Bible App logo
Search Icon

ਯਹੋਸ਼ੂਆ 10

10
ਸੂਰਜ ਦਾ ਖਲੋ ਜਾਣਾ
1ਤਦ ਯੇਰੂਸ਼ਲੇਮ ਦੇ ਰਾਜੇ ਅਦੋਨੀ-ਸਿਦੇਕ ਨੇ ਸੁਣਿਆ ਕਿ ਯਹੋਸ਼ੂਆ ਨੇ ਅਈ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਉਸਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ, ਜਿਵੇਂ ਉਸਨੇ ਅਈ ਅਤੇ ਉਸਦੇ ਰਾਜੇ ਨਾਲ ਕੀਤਾ ਸੀ ਜਿਵੇਂ ਉਸਨੇ ਯਰੀਹੋ ਅਤੇ ਉਸਦੇ ਰਾਜੇ ਨਾਲ ਕੀਤਾ ਸੀ ਅਤੇ ਗਿਬਓਨ ਦੇ ਲੋਕਾਂ ਨੇ ਇਸਰਾਏਲ ਨਾਲ ਮੇਲ ਕਰ ਲਿਆ ਅਤੇ ਉਨ੍ਹਾਂ ਦੇ ਸਹਿਯੋਗੀ ਬਣ ਗਏ। 2ਅਦੋਨੀ-ਸਿਦੇਕ ਅਤੇ ਉਸਦੇ ਆਦਮੀ ਡਰ ਗਏ ਕਿਉਂਕਿ ਗਿਬਓਨ ਇੱਕ ਮਹੱਤਵਪੂਰਣ ਸ਼ਹਿਰ ਸੀ, ਅਤੇ ਜਿਵੇਂ ਸ਼ਾਹੀ ਸ਼ਹਿਰਾਂ ਵਿੱਚੋਂ ਇੱਕ ਸੀ ਅਤੇ ਇਹ ਅਈ ਨਾਲੋਂ ਵੱਡਾ ਸੀ ਅਤੇ ਇਸ ਦੇ ਸਾਰੇ ਆਦਮੀ ਚੰਗੇ ਸੂਰਮੇ ਸਨ। 3ਇਸ ਲਈ ਯੇਰੂਸ਼ਲੇਮ ਦੇ ਰਾਜੇ ਅਦੋਨੀ-ਸਿਦੇਕ ਨੇ ਹੇਬਰੋਨ ਦੇ ਰਾਜਾ ਹੋਹਾਮ, ਯਰਮੂਥ ਦੇ ਰਾਜਾ ਪੀਰਾਮ, ਲਾਕੀਸ਼ ਦੇ ਰਾਜਾ ਯਾਫ਼ੀਆ ਅਤੇ ਅਗਲੋਨ ਦੇ ਰਾਜਾ ਦਬੀਰ ਨੂੰ ਬੇਨਤੀ ਕੀਤੀ। 4ਉਸਨੇ ਆਖਿਆ “ਉੱਪਰ ਆਓ ਅਤੇ ਗਿਬਓਨ ਉੱਤੇ ਹਮਲਾ ਕਰਨ ਵਿੱਚ ਮੇਰੀ ਮਦਦ ਕਰੋ, ਕਿਉਂਕਿ ਉਸ ਨੇ ਯਹੋਸ਼ੂਆ ਅਤੇ ਇਸਰਾਏਲੀਆਂ ਨਾਲ ਸੁਲ੍ਹਾ ਕਰ ਲਈ ਹੈ।”
5ਫੇਰ ਅਮੋਰੀਆਂ ਦੇ ਪੰਜ ਰਾਜੇ, ਯੇਰੂਸ਼ਲੇਮ, ਹੇਬਰੋਨ, ਯਰਮੂਥ, ਲਾਕੀਸ਼ ਅਤੇ ਅਗਲੋਨ ਦੇ ਰਾਜੇ ਫ਼ੌਜਾਂ ਵਿੱਚ ਸ਼ਾਮਲ ਹੋ ਗਏ। ਉਹ ਆਪਣੀਆਂ ਸਾਰੀਆਂ ਫ਼ੌਜਾਂ ਸਮੇਤ ਚੜ੍ਹੇ ਅਤੇ ਗਿਬਓਨ ਦੇ ਵਿਰੁੱਧ ਮੋਰਚਾ ਸੰਭਾਲਿਆ ਅਤੇ ਉਸ ਉੱਤੇ ਹਮਲਾ ਕੀਤਾ।
