ਗਿਣਤੀ 23
23
ਬਿਲਆਮ ਦਾ ਪਹਿਲਾ ਸੰਦੇਸ਼
1ਬਿਲਆਮ ਨੇ ਬਾਲਾਕ ਨੂੰ ਆਖਿਆ, “ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਮੇਰੇ ਲਈ ਸੱਤ ਬਲਦ ਅਤੇ ਸੱਤ ਭੇਡੂ ਤਿਆਰ ਕਰ।” 2ਬਾਲਾਕ ਨੇ ਬਿਲਆਮ ਦੇ ਕਹਿਣ ਅਨੁਸਾਰ ਕੀਤਾ ਅਤੇ ਉਹਨਾਂ ਦੋਹਾਂ ਨੇ ਹਰੇਕ ਜਗਵੇਦੀ ਉੱਤੇ ਇੱਕ ਬਲਦ ਅਤੇ ਇੱਕ ਭੇਡੂ ਚੜ੍ਹਾਇਆ।
3ਤਦ ਬਿਲਆਮ ਨੇ ਬਾਲਾਕ ਨੂੰ ਆਖਿਆ, “ਜਦੋਂ ਤੱਕ ਮੈਂ ਇੱਕ ਪਾਸੇ ਜਾਵਾਂ ਤਾਂ ਇੱਥੇ ਆਪਣੀ ਭੇਟ ਦੇ ਕੋਲ ਠਹਿਰ ਜਾ ਅਤੇ ਸ਼ਾਇਦ ਯਾਹਵੇਹ ਮੈਨੂੰ ਮਿਲਣ ਲਈ ਆਵੇ। ਜੋ ਵੀ ਉਹ ਮੈਨੂੰ ਪ੍ਰਗਟ ਕਰੇਗਾ ਮੈਂ ਤੁਹਾਨੂੰ ਦੱਸਾਂਗਾ।” ਫਿਰ ਉਹ ਇੱਕ ਪਰਬਤ ਵੱਲ ਚਲਾ ਗਿਆ।
4ਪਰਮੇਸ਼ਵਰ ਉਸ ਨੂੰ ਮਿਲਿਆ ਅਤੇ ਬਿਲਆਮ ਨੇ ਆਖਿਆ, “ਮੈਂ ਸੱਤ ਜਗਵੇਦੀਆਂ ਤਿਆਰ ਕੀਤੀਆਂ ਹਨ ਅਤੇ ਹਰੇਕ ਜਗਵੇਦੀ ਉੱਤੇ ਮੈਂ ਇੱਕ ਬਲਦ ਅਤੇ ਇੱਕ ਭੇਡੂ ਚੜ੍ਹਾਇਆ ਹੈ।”
5ਯਾਹਵੇਹ ਨੇ ਬਿਲਆਮ ਦੇ ਮੂੰਹ ਵਿੱਚ ਇੱਕ ਬਚਨ ਪਾਇਆ ਅਤੇ ਕਿਹਾ, “ਬਾਲਾਕ ਕੋਲ ਵਾਪਸ ਜਾ ਅਤੇ ਉਸਨੂੰ ਇਹ ਬਚਨ ਦੇ।”
6ਤਾਂ ਉਹ ਉਸ ਕੋਲ ਵਾਪਸ ਗਿਆ ਅਤੇ ਉਸ ਨੂੰ ਮੋਆਬੀ ਦੇ ਸਾਰੇ ਅਧਿਕਾਰੀਆਂ ਸਣੇ ਆਪਣੀ ਭੇਟ ਦੇ ਕੋਲ ਖੜ੍ਹਾ ਵੇਖਿਆ। 7ਤਦ ਬਿਲਆਮ ਨੇ ਆਪਣਾ ਸੰਦੇਸ਼ ਸੁਣਾਇਆ:
“ਬਾਲਾਕ ਮੈਨੂੰ ਅਰਾਮ ਤੋਂ ਮੋਆਬ ਦਾ ਰਾਜਾ ਪੂਰਬੀ ਪਹਾੜਾਂ ਤੋਂ ਲਿਆਇਆ,
ਉਸ ਨੇ ਕਿਹਾ, ‘ਆ,’ ਅਤੇ ‘ਮੇਰੇ ਲਈ ਯਾਕੋਬ ਨੂੰ ਸਰਾਪ ਦੇ, ਆ,
ਇਸਰਾਏਲ ਦੀ ਨਿੰਦਾ ਕਰ।’
8ਮੈਂ ਉਹਨਾਂ ਨੂੰ ਕਿਵੇਂ ਸਰਾਪ ਦੇਵਾਂ,
ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸਰਾਪ ਨਹੀਂ ਦਿੱਤਾ?
