਖਿੱਚ ਕੇ ਤੁਰ੍ਹੀ ਵਜਾਈ ਜਾਂਦੀ ਹੈ, ਤਾਂ ਪੂਰਬ ਵੱਲ ਡੇਰਾ ਲਾਉਣ ਵਾਲੇ ਕਬੀਲੇ ਕੂਚ ਕਰਨ। 6ਜਦੋਂ ਸਾਹ ਖਿੱਚ ਕੇ ਦੂਸਰੀ ਵਾਰ ਤੁਰ੍ਹੀ ਵਜਾਈ ਜਾਂਦੀ ਹੈ ਤਾਂ ਦੱਖਣ ਦਿਸ਼ਾ ਵੱਲ ਦੇ ਡੇਰੇ ਕੂਚ ਕਰਨ। ਇਸ ਤਰ੍ਹਾਂ ਕੂਚ ਕਰਨ ਲਈ ਉਹ ਖਿੱਚ ਕੇ ਤੁਰ੍ਹੀ ਵਜਾਈ ਜਾਂਦੀ ਸੀ। 7ਜਦੋਂ ਵੀ ਸਭਾ ਇਕੱਠੀ ਹੋਵੇ, ਤੁਸੀਂ ਬਿਨਾਂ ਕਿਸੇ ਚੇਤਾਵਨੀ ਦੇ ਤੁਰ੍ਹੀ ਵਜਾਓ।
8“ਹਾਰੋਨ ਦੇ ਪੁੱਤਰ, ਜਾਜਕ ਤੁਰ੍ਹੀਆਂ ਵਜਾਉਣ। ਇਹ ਤੁਹਾਡੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਦਾ ਦਾ ਨਿਯਮ ਹੋਵੇ। 9ਜਦੋਂ ਤੁਸੀਂ ਆਪਣੇ ਦੇਸ਼ ਵਿੱਚ ਕਿਸੇ ਦੁਸ਼ਮਣ ਦੇ ਵਿਰੁੱਧ ਲੜਾਈ ਵਿੱਚ ਜਾਂਦੇ ਹੋ ਜੋ ਤੁਹਾਡੇ ਉੱਤੇ ਜ਼ੁਲਮ ਕਰਦੇ ਹਨ, ਤਾਂ ਸਾਹ ਖਿੱਚ ਕੇ ਤੁਰ੍ਹੀ ਬਜਾਓ। ਫਿਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਦੁਆਰਾ ਚੇਤੇ ਕੀਤੇ ਜਾਓਗੇ, ਅਤੇ ਤੁਸੀਂ ਆਪ ਨੇ ਦੁਸ਼ਮਣਾਂ ਤੋਂ ਬਚਾਏ ਜਾਓਗੇ। 10ਅਤੇ ਤੁਹਾਡੇ ਅਨੰਦ ਦੇ ਸਮੇਂ, ਤੁਹਾਡੇ ਠਹਿਰਾਏ ਹੋਏ ਤਿਉਹਾਰਾਂ ਅਤੇ ਨਵੇਂ ਚੰਦ ਦੇ ਤਿਉਹਾਰਾਂ ਉੱਤੇ, ਤੁਸੀਂ ਆਪਣੀਆਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਉੱਤੇ ਤੁਰ੍ਹੀਆਂ ਵਜਾਉਣੀਆਂ ਹਨ, ਅਤੇ ਉਹ ਤੁਹਾਡੇ ਪਰਮੇਸ਼ਵਰ ਦੇ ਅੱਗੇ ਯਾਦਗਾਰ ਹੋਣਗੀਆਂ। ਮੈਂ ਯਾਹਵੇਹ ਤੇਰਾ ਪਰਮੇਸ਼ਵਰ ਹਾਂ।”
ਇਸਰਾਏਲੀਆਂ ਦੀ ਸੀਨਾਈ ਪਰਬਤ ਤੋਂ ਕੂਚ
