ਯਹੋਸ਼ੂਆ 8
8
ਅਈ ਨਗਰ ਤੇ ਜਿੱਤ ਪਾਉਣਾ
1ਤਦ ਯਾਹਵੇਹ ਨੇ ਯਹੋਸ਼ੂਆ ਨੂੰ ਕਿਹਾ, “ਡਰੋ ਨਾ ਅਤੇ ਨਿਰਾਸ਼ ਨਾ ਹੋਵੋ। ਸਾਰੀ ਸੈਨਾਂ ਨੂੰ ਆਪਣੇ ਨਾਲ ਲੈ ਜਾਓ ਅਤੇ ਉੱਪਰ ਜਾ ਕੇ ਅਈ ਉੱਤੇ ਹਮਲਾ ਕਰੋ ਕਿਉਂ ਜੋ ਮੈਂ ਅਈ ਦੇ ਰਾਜੇ ਨੂੰ, ਉਸਦੇ ਲੋਕਾਂ ਨੂੰ, ਉਸਦੇ ਸ਼ਹਿਰ ਅਤੇ ਉਸਦੀ ਧਰਤੀ ਨੂੰ ਤੁਹਾਡੇ ਹੱਥ ਵਿੱਚ ਸੌਂਪ ਦਿੱਤਾ ਹੈ। 2ਤੁਸੀਂ ਅਈ ਅਤੇ ਉਸ ਦੇ ਰਾਜੇ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਸੀ, ਸਿਵਾਏ ਤੁਸੀਂ ਉਨ੍ਹਾਂ ਦੀ ਲੁੱਟ ਅਤੇ ਪਸ਼ੂ ਆਪਣੇ ਲਈ ਲੈ ਜਾਓ। ਸ਼ਹਿਰ ਦੇ ਪਿੱਛੇ ਇੱਕ ਘਾਤ ਲਗਾਓ।”
3ਇਸ ਲਈ ਯਹੋਸ਼ੂਆ ਅਤੇ ਸਾਰੀ ਸੈਨਾਂ ਅਈ ਉੱਤੇ ਹਮਲਾ ਕਰਨ ਲਈ ਨਿਕਲ ਗਈ। ਉਸਨੇ ਆਪਣੇ ਸਭ ਤੋਂ ਵਧੀਆ ਲੜਾਕੂਆਂ ਵਿੱਚੋਂ ਤੀਹ ਹਜ਼ਾਰ ਚੁਣੇ ਅਤੇ ਉਨ੍ਹਾਂ ਨੂੰ ਰਾਤ ਨੂੰ ਬਾਹਰ ਭੇਜ ਦਿੱਤਾ 4ਯਹੋਸ਼ੂਆ ਨੇ ਉਹਨਾਂ ਨੂੰ ਇਨ੍ਹਾਂ ਹੁਕਮਾਂ ਨਾਲ ਕਿਹਾ, “ਧਿਆਨ ਨਾਲ ਸੁਣੋ, ਤੁਹਾਨੂੰ ਸ਼ਹਿਰ ਦੇ ਪਿੱਛੇ ਇੱਕ ਘਾਤ ਲਾਉਣਾ ਹੈ। ਇਸ ਤੋਂ ਬਹੁਤ ਦੂਰ ਨਾ ਜਾਓ। ਤੁਸੀਂ ਸਾਰੇ ਸੁਚੇਤ ਰਹੋ। 5ਮੈਂ ਅਤੇ ਮੇਰੇ ਨਾਲ ਦੇ ਸਾਰੇ ਸ਼ਹਿਰ ਉੱਤੇ ਅੱਗੇ ਵਧਾਂਗੇ, ਅਤੇ ਜਦੋਂ ਉਹ ਆਦਮੀ ਸਾਡੇ ਵਿਰੁੱਧ ਆਉਣਗੇ, ਜਿਵੇਂ ਉਹ ਪਹਿਲਾਂ ਕਰਦੇ ਸਨ, ਅਸੀਂ ਉਨ੍ਹਾਂ ਤੋਂ ਭੱਜ ਜਾਵਾਂਗੇ। 6ਉਹ ਉਦੋਂ ਤੱਕ ਸਾਡਾ ਪਿੱਛਾ ਕਰਨਗੇ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਨਹੀਂ ਕਰ ਦਿੰਦੇ, ਕਿਉਂਕਿ ਉਹ ਕਹਿਣਗੇ, ‘ਉਹ ਸਾਡੇ ਕੋਲੋਂ ਪਹਿਲਾਂ ਵਾਂਗ ਭੱਜ ਰਹੇ ਹਨ।’ ਇਸ ਲਈ ਜਦੋਂ ਅਸੀਂ ਉਨ੍ਹਾਂ ਤੋਂ ਭੱਜ ਜਾਂਦੇ ਹਾਂ, 7ਤੁਸੀਂ ਘਾਤ ਤੋਂ ਉੱਠਣਾ ਹੈ ਅਤੇ ਸ਼ਹਿਰ ਉੱਤੇ ਕਬਜ਼ਾ ਕਰਨਾ ਹੈ। ਯਾਹਵੇਹ ਤੁਹਾਡਾ ਪਰਮੇਸ਼ਵਰ ਇਸਨੂੰ ਤੁਹਾਡੇ ਹੱਥ ਵਿੱਚ ਦੇ ਦੇਵੇਗਾ। 8ਜਦੋਂ ਸ਼ਹਿਰ ਕਾਬੂ ਵਿੱਚ ਆ ਜਾਵੇ, ਤਾਂ ਇਸਨੂੰ ਅੱਗ ਲਗਾ ਦਿਓ। ਉਹੀ ਕਰੋ ਜੋ ਯਾਹਵੇਹ ਨੇ ਹੁਕਮ ਦਿੱਤਾ ਹੈ। ਵੇਖੋ, ਮੈਂ ਤੁਹਾਨੂੰ ਹੁਕਮ ਦੇ ਦਿੱਤਾ ਹੈ।”
9ਤਦ ਯਹੋਸ਼ੂਆ ਨੇ ਉਨ੍ਹਾਂ ਨੂੰ ਵਿਦਾ ਕੀਤਾ ਅਤੇ ਉਹ ਘਾਤ ਦੇ ਸਥਾਨ ਨੂੰ ਗਏ ਅਤੇ ਅਈ ਦੇ ਪੱਛਮ ਵੱਲ ਬੈਤਏਲ ਅਤੇ ਅਈ ਦੇ ਵਿਚਕਾਰ ਲੇਟ ਗਏ, ਪਰ ਯਹੋਸ਼ੂਆ ਨੇ ਉਹ ਰਾਤ ਲੋਕਾਂ ਦੇ ਨਾਲ ਬਿਤਾਈ।
10ਅਗਲੀ ਸਵੇਰ ਯਹੋਸ਼ੂਆ ਨੇ ਆਪਣੀ ਸੈਨਾਂ ਇਕੱਠੀ ਕੀਤੀ ਅਤੇ ਉਹ ਅਤੇ ਇਸਰਾਏਲ ਦੇ ਆਗੂ ਉਨ੍ਹਾਂ ਦੇ ਅੱਗੇ-ਅੱਗੇ ਅਈ ਵੱਲ ਤੁਰ ਪਏ। 11ਸਾਰੀ ਸੈਨਾਂ ਜੋ ਉਸਦੇ ਨਾਲ ਸੀ, ਉੱਪਰ ਗਏ ਅਤੇ ਸ਼ਹਿਰ ਦੇ ਕੋਲ ਪਹੁੰਚੇ ਅਤੇ ਉਸਦੇ ਸਾਮ੍ਹਣੇ ਆ ਗਏ। ਉਨ੍ਹਾਂ ਨੇ ਅਈ ਦੇ ਉੱਤਰ ਵੱਲ ਡੇਰਾ ਲਾਇਆ ਜੋ ਉਨ੍ਹਾਂ ਦੇ ਅਤੇ ਸ਼ਹਿਰ ਦੇ ਵਿਚਕਾਰ ਘਾਟੀ ਸੀ। 12ਯਹੋਸ਼ੂਆ ਨੇ ਲਗਭਗ ਪੰਜ ਹਜ਼ਾਰ ਆਦਮੀਆਂ ਨੂੰ ਲਿਆ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਪੱਛਮ ਵੱਲ ਬੈਤਏਲ ਅਤੇ ਅਈ ਦੇ ਵਿਚਕਾਰ ਘਾਤ ਵਿੱਚ ਬਿਠਾਇਆ। 13ਇਸ ਲਈ ਸਿਪਾਹੀਆਂ ਨੇ ਸ਼ਹਿਰ ਦੇ ਉੱਤਰ ਵੱਲ ਮੁੱਖ ਡੇਰੇ ਅਤੇ ਇਸ ਦੇ ਪੱਛਮ ਵੱਲ ਘਾਟ ਦੇ ਨਾਲ-ਨਾਲ ਆਪਣੀਆਂ ਥਾਂਵਾਂ ਬਣਾ ਲਈਆਂ। ਉਸ ਰਾਤ ਯਹੋਸ਼ੂਆ ਵਾਦੀ ਵਿੱਚ ਗਿਆ।