ਮੈਂ ਉਹਨਾਂ ਨੂੰ ਕਿਵੇਂ ਨਿੰਦ ਸਕਦਾ ਹਾਂ
ਜਿਨ੍ਹਾਂ ਨੂੰ ਯਾਹਵੇਹ ਨੇ ਨਿੰਦਿਆ ਨਹੀਂ ਹੈ?
9ਮੈਂ ਉਹਨਾਂ ਨੂੰ ਚੱਟਾਨ ਦੀਆਂ ਟੀਸੀਆਂ ਤੋਂ ਵੇਖਦਾ ਹਾਂ,
ਉਚਾਈਆਂ ਤੋਂ ਮੈਂ ਉਹਨਾਂ ਨੂੰ ਵੇਖਦਾ ਹਾਂ।
ਮੈਂ ਅਜਿਹੇ ਲੋਕਾਂ ਨੂੰ ਵੇਖਦਾ ਹਾਂ ਜੋ ਅਲੱਗ ਰਹਿੰਦੇ ਹਨ,
ਅਤੇ ਆਪਣੇ ਆਪ ਨੂੰ ਕੌਮਾਂ ਵਿੱਚੋਂ ਇੱਕ ਨਹੀਂ ਸਮਝਦੇ।
10ਕੌਣ ਯਾਕੋਬ ਦੀ ਧੂੜ ਨੂੰ ਗਿਣ ਸਕਦਾ ਹੈ
ਜਾਂ ਇਸਰਾਏਲ ਦੇ ਇੱਕ ਚੌਥਾਈ ਵੀ ਗਿਣ ਸਕਦਾ ਹੈ?
ਮੈਨੂੰ ਧਰਮੀ ਦੀ ਮੌਤ ਮਰਨ ਦਿਓ,
ਅਤੇ ਮੇਰਾ ਅੰਤ ਉਹਨਾਂ ਵਾਂਗ ਹੋਵੇ!”
11ਬਾਲਾਕ ਨੇ ਬਿਲਆਮ ਨੂੰ ਕਿਹਾ, “ਤੂੰ ਮੇਰੇ ਨਾਲ ਕੀ ਕੀਤਾ ਹੈ? ਮੈਂ ਤੁਹਾਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਲਿਆਇਆ ਸੀ, ਪਰ ਤੁਸੀਂ ਉਹਨਾਂ ਨੂੰ ਅਸੀਸ ਦੇਣ ਤੋਂ ਇਲਾਵਾ ਕੁਝ ਨਹੀਂ ਕੀਤਾ!”
12ਉਸ ਨੇ ਉੱਤਰ ਦਿੱਤਾ, “ਕੀ ਮੈਨੂੰ ਉਹੀ ਨਾ ਬੋਲਣਾ ਚਾਹੀਦਾ ਜੋ ਯਾਹਵੇਹ ਮੇਰੇ ਮੂੰਹ ਵਿੱਚ ਪਾਉਂਦਾ ਹੈ?”
ਬਿਲਆਮ ਦਾ ਦੂਸਰਾ ਸੰਦੇਸ਼
13ਤਦ ਬਾਲਾਕ ਨੇ ਉਸ ਨੂੰ ਕਿਹਾ, “ਮੇਰੇ ਨਾਲ ਕਿਸੇ ਹੋਰ ਜਗ੍ਹਾ ਤੇ ਚੱਲ ਜਿੱਥੇ ਤੂੰ ਉਹਨਾਂ ਨੂੰ ਵੇਖ ਸਕੇ। ਤੂੰ ਉਹਨਾਂ ਸਾਰਿਆਂ ਨੂੰ ਨਹੀਂ ਵੇਖੇਗਾ ਪਰ ਸਿਰਫ ਉਹਨਾਂ ਦੇ ਡੇਰੇ ਦੇ ਬਾਹਰਲੇ ਹਿੱਸੇ ਨੂੰ ਵੇਖੇਗਾ ਅਤੇ ਉੱਥੋਂ, ਮੇਰੇ ਲਈ ਉਹਨਾਂ ਨੂੰ ਸਰਾਪ ਦੇ।” 14ਸੋ ਉਹ ਉਸ ਨੂੰ ਪਿਸਗਾਹ ਦੀ ਚੋਟੀ ਉੱਤੇ ਸੋਫੀਮ ਦੇ ਖੇਤ ਵਿੱਚ ਲੈ ਗਿਆ ਅਤੇ ਉੱਥੇ ਉਸ ਨੇ ਸੱਤ ਜਗਵੇਦੀਆਂ ਬਣਾਈਆਂ ਅਤੇ ਹਰੇਕ ਜਗਵੇਦੀ ਉੱਤੇ ਇੱਕ ਬਲਦ ਅਤੇ ਇੱਕ ਭੇਡੂ ਚੜ੍ਹਾਇਆ।
