ਯਹੋਸ਼ੂਆ 9
9
ਗਿਬਓਨੀਆਂ ਦਾ ਧੋਖਾ
1ਜਦੋਂ ਸਾਰੇ ਰਾਜਿਆਂ ਨੇ ਜਿਹੜੇ ਯਰਦਨ ਦੇ ਪਾਰ, ਪਹਾੜੀ ਖੇਤਰ ਵਿੱਚ ਅਤੇ ਮਹਾ ਸਾਗਰ ਦੇ ਕੰਢੇ ਲਬਾਨੋਨ ਦੇ ਨੇੜੇ ਰਹਿੰਦੇ ਸਨ, ਹਿੱਤੀਆਂ, ਅਮੋਰੀਆਂ, ਕਨਾਨੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੇ ਇਨ੍ਹਾਂ ਘਟਨਾਵਾਂ ਬਾਰੇ ਸੁਣਿਆ। 2ਉਹ ਯਹੋਸ਼ੂਆ ਅਤੇ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਲਈ ਇਕੱਠੇ ਹੋਏ।
3ਪਰ ਜਦੋਂ ਗਿਬਓਨ ਦੇ ਲੋਕਾਂ ਨੇ ਸੁਣਿਆ ਕਿ ਯਹੋਸ਼ੂਆ ਨੇ ਯਰੀਹੋ ਅਤੇ ਅਈ ਨਾਲ ਕੀ ਕੀਤਾ ਸੀ, 4ਉਨ੍ਹਾਂ ਨੇ ਵੀ ਇੱਕ ਚਾਲ ਖੇਡੀ, ਉਹ ਸੰਦੇਸ਼ਵਾਹਕ ਬਣ ਕੇ ਉਹਨਾਂ ਦੇ ਕੋਲ ਗਏ। ਉਨ੍ਹਾਂ ਨੇ ਪੁਰਾਣੀਆਂ ਬੋਰੀਆਂ, ਪਾਟੀਆਂ ਅਤੇ ਗੰਢੀਆਂ ਹੋਈਆਂ ਦਾਖ਼ਰਸ#9:4 ਦਾਖ਼ਰਸ ਅਰਥਾਤ: ਅੰਗੂਰਾਂ ਦਾ ਰਸ ਦੀਆਂ ਮਸ਼ਕਾ ਗਧਿਆਂ ਨਾਲ ਬੰਨ੍ਹੀਆਂ ਅਤੇ ਨਾਲ ਲੈ ਗਏ 5ਉਨ੍ਹਾਂ ਨੇ ਆਪਣੇ ਪੈਰਾਂ ਫਟੇ ਪੁਰਾਣੇ ਜੁੱਤੇ ਅਤੇ ਸਰੀਰ ਉੱਤੇ ਪੁਰਾਣੇ ਕੱਪੜੇ ਪਹਿਨ ਲਏ। ਉਨ੍ਹਾਂ ਦੇ ਭੋਜਨ ਦੀਆਂ ਸਾਰੀਆਂ ਰੋਟੀਆਂ ਸੁੱਕੀਆਂ ਅਤੇ ਉੱਲੀ ਲੱਗੀਆਂ ਸਨ। 6ਫੇਰ ਉਹ ਗਿਲਗਾਲ ਦੇ ਡੇਰੇ ਵਿੱਚ ਯਹੋਸ਼ੂਆ ਕੋਲ ਗਏ ਅਤੇ ਉਸਨੂੰ ਅਤੇ ਇਸਰਾਏਲੀਆਂ ਨੂੰ ਆਖਿਆ, “ਅਸੀਂ ਇੱਕ ਦੂਰ ਦੇਸ਼ ਤੋਂ ਆਏ ਹਾਂ। ਸਾਡੇ ਨਾਲ ਇੱਕ ਨੇਮ ਬੰਨ੍ਹੋ।”
7ਇਸਰਾਏਲੀਆਂ ਨੇ ਹਿੱਤੀਆਂ ਨੂੰ ਕਿਹਾ, “ਪਰ ਸ਼ਾਇਦ ਤੁਸੀਂ ਸਾਡੇ ਨੇੜੇ ਰਹਿੰਦੇ ਹੋ, ਇਸ ਲਈ ਅਸੀਂ ਤੁਹਾਡੇ ਨਾਲ ਕਿਵੇਂ ਇੱਕ ਨੇਮ ਬੰਨ੍ਹ ਸਕਦੇ ਹਾਂ?”
