ਲੇਵੀਆਂ 25
25
ਸਬਤ ਦਾ ਸਾਲ
1ਯਾਹਵੇਹ ਨੇ ਮੋਸ਼ੇਹ ਨੂੰ ਸੀਨਾਈ ਪਹਾੜ ਉੱਤੇ ਕਿਹਾ, 2“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਉਸ ਦੇਸ਼ ਵਿੱਚ ਦਾਖਲ ਹੋਵੋ ਜਿਸ ਵਿੱਚ ਮੈਂ ਤੁਹਾਨੂੰ ਲੈ ਜਾ ਰਿਹਾ ਹਾਂ, ਤਾਂ ਉਸ ਧਰਤੀ ਨੂੰ ਵੀ ਯਾਹਵੇਹ ਦੇ ਲਈ ਸਬਤ ਦਾ ਦਿਨ ਦਿੱਤਾ ਜਾਵੇ। 3ਛੇ ਸਾਲਾਂ ਤੱਕ ਆਪਣੇ ਖੇਤ ਬੀਜੋ, ਅਤੇ ਛੇ ਸਾਲਾਂ ਤੱਕ ਆਪਣੇ ਅੰਗੂਰੀ ਬਾਗਾਂ ਦੀ ਛਾਂਟੀ ਕਰੋ ਅਤੇ ਉਹਨਾਂ ਦੀ ਫ਼ਸਲ ਇਕੱਠੀ ਕਰੋ। 4ਪਰ ਸੱਤਵੇਂ ਸਾਲ ਵਿੱਚ, ਧਰਤੀ ਨੂੰ ਸਬਤ ਦੇ ਅਰਾਮ ਦਾ ਇੱਕ ਸਾਲ ਦਿੱਤਾ ਜਾਵੇ, ਯਾਹਵੇਹ ਲਈ ਇੱਕ ਸਬਤ ਦਾ ਸਾਲ ਹੋਵੇਗਾ। ਆਪਣੇ ਖੇਤ ਨਾ ਬੀਜੋ ਅਤੇ ਨਾ ਹੀ ਆਪਣੇ ਅੰਗੂਰੀ ਬਾਗਾਂ ਦੀ ਛਟਾਈ ਕਰੋ। 5ਜੋ ਆਪਣੇ ਆਪ ਉੱਗਦਾ ਹੈ ਉਸ ਨੂੰ ਨਾ ਵੱਢੋ ਅਤੇ ਨਾ ਹੀ ਆਪਣੀ ਖਾਲੀ ਛੱਡੀਆ ਵੇਲਾਂ ਦੇ ਅੰਗੂਰਾਂ ਦੀ ਦਾਖ਼ ਤੋੜਨਾ ਕਿਉਂ ਜੋ ਜ਼ਮੀਨ ਨੂੰ ਆਰਾਮ ਦਾ ਇੱਕ ਸਾਲ ਦਿੱਤਾ ਜਾਵੇ। 6ਸਬਤ ਦੇ ਸਾਲ ਵਿੱਚ ਜੋ ਵੀ ਜ਼ਮੀਨ ਦੀ ਉਪਜ ਹੁੰਦੀ ਹੈ ਉਹ ਤੁਹਾਡੇ ਲਈ ਤੁਹਾਡੇ ਨੌਕਰਾਂ ਅਤੇ ਦਾਸੀਆਂ ਲਈ, ਅਤੇ ਤੁਹਾਡੇ ਵਿੱਚ ਰਹਿੰਦੇ ਮਜ਼ਦੂਰਾਂ ਅਤੇ ਅਸਥਾਈ ਨਿਵਾਸੀਆਂ ਲਈ ਭੋਜਨ ਹੋਵੇਗੀ, 7ਤੁਹਾਡੇ ਪਸ਼ੂਆਂ ਅਤੇ ਤੁਹਾਡੀ ਧਰਤੀ ਦੇ ਜੰਗਲੀ ਜਾਨਵਰਾਂ ਲਈ ਜੋ ਤੁਹਾਡੇ ਦੇਸ਼ ਵਿੱਚ ਹਨ, ਉਹਨਾਂ ਦਾ ਭੋਜਨ ਵੀ ਧਰਤੀ ਦੀ ਉਪਜ ਤੋਂ ਮਿਲੇਗਾ।
ਜੁਬਲੀ ਦਾ ਸਾਲ
