ਲੇਵੀਆਂ 26
26
ਆਗਿਆਕਾਰੀ ਦੀਆਂ ਬਰਕਤਾਂ
1“ ‘ਤੁਸੀਂ ਆਪਣੇ ਲਈ ਕੋਈ ਮੂਰਤੀਆਂ ਨਾ ਬਣਾਉਣਾ, ਨਾ ਹੀ ਕੋਈ ਉੱਕਰੀ ਹੋਈ ਮੂਰਤ ਜਾਂ ਪਵਿੱਤਰ ਪੱਥਰ ਖੜ੍ਹਾਂ ਕਰਨਾ, ਅਤੇ ਨਾ ਹੀ ਮੱਥਾ ਟੇਕਣ ਲਈ ਆਪਣੇ ਦੇਸ਼ ਵਿੱਚ ਕੋਈ ਪੱਥਰ ਦੀ ਮੂਰਤ ਸਥਾਪਿਤ ਕਰਨਾ, ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।
2“ ‘ਮੇਰੇ ਸਬਤ ਦੀ ਪਾਲਣਾ ਕਰੋ ਅਤੇ ਮੇਰੇ ਪਵਿੱਤਰ ਸਥਾਨ ਦਾ ਸਤਿਕਾਰ ਕਰਨਾ। ਮੈਂ ਯਾਹਵੇਹ ਹਾਂ।
3“ ‘ਜੇ ਤੁਸੀਂ ਮੇਰੀਆਂ ਬਿਧੀਆਂ ਅਨੁਸਾਰ ਚੱਲੋ ਅਤੇ ਮੇਰੇ ਹੁਕਮਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦੀ ਪਾਲਣਾ ਕਰਕੇ ਪੂਰਾ ਕਰੋ, 4ਮੈਂ ਤੁਹਾਡੇ ਲਈ ਰੁੱਤ ਸਿਰ ਵਰਖਾ ਭੇਜਾਂਗਾ, ਅਤੇ ਜ਼ਮੀਨ ਆਪਣੀਆਂ ਫ਼ਸਲਾਂ ਅਤੇ ਰੁੱਖ ਆਪਣੇ ਫਲ ਦੇਣਗੇ। 5ਅਤੇ ਤੁਸੀਂ ਦਾਖਾਂ ਤੋੜਨ ਦੇ ਸਮੇਂ ਤੱਕ ਗਾਹੁੰਦੇ ਰਹੋਗੇ ਅਤੇ ਬੀਜਣ ਦੇ ਸਮੇਂ ਵੀ ਦਾਖਾਂ ਤੋੜੋਗੇ ਅਤੇ ਤੁਸੀਂ ਆਪਣੀ ਰੋਟੀ ਰੱਜ ਕੇ ਖਾਓਗੇ ਅਤੇ ਆਪਣੇ ਦੇਸ਼ ਵਿੱਚ ਸੁੱਖ ਨਾਲ ਰਹੋਗੇ।
6“ ‘ਮੈਂ ਦੇਸ਼ ਵਿੱਚ ਸ਼ਾਂਤੀ ਦਿਆਂਗਾ ਅਤੇ ਤੁਸੀਂ ਲੇਟ ਜਾਓਗੇ ਅਤੇ ਕੋਈ ਵੀ ਤੁਹਾਨੂੰ ਡਰਾਵੇਗਾ ਨਹੀਂ, ਮੈਂ ਜੰਗਲੀ ਦਰਿੰਦਿਆਂ ਨੂੰ ਧਰਤੀ ਤੋਂ ਹਟਾ ਦਿਆਂਗਾ ਅਤੇ ਤਲਵਾਰ ਤੁਹਾਡੇ ਦੇਸ਼ ਵਿੱਚੋਂ ਨਹੀਂ ਲੰਘੇਗੀ। 7ਤੁਸੀਂ ਆਪਣੇ ਵੈਰੀਆਂ ਦਾ ਪਿੱਛਾ ਕਰੋਗੇ ਅਤੇ ਉਹ ਤੇਰੇ ਅੱਗੇ ਤਲਵਾਰ ਨਾਲ ਡਿੱਗ ਪੈਣਗੇ। 8ਤੁਹਾਡੇ ਵਿੱਚੋਂ ਪੰਜ ਮਨੁੱਖ ਸੌ ਨੂੰ, ਅਤੇ ਤੁਹਾਡੇ ਵਿੱਚੋਂ ਇੱਕ ਸੌ ਮਨੁੱਖ ਦਸ ਹਜ਼ਾਰ ਨੂੰ ਭਜਾਉਣਗੇ ਅਤੇ ਤੁਹਾਡੇ ਦੁਸ਼ਮਣ ਤਲਵਾਰ ਨਾਲ ਤੁਹਾਡੇ ਅੱਗੇ ਡਿੱਗਣਗੇ।