11ਦੂਜੇ ਸਾਲ ਦੇ ਦੂਜੇ ਮਹੀਨੇ ਦੇ ਵੀਹਵੇਂ ਦਿਨ, ਨੇਮ ਦੇ ਤੰਬੂ ਦੇ ਉੱਪਰੋਂ ਬੱਦਲ ਉੱਠਿਆ। 12ਫਿਰ ਇਸਰਾਏਲੀ ਸੀਨਾਈ ਦੇ ਉਜਾੜ ਵਿੱਚੋਂ ਨਿਕਲੇ ਅਤੇ ਇੱਕ ਥਾਂ ਤੋਂ ਦੂਜੇ ਸਥਾਨ ਤੇ ਤੁਰੇ ਜਦੋਂ ਤੱਕ ਪਾਰਾਨ ਦੇ ਉਜਾੜ ਵਿੱਚ ਬੱਦਲ ਟਿਕ ਨਾ ਗਿਆ। 13ਉਹ ਪਹਿਲੀ ਵਾਰ ਮੋਸ਼ੇਹ ਦੇ ਰਾਹੀਂ ਯਾਹਵੇਹ ਦੇ ਹੁਕਮ ਅਨੁਸਾਰ ਨਿਕਲੇ।
14ਅਤੇ ਸਭ ਤੋਂ ਪਹਿਲਾਂ ਯਹੂਦਾਹ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ, ਅਤੇ ਉਸ ਦਾ ਸੈਨਾਪਤੀ ਅੰਮੀਨਾਦਾਬ ਦਾ ਪੁੱਤਰ ਨਾਹਸ਼ੋਨ ਸੀ। 15ਸੂਆਰ ਦਾ ਪੁੱਤਰ ਨਥਾਨੇਲ ਯਿੱਸਾਕਾਰ ਦੇ ਗੋਤ ਦਾ ਸੈਨਾਪਤੀ ਸੀ, 16ਅਤੇ ਹੇਲੋਨ ਦਾ ਪੁੱਤਰ ਅਲੀਆਬ ਜ਼ਬੂਲੁਨ ਦੇ ਗੋਤ ਦਾ ਸੈਨਾਪਤੀ ਸੀ। 17ਤਦ ਤੰਬੂ ਨੂੰ ਉਤਾਰਿਆ ਗਿਆ ਅਤੇ ਗੇਰਸ਼ੋਨੀ ਅਤੇ ਮੇਰਾਰੀ ਜਿਹੜੇ ਉਸ ਨੂੰ ਚੁੱਕਦੇ ਸਨ, ਚੱਲ ਪਏ।
18ਫਿਰ ਰਊਬੇਨ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ ਅਤੇ ਉਹ ਦਲ ਬਣਾ ਕੇ ਚੱਲੇ ਅਤੇ ਉਹਨਾਂ ਦਾ ਸੈਨਾਪਤੀ ਸ਼ਦੇਊਰ ਦਾ ਪੁੱਤਰ ਅਲੀਸੂਰ ਸੀ। 19ਸ਼ਿਮਓਨ ਦੇ ਗੋਤ ਦਾ ਸੈਨਾਪਤੀ ਸੂਰੀਸ਼ਦਈ ਦਾ ਪੁੱਤਰ ਸ਼ਲੁਮੀਏਲ ਸੀ। 20ਅਤੇ ਦੇਊਏਲ ਦਾ ਪੁੱਤਰ ਏਲੀਯਾਸਾਫ਼ ਗਾਦ ਦੇ ਗੋਤ ਦਾ ਸੈਨਾਪਤੀ ਸੀ। 21ਫਿਰ ਕੋਹਾਥੀ ਪਵਿੱਤਰ ਵਸਤੂਆਂ ਨੂੰ ਲੈ ਕੇ ਚੱਲ ਪਏ ਅਤੇ ਦੂਸਰਿਆਂ ਨੇ ਉਹਨਾਂ ਦੇ ਆਉਣ ਤੱਕ ਤੰਬੂ ਨੂੰ ਖੜ੍ਹਾ ਕਰ ਲਿਆ।