8“ ‘ਸੱਤ ਸਬਤ ਦੇ ਸਾਲਾਂ ਦੀ ਗਿਣਤੀ ਕਰੋ, ਸੱਤ ਗੁਣਾ ਸੱਤ ਸਾਲ ਇਸ ਤਰ੍ਹਾਂ ਸੱਤ ਸਬਤ ਦੇ ਸਾਲ ਉਣੰਜਾ ਸਾਲਾਂ ਦੀ ਮਿਆਦ ਦੇ ਬਰਾਬਰ ਹੋਵੇਗਾ। 9ਫਿਰ ਸੱਤਵੇਂ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਹਰ ਥਾਂ ਤੁਰ੍ਹੀ ਵਜਾਈ ਜਾਵੇ ਅਰਥਾਤ ਬਖਸ਼ੀਸ਼ ਦੇ ਦਿਨ ਤੁਹਾਡੇ ਸਾਰੇ ਦੇਸ਼ ਵਿੱਚ ਤੁਰ੍ਹੀ ਵਜਾਵੀਂ ਜਾਵੇ। 10ਪੰਜਾਹਵੇਂ ਸਾਲ ਨੂੰ ਪਵਿੱਤਰ ਰੱਖਣਾ ਅਤੇ ਇਸ ਦੇ ਸਾਰੇ ਨਿਵਾਸੀਆਂ ਨੂੰ ਦੇਸ਼ ਭਰ ਵਿੱਚ ਅਜ਼ਾਦੀ ਦਾ ਐਲਾਨ ਕਰਨਾ, ਇਹ ਤੁਹਾਡੇ ਲਈ ਇੱਕ ਜੁਬਲੀ ਦਾ ਸਾਲ ਹੋਵੇਗਾ, ਤੁਹਾਡੇ ਵਿੱਚੋਂ ਹਰੇਕ ਨੇ ਆਪਣੇ ਪਰਿਵਾਰ ਦੀ ਜਾਇਦਾਦ ਅਤੇ ਆਪਣੇ ਪਰਿਵਾਰ ਵਿੱਚ ਵਾਪਸ ਜਾਣਾ ਹੈ। 11ਪੰਜਾਹਵਾਂ ਸਾਲ ਤੁਹਾਡੇ ਲਈ ਜੁਬਲੀ ਦਾ ਸਾਲ ਹੋਵੇਗਾ ਉਸ ਵਿੱਚ ਨਾ ਬੀਜੋ ਅਤੇ ਨਾ ਹੀ ਵੱਢੋ ਜੋ ਆਪਣੇ ਆਪ ਉੱਗਦਾ ਹੈ ਅਤੇ ਨਾ ਹੀ ਆਪਣੇ ਖਾਲੀ ਛੱਡੇ ਹੋਏ ਬਾਗਾਂ ਦੀਆਂ ਦਾਖਾਂ ਤੋੜਨਾ। 12ਕਿਉਂਕਿ ਇਹ ਜੁਬਲੀ ਹੈ ਅਤੇ ਤੁਹਾਡੇ ਲਈ ਪਵਿੱਤਰ ਹੋਵੇਗਾ, ਉਹੀ ਖਾਓ ਜੋ ਖੇਤਾਂ ਤੋਂ ਸਿੱਧਾ ਲਿਆ ਜਾਂਦਾ ਹੈ।
13“ ‘ਜੁਬਲੀ ਦੇ ਇਸ ਸਾਲ ਵਿੱਚ ਹਰ ਕੋਈ ਆਪਣੀ ਜਾਇਦਾਦ ਵੱਲ ਵਾਪਸ ਮੁੜ ਜਾਵੇ।
14“ ‘ਜੇ ਤੁਸੀਂ ਆਪਣੇ ਹੀ ਲੋਕਾਂ ਵਿੱਚੋਂ ਕਿਸੇ ਨੂੰ ਜ਼ਮੀਨ ਵੇਚਦੇ ਹੋ ਜਾਂ ਉਹਨਾਂ ਤੋਂ ਜ਼ਮੀਨ ਖਰੀਦਦੇ ਹੋ, ਤਾਂ ਇੱਕ ਦੂਸਰੇ ਨਾਲ ਉਚਿਤ ਵਿਵਹਾਰ ਕਰਨਾ। 