9“ ‘ਮੈਂ ਤੁਹਾਡੇ ਉੱਤੇ ਕਿਰਪਾ ਨਾਲ ਦੇਖਾਂਗਾ ਅਤੇ ਤੁਹਾਨੂੰ ਫਲਦਾਇਕ ਬਣਾਵਾਂਗਾ ਅਤੇ ਤੁਹਾਡੀ ਗਿਣਤੀ ਵਧਾਵਾਂਗਾ ਅਤੇ ਮੈਂ ਤੁਹਾਡੇ ਨਾਲ ਆਪਣਾ ਨੇਮ ਕਾਇਮ ਰੱਖਾਂਗਾ। 10ਤੁਸੀਂ ਪੁਰਾਣੇ ਪਦਾਰਥਾਂ ਨੂੰ ਖਾਓਗੇ ਅਤੇ ਨਵੇਂ ਪਦਾਰਥ ਦੇ ਕਾਰਨ ਪੁਰਾਣੇ ਪਦਾਰਥਾਂ ਨੂੰ ਕੱਢ ਸੁੱਟੋਗੇ। 11ਮੈਂ ਆਪਣਾ ਨਿਵਾਸ ਸਥਾਨ#26:11 ਨਿਵਾਸ ਸਥਾਨ ਅਰਥਾਤ: ਮਿਲਾਪ ਦਾ ਤੰਬੂ ਤੁਹਾਡੇ ਵਿਚਕਾਰ ਰੱਖਾਂਗਾ ਅਤੇ ਮੈਂ ਤੁਹਾਨੂੰ ਨਫ਼ਰਤ ਨਹੀਂ ਕਰਾਂਗਾ। 12ਮੈਂ ਤੁਹਾਡੇ ਵਿੱਚ ਚੱਲਾਂਗਾ ਅਤੇ ਤੁਹਾਡਾ ਪਰਮੇਸ਼ਵਰ ਹੋਵਾਂਗਾ ਅਤੇ ਤੁਸੀਂ ਮੇਰੇ ਲੋਕ ਹੋਵੋਗੇ। 13ਮੈਂ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਤਾਂ ਜੋ ਤੁਸੀਂ ਮਿਸਰੀਆਂ ਦੇ ਗੁਲਾਮ ਨਾ ਰਹੋ, ਮੈਂ ਤੁਹਾਡੇ ਜੂਲੇ ਨੂੰ ਤੋੜ ਦਿੱਤਾ ਹੈ ਅਤੇ ਤੁਹਾਨੂੰ ਉੱਚਾ ਸਿਰ ਕਰਕੇ ਤੁਰਨ ਦੇ ਯੋਗ ਬਣਾਇਆ ਹੈ।
ਅਣ-ਆਗਿਆਕਾਰੀ ਲਈ ਸਜ਼ਾ
14“ ‘ਪਰ ਜੇ ਤੁਸੀਂ ਮੇਰੀ ਗੱਲ ਨਹੀਂ ਸੁਣੋਗੇ ਅਤੇ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਨਾ ਕਰੋਗੇ, 15ਅਤੇ ਜੇ ਤੁਸੀਂ ਮੇਰੇ ਹੁਕਮਾਂ ਨੂੰ ਰੱਦ ਕਰਦੇ ਹੋ ਅਤੇ ਮੇਰੇ ਕਾਨੂੰਨਾਂ ਨੂੰ ਨਫ਼ਰਤ ਕਰਦੇ ਹੋ ਅਤੇ ਮੇਰੇ ਸਾਰੇ ਹੁਕਮਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹਿੰਦੇ ਹੋ ਅਤੇ ਮੇਰੇ ਨੇਮ ਦੀ ਉਲੰਘਣਾ ਕਰਦੇ ਹੋ, 16ਤਦ ਮੈਂ ਤੁਹਾਡੇ ਨਾਲ ਇਹ ਕਰਾਂਗਾ ਕਿ ਮੈਂ ਤੁਹਾਡੇ ਉੱਤੇ ਡਰ, ਬਰਬਾਦੀ ਵਾਲੀਆਂ ਬਿਮਾਰੀਆਂ ਅਤੇ ਬੁਖਾਰ ਲਿਆਵਾਂਗਾ ਜੋ ਤੁਹਾਡੀਆਂ ਅੱਖਾਂ ਦਾ ਨਾਸ ਕਰਨਗੇ ਅਤੇ ਤੁਹਾਡੀ ਸ਼ਕਤੀ ਨੂੰ ਖਤਮ ਕਰ ਦੇਣਗੇ। ਤੁਸੀਂ ਵਿਅਰਥ ਹੀ ਬੀਜ ਬੀਜੋਗੇ ਕਿਉਂ ਜੋ ਤੁਹਾਡੇ ਦੁਸ਼ਮਣ ਇਸਨੂੰ ਖਾ ਜਾਣਗੇ। 17ਮੈਂ ਆਪਣਾ ਮੂੰਹ ਤੁਹਾਡੇ ਵਿਰੁੱਧ ਰੱਖਾਂਗਾ ਤਾਂ ਜੋ ਤੁਸੀਂ ਆਪਣੇ ਦੁਸ਼ਮਣਾਂ ਦੁਆਰਾ ਹਾਰ ਜਾਵੋਂਗੇ, ਜਿਹੜੇ ਲੋਕ ਤੁਹਾਨੂੰ ਨਫ਼ਰਤ ਕਰਦੇ ਹਨ ਤੁਹਾਡੇ ਉੱਤੇ ਰਾਜ ਕਰਨਗੇ ਅਤੇ ਤੁਸੀਂ ਭੱਜ ਜਾਵੋਂਗੇ ਭਾਵੇਂ ਕੋਈ ਤੁਹਾਡਾ ਪਿੱਛਾ ਨਾ ਕਰ ਰਿਹਾ ਹੋਵੇ।
18“ ‘ਜੇ ਤੁਸੀਂ ਇਸ ਸਭ ਦੇ ਬਾਅਦ ਵੀ ਮੇਰੀ ਗੱਲ ਨਹੀਂ ਸੁਣੋਗੇ, ਤਾਂ ਮੈਂ ਤੁਹਾਨੂੰ ਤੁਹਾਡੇ ਪਾਪਾਂ ਲਈ ਸੱਤ ਗੁਣਾ ਹੋਰ ਸਜ਼ਾ ਦਿਆਂਗਾ। 19ਮੈਂ ਤੇਰਾ ਜ਼ਿੱਦੀ ਹੰਕਾਰ ਤੋੜ ਦਿਆਂਗਾ ਅਤੇ ਤੁਹਾਡੇ ਲਈ ਅਕਾਸ਼ ਨੂੰ ਲੋਹੇ ਵਰਗਾ ਅਤੇ ਧਰਤੀ ਨੂੰ ਪਿੱਤਲ ਵਰਗਾ ਬਣਾ ਦੇਵਾਂਗਾ। 20ਤੁਹਾਡੀ ਤਾਕਤ ਵਿਅਰਥ ਹੋ ਜਾਏਗੀ, ਕਿਉਂ ਜੋ ਜ਼ਮੀਨ ਆਪਣੀ ਫ਼ਸਲ ਨਹੀਂ ਦੇਵੇਗੀ, ਨਾ ਤੁਹਾਡੀ ਧਰਤੀ ਦੇ ਰੁੱਖ ਆਪਣਾ ਫਲ ਦੇਣਗੇ।
21“ ‘ਜੇ ਤੁਸੀਂ ਮੇਰੇ ਵਿਰੁੱਧ ਚਲਦੇ ਰਹੋ ਅਤੇ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦੇ ਰਹੋ, ਤਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਡੀਆਂ ਮੁਸੀਬਤਾਂ ਨੂੰ ਸੱਤ ਗੁਣਾ ਵਧਾ ਦਿਆਂਗਾ। 