22ਫਿਰ ਇਫ਼ਰਾਈਮੀਆਂ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ। ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਉਹਨਾਂ ਦਾ ਸੈਨਾਪਤੀ ਸੀ। 23ਪਦਾਹਸੂਰ ਦਾ ਪੁੱਤਰ ਗਮਲੀਏਲ ਮਨੱਸ਼ੇਹ ਦੇ ਗੋਤ ਦਾ ਸੈਨਾਪਤੀ ਸੀ, 24ਅਤੇ ਗਿਦਾਓਨੀ ਦਾ ਪੁੱਤਰ ਅਬੀਦਾਨ ਬਿਨਯਾਮੀਨ ਦੇ ਗੋਤ ਦਾ ਸੈਨਾਪਤੀ ਸੀ।
25ਫਿਰ ਦਾਨ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ ਜਿਹੜਾ ਸਾਰੇ ਡੇਰਿਆਂ ਤੋਂ ਪਿੱਛੇ ਸੀ, ਉਹ ਦਲ ਬਣਾ ਕੇ ਚੱਲੇ ਅਤੇ ਉਹਨਾਂ ਦਾ ਸੈਨਾਪਤੀ ਅੰਮੀਸ਼ਦਈ ਦਾ ਪੁੱਤਰ ਅਹੀਅਜ਼ਰ ਸੀ। 26ਓਕਰਾਨ ਦਾ ਪੁੱਤਰ ਪਗੀਏਲ ਆਸ਼ੇਰ ਦੇ ਗੋਤ ਦਾ ਸੈਨਾਪਤੀ ਸੀ, 27ਅਤੇ ਏਨਾਨ ਦਾ ਪੁੱਤਰ ਅਹੀਰਾ ਨਫ਼ਤਾਲੀ ਦੇ ਗੋਤ ਦਾ ਸੈਨਾਪਤੀ ਸੀ। 28ਇਸਰਾਏਲੀ ਇਸੇ ਤਰ੍ਹਾਂ ਹੀ ਆਪਣੇ-ਆਪਣੇ ਦਲਾ ਦੇ ਅਨੁਸਾਰ ਕੂਚ ਕਰਦੇ ਸਨ ਅਤੇ ਅੱਗੇ ਵੱਧਦੇ ਹੁੰਦੇ ਸਨ।
29ਹੁਣ ਮੋਸ਼ੇਹ ਨੇ ਆਪਣੇ ਸਹੁਰੇ ਰਊਏਲ ਮਿਦਯਾਨੀ ਦੇ ਪੁੱਤਰ ਹੋਬਾਬ ਨੂੰ ਆਖਿਆ, “ਅਸੀਂ ਉਸ ਥਾਂ ਵੱਲ ਜਾ ਰਹੇ ਹਾਂ ਜਿਸ ਬਾਰੇ ਯਾਹਵੇਹ ਨੇ ਆਖਿਆ ਸੀ, ‘ਮੈਂ ਤੈਨੂੰ ਦਿਆਂਗਾ।’ ਸਾਡੇ ਨਾਲ ਚੱਲ ਅਤੇ ਅਸੀਂ ਤੇਰੇ ਨਾਲ ਭਲਿਆਈ ਕਰਾਂਗੇ ਕਿਉਂਕਿ ਯਾਹਵੇਹ ਨੇ ਇਸਰਾਏਲ ਨਾਲ ਚੰਗੀਆਂ ਚੀਜ਼ਾਂ ਦਾ ਵਾਅਦਾ ਕੀਤਾ ਹੈ।”