15ਜੁਬਲੀ ਦੇ ਸਾਲ ਤੋਂ ਬਾਅਦ ਦੇ ਸਾਲਾਂ ਦੀ ਗਿਣਤੀ ਦੇ ਅਧਾਰ ਤੇ ਮੁੱਲ ਠਹਿਰਾ ਕੇ ਆਪਣੇ ਲੋਕਾਂ ਤੋਂ ਖਰੀਦਣਾ ਅਤੇ ਉਹ ਤੁਹਾਨੂੰ ਫ਼ਸਲਾਂ ਦੀ ਵਾਢੀ ਲਈ ਬਚੇ ਹੋਏ ਸਾਲਾਂ ਦੀ ਗਿਣਤੀ ਦੇ ਅਧਾਰ ਤੇ ਵੇਚਣਗੇ। 16ਜਦੋਂ ਸਾਲ ਵਧਦੇ ਹਨ, ਤਾਂ ਉਸਦੀ ਕੀਮਤ ਵਧਾਓ, ਅਤੇ ਜਦੋਂ ਸਾਲ ਘੱਟ ਹੁੰਦੇ ਹਨ, ਤਾਂ ਕੀਮਤ ਘਟਾਓ, ਕਿਉਂਕਿ ਜੋ ਅਸਲ ਵਿੱਚ ਤੁਹਾਨੂੰ ਵੇਚਿਆ ਜਾ ਰਿਹਾ ਹੈ ਉਹ ਫ਼ਸਲਾਂ ਦੀ ਗਿਣਤੀ ਹੈ। 17ਇੱਕ-ਦੂਜੇ ਦਾ ਫ਼ਾਇਦਾ ਨਾ ਉਠਾਓ, ਪਰ ਆਪਣੇ ਪਰਮੇਸ਼ਵਰ ਤੋਂ ਡਰੋ ਕਿਉਂ ਜੋ ਮੈਂ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ।
18“ ‘ਮੇਰੇ ਹੁਕਮਾਂ ਦੀ ਪਾਲਣਾ ਕਰੋ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹੋ, ਅਤੇ ਤੁਸੀਂ ਦੇਸ਼ ਵਿੱਚ ਸੁਰੱਖਿਅਤ ਰਹੋਗੇ। 19ਤਦ ਧਰਤੀ ਆਪਣਾ ਫਲ ਦੇਵੇਗੀ, ਅਤੇ ਤੁਸੀਂ ਰੱਜ ਕੇ ਖਾਓਗੇ ਅਤੇ ਦੇਸ਼ ਵਿੱਚ ਸੁੱਖ-ਸਾਂਦ ਨਾਲ ਰਹੋਗੇ। 20ਜੇਕਰ ਤੁਸੀਂ ਆਖੋ, “ਸੱਤਵੇਂ ਸਾਲ ਅਸੀਂ ਕੀ ਖਾਵਾਂਗੇ ਤਾਂ ਵੇਖੋ, ਅਸੀਂ ਨਾ ਆਪਣੀਆਂ ਫ਼ਸਲਾਂ ਬੀਜਾਂਗੇ ਨਾ ਅਸੀਂ ਇਕੱਠਾ ਕਰਾਂਗੇ?” 21ਮੈਂ ਤੁਹਾਨੂੰ ਛੇਵੇਂ ਸਾਲ ਵਿੱਚ ਅਜਿਹੀ ਬਰਕਤ ਭੇਜਾਂਗਾ ਕਿ ਜ਼ਮੀਨ ਤਿੰਨ ਸਾਲਾਂ ਲਈ ਕਾਫ਼ੀ ਉਪਜ ਦੇਵੇਗੀ। 22ਜਦੋਂ ਤੁਸੀਂ ਅੱਠਵੇਂ ਸਾਲ ਬੀਜਦੇ ਹੋ, ਤੁਸੀਂ ਪੁਰਾਣੀ ਫ਼ਸਲ ਵਿੱਚੋਂ ਖਾਓਗੇ ਅਤੇ ਨੌਵੇਂ ਸਾਲ ਦੀ ਵਾਢੀ ਦੇ ਆਉਣ ਤੱਕ ਉਸ ਵਿੱਚੋਂ ਖਾਂਦੇ ਰਹੋਗੇ।