8ਉਨ੍ਹਾਂ ਨੇ ਯਹੋਸ਼ੂਆ ਨੂੰ ਕਿਹਾ, “ਅਸੀਂ ਤੁਹਾਡੇ ਸੇਵਕ ਹਾਂ।”
ਪਰ ਯਹੋਸ਼ੂਆ ਨੇ ਪੁੱਛਿਆ, “ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ?”
9ਉਨ੍ਹਾਂ ਨੇ ਜਵਾਬ ਦਿੱਤਾ: “ਤੁਹਾਡੇ ਸੇਵਕ ਤੁਹਾਡੇ ਯਾਹਵੇਹ ਪਰਮੇਸ਼ਵਰ ਦੀ ਪ੍ਰਸਿੱਧੀ ਦੇ ਕਾਰਨ ਬਹੁਤ ਦੂਰ ਦੇਸ਼ ਤੋਂ ਆਏ ਹਨ। ਕਿਉਂ ਜੋ ਅਸੀਂ ਉਹ ਦੀਆਂ ਖ਼ਬਰਾਂ ਸੁਣੀਆਂ ਹਨ, ਉਹ ਸਭ ਕੁਝ ਜੋ ਉਸਨੇ ਮਿਸਰ ਵਿੱਚ ਕੀਤਾ, 10ਅਤੇ ਉਹ ਸਭ ਕੁਝ ਜੋ ਉਸ ਨੇ ਯਰਦਨ ਦੇ ਪੂਰਬ ਵੱਲ ਅਮੋਰੀਆਂ ਦੇ ਦੋ ਰਾਜਿਆਂ ਹੇਸ਼ਬੋਨ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਨਾਲ ਕੀਤਾ, ਜੋ ਅਸ਼ਤਾਰੋਥ ਵਿੱਚ ਰਾਜ ਕਰਦਾ ਸੀ। 11ਅਤੇ ਸਾਡੇ ਬਜ਼ੁਰਗਾਂ ਅਤੇ ਸਾਡੇ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੇ ਸਾਨੂੰ ਕਿਹਾ, ‘ਆਪਣੇ ਸਫ਼ਰ ਲਈ ਪ੍ਰਬੰਧ ਕਰੋ; ਜਾਓ ਅਤੇ ਉਨ੍ਹਾਂ ਨੂੰ ਮਿਲੋ ਅਤੇ ਉਨ੍ਹਾਂ ਨੂੰ ਆਖੋ, “ਅਸੀਂ ਤੁਹਾਡੇ ਸੇਵਕ ਹਾਂ; ਸਾਡੇ ਨਾਲ ਇੱਕ ਨੇਮ ਬੰਨ੍ਹੋ।” ’ 12ਇਹ ਸਾਡੀ ਰੋਟੀ ਅਸੀਂ ਆਪਣੇ ਖਾਣ ਲਈ ਆਪਣਿਆਂ ਘਰਾਂ ਤੋਂ ਗਰਮ-ਗਰਮ ਲਈ ਸੀ। ਜਿਸ ਦਿਨ ਅਸੀਂ ਤੁਹਾਡੇ ਕੋਲ ਆਉਣ ਲਈ ਨਿੱਕਲੇ, ਪਰ ਹੁਣ ਦੇਖੋ ਕਿ ਇਹ ਕਿੰਨੀ ਸੁੱਕੀ ਹਨ ਅਤੇ ਉਹਨਾਂ ਨੂੰ ਉੱਲੀ ਲੱਗੀ ਹੋਈ ਹੈ। 13ਅਤੇ ਇਹ ਮਸ਼ਕਾਂ ਜਿਹੜੀਆਂ ਅਸੀਂ ਭਰੀਆਂ ਸਨ ਨਵੀਆਂ ਸਨ, ਪਰ ਵੇਖੋ ਉਹ ਕਿੰਨੀਆਂ ਫਟੀਆਂ ਹੋਈਆਂ ਹਨ ਅਤੇ ਸਾਡੇ ਕੱਪੜੇ ਅਤੇ ਜੁੱਤੀਆਂ ਬਹੁਤ ਲੰਬੇ ਸਫ਼ਰ ਕਾਰਨ ਖਰਾਬ ਹੋ ਗਈਆਂ ਹਨ।”
