ਗਿਣਤੀ 8
8
ਦੀਵਿਆਂ ਨੂੰ ਜਲਾਉਣਾ
1ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 2“ਹਾਰੋਨ ਨਾਲ ਗੱਲ ਕਰ ਅਤੇ ਉਸ ਨੂੰ ਆਖ, ‘ਜਦ ਤੂੰ ਦੀਵੇ ਜਲਾਵੇਂ ਤਾਂ ਉਹ ਸੱਤ ਦੀਵੇ ਸ਼ਮਾਦਾਨ ਦੇ ਸਾਮ੍ਹਣੇ ਚਾਨਣ ਦੇਣ।’ ”
3ਹਾਰੋਨ ਨੇ ਅਜਿਹਾ ਹੀ ਕੀਤਾ, ਉਸ ਨੇ ਦੀਵਿਆਂ ਨੂੰ ਇਸ ਲਈ ਸਥਾਪਿਤ ਕੀਤਾ ਅਤੇ ਸ਼ਮਾਦਾਨ ਦੇ ਵੱਲ ਮੂੰਹ ਕਰਕੇ ਬਾਲੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ। 4ਸ਼ਮਾਦਾਨ ਇਸ ਤਰ੍ਹਾਂ ਬਣਾਇਆ ਸੀ: ਇਹ ਕੁੱਟੇ ਹੋਏ ਸੋਨੇ ਤੋਂ ਬਣਾਇਆ ਗਿਆ ਸੀ ਅਤੇ ਇਸ ਦਾ ਅਧਾਰ ਹੇਠਾਂ ਤੋਂ ਲੈ ਕੇ ਉੱਪਰ ਦੇ ਫੁੱਲਾਂ ਤੱਕ ਕੁੱਟੇ ਹੋਏ ਸੋਨੇ ਦਾ ਬਣਿਆ ਹੋਇਆ ਸੀ। ਸ਼ਮਾਦਾਨ ਬਿਲਕੁਲ ਉਸੇ ਨਮੂਨੇ ਵਾਂਗ ਬਣਾਇਆ ਗਿਆ ਸੀ ਜਿਸ ਤਰ੍ਹਾਂ ਯਾਹਵੇਹ ਨੇ ਮੋਸ਼ੇਹ ਨੂੰ ਦਿਖਾਇਆ ਸੀ।
ਲੇਵੀਆਂ ਦਾ ਸਥਾਨ
5ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 6“ਸਾਰੇ ਇਸਰਾਏਲੀਆਂ ਵਿੱਚੋਂ ਲੇਵੀਆਂ ਨੂੰ ਲੈ ਅਤੇ ਉਹਨਾਂ ਨੂੰ ਪਵਿੱਤਰ ਕਰ। 7ਉਹਨਾਂ ਨੂੰ ਸ਼ੁੱਧ ਕਰਨ ਲਈ, ਉਹਨਾਂ ਉੱਤੇ ਸ਼ੁੱਧ ਕਰਨ ਵਾਲਾ ਪਾਣੀ ਛਿੜਕੀ; ਫਿਰ ਉਹਨਾਂ ਦੇ ਸਾਰੇ ਸਰੀਰ ਦੇ ਉਸਤਰਾ ਫਿਰਾ ਦੇ ਅਤੇ ਉਹ ਆਪਣੇ ਕੱਪੜੇ ਧੋਣ ਅਤੇ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਸ਼ੁੱਧ ਕਰਨਗੇ। 8ਉਹਨਾਂ ਨੂੰ ਇੱਕ ਬਲਦ ਲੈ ਕੇ ਉਸ ਦੇ ਅਨਾਜ ਦੀ ਭੇਟ ਨਾਲ ਜ਼ੈਤੂਨ ਦੇ ਤੇਲ ਵਿੱਚ ਮਿਲਾਏ ਹੋਏ ਵਧੀਆ ਆਟੇ ਦੀ ਭੇਟ ਚੜਾਉਣ ਲਈ ਕਹੋ। ਫਿਰ ਤੁਸੀਂ ਪਾਪ ਦੀ ਭੇਟ#8:8 ਪਾਪ ਦੀ ਭੇਟ ਅਰਥਾਤ: ਸ਼ੁੱਧੀਕਰਨ ਦੀ ਭੇਟ ਲਈ ਇੱਕ ਦੂਸਰਾ ਬਲਦ ਲੈਣਾ। 9ਲੇਵੀਆਂ ਨੂੰ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਲਿਆਵੀਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕੱਠਾ ਕਰੀ। 