14ਜਦੋਂ ਅਈ ਦੇ ਰਾਜੇ ਨੇ ਇਹ ਵੇਖਿਆ, ਤਾਂ ਉਹ ਅਤੇ ਸ਼ਹਿਰ ਦੇ ਸਾਰੇ ਆਦਮੀ ਸਵੇਰੇ-ਸਵੇਰੇ ਹੀ ਇਸਰਾਏਲ ਨੂੰ ਅਰਾਬਾਹ ਦੇ ਨੇੜੇ ਇੱਕ ਥਾਂ ਉੱਤੇ ਲੜਾਈ ਵਿੱਚ ਮਿਲਣ ਲਈ ਤੁਰ ਪਏ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਸ਼ਹਿਰ ਦੇ ਪਿੱਛੇ ਉਸਦੇ ਵਿਰੁੱਧ ਇੱਕ ਘਾਤ ਲਗਾ ਦਿੱਤੀ ਗਈ ਸੀ। 15ਯਹੋਸ਼ੂਆ ਅਤੇ ਸਾਰੇ ਇਸਰਾਏਲ ਉਹਨਾਂ ਦੇ ਅੱਗੋਂ ਉਜਾੜ ਵੱਲ ਇਉਂ ਭੱਜੇ ਜਿਵੇਂ ਉਹਨਾਂ ਅੱਗੋਂ ਮਾਰੇ ਕੁੱਟੇ ਗਏ ਹੋਣ। 16ਅਈ ਦੇ ਸਾਰੇ ਆਦਮੀਆਂ ਨੂੰ ਉਨ੍ਹਾਂ ਦਾ ਪਿੱਛਾ ਕਰਨ ਲਈ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਯਹੋਸ਼ੂਆ ਦਾ ਪਿੱਛਾ ਕੀਤਾ ਅਤੇ ਸ਼ਹਿਰ ਤੋਂ ਦੂਰ ਚਲੇ ਗਏ। 17ਅਈ ਅਤੇ ਬੈਤਏਲ ਵਿੱਚ ਕੋਈ ਵੀ ਮਨੁੱਖ ਬਾਕੀ ਨਹੀਂ ਰਿਹਾ ਜੋ ਇਸਰਾਏਲ ਦੇ ਪਿੱਛੇ ਨਾ ਗਿਆ ਹੋਵੇ। ਉਨ੍ਹਾਂ ਨੇ ਸ਼ਹਿਰ ਨੂੰ ਖੁੱਲ੍ਹਾ ਛੱਡ ਦਿੱਤਾ ਅਤੇ ਇਸਰਾਏਲ ਦਾ ਪਿੱਛਾ ਕਰਨ ਲਈ ਚਲੇ ਗਏ।
18ਤਦ ਯਾਹਵੇਹ ਨੇ ਯਹੋਸ਼ੂਆ ਨੂੰ ਕਿਹਾ, “ਅਈ ਵੱਲ ਜੋ ਬਰਛੀ ਤੇਰੇ ਹੱਥ ਵਿੱਚ ਹੈ ਫੜ ਕਿਉਂ ਜੋ ਮੈਂ ਸ਼ਹਿਰ ਨੂੰ ਤੇਰੇ ਹੱਥ ਵਿੱਚ ਦੇਵਾਂਗਾ।” ਇਸ ਲਈ ਯਹੋਸ਼ੂਆ ਨੇ ਉਸ ਬਰਛੇ ਨੂੰ ਜੋ ਉਸਦੇ ਹੱਥ ਵਿੱਚ ਸੀ ਸ਼ਹਿਰ ਵੱਲ ਵਧਾਇਆ। 19ਜਿਵੇਂ ਹੀ ਉਸਨੇ ਅਜਿਹਾ ਕੀਤਾ, ਘਾਤ ਵਿੱਚ ਬੈਠੇ ਆਦਮੀ ਆਪਣੀ ਸਥਿਤੀ ਤੋਂ ਤੇਜ਼ੀ ਨਾਲ ਉੱਠੇ ਅਤੇ ਅੱਗੇ ਵਧੇ। ਉਨ੍ਹਾਂ ਨੇ ਸ਼ਹਿਰ ਵਿੱਚ ਦਾਖਲ ਹੋ ਕੇ ਇਸ ਉੱਤੇ ਕਬਜ਼ਾ ਕਰ ਲਿਆ ਅਤੇ ਜਲਦੀ ਅੱਗ ਲਗਾ ਦਿੱਤੀ।