14ਫੇਰ ਇਸਰਾਏਲੀਆਂ ਨੇ ਯਾਹਵੇਹ ਤੋਂ ਬਿਨਾਂ ਪੁੱਛੇ ਹੀ ਉਹਨਾਂ ਦੀ ਗੱਲ ਮੰਨ ਲਈ। 15ਯਹੋਸ਼ੂਆ ਨੇ ਉਨ੍ਹਾਂ ਨਾਲ ਦੋਸਤੀ ਕੀਤੀ ਅਤੇ ਕਿਹਾ ਕਿ ਉਹ ਨਹੀਂ ਮਾਰੇ ਜਾਣਗੇ, ਸਭਾ ਦੇ ਆਗੂਆਂ ਨੇ ਉਨ੍ਹਾਂ ਨਾਲ ਇਹ ਵਾਅਦਾ ਕੀਤਾ।
16ਗਿਬਓਨੀਆਂ ਨਾਲ ਦੋਸਤੀ ਕਰਨ ਤੋਂ ਤਿੰਨ ਦਿਨ ਬਾਅਦ, ਇਸਰਾਏਲੀਆਂ ਨੇ ਸੁਣਿਆ ਕਿ ਉਹ ਗੁਆਂਢੀ ਸਨ, ਉਨ੍ਹਾਂ ਦੇ ਨੇੜੇ ਰਹਿੰਦੇ ਸਨ। 17ਇਸ ਲਈ ਇਸਰਾਏਲੀ ਤੁਰ ਪਏ ਅਤੇ ਤੀਜੇ ਦਿਨ ਆਪਣੇ ਸ਼ਹਿਰਾਂ ਵਿੱਚ ਆਏ: ਗਿਬਓਨ, ਕਫੀਰਾਹ, ਬੇਰੋਥ ਅਤੇ ਕਿਰਯਥ-ਯਾਰੀਮ। 18ਪਰ ਇਸਰਾਏਲੀਆਂ ਨੇ ਉਨ੍ਹਾਂ ਉੱਤੇ ਹਮਲਾ ਨਹੀਂ ਕੀਤਾ ਕਿਉਂਕਿ ਸਭਾ ਦੇ ਆਗੂਆਂ ਨੇ ਉਨ੍ਹਾਂ ਨਾਲ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਸਹੁੰ ਖਾਧੀ ਸੀ।
ਅਤੇ ਸਭਾ ਨੇ ਆਗੂਆਂ ਦੇ ਖ਼ਿਲਾਫ਼ ਬੁੜਬੁੜਾਉਣ ਲੱਗ ਪਏ, 19ਪਰ ਸਾਰੇ ਆਗੂਆਂ ਨੇ ਉੱਤਰ ਦਿੱਤਾ, “ਅਸੀਂ ਉਨ੍ਹਾਂ ਨੂੰ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੀ ਸਹੁੰ ਦਿੱਤੀ ਹੈ ਅਤੇ ਹੁਣ ਅਸੀਂ ਉਨ੍ਹਾਂ ਨੂੰ ਛੂਹ ਨਹੀਂ ਸਕਦੇ। 20ਅਸੀਂ ਉਨ੍ਹਾਂ ਨਾਲ ਇਹੀ ਕਰਾਂਗੇ ਕਿ ਅਸੀਂ ਉਨ੍ਹਾਂ ਨੂੰ ਜਿਉਂਦੇ ਰਹਿਣ ਦੇਵਾਂਗੇ, ਤਾਂ ਜੋ ਪਰਮੇਸ਼ਵਰ ਦਾ ਕ੍ਰੋਧ ਸਾਡੇ ਉੱਤੇ ਨਾ ਆਵੇ ਕਿਉਂਕਿ ਅਸੀਂ ਉਨ੍ਹਾਂ ਨਾਲ ਸਹੁੰ ਖਾਧੀ ਸੀ।” 21ਉਨ੍ਹਾਂ ਨੇ ਅੱਗੇ ਕਿਹਾ, “ਉਨ੍ਹਾਂ ਨੂੰ ਜੀਣ ਦਿਓ, ਪਰ ਉਨ੍ਹਾਂ ਨੂੰ ਸਾਰੀ ਸਭਾ ਦੀ ਸੇਵਾ ਵਿੱਚ ਲੱਕੜਹਾਰੇ ਅਤੇ ਪਾਣੀ ਭਰਨ ਵਾਲੇ ਬਣ ਗਏ।” ਇਸ ਲਈ ਪ੍ਰਧਾਨਾ ਨੇ ਉਨ੍ਹਾਂ ਨਾਲ ਕੀਤਾ ਵਾਅਦਾ ਨਿਭਾਇਆ।