10ਤੂੰ ਲੇਵੀਆਂ ਨੂੰ ਯਾਹਵੇਹ ਦੇ ਸਾਮ੍ਹਣੇ ਲਿਆਵੀਂ ਅਤੇ ਇਸਰਾਏਲੀ ਲੇਵੀਆਂ ਉੱਤੇ ਆਪਣੇ ਹੱਥ ਰੱਖਣਗੇ। 11ਹਾਰੋਨ ਉਹਨਾਂ ਲੇਵੀਆਂ ਨੂੰ ਯਾਹਵੇਹ ਦੇ ਅੱਗੇ ਇਸਰਾਏਲੀਆਂ ਵੱਲੋਂ ਹਿਲਾਉਣ ਦੀ ਭੇਟ ਵਜੋਂ ਚੜ੍ਹਾਵੇ, ਤਾਂ ਜੋ ਉਹ ਯਾਹਵੇਹ ਦੇ ਕੰਮ ਨੂੰ ਕਰਨ ਲਈ ਤਿਆਰ ਹੋ ਸਕਣ।
12“ਫਿਰ ਲੇਵੀ ਨੂੰ ਬਲਦਾਂ ਦੇ ਸਿਰਾਂ ਉੱਤੇ ਆਪਣੇ ਹੱਥ ਰੱਖਣ, ਇੱਕ ਨੂੰ ਯਾਹਵੇਹ ਲਈ ਪਾਪ ਦੀ ਭੇਟ ਵਜੋਂ ਅਤੇ ਦੂਜੇ ਨੂੰ ਹੋਮ ਦੀ ਭੇਟ ਲਈ ਚੜ੍ਹਾ, ਤਾਂ ਜੋ ਉਹ ਲੇਵੀਆਂ ਲਈ ਪ੍ਰਾਸਚਿਤ ਹੋਵੇ। 13ਲੇਵੀਆਂ ਨੂੰ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਸਾਮ੍ਹਣੇ ਖੋਲ੍ਹਣ ਲਈ ਕਹਿਣਾ ਅਤੇ ਫਿਰ ਉਹਨਾਂ ਨੂੰ ਯਾਹਵੇਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਚੜ੍ਹਾਈ। 14ਇਸ ਤਰ੍ਹਾਂ ਤੂੰ ਲੇਵੀਆਂ ਨੂੰ ਇਸਰਾਏਲੀਆਂ ਨਾਲੋਂ ਵੱਖਰਾ ਕਰੀਂ ਅਤੇ ਲੇਵੀ ਮੇਰੇ ਹੋਣਗੇ।
15“ਜਦੋਂ ਤੁਸੀਂ ਲੇਵੀਆਂ ਨੂੰ ਸ਼ੁੱਧ ਕਰੋਗੇ ਅਤੇ ਉਹਨਾਂ ਨੂੰ ਹਿਲਾਉਣ ਦੀ ਭੇਟ ਵਜੋਂ ਚੜ੍ਹਾਓਗੇ, ਤਾਂ ਉਹ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਨ ਲਈ ਆਉਣਗੇ। 16ਕਿਉਂਕਿ ਉਹ ਇਸਰਾਏਲ ਦੇ ਘਰਾਣੇ ਵਿੱਚੋਂ ਮੈਨੂੰ ਪੂਰੀ ਤਰ੍ਹਾਂ ਨਾਲ ਸਮਰਪਤ ਕੀਤੇ ਗਏ ਹਨ, ਮੈਂ ਉਹਨਾਂ ਨੂੰ ਸਾਰੇ ਇਸਰਾਏਲ ਵਿੱਚੋਂ ਸਾਰੇ ਪਹਿਲੌਠਿਆਂ ਦੇ ਬਦਲੇ ਆਪਣੇ ਲਈ ਲੈ ਲਿਆ ਹੈ। 17ਇਸਰਾਏਲ ਵਿੱਚ ਹਰੇਕ ਪਹਿਲੌਠਾ ਨਰ ਭਾਵੇਂ ਮਨੁੱਖ ਹੋਵੇ ਜਾਂ ਜਾਨਵਰ ਮੇਰਾ ਹੈ। ਜਦੋਂ ਮੈਂ ਮਿਸਰ ਵਿੱਚ ਸਾਰੇ ਪਹਿਲੌਠਿਆਂ ਨੂੰ ਮਾਰਿਆ, ਮੈਂ ਉਹਨਾਂ ਨੂੰ ਆਪਣੇ ਲਈ ਅਲੱਗ ਕਰ ਦਿੱਤਾ। 18ਅਤੇ ਮੈਂ ਇਸਰਾਏਲ ਦੇ ਸਾਰੇ ਪਹਿਲੌਠੇ ਪੁੱਤਰਾਂ ਦੀ ਥਾਂ ਲੇਵੀਆਂ ਨੂੰ ਲਿਆ ਹੈ। 