22ਮੈਂ ਤੁਹਾਡੇ ਵਿਰੁੱਧ ਜੰਗਲੀ ਜਾਨਵਰ ਭੇਜਾਂਗਾ, ਅਤੇ ਉਹ ਤੁਹਾਡੇ ਬੱਚਿਆਂ ਨੂੰ ਲੁੱਟ ਲੈਣਗੇ, ਤੁਹਾਡੇ ਪਸ਼ੂਆਂ ਨੂੰ ਤਬਾਹ ਕਰ ਦੇਣਗੇ ਅਤੇ ਤੁਹਾਡੀ ਗਿਣਤੀ ਇੰਨੀ ਥੋੜੀ ਕਰ ਦੇਣਗੇ ਕਿ ਤੁਹਾਡੀਆਂ ਸੜਕਾਂ ਉਜਾੜ ਹੋ ਜਾਣਗੀਆਂ।
23“ ‘ਜੇ ਇਨ੍ਹਾਂ ਗੱਲਾਂ ਦੇ ਬਾਵਜੂਦ ਤੁਸੀਂ ਵੀ ਮੇਰੀ ਤਾੜਨਾ ਨੂੰ ਸਵੀਕਾਰ ਨਾ ਕਰੋ ਪਰ ਮੇਰੇ ਵਿਰੁੱਧ ਚਲਦੇ ਰਹੋ, 24ਮੈਂ ਆਪ ਤੁਹਾਡੇ ਨਾਲ ਵੈਰ ਕਰਾਂਗਾ ਅਤੇ ਤੁਹਾਡੇ ਪਾਪਾਂ ਲਈ ਸੱਤ ਗੁਣਾ ਵੱਧ ਤੁਹਾਨੂੰ ਦੁਖੀ ਕਰਾਂਗਾ। 25ਅਤੇ ਮੈਂ ਨੇਮ ਤੋੜਨ ਦਾ ਬਦਲਾ ਲੈਣ ਲਈ ਤੁਹਾਡੇ ਉੱਤੇ ਤਲਵਾਰ ਲਿਆਵਾਂਗਾ, ਜਦੋਂ ਤੁਸੀਂ ਆਪਣੇ ਸ਼ਹਿਰਾਂ ਵਿੱਚ ਵਾਪਸ ਚਲੇ ਜਾਓਗੇ ਤਦ ਮੈਂ ਤੁਹਾਡੇ ਵਿੱਚ ਇੱਕ ਬਵਾ ਭੇਜਾਂਗਾ, ਅਤੇ ਤੁਸੀਂ ਦੁਸ਼ਮਣ ਦੇ ਹੱਥਾਂ ਵਿੱਚ ਦਿੱਤੇ ਜਾਵੋਂਗੇ। 26ਜਦੋਂ ਮੈਂ ਤੁਹਾਡੀ ਰੋਟੀ ਦਾ ਜ਼ਰੀਆ ਬੰਦ ਕਰ ਦੇਵਾਂਗਾ, ਤਾਂ ਦਸ ਔਰਤਾਂ ਤੁਹਾਡੀਆਂ ਰੋਟੀਆਂ ਨੂੰ ਇੱਕ ਤੰਦੂਰ ਵਿੱਚ ਪਕਾਉਣ ਦੇ ਯੋਗ ਹੋਣਗੀਆਂ, ਅਤੇ ਤੁਹਾਨੂੰ ਤੁਹਾਡੀ ਆਪਣੀ ਰੋਟੀ ਤੋਲ ਕੇ ਦੇਣਗੀਆਂ ਤਦ ਤੁਸੀਂ ਖਾਓਗੇ ਪਰ ਰੱਜੋਗੇ ਨਹੀਂ।
27“ ‘ਜੇ ਇਸ ਦੇ ਬਾਵਜੂਦ ਵੀ ਤੁਸੀਂ ਮੇਰੀ ਗੱਲ ਨਹੀਂ ਸੁਣਦੇ ਪਰ ਮੇਰੇ ਵਿਰੁੱਧ ਹੀ ਚੱਲੋ, 28ਤਦ ਮੈਂ ਆਪਣੇ ਕ੍ਰੋਧ ਵਿੱਚ ਤੁਹਾਡੇ ਨਾਲ ਵੈਰ ਕਰਾਂਗਾ, ਅਤੇ ਮੈਂ ਤੁਹਾਨੂੰ ਸੱਤ ਗੁਣਾ ਤੁਹਾਡੇ ਪਾਪਾਂ ਦੀ ਸਜ਼ਾ ਦਿਆਂਗਾ। 29ਤੁਸੀਂ ਆਪਣੇ ਪੁੱਤਰਾਂ ਦਾ ਮਾਸ ਅਤੇ ਆਪਣੀਆਂ ਧੀਆਂ ਦਾ ਮਾਸ ਖਾਓਗੇ। 30ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਤਬਾਹ ਕਰ ਦਿਆਂਗਾ, ਤੁਹਾਡੀਆਂ ਧੂਪ ਜਗਵੇਦੀਆਂ ਨੂੰ ਢਾਹ ਦਿਆਂਗਾ ਅਤੇ ਤੁਹਾਡੀਆਂ ਮੂਰਤੀਆਂ ਦੇ ਬੇਜਾਨ ਸਰੂਪਾਂ ਉੱਤੇ ਤੁਹਾਡੀਆਂ ਲਾਸ਼ਾਂ ਦਾ ਢੇਰ ਲਗਾ ਦਿਆਂਗਾ, ਅਤੇ ਮੈਂ ਤੁਹਾਨੂੰ ਨਫ਼ਰਤ ਕਰਾਂਗਾ। 31ਮੈਂ ਤੁਹਾਡੇ ਸ਼ਹਿਰਾਂ ਨੂੰ ਉਜਾੜਾਂ ਵਿੱਚ ਬਦਲ ਦਿਆਂਗਾ ਅਤੇ ਤੁਹਾਡੇ ਪਵਿੱਤਰ ਸਥਾਨਾਂ ਨੂੰ ਉਜਾੜ ਦਿਆਂਗਾ ਅਤੇ ਮੈਂ ਤੁਹਾਡੀਆਂ ਭੇਟਾਂ ਦੀ ਪ੍ਰਸੰਨ ਸੁਗੰਧ ਵਿੱਚ ਅਨੰਦ ਨਹੀਂ ਲਵਾਂਗਾ। 32ਮੈਂ ਆਪ ਧਰਤੀ ਨੂੰ ਉਜਾੜ ਦਿਆਂਗਾ, ਤਾਂ ਜੋ ਤੇਰੇ ਵੈਰੀ ਜਿਹੜੇ ਉੱਥੇ ਰਹਿੰਦੇ ਹਨ ਘਬਰਾ ਜਾਣਗੇ। 33ਮੈਂ ਤੈਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਆਪਣੀ ਤਲਵਾਰ ਕੱਢ ਕੇ ਤੁਹਾਡਾ ਪਿੱਛਾ ਕਰਾਂਗਾ। ਤੁਹਾਡੀ ਧਰਤੀ ਉਜਾੜ ਦਿੱਤੀ ਜਾਵੇਗੀ, ਅਤੇ ਤੁਹਾਡੇ ਸ਼ਹਿਰ ਤਬਾਹ ਹੋ ਜਾਣਗੇ। 34ਫਿਰ ਧਰਤੀ ਆਪਣੇ ਸਬਤ ਦੇ ਸਾਲ ਦਾ ਆਨੰਦ ਮਾਣੇਗੀ ਕਿ ਇਹ ਵਿਰਾਨ ਪਿਆ ਹੈ ਅਤੇ ਤੁਸੀਂ ਆਪਣੇ ਦੁਸ਼ਮਣਾਂ ਦੇ ਦੇਸ਼ ਵਿੱਚ ਰਹੋਗੇ, ਉਸ ਵੇਲੇ ਦੇਸ਼ ਆਰਾਮ ਕਰੇਗਾ ਅਤੇ ਆਪਣੇ ਸਬਤ ਦਾ ਆਨੰਦ ਮਾਣੇਗਾ। 35ਜਦੋਂ ਤੱਕ ਇਹ ਵਿਰਾਨ ਰਹੇ, ਜ਼ਮੀਨ ਨੂੰ ਉਹ ਆਰਾਮ ਮਿਲੇਗਾ ਜੋ ਤੁਹਾਡੇ ਇਸ ਵਿੱਚ ਰਹਿੰਦੇ ਸਬਤ ਦੇ ਦਿਨਾਂ ਵਿੱਚ ਨਹੀਂ ਮਿਲਿਆ ਸੀ।