20ਅਈ ਦੇ ਆਦਮੀਆਂ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਸ਼ਹਿਰ ਦਾ ਧੂੰਆਂ ਅਕਾਸ਼ ਵਿੱਚ ਉੱਠਦਾ ਦੇਖਿਆ, ਪਰ ਉਨ੍ਹਾਂ ਨੂੰ ਕਿਸੇ ਵੀ ਦਿਸ਼ਾ ਵਿੱਚ ਭੱਜਣ ਦਾ ਕੋਈ ਮੌਕਾ ਨਹੀਂ ਸੀ ਅਤੇ ਇਸਰਾਏਲੀ ਜਿਹੜੇ ਉਜਾੜ ਵੱਲ ਭੱਜ ਰਹੇ ਸਨ, ਆਪਣੇ ਪਿੱਛਾ ਕਰਨ ਵਾਲਿਆਂ ਦੇ ਵਿਰੁੱਧ ਮੁੜ ਗਏ ਸਨ। 21ਕਿਉਂ ਜੋ ਜਦੋਂ ਯਹੋਸ਼ੂਆ ਅਤੇ ਸਾਰੇ ਇਸਰਾਏਲ ਨੇ ਵੇਖਿਆ ਕਿ ਘਾਤ ਲਾ ਕੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਉਸ ਵਿੱਚੋਂ ਧੂੰਆਂ ਉੱਠ ਰਿਹਾ ਹੈ, ਤਾਂ ਉਹ ਮੁੜੇ ਅਤੇ ਅਈ ਦੇ ਮਨੁੱਖਾਂ ਉੱਤੇ ਹਮਲਾ ਕੀਤਾ। 22ਜਿਹੜੇ ਘਾਤ ਵਿੱਚ ਸਨ ਉਹ ਵੀ ਉਨ੍ਹਾਂ ਦੇ ਵਿਰੁੱਧ ਸ਼ਹਿਰ ਤੋਂ ਬਾਹਰ ਆ ਗਏ, ਤਾਂ ਜੋ ਉਹ ਵਿਚਕਾਰੋਂ ਫੜੇ ਗਏ, ਦੋਵੇਂ ਪਾਸੇ ਇਸਰਾਏਲੀ ਸਨ। ਇਸਰਾਏਲ ਨੇ ਉਨ੍ਹਾਂ ਨੂੰ ਵੱਢ ਸੁੱਟਿਆ, ਉਹਨਾਂ ਵਿੱਚੋਂ ਨਾ ਕਿਸੇ ਨੂੰ ਰਹਿਣ ਦਿੱਤਾ ਅਤੇ ਨਾ ਕਿਸੇ ਨੂੰ ਭੱਜਣ ਦਿੱਤਾ। 23ਪਰ ਉਹ ਅਈ ਦੇ ਰਾਜੇ ਨੂੰ ਜਿਉਂਦਾ ਫੜ ਕੇ ਯਹੋਸ਼ੂਆ ਕੋਲ ਲੈ ਆਏ।
24ਜਦੋਂ ਇਸਰਾਏਲ ਨੇ ਅਈ ਦੇ ਸਾਰੇ ਮਨੁੱਖਾਂ ਨੂੰ ਖੇਤਾਂ ਵਿੱਚ ਅਤੇ ਉਜਾੜ ਵਿੱਚ ਜਿੱਥੇ ਉਹਨਾਂ ਨੇ ਉਹਨਾਂ ਦਾ ਪਿੱਛਾ ਕੀਤਾ ਸੀ ਮਾਰ ਦਿੱਤਾ ਅਤੇ ਉਹਨਾਂ ਵਿੱਚੋਂ ਹਰੇਕ ਨੂੰ ਤਲਵਾਰ ਨਾਲ ਵੱਢਿਆ ਤਾਂ ਸਾਰੇ ਇਸਰਾਏਲੀ ਅਈ ਨੂੰ ਮੁੜ ਗਏ ਅਤੇ ਉਹਨਾਂ ਨੂੰ ਜਿਹੜੇ ਉਸ ਵਿੱਚ ਸਨ ਮਾਰ ਦਿੱਤੇ। 25ਉਸ ਦਿਨ ਅਈ ਦੇ ਸਾਰੇ ਲੋਕ ਮਰ ਗਏ ਜਿਹਨਾਂ ਵਿੱਚ ਬਾਰਾਂ ਹਜ਼ਾਰ ਮਰਦ ਅਤੇ ਔਰਤਾਂ ਸਨ। 