30ਉਸ ਨੇ ਉੱਤਰ ਦਿੱਤਾ, “ਨਹੀਂ, ਮੈਂ ਨਹੀਂ ਜਾਵਾਂਗਾ, ਮੈਂ ਆਪਣੀ ਧਰਤੀ ਅਤੇ ਆਪਣੇ ਲੋਕਾਂ ਵਿੱਚ ਵਾਪਸ ਜਾ ਰਿਹਾ ਹਾਂ।”
31ਪਰ ਮੋਸ਼ੇਹ ਨੇ ਆਖਿਆ, “ਕਿਰਪਾ ਕਰਕੇ ਸਾਨੂੰ ਨਾ ਛੱਡ ਕਿਉਂ ਜੋ ਤੂੰ ਜਾਣਦਾ ਹੈ ਕਿ ਸਾਨੂੰ ਉਜਾੜ ਵਿੱਚ ਕਿੱਥੇ ਡੇਰਾ ਲਾਉਣਾ ਚਾਹੀਦਾ ਹੈ, ਸਗੋਂ ਤੇਰੀਆਂ ਅੱਖਾਂ ਸਾਡੇ ਲਈ ਅਗਵਾਈ ਦਾ ਕੰਮ ਕਰਦੀਆਂ ਹਨ। 32ਜੇਕਰ ਤੂੰ ਸਾਡੇ ਨਾਲ ਚੱਲੇਗਾ, ਤਾਂ ਜੋ ਵੀ ਚੰਗੀਆਂ ਚੀਜ਼ਾਂ ਯਾਹਵੇਹ ਸਾਨੂੰ ਦੇਵੇਗਾ, ਤੇਰੇ ਨਾਲ ਸਾਂਝਾ ਕਰਾਂਗੇ।”
33ਇਸ ਲਈ ਉਹ ਯਾਹਵੇਹ ਦੇ ਪਰਬਤ ਤੋਂ ਨਿਕਲੇ ਅਤੇ ਤਿੰਨ ਦਿਨ ਸਫ਼ਰ ਕੀਤਾ। ਯਾਹਵੇਹ ਦੇ ਨੇਮ ਦਾ ਸੰਦੂਕ ਉਹਨਾਂ ਤਿੰਨਾਂ ਦਿਨਾਂ ਵਿੱਚ ਉਹਨਾਂ ਦੇ ਅੱਗੇ-ਅੱਗੇ ਚੱਲਿਆ ਤਾਂ ਜੋ ਉਹਨਾਂ ਨੂੰ ਆਰਾਮ ਕਰਨ ਲਈ ਜਗ੍ਹਾ ਮਿਲੇ। 34ਯਾਹਵੇਹ ਦਾ ਬੱਦਲ ਦਿਨ ਵੇਲੇ ਉਹਨਾਂ ਉੱਤੇ ਛਾਇਆ ਹੋਇਆ ਸੀ ਜਦੋਂ ਉਹ ਡੇਰੇ ਤੋਂ ਨਿਕਲਦੇ ਸਨ।
35ਇਸ ਤਰ੍ਹਾਂ ਹੁੰਦਾ ਸੀ, ਜਦ ਸੰਦੂਕ ਦਾ ਕੂਚ ਹੁੰਦਾ ਸੀ, ਮੋਸ਼ੇਹ ਆਖਦਾ ਸੀ,
“ਉੱਠ, ਯਾਹਵੇਹ!
ਤੇਰੇ ਦੁਸ਼ਮਣ ਖਿੱਲਰ ਜਾਣ;
ਤੇਰੇ ਦੁਸ਼ਮਣ ਤੇਰੇ ਅੱਗੋਂ ਭੱਜ ਜਾਣ।”
36ਜਦੋਂ ਵੀ ਇਹ ਆਰਾਮ ਕਰਨ ਲਈ ਠਹਿਰਦਾ, ਮੋਸ਼ੇਹ ਆਖਦਾ ਹੁੰਦਾ ਸੀ,
“ਹੇ ਯਾਹਵੇਹ,
ਇਸਰਾਏਲ ਦੇ ਅਣਗਿਣਤ ਹਜ਼ਾਰਾਂ ਲੋਕਾਂ ਕੋਲ ਵਾਪਸ ਆ।”
Currently Selected:
ਗਿਣਤੀ 10: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.