36“ ‘ਤੁਹਾਡੇ ਵਿੱਚੋਂ ਜਿਹੜੇ ਬਚੇ ਹੋਏ ਹਨ, ਮੈਂ ਉਹਨਾਂ ਦੇ ਦਿਲਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਦੇਸ਼ ਵਿੱਚ ਇੰਨਾ ਭੈਭੀਤ ਕਰ ਦਿਆਂਗਾ ਕਿ ਹਵਾ ਦੇ ਉੱਡਦੇ ਪੱਤਿਆਂ ਦੀ ਆਵਾਜ਼ ਸੁਣ ਕੇ ਹੀ ਭੱਜ ਜਾਣਗੇ। ਉਹ ਇਸ ਤਰ੍ਹਾਂ ਭੱਜਣਗੇ ਜਿਵੇਂ ਕੋਈ ਤਲਵਾਰ ਤੋਂ ਭੱਜਦਾ ਹੈ, ਅਤੇ ਭਾਵੇਂ ਕੋਈ ਉਹਨਾਂ ਦਾ ਪਿੱਛਾ ਨਾ ਕਰੇ ਤਾਂ ਵੀ ਡਿੱਗ ਪੈਣਗੇ। 37ਭਾਵੇਂ ਕੋਈ ਉਹਨਾਂ ਦਾ ਪਿੱਛਾ ਨਾ ਕਰ ਰਿਹਾ ਹੋਵੇ, ਉਹ ਇੱਕ-ਦੂਜੇ ਉੱਤੇ ਡਿੱਗਣਗੇ ਜਿਵੇਂ ਤਲਵਾਰ ਤੋਂ ਭੱਜ ਰਹੇ ਹੋਣ, ਇਸ ਲਈ ਤੁਸੀਂ ਆਪਣੇ ਦੁਸ਼ਮਣਾਂ ਦੇ ਅੱਗੇ ਟਿਕ ਨਹੀਂ ਸਕੋਗੇ। 38ਤੁਸੀਂ ਕੌਮਾਂ ਵਿੱਚ ਨਾਸ ਹੋ ਜਾਵੋਂਗੇ; ਤੁਹਾਡੇ ਦੁਸ਼ਮਣਾਂ ਦੀ ਧਰਤੀ ਤੁਹਾਨੂੰ ਖਾ ਜਾਵੇਗੀ। 39ਤੁਹਾਡੇ ਵਿੱਚੋਂ ਜਿਹੜੇ ਬਚੇ ਹਨ ਉਹ ਆਪਣੇ ਪਾਪਾਂ ਦੇ ਕਾਰਨ ਆਪਣੇ ਦੁਸ਼ਮਣਾਂ ਦੇ ਦੇਸ਼ ਵਿੱਚ ਬਰਬਾਦ ਹੋ ਜਾਣਗੇ; ਉਹ ਆਪਣੇ ਪੁਰਖਿਆਂ ਦੇ ਪਾਪਾਂ ਦੇ ਕਾਰਨ ਵੀ ਬਰਬਾਦ ਹੋ ਜਾਣਗੇ।
40“ ‘ਪਰ ਜੇਕਰ ਉਹ ਆਪਣੀ ਅਤੇ ਪੁਰਖਿਆਂ ਦੀਆਂ ਬਦੀਆਂ ਨੂੰ ਮੰਨ ਲੈਣ ਅਤੇ ਉਸ ਬੇਈਮਾਨੀ ਨੂੰ ਜੋ ਉਨ੍ਹਾਂ ਨੇ ਮੇਰੇ ਨਾਲ ਕੀਤੀ ਅਤੇ ਇਹ ਵੀ ਮੰਨ ਲੈਣ ਕਿ ਉਹ ਮੇਰੇ ਵਿਰੁੱਧ ਚੱਲੇ, 41ਜਿਸ ਨੇ ਮੈਨੂੰ ਉਹਨਾਂ ਦੇ ਵਿਰੁੱਧ ਦੁਸ਼ਮਣ ਬਣਾਇਆ ਤਾਂ ਜੋ ਮੈਂ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਦੇਸ਼ ਵਿੱਚ ਭੇਜਿਆ, ਤਾਂ ਜੇਕਰ ਉਸ ਵੇਲੇ ਉਹਨਾਂ ਦੇ ਅਸੁੰਨਤੀ ਦਿਲ ਨੀਵੇਂ ਹੋ ਜਾਣ ਅਤੇ ਉਹ ਉਸ ਵੇਲੇ ਆਪਣੀ ਬਦੀ ਦੇ ਸਜ਼ਾ ਨੂੰ ਮੰਨ ਲੈਣ, 42ਮੈਂ ਉਸ ਨੇਮ ਨੂੰ ਜੋ ਯਾਕੋਬ ਨਾਲ ਅਤੇ ਜਿਹੜਾ ਨੇਮ ਮੈਂ ਇਸਹਾਕ ਅਤੇ ਅਬਰਾਹਾਮ ਬੰਨ੍ਹਿਆਂ ਸੀ ਚੇਤੇ ਕਰਾਂਗਾ ਅਤੇ ਮੈਂ ਧਰਤੀ ਨੂੰ ਯਾਦ ਕਰਾਂਗਾ। 