23“ ‘ਜ਼ਮੀਨ ਨੂੰ ਪੱਕੇ ਤੌਰ ਤੇ ਨਾ ਵੇਚਿਆ ਜਾਵੇ, ਕਿਉਂਕਿ ਜ਼ਮੀਨ ਮੇਰੀ ਹੈ ਅਤੇ ਤੁਸੀਂ ਮੇਰੀ ਧਰਤੀ ਤੇ ਪਰਦੇਸੀ ਅਤੇ ਪਰਾਹੁਣੇ ਵਜੋਂ ਰਹਿੰਦੇ ਹੋ। 24ਪਰ ਤੁਸੀਂ ਆਪਣੇ ਵਿਰਾਸਤ ਦੇ ਸਾਰੇ ਦੇਸ਼ ਵਿੱਚ ਧਰਤੀ ਨੂੰ ਛੁਡਾਉਣ ਦੀ ਮਨਜ਼ੂਰੀ ਦੇਣਾ।
25“ ‘ਜੇ ਤੁਹਾਡਾ ਕੋਈ ਇਸਰਾਏਲੀ ਗਰੀਬ ਹੋ ਜਾਂਦਾ ਹੈ ਅਤੇ ਆਪਣੀ ਕੁਝ ਜਾਇਦਾਦ ਵੇਚ ਦਿੰਦਾ ਹੈ, ਤਾਂ ਉਸ ਦਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਆ ਕੇ ਉਸ ਚੀਜ਼ ਨੂੰ ਛੁਡਾ ਲਵੇ ਜੋ ਉਸਨੇ ਵੇਚਿਆ ਹੈ। 26ਜੇਕਰ, ਉਹਨਾਂ ਲਈ ਇਸ ਨੂੰ ਛੁਡਾਉਣ ਵਾਲਾ ਕੋਈ ਨਹੀਂ ਹੈ ਅਤੇ ਉਹ ਮਨੁੱਖ ਆਪ ਉਸ ਨੂੰ ਛੁਡਾਉਣ ਦੇ ਯੋਗ ਹੋ ਜਾਵੇ, 27ਤਦ ਉਹ ਉਸ ਨੂੰ ਵੇਚਣ ਦੇ ਸਮੇਂ ਤੋਂ ਸਾਲਾਂ ਦੀ ਗਿਣਤੀ ਕਰਕੇ ਬਾਕੀ ਸਾਲਾਂ ਦੀ ਉਪਜ ਦਾ ਮੁੱਲ ਉਸ ਨੂੰ ਮੋੜ ਦੇਵੇ, ਜਿਸ ਨੂੰ ਉਸ ਨੇ ਉਹ ਜ਼ਮੀਨ ਵੇਚੀ ਸੀ ਅਤੇ ਫੇਰ ਉਹ ਆਪਣੇ ਹਿੱਸੇ ਦੀ ਜ਼ਮੀਨ ਦਾ ਅਧਿਕਾਰੀ ਹੋ ਜਾਵੇ। 28ਪਰ ਜੇ ਉਹ ਵਾਪਸ ਛੁਡਾਉਣ ਦੇ ਯੋਗ ਨਾ ਹੋਵੇ, ਤਾਂ ਜੋ ਵੇਚਿਆ ਗਿਆ ਸੀ ਉਹ ਜੁਬਲੀ ਦੇ ਸਾਲ ਤੱਕ ਖਰੀਦਦਾਰ ਦੇ ਕਬਜ਼ੇ ਵਿੱਚ ਰਹੇਗਾ। ਇਹ ਅਨੰਦ ਦੇ ਸਾਲ ਵਿੱਚ ਵਾਪਸ ਕਰ ਦਿੱਤਾ ਜਾਵੇਗਾ, ਅਤੇ ਫਿਰ ਉਸਦੀ ਜਾਇਦਾਦ ਉਸਨੂੰ ਵਾਪਸ ਮਿਲ ਸਕਦੀ ਹੈ।