19ਸਾਰੇ ਇਸਰਾਏਲੀਆਂ ਵਿੱਚੋਂ ਮੈਂ ਲੇਵੀ ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ ਤੋਹਫ਼ੇ ਵਜੋਂ ਦਿੱਤਾ ਹੈ ਕਿ ਉਹ ਇਸਰਾਏਲੀਆਂ ਲਈ ਮੰਡਲੀ ਦੇ ਤੰਬੂ ਵਿੱਚ ਕੰਮ ਕਰਨ ਅਤੇ ਉਹਨਾਂ ਲਈ ਪ੍ਰਾਸਚਿਤ ਕਰਨ ਤਾਂ ਜੋ ਇਸਰਾਏਲੀਆਂ ਉੱਤੇ ਕੋਈ ਬਵਾ ਨਾ ਆਵੇ। ਜਦੋਂ ਉਹ ਪਵਿੱਤਰ ਸਥਾਨ ਦੇ ਨੇੜੇ ਜਾਂਦੇ ਹਨ।”
20ਮੋਸ਼ੇਹ, ਹਾਰੋਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਲੇਵੀਆਂ ਨਾਲ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ। 21ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਅਤੇ ਆਪਣੇ ਕੱਪੜੇ ਧੋਤੇ। ਫਿਰ ਹਾਰੋਨ ਨੇ ਉਹਨਾਂ ਨੂੰ ਯਾਹਵੇਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ, ਅਤੇ ਉਹਨਾਂ ਨੂੰ ਪਵਿੱਤਰ ਕਰਨ ਲਈ ਪ੍ਰਾਸਚਿਤ ਕੀਤਾ। 22ਉਸ ਤੋਂ ਬਾਅਦ ਲੇਵੀ ਮੰਡਲੀ ਦੇ ਤੰਬੂ ਵਿੱਚ ਹਾਰੋਨ ਅਤੇ ਉਸ ਦੇ ਪੁੱਤਰਾਂ ਦੀ ਨਿਗਰਾਨੀ ਹੇਠ ਸੇਵਾ ਕਰਨ ਲਈ ਆਏ। ਉਹਨਾਂ ਨੇ ਲੇਵੀਆਂ ਨਾਲ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
23ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 24“ਲੇਵੀਆਂ ਲਈ ਇਹ ਨਿਯਮ ਹੈ, ਕਿ ਪੱਚੀ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਆਦਮੀ ਮੰਡਲੀ ਦੇ ਤੰਬੂ ਵਿੱਚ ਸੇਵਾ ਕਰਨ ਲਈ ਆਉਣ। 25ਪਰ ਪੰਜਾਹ ਸਾਲ ਦੀ ਉਮਰ ਵਿੱਚ, ਉਹਨਾਂ ਨੂੰ ਆਪਣੀ ਨਿਯਮਤ ਸੇਵਾ ਤੋਂ ਸੇਵਾਮੁਕਤ ਹੋ ਜਾਣ, ਅਤੇ ਉਹ ਹੋਰ ਸੇਵਾ ਦਾ ਕੰਮ ਨਾ ਕਰਨ। 26ਉਹ ਮੰਡਲੀ ਵਾਲੇ ਤੰਬੂ ਵਿੱਚ ਆਪਣੇ ਭਰਾਵਾਂ ਦੀ ਸਹਾਇਤਾ ਕਰ ਸਕਦੇ ਹਨ, ਪਰ ਉਹ ਆਪ ਸੇਵਾ ਦਾ ਕੰਮ ਨਾ ਕਰਨ ਅਤੇ ਇਸ ਲਈ, ਇਸ ਤਰ੍ਹਾਂ ਤੈਨੂੰ ਲੇਵੀਆਂ ਨੂੰ ਜ਼ਿੰਮੇਵਾਰੀਆਂ ਸੌਂਪਣੀਆਂ ਹਨ।”
Currently Selected:
ਗਿਣਤੀ 8: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.