43ਇਸ ਲਈ ਧਰਤੀ ਉਨ੍ਹਾਂ ਦੁਆਰਾ ਉਜਾੜ ਦਿੱਤੀ ਜਾਵੇਗੀ ਅਤੇ ਉਨ੍ਹਾਂ ਤੋਂ ਬਿਨਾਂ ਉਜਾੜ ਪਈ ਰਹਿੰਦਿਆਂ ਧਰਤੀ ਆਪਣੇ ਸਬਤਾਂ ਦਾ ਆਨੰਦ ਮਾਣੇਗੀ। ਇਸ ਸਮੇਂ ਦੌਰਾਨ ਉਹ ਆਪਣੇ ਕੁਕਰਮਾਂ ਦਾ ਪ੍ਰਾਸਚਿਤ ਕਰਨਗੇ; ਕਿਉਂਕਿ ਉਨ੍ਹਾਂ ਨੇ ਮੇਰੇ ਕਾਨੂੰਨਾਂ ਨੂੰ ਰੱਦ ਕੀਤਾ ਅਤੇ ਮੇਰੇ ਕਾਨੂੰਨਾਂ ਨਾਲ ਨਫ਼ਰਤ ਕੀਤੀ। 44ਇਸ ਦੇ ਬਾਵਜੂਦ, ਜਦੋਂ ਉਹ ਆਪਣੇ ਦੁਸ਼ਮਣਾਂ ਦੇ ਦੇਸ਼ ਵਿੱਚ ਹੋਣ, ਮੈਂ ਉਹਨਾਂ ਨੂੰ ਰੱਦ ਨਹੀਂ ਕਰਾਂਗਾ ਅਤੇ ਨਾ ਹੀ ਉਹਨਾਂ ਨੂੰ ਨਫ਼ਰਤ ਕਰਾਂਗਾ ਤਾਂ ਜੋ ਉਹਨਾਂ ਨਾਲ ਆਪਣਾ ਨੇਮ ਤੋੜ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂ। ਮੈਂ ਯਾਹਵੇਹ ਉਹਨਾਂ ਦਾ ਪਰਮੇਸ਼ਵਰ ਹਾਂ। 45ਪਰ ਉਹਨਾਂ ਦੇ ਕਾਰਨ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤੇ ਨੇਮ ਨੂੰ ਯਾਦ ਕਰਾਂਗਾ ਜਿਨ੍ਹਾਂ ਨੂੰ ਮੈਂ ਕੌਮਾਂ ਦੇ ਸਾਮ੍ਹਣੇ ਉਹਨਾਂ ਦਾ ਪਰਮੇਸ਼ਵਰ ਹੋਣ ਲਈ ਮਿਸਰ ਵਿੱਚੋਂ ਕੱਢ ਲਿਆਇਆ ਸੀ। ਮੈਂ ਯਾਹਵੇਹ ਹਾਂ।’ ”
46ਇਹ ਉਹ ਫ਼ਰਮਾਨ, ਕਾਨੂੰਨ ਅਤੇ ਨਿਯਮ ਹਨ, ਜੋ ਯਾਹਵੇਹ ਨੇ ਮੋਸ਼ੇਹ ਦੁਆਰਾ ਆਪਣੇ ਅਤੇ ਇਸਰਾਏਲੀਆਂ ਵਿਚਕਾਰ ਸੀਨਾਈ ਪਹਾੜ ਉੱਤੇ ਸਥਾਪਿਤ ਕੀਤੇ ਸਨ।
Currently Selected:
ਲੇਵੀਆਂ 26: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.