29“ ‘ਕੋਈ ਵੀ ਵਿਅਕਤੀ ਜੋ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਇੱਕ ਘਰ ਵੇਚਦਾ ਹੈ, ਉਸਨੂੰ ਵੇਚਣ ਤੋਂ ਬਾਅਦ ਉਹ ਇੱਕ ਸਾਲ ਵਿੱਚ ਉਸਨੂੰ ਛੁਡਾ ਸਕਦਾ ਹੈ ਅਰਥਾਤ ਪੂਰੇ ਸਾਲ ਉਸ ਮਨੁੱਖ ਕੋਲ ਉਸਨੂੰ ਛੁਡਾਉਣ ਦਾ ਅਧਿਕਾਰ ਹੈ। 30ਜੇਕਰ ਪੂਰਾ ਸਾਲ ਬੀਤ ਜਾਣ ਤੋਂ ਪਹਿਲਾਂ ਇਸ ਨੂੰ ਛੁਡਾਇਆ ਨਹੀਂ ਜਾਂਦਾ ਹੈ, ਤਾਂ ਕੰਧ ਵਾਲੇ ਸ਼ਹਿਰ ਵਿੱਚ ਘਰ ਸਥਾਈ ਤੌਰ ਤੇ ਖਰੀਦਦਾਰ ਅਤੇ ਖਰੀਦਦਾਰ ਦੇ ਉੱਤਰਾਧਿਕਾਰੀਆਂ ਦਾ ਹੋਵੇਗਾ, ਇਹ ਜੁਬਲੀ ਦੇ ਸਾਲ ਵਿੱਚ ਵਾਪਸ ਨਾ ਕੀਤਾ ਜਾਵੇ। 31ਪਰ ਚਾਰੇ ਪਾਸੇ ਦੀਵਾਰਾਂ ਤੋਂ ਬਿਨਾਂ ਪਿੰਡਾਂ ਦੇ ਘਰਾਂ ਨੂੰ ਖੁੱਲ੍ਹੇ ਦੇਸ਼ ਨਾਲ ਸਬੰਧਤ ਮੰਨਿਆ ਜਾਣਾ ਚਾਹੀਦਾ ਹੈ, ਉਹਨਾਂ ਨੂੰ ਛੁਡਾਇਆ ਜਾ ਸਕਦਾ ਹੈ ਅਤੇ ਉਹਨਾਂ ਨੂੰ ਜੁਬਲੀ ਦੇ ਸਾਲ ਵਿੱਚ ਛੁਡਾਇਆ ਜਾਵੇ।
32“ ‘ਲੇਵੀਆਂ ਨੂੰ ਹਮੇਸ਼ਾ ਲੇਵੀਆਂ ਦੇ ਕਸਬਿਆਂ ਵਿੱਚ ਆਪਣੇ ਘਰ ਛੁਡਾਉਣ ਦਾ ਅਧਿਕਾਰ ਹੁੰਦਾ ਹੈ, ਜੋ ਉਹਨਾਂ ਕੋਲ ਹਨ। 33ਇਸ ਲਈ ਲੇਵੀਆਂ ਦੀ ਜਾਇਦਾਦ ਛੁਡਾਉਣ ਯੋਗ ਹੈ ਅਰਥਾਤ, ਇੱਕ ਘਰ ਜਿਸ ਨੂੰ ਉਹ ਕਿਸੇ ਵੀ ਕਸਬੇ ਵਿੱਚ ਵੇਚਦੇ ਹਨ ਅਤੇ ਜੁਬਲੀ ਵਿੱਚ ਵਾਪਸ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਲੇਵੀਆਂ ਦੇ ਕਸਬਿਆਂ ਵਿੱਚ ਘਰ ਇਸਰਾਏਲੀਆਂ ਵਿੱਚ ਉਹਨਾਂ ਦੀ ਜਾਇਦਾਦ ਹਨ। 34ਪਰ ਉਹਨਾਂ ਦੇ ਸ਼ਹਿਰਾਂ ਦੇ ਦੁਆਲੇ ਦੀਆਂ ਚਾਰਗਾਹਾਂ ਵੇਚੀਆਂ ਨਾ ਜਾਣ ਕਿਉਂ ਜੋ ਉਹ ਸਦਾ ਲਈ ਉਹਨਾਂ ਦਾ ਹਿੱਸਾ ਹੈ।
35“ ‘ਜੇਕਰ ਤੁਹਾਡਾ ਕੋਈ ਸਾਥੀ ਇਸਰਾਏਲੀ ਗਰੀਬ ਹੋ ਜਾਂਦਾ ਹੈ ਅਤੇ ਤੁਹਾਡੇ ਵਿਚਕਾਰ ਆਪਣਾ ਗੁਜ਼ਾਰਾ ਕਰਨ ਵਿੱਚ ਅਸਮਰੱਥ ਹੈ, ਤਾਂ ਉਹਨਾਂ ਦੀ ਮਦਦ ਕਰੋ ਅਤੇ ਇਸ ਤਰ੍ਹਾਂ ਸਮਝੋ ਕਿ ਉਹ ਇੱਕ ਪਰਦੇਸੀ ਅਤੇ ਪ੍ਰਾਹੁਣਾ ਹੈ, ਤਾਂ ਜੋ ਉਹ ਤੁਹਾਡੇ ਵਿੱਚ ਰਹਿ ਸਕੇ। 36ਉਹਨਾਂ ਤੋਂ ਵਿਆਜ ਜਾਂ ਕੋਈ ਲਾਭ ਨਾ ਲਓ, ਪਰ ਆਪਣੇ ਪਰਮੇਸ਼ਵਰ ਤੋਂ ਡਰੋ, ਤਾਂ ਜੋ ਉਹ ਤੁਹਾਡੇ ਵਿੱਚ ਰਹਿਣ। 37ਤੁਸੀਂ ਉਹਨਾਂ ਨੂੰ ਵਿਆਜ ਤੇ ਪੈਸੇ ਨਾ ਦੇਣਾ ਨਾ ਉਹਨਾਂ ਨੂੰ ਲਾਭ ਦੇ ਲਈ ਭੋਜਨ ਵੇਚਣਾ। 38ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ ਤਾਂ ਜੋ ਮੈਂ ਤੁਹਾਨੂੰ ਕਨਾਨ ਦੇਸ਼ ਦੇਵਾਂ ਅਤੇ ਤੁਹਾਡਾ ਪਰਮੇਸ਼ਵਰ ਹੋਵਾਂ।
39“ ‘ਜੇਕਰ ਤੁਹਾਡਾ ਕੋਈ ਇਸਰਾਏਲੀ ਸਾਥੀ ਗਰੀਬ ਹੋ ਜਾਵੇ ਅਤੇ ਆਪਣੇ ਆਪ ਨੂੰ ਤੁਹਾਡੇ ਕੋਲ ਵੇਚ ਦੇਵੇ, ਤਾਂ ਉਸ ਨੂੰ ਗੁਲਾਮ ਨਾ ਬਣਾਵੀਂ। 40ਉਹਨਾਂ ਨੂੰ ਤੁਸੀਂ ਮਜ਼ਦੂਰ ਜਾ ਪ੍ਰਾਹੁਣੇ ਦੀ ਤਰ੍ਹਾਂ ਰੱਖੋ ਅਤੇ ਉਹ ਜੁਬਲੀ ਦੇ ਸਾਲ ਤੱਕ ਤੁਹਾਡੀ ਸੇਵਾ ਕਰਨ। 41ਤਦ ਉਹਨਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਛੱਡ ਦਿੱਤਾ ਜਾਵੇ, ਅਤੇ ਉਹ ਆਪਣੇ ਪਰਿਵਾਰ ਅਤੇ ਆਪਣੇ ਪੁਰਖਿਆਂ ਦੀ ਜਾਇਦਾਦ ਵਿੱਚ ਵਾਪਸ ਚਲੇ ਜਾਣ। 42ਕਿਉਂਕਿ ਇਸਰਾਏਲੀ ਮੇਰੇ ਸੇਵਕ ਹਨ, ਜਿਨ੍ਹਾਂ ਨੂੰ ਮੈਂ ਮਿਸਰ ਵਿੱਚੋਂ ਕੱਢ ਲਿਆਇਆ, ਉਹਨਾਂ ਨੂੰ ਗੁਲਾਮਾਂ ਵਾਂਗ ਨਾ ਵੇਚਿਆ ਜਾਵੇ। 43ਉਹਨਾਂ ਉੱਤੇ ਬੇਰਹਿਮੀ ਨਾਲ ਰਾਜ ਨਾ ਕਰੋ, ਪਰ ਆਪਣੇ ਪਰਮੇਸ਼ਵਰ ਤੋਂ ਡਰੋ।