26ਕਿਉਂ ਜੋ ਯਹੋਸ਼ੂਆ ਨੇ ਉਹ ਹੱਥ ਪਿੱਛੇ ਨਾ ਖਿੱਚਿਆ ਜਿਸਨੇ ਆਪਣਾ ਬਰਛਾ ਫੜਿਆ ਹੋਇਆ ਸੀ ਜਦ ਤੱਕ ਉਹ ਅਈ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਨਾਸ਼ ਕਰ ਦਿੰਦਾ। 27ਪਰ ਇਸਰਾਏਲੀਆਂ ਨੇ ਆਪਣੇ ਲਈ ਇਸ ਸ਼ਹਿਰ ਦੇ ਪਸ਼ੂ, ਧਨ ਅਤੇ ਲੁੱਟ ਦਾ ਮਾਲ ਲੈ ਲਿਆ, ਜਿਵੇਂ ਕਿ ਯਾਹਵੇਹ ਨੇ ਯਹੋਸ਼ੂਆ ਨੂੰ ਕਿਹਾ ਸੀ।
28ਇਸ ਲਈ ਯਹੋਸ਼ੂਆ ਨੇ ਅਈ#8:28 ਅਈ ਅਰਥਾਤ: ਬਰਬਾਦੀ ਨੂੰ ਸਾੜ ਦਿੱਤਾ ਅਤੇ ਇਸਨੂੰ ਖੰਡਰ ਦਾ ਇੱਕ ਸਥਾਈ ਢੇਰ ਬਣਾ ਦਿੱਤਾ, ਜੋ ਅੱਜ ਤੱਕ ਵਿਰਾਨ ਥਾਂ ਹੈ। 29ਉਸ ਨੇ ਅਈ ਦੇ ਰਾਜੇ ਦੀ ਲਾਸ਼ ਨੂੰ ਇੱਕ ਖੰਭੇ ਉੱਤੇ ਟੰਗ ਦਿੱਤਾ ਅਤੇ ਸ਼ਾਮ ਤੱਕ ਉੱਥੇ ਹੀ ਛੱਡ ਦਿੱਤਾ। ਸੂਰਜ ਡੁੱਬਣ ਵੇਲੇ, ਯਹੋਸ਼ੂਆ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਲਾਸ਼ ਨੂੰ ਖੰਭੇ ਤੋਂ ਚੁੱਕ ਕੇ ਸ਼ਹਿਰ ਦੇ ਦਰਵਾਜ਼ੇ ਉੱਤੇ ਸੁੱਟ ਦੇਣ ਅਤੇ ਉਨ੍ਹਾਂ ਨੇ ਉਸ ਉੱਤੇ ਚੱਟਾਨਾਂ ਦਾ ਇੱਕ ਵੱਡਾ ਢੇਰ ਖੜ੍ਹਾ ਕੀਤਾ, ਜੋ ਅੱਜ ਤੱਕ ਕਾਇਮ ਹੈ।
ਏਬਾਲ ਪਹਾੜ ਉੱਤੇ ਨੇਮ ਦਾ ਦੁਹਰਾਇਆ ਜਾਣਾ
30ਫੇਰ ਯਹੋਸ਼ੂਆ ਨੇ ਏਬਾਲ ਪਹਾੜ ਉੱਤੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਲਈ ਇੱਕ ਜਗਵੇਦੀ ਬਣਾਈ। 31ਜਿਵੇਂ ਕਿ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਸਨੇ ਇਸਨੂੰ ਮੋਸ਼ੇਹ ਦੀ ਬਿਵਸਥਾ ਦੀ ਪੋਥੀ ਵਿੱਚ ਲਿਖੇ ਅਨੁਸਾਰ ਬਣਾਇਆ ਇੱਕ ਬਿਨ੍ਹਾਂ ਤਰਾਸ਼ੇ ਪੱਥਰਾਂ ਦੀ ਇੱਕ ਜਗਵੇਦੀ, ਜਿਸ ਉੱਤੇ ਕੋਈ ਲੋਹੇ ਦਾ ਸੰਦ ਨਹੀਂ ਵਰਤਿਆ ਗਿਆ ਸੀ। ਇਸ ਤੇ ਉਨ੍ਹਾਂ ਨੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਸੰਗਤੀ ਦੀਆਂ ਭੇਟਾਂ ਚੜ੍ਹਾਈਆਂ। 