22ਤਦ ਯਹੋਸ਼ੂਆ ਨੇ ਗਿਬਓਨੀਆਂ ਨੂੰ ਸੱਦ ਕੇ ਕਿਹਾ, “ਤੁਸੀਂ ਸਾਨੂੰ ਇਹ ਕਹਿ ਕੇ ਧੋਖਾ ਕਿਉਂ ਦਿੱਤਾ ਕਿ ‘ਅਸੀਂ ਤੁਹਾਡੇ ਤੋਂ ਬਹੁਤ ਦੂਰ ਰਹਿੰਦੇ ਹਾਂ’ ਜਦੋਂ ਕਿ ਤੁਸੀਂ ਸਾਡੇ ਨੇੜੇ ਰਹਿੰਦੇ ਹੋ? 23ਤੁਸੀਂ ਹੁਣ ਇੱਕ ਸਰਾਪ ਦੇ ਅਧੀਨ ਹੋ, ਤੁਹਾਨੂੰ ਮੇਰੇ ਪਰਮੇਸ਼ਵਰ ਦੇ ਘਰ ਲਈ ਲੱਕੜਹਾਰੇ ਅਤੇ ਪਾਣੀ ਭਰਨ ਵਜੋਂ ਸੇਵਾ ਤੋਂ ਕਦੇ ਵੀ ਮੁਕਤ ਨਹੀਂ ਕੀਤਾ ਜਾਵੇਗਾ।”
24ਉਨ੍ਹਾਂ ਨੇ ਯਹੋਸ਼ੂਆ ਨੂੰ ਉੱਤਰ ਦਿੱਤਾ, “ਤੁਹਾਡੇ ਸੇਵਕਾਂ ਨੂੰ ਸਾਫ਼-ਸਾਫ਼ ਦੱਸਿਆ ਗਿਆ ਸੀ ਕਿ ਕਿਵੇਂ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਆਪਣੇ ਸੇਵਕ ਮੋਸ਼ੇਹ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਤੁਹਾਨੂੰ ਸਾਰੀ ਧਰਤੀ ਦੇ ਦੇਵੇ ਅਤੇ ਇਸ ਦੇ ਸਾਰੇ ਵਾਸੀਆਂ ਨੂੰ ਤੁਹਾਡੇ ਸਾਮ੍ਹਣੇ ਮਿਟਾ ਦੇਵੇ। ਇਸ ਲਈ ਸਾਨੂੰ ਤੁਹਾਡੇ ਕਾਰਨ ਆਪਣੀ ਜਾਨ ਦਾ ਡਰ ਸੀ, ਇਸ ਲਈ ਅਸੀਂ ਅਜਿਹਾ ਕੀਤਾ। 25ਅਸੀਂ ਹੁਣ ਤੁਹਾਡੇ ਹੱਥਾਂ ਵਿੱਚ ਹਾਂ। ਸਾਡੇ ਨਾਲ ਉਹੀ ਕਰੋ ਜੋ ਤੁਹਾਨੂੰ ਚੰਗਾ ਅਤੇ ਸਹੀ ਲੱਗੇ।”
26ਇਸ ਲਈ ਯਹੋਸ਼ੂਆ ਨੇ ਉਨ੍ਹਾਂ ਨੂੰ ਇਸਰਾਏਲੀਆਂ ਤੋਂ ਬਚਾਇਆ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਨਹੀਂ ਮਾਰਿਆ। 27ਉਸ ਦਿਨ ਯਹੋਸ਼ੂਆ ਨੇ ਗਿਬਓਨੀਆਂ ਨੂੰ ਸਭਾ ਲਈ ਲੱਕੜਹਾਰੇ ਅਤੇ ਪਾਣੀ ਦੇ ਢੋਣ ਵਾਲੇ ਬਣਾਏ, ਤਾਂ ਜੋ ਯਾਹਵੇਹ ਦੀ ਜਗਵੇਦੀ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ ਅਤੇ ਇਹ ਉਹ ਹੈ ਜੋ ਉਹ ਅੱਜ ਤੱਕ ਹਨ।
Currently Selected:
ਯਹੋਸ਼ੂਆ 9: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.