44“ ‘ਤੁਹਾਡੇ ਦਾਸ ਅਤੇ ਦਾਸੀਆਂ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਵਿੱਚੋਂ ਆਉਣਗੇ, ਉਹਨਾਂ ਵਿੱਚੋਂ ਤੁਸੀਂ ਗੁਲਾਮ ਖਰੀਦ ਸਕਦੇ ਹੋ। 45ਤੁਹਾਡੇ ਵਿੱਚ ਰਹਿੰਦੇ ਕੁਝ ਅਸਥਾਈ ਨਿਵਾਸੀਆਂ ਅਤੇ ਤੁਹਾਡੇ ਦੇਸ਼ ਵਿੱਚ ਪੈਦਾ ਹੋਏ ਉਹਨਾਂ ਦੇ ਕਬੀਲਿਆਂ ਦੇ ਮੈਂਬਰਾਂ ਨੂੰ ਵੀ ਖਰੀਦ ਸਕਦੇ ਹੋ, ਅਤੇ ਉਹ ਤੁਹਾਡੀ ਜਾਇਦਾਦ ਬਣ ਜਾਣਗੇ। 46ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਮਿਲੀ ਜਾਇਦਾਦ ਵਜੋਂ ਸੌਂਪ ਸਕਦੇ ਹੋ ਅਤੇ ਉਹਨਾਂ ਨੂੰ ਜੀਵਨ ਭਰ ਲਈ ਗੁਲਾਮ ਬਣਾ ਸਕਦੇ ਹੋ, ਪਰ ਤੁਸੀਂ ਆਪਣੇ ਇਸਰਾਏਲੀਆਂ ਭਰਾਵਾਂ ਉੱਤੇ ਬੇਰਹਿਮੀ ਨਾਲ ਰਾਜ ਨਾ ਕਰਨਾ।
47“ ‘ਜੇਕਰ ਤੁਹਾਡੇ ਵਿੱਚ ਰਹਿਣ ਵਾਲਾ ਕੋਈ ਪਰਦੇਸੀ ਅਮੀਰ ਬਣ ਜਾਂਦਾ ਹੈ ਅਤੇ ਤੁਹਾਡਾ ਕੋਈ ਇਸਰਾਏਲੀ ਭਰਾ ਗਰੀਬ ਹੋ ਜਾਂਦਾ ਹੈ ਅਤੇ ਆਪਣੇ ਆਪ ਨੂੰ ਪਰਦੇਸੀ ਜਾਂ ਓਪਰੇ ਦੇ ਘਰਾਣੇ ਨੂੰ ਵੇਚ ਦਿੰਦਾ ਹੈ, 48ਉਹ ਆਪਣੇ ਆਪ ਨੂੰ ਵੇਚਣ ਤੋਂ ਬਾਅਦ ਛੁਡਾਉਣ ਦਾ ਅਧਿਕਾਰ ਬਰਕਰਾਰ ਰੱਖਦਾ ਹੈ, ਉਹਨਾਂ ਦਾ ਕੋਈ ਰਿਸ਼ਤੇਦਾਰ ਉਹਨਾਂ ਨੂੰ ਛੁਡਾ ਸਕਦਾ ਹੈ। 49ਉਸਦਾ ਚਾਚਾ ਜਾਂ ਚਚੇਰਾ ਭਰਾ ਜਾਂ ਉਹਨਾਂ ਦੇ ਕਬੀਲੇ ਵਿੱਚ ਕੋਈ ਵੀ ਖੂਨੀ ਰਿਸ਼ਤੇਦਾਰ ਉਹਨਾਂ ਨੂੰ ਛੁਡਾ ਸਕਦਾ ਹੈ ਜਾਂ ਜਦ ਉਹ ਆਪਣੇ ਆਪ ਛੁਡਾਉਣ ਦੇ ਯੋਗ ਹੋਵੇ, ਤਾਂ ਉਹ ਆਪਣੇ ਆਪ ਨੂੰ ਛੁਡਾ ਸਕਦੇ ਹਨ। 