15ਬਿਲਆਮ ਨੇ ਬਾਲਾਕ ਨੂੰ ਕਿਹਾ, “ਜਦ ਤੱਕ ਮੈਂ ਉੱਥੇ ਉਸ ਨੂੰ ਮਿਲਾਂਗਾ, ਤੂੰ ਇੱਥੇ ਆਪਣੀ ਭੇਟ ਦੇ ਕੋਲ ਠਹਿਰ ਜਾ।”
16ਯਾਹਵੇਹ ਬਿਲਆਮ ਨੂੰ ਮਿਲਿਆ ਅਤੇ ਉਸ ਦੇ ਮੂੰਹ ਵਿੱਚ ਇੱਕ ਸ਼ਬਦ ਪਾ ਕੇ ਕਿਹਾ, “ਬਾਲਾਕ ਕੋਲ ਵਾਪਸ ਜਾਹ ਅਤੇ ਉਸਨੂੰ ਇਹ ਬਚਨ ਦੇ।”
17ਤਾਂ ਉਹ ਉਸ ਕੋਲ ਗਿਆ ਅਤੇ ਉਸ ਨੂੰ ਮੋਆਬੀ ਅਧਿਕਾਰੀਆਂ ਦੇ ਨਾਲ ਆਪਣੀ ਭੇਟ ਦੇ ਕੋਲ ਖੜ੍ਹਾ ਵੇਖਿਆ ਤਾਂ ਬਾਲਾਕ ਨੇ ਉਸਨੂੰ ਪੁੱਛਿਆ, “ਯਾਹਵੇਹ ਨੇ ਕੀ ਕਿਹਾ?”
18ਤਦ ਉਸ ਨੇ ਆਪਣਾ ਸੰਦੇਸ਼ ਸੁਣਾਇਆ,
“ਹੇ ਬਾਲਾਕ, ਉੱਠ ਅਤੇ ਸੁਣ
ਸਿੱਪੋਰ ਦੇ ਪੁੱਤਰ, ਮੇਰੀ ਸੁਣ।
19ਪਰਮੇਸ਼ਵਰ ਮਨੁੱਖ ਨਹੀਂ ਕਿ ਉਹ ਝੂਠ ਬੋਲੇ,
ਉਹ ਮਨੁੱਖ ਨਹੀਂ ਕਿ ਉਹ ਆਪਣਾ ਮਨ ਬਦਲ ਲਵੇ।
ਜੋ ਉਹ ਬੋਲਦਾ ਹੈ ਅਤੇ ਫਿਰ ਕੰਮ ਨਹੀਂ ਕਰਦਾ?
ਜੋ ਉਹ ਵਾਅਦਾ ਕਰਦਾ ਹੈ ਅਤੇ ਪੂਰਾ ਨਹੀਂ ਕਰਦਾ?
20ਮੈਨੂੰ ਅਸੀਸ ਦੇਣ ਦਾ ਹੁਕਮ ਮਿਲਿਆ ਹੈ;
ਉਸਨੇ ਅਸੀਸ ਦਿੱਤੀ ਹੈ, ਅਤੇ ਮੈਂ ਇਸਨੂੰ ਬਦਲ ਨਹੀਂ ਸਕਦਾ।
21“ਉਸ ਨੂੰ ਯਾਕੋਬ ਵਿੱਚ ਕੋਈ ਬੁਰਿਆਈ ਨਹੀਂ ਦਿਖਾਈ ਦਿੱਤੀ,
ਇਸਰਾਏਲ ਵਿੱਚ ਕੋਈ ਚਲਾਕੀ ਨਹੀਂ ਵੇਖੀ ਹੈ।
ਯਾਹਵੇਹ ਉਹਨਾਂ ਦਾ ਪਰਮੇਸ਼ਵਰ ਉਹਨਾਂ ਦੇ ਨਾਲ ਹੈ,
ਅਤੇ ਰਾਜੇ ਦੀ ਲਲਕਾਰ ਉਹ ਦੇ ਵਿੱਚ ਹੈ।
22ਪਰਮੇਸ਼ਵਰ ਨੇ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ।
ਉਹਨਾਂ ਕੋਲ ਜੰਗਲੀ ਬਲਦ ਦੀ ਤਾਕਤ ਹੈ।
23ਯਾਕੋਬ ਦੇ ਵਿਰੁੱਧ ਕੋਈ ਜਾਦੂ ਨਹੀਂ ਚਲਦਾ,
ਨਾ ਇਸਰਾਏਲ ਦੇ ਉੱਤੇ ਕੋਈ ਟੂਣਾ।
ਹੁਣ ਯਾਕੋਬ ਅਤੇ ਇਸਰਾਏਲ ਬਾਰੇ ਕਿਹਾ ਜਾਵੇਗਾ,
‘ਵੇਖੋ ਪਰਮੇਸ਼ਵਰ ਨੇ ਕੀ ਕੀਤਾ ਹੈ!’