32ਉੱਥੇ, ਇਸਰਾਏਲੀਆਂ ਦੀ ਮੌਜੂਦਗੀ ਵਿੱਚ, ਯਹੋਸ਼ੂਆ ਨੇ ਮੋਸ਼ੇਹ ਦੇ ਕਾਨੂੰਨ ਦੀ ਇੱਕ ਨਕਲ ਪੱਥਰਾਂ ਉੱਤੇ ਲਿਖੀ। 33ਸਾਰੇ ਇਸਰਾਏਲੀ, ਆਪਣੇ ਬਜ਼ੁਰਗਾਂ, ਅਧਿਕਾਰੀਆਂ ਅਤੇ ਨਿਆਂਕਾਰਾਂ ਦੇ ਨਾਲ, ਯਾਹਵੇਹ ਦੇ ਨੇਮ ਦੇ ਸੰਦੂਕ ਦੇ ਦੋਵੇਂ ਪਾਸੇ ਖੜ੍ਹੇ ਸਨ, ਲੇਵੀ ਜਾਜਕਾਂ ਦੇ ਸਾਮ੍ਹਣੇ ਸਨ ਜੋ ਇਸਨੂੰ ਚੁੱਕਦੇ ਸਨ। ਉਨ੍ਹਾਂ ਵਿੱਚ ਰਹਿਣ ਵਾਲੇ ਵਿਦੇਸ਼ੀ ਅਤੇ ਦੇਸ਼ੀ ਜਨਮੇ ਦੋਵੇਂ ਹੀ ਸਨ। ਅੱਧੇ ਲੋਕ ਗਰਿੱਜ਼ੀਮ ਪਹਾੜ ਦੇ ਸਾਮ੍ਹਣੇ ਅਤੇ ਅੱਧੇ ਏਬਾਲ ਪਹਾੜ ਦੇ ਸਾਮ੍ਹਣੇ ਖੜ੍ਹੇ ਸਨ, ਜਿਵੇਂ ਕਿ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਪਹਿਲਾਂ ਹੁਕਮ ਦਿੱਤਾ ਸੀ ਜਦੋਂ ਉਸਨੇ ਇਸਰਾਏਲ ਦੇ ਲੋਕਾਂ ਨੂੰ ਅਸੀਸ ਦੇਣ ਲਈ ਹਦਾਇਤਾਂ ਦਿੱਤੀਆਂ ਸਨ।
34ਇਸ ਤੋਂ ਬਾਅਦ, ਯਹੋਸ਼ੂਆ ਨੇ ਬਿਵਸਥਾ ਦੇ ਸਾਰੇ ਸ਼ਬਦ ਪੜ੍ਹੇ ਜਿਸ ਵਿੱਚ ਬਰਕਤਾਂ ਅਤੇ ਸਰਾਪ ਦੋਵੇਂ ਪੜ੍ਹੇ, ਜਿਵੇਂ ਕਿ ਇਹ ਬਿਵਸਥਾ ਦੀ ਕਿਤਾਬ ਵਿੱਚ ਲਿਖੇ ਹੋਏ ਸਨ। 35ਮੋਸ਼ੇਹ ਨੇ ਜੋ ਹੁਕਮ ਦਿੱਤਾ ਸੀ ਉਸ ਦਾ ਇੱਕ ਵੀ ਸ਼ਬਦ ਨਹੀਂ ਸੀ ਜੋ ਯਹੋਸ਼ੂਆ ਨੇ ਇਸਰਾਏਲ ਦੀ ਸਾਰੀ ਸਭਾ ਨੂੰ ਨਾ ਪੜ੍ਹਿਆ, ਜਿਸ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ ਅਤੇ ਜਿਹੜੇ ਵਿਦੇਸ਼ੀ ਉਸ ਦੇਸ਼ ਵਿੱਚ ਰਹਿੰਦੇ ਸਨ।
Currently Selected:
ਯਹੋਸ਼ੂਆ 8: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.