50ਉਹ ਅਤੇ ਉਹਨਾਂ ਦੇ ਖਰੀਦਦਾਰ ਉਸ ਸਾਲ ਤੋਂ ਲੈ ਕੇ ਜੁਬਲੀ ਦੇ ਸਾਲ ਤੱਕ ਦੇ ਸਮੇਂ ਦੀ ਗਿਣਤੀ ਕਰੇ ਅਤੇ ਉਹਨਾਂ ਦੇ ਵਿਕਣ ਦਾ ਮੁੱਲ ਸਾਲਾਂ ਦੇ ਲੇਖੇ ਦੇ ਅਨੁਸਾਰ ਹੋਵੇ ਅਰਥਾਤ ਉਹ ਉਹਨਾਂ ਦੇ ਛੱਡਣ ਦਾ ਮੁੱਲ ਮਜ਼ਦੂਰ ਦੀ ਮਜ਼ਦੂਰ ਦੇ ਅਨੁਸਾਰ ਹੋਵੇ। 51ਪਰ ਜੇਕਰ ਜੁਬਲੀ ਦੇ ਸਾਲ ਤੱਕ ਅਜੇ ਵੀ ਕਈ ਸਾਲ ਬਾਕੀ ਰਹਿੰਦੇ ਹੋਣ, ਤਾਂ ਉਸਨੂੰ ਉਸਦੇ ਛੁਟਕਾਰਾ ਲਈ ਉਸਦੀ ਵਿਕਰੀ ਦੀ ਕੀਮਤ ਦੇ ਬਰਾਬਰ ਰਕਮ ਵਾਪਸ ਕਰਨੀ ਚਾਹੀਦੀ ਹੈ। 52ਜੇਕਰ ਜੁਬਲੀ ਦੇ ਸਾਲ ਤੱਕ ਸਿਰਫ ਕੁਝ ਸਾਲ ਹੀ ਬਚੇ ਹੋਏ ਹੋਣ, ਤਾਂ ਉਹ ਆਪਣੇ ਮੁੱਲ ਲੈਣ ਵਾਲੇ ਦੇ ਨਾਲ ਲੇਖਾ ਕਰੇ ਅਤੇ ਆਪਣੇ ਆਪ ਨੂੰ ਛੁਡਾਉਣ ਦਾ ਮੁੱਲ ਉਨ੍ਹਾਂ ਸਾਲਾਂ ਦੇ ਅਨੁਸਾਰ ਉਸਨੂੰ ਮੋੜ ਦੇਵੇ। 53ਉਹਨਾਂ ਨਾਲ ਹਰ ਸਾਲ ਕੰਮ ਤੇ ਰੱਖੇ ਕਾਮਿਆਂ ਵਾਂਗ ਵਿਹਾਰ ਕੀਤਾ ਜਾਵੇ; ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ ਉਹ ਉਹਨਾਂ ਉੱਤੇ ਬੇਰਹਿਮੀ ਨਾਲ ਰਾਜ ਨਾ ਕਰਨ।
54“ ‘ਜੇ ਕਿਸੇ ਨੂੰ ਇਹਨਾਂ ਵਿੱਚੋਂ ਕਿਸੇ ਵੀ ਤਰੀਕੇ ਨਾਲ ਛੁਡਾਇਆ ਨਹੀਂ ਜਾਂਦਾ, ਤਾਂ ਵੀ ਉਹ ਆਪਣੇ ਬੱਚਿਆਂ ਦੇ ਨਾਲ ਜੁਬਲੀ ਦੇ ਸਾਲ ਵਿੱਚ ਛੁੱਟ ਜਾਵੇ, 55ਕਿਉਂਕਿ ਇਸਰਾਏਲੀ ਮੇਰੇ ਸੇਵਕ ਹਨ। ਉਹ ਮੇਰੇ ਸੇਵਕ ਹਨ, ਜਿਨ੍ਹਾਂ ਨੂੰ ਮੈਂ ਮਿਸਰ ਵਿੱਚੋਂ ਬਾਹਰ ਲਿਆਇਆ। ਮੈਂ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ।
Currently Selected:
ਲੇਵੀਆਂ 25: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.