24ਇਹ ਲੋਕ ਸ਼ੇਰਨੀ ਵਾਂਗ ਉੱਠਦੇ ਹਨ।
ਉਹ ਆਪਣੇ ਆਪ ਨੂੰ ਇੱਕ ਸ਼ੇਰ ਵਾਂਗ ਉਠਾਉਣਗੇ
ਉਦੋਂ ਤੱਕ ਆਰਾਮ ਨਹੀਂ ਕਰਨਗੇ ਜਦੋਂ ਤੱਕ ਉਹ ਆਪਣੇ ਸ਼ਿਕਾਰ ਨੂੰ ਖਾ ਨਹੀਂ ਜਾਂਦਾ
ਅਤੇ ਆਪਣੇ ਸ਼ਿਕਾਰਾਂ ਦਾ ਲਹੂ ਨਹੀਂ ਪੀ ਲੈਂਦਾ।”
25ਤਦ ਬਾਲਾਕ ਨੇ ਬਿਲਆਮ ਨੂੰ ਆਖਿਆ, “ਨਾ ਤਾਂ ਉਹਨਾਂ ਨੂੰ ਸਰਾਪ ਦੇ ਅਤੇ ਨਾ ਹੀ ਉਹਨਾਂ ਨੂੰ ਅਸੀਸ ਦੇ!”
26ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, “ਕੀ ਮੈਂ ਤੁਹਾਨੂੰ ਨਹੀਂ ਕਿਹਾ ਸੀ ਕਿ ਮੈਂ ਉਹੀ ਕਰਨਾ ਹੈ ਜੋ ਯਾਹਵੇਹ ਆਖਦਾ ਹੈ?”
ਬਿਲਆਮ ਦਾ ਤੀਜਾ ਸੰਦੇਸ਼
27ਤਦ ਬਾਲਾਕ ਨੇ ਬਿਲਆਮ ਨੂੰ ਕਿਹਾ, “ਆ, ਮੈਂ ਤੈਨੂੰ ਕਿਸੇ ਹੋਰ ਥਾਂ ਲੈ ਚੱਲਾਂ। ਸ਼ਾਇਦ ਇਹ ਪਰਮੇਸ਼ਵਰ ਨੂੰ ਚੰਗਾ ਲੱਗੇਗਾ ਕਿ ਤੂੰ ਉਥੋਂ ਮੇਰੇ ਲਈ ਉਹਨਾਂ ਨੂੰ ਸਰਾਪ ਦੇ।” 28ਅਤੇ ਬਾਲਾਕ ਬਿਲਆਮ ਨੂੰ ਪਓਰ ਦੀ ਚੋਟੀ ਉੱਤੇ ਲੈ ਗਿਆ, ਜਿਹੜੀ ਹੇਠਾਂ ਵੱਲ ਨੂੰ ਝੁਕੀ ਹੋਈ ਸੀ।
29ਬਿਲਆਮ ਨੇ ਬਾਲਾਕ ਨੂੰ ਆਖਿਆ, “ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਮੇਰੇ ਲਈ ਸੱਤ ਬਲਦ ਅਤੇ ਸੱਤ ਭੇਡੂ ਤਿਆਰ ਕਰ।” 30ਬਾਲਾਕ ਨੇ ਬਿਲਆਮ ਦੇ ਕਹਿਣ ਅਨੁਸਾਰ ਕੀਤਾ ਅਤੇ ਹਰੇਕ ਜਗਵੇਦੀ ਉੱਤੇ ਇੱਕ ਬਲਦ ਅਤੇ ਇੱਕ ਭੇਡੂ ਚੜ੍ਹਾਇਆ।
Currently Selected:
ਗਿਣਤੀ 23: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.