6ਫਿਰ ਗਿਬਓਨੀਆਂ ਨੇ ਗਿਲਗਾਲ ਦੇ ਡੇਰੇ ਵਿੱਚ ਯਹੋਸ਼ੂਆ ਨੂੰ ਸੁਨੇਹਾ ਭੇਜਿਆ, “ਆਪਣੇ ਸੇਵਕਾਂ ਨੂੰ ਨਾ ਛੱਡੋ। ਜਲਦੀ ਸਾਡੇ ਕੋਲ ਆਓ ਅਤੇ ਸਾਨੂੰ ਬਚਾਓ! ਸਾਡੀ ਮਦਦ ਕਰੋ, ਕਿਉਂਕਿ ਪਹਾੜੀ ਦੇਸ਼ ਦੇ ਸਾਰੇ ਅਮੋਰੀ ਰਾਜੇ ਸਾਡੇ ਵਿਰੁੱਧ ਇਕੱਠੇ ਹੋ ਗਏ ਹਨ।”
7ਇਸ ਲਈ ਯਹੋਸ਼ੂਆ ਨੇ ਆਪਣੀ ਸਾਰੀ ਸੈਨਾ ਸਮੇਤ ਸਭ ਵਧੀਆ ਲੜਾਕੂਆਂ ਸਮੇਤ ਗਿਲਗਾਲ ਤੋਂ ਕੂਚ ਕੀਤਾ। 8ਯਾਹਵੇਹ ਨੇ ਯਹੋਸ਼ੂਆ ਨੂੰ ਕਿਹਾ, “ਉਨ੍ਹਾਂ ਤੋਂ ਨਾ ਡਰ ਕਿਉਂ ਜੋ ਮੈਂ ਉਨ੍ਹਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਹੈ। ਉਨ੍ਹਾਂ ਵਿੱਚੋਂ ਕੋਈ ਵੀ ਤੁਹਾਡਾ ਸਾਹਮਣਾ ਨਹੀਂ ਕਰ ਸਕੇਗਾ।”
9ਗਿਲਗਾਲ ਤੋਂ ਸਾਰੀ ਰਾਤ ਤੁਰਨ ਤੋਂ ਬਾਅਦ, ਯਹੋਸ਼ੂਆ ਨੇ ਉਨ੍ਹਾਂ ਉੱਤੇ ਅਚਾਨਕ ਹਮਲਾ ਕਰ ਦਿੱਤਾ। 10ਯਾਹਵੇਹ ਨੇ ਉਨ੍ਹਾਂ ਨੂੰ ਇਸਰਾਏਲ ਦੇ ਸਾਮ੍ਹਣੇ ਉਲਝਣ ਵਿੱਚ ਪਾ ਦਿੱਤਾ, ਇਸ ਲਈ ਯਹੋਸ਼ੂਆ ਅਤੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਗਿਬਓਨ ਵਿੱਚ ਪੂਰੀ ਤਰ੍ਹਾਂ ਹਰਾਇਆ। ਇਸਰਾਏਲ ਨੇ ਬੈਥ-ਹੋਰੋਨ ਨੂੰ ਜਾਂਦੇ ਰਾਹ ਵਿੱਚ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਅਜ਼ੇਕਾਹ ਅਤੇ ਮੱਕੇਦਾਹ ਦੇ ਸਾਰੇ ਰਸਤੇ ਤੱਕ ਮਾਰਦਾ ਗਿਆ। 11ਇਸ ਤਰ੍ਹਾਂ ਹੋਇਆਂ ਕਿ ਜਦ ਉਹ ਇਸਰਾਏਲ ਦੇ ਅੱਗੇ ਭੱਜੇ ਜਾਂਦੇ ਸਨ ਤਾਂ ਬੈਥ-ਹੋਰੋਨ ਦੀ ਚੜ੍ਹਾਈ ਕੋਲ ਯਾਹਵੇਹ ਨੇ ਉਹਨਾਂ ਉੱਤੇ ਅਕਾਸ਼ੋਂ ਵੱਡੇ-ਵੱਡੇ ਪੱਥਰ ਅਜ਼ੇਕਾਹ ਤੱਕ ਇਉਂ ਸੁੱਟੇ ਕਿ ਉਹ ਮਰ ਗਏ। ਜਿਹੜੇ ਪੱਥਰਾਂ ਨਾਲ ਮਰੇ ਉਹ ਉਹਨਾਂ ਤੋਂ ਵੱਧ ਸਨ, ਜਿਹੜੇ ਇਸਰਾਏਲ ਦੀ ਤਲਵਾਰ ਨਾਲ ਵੱਡੇ ਗਏ।
12ਜਿਸ ਦਿਨ ਯਾਹਵੇਹ ਨੇ ਅਮੋਰੀਆਂ ਨੂੰ ਇਸਰਾਏਲ ਦੇ ਹਵਾਲੇ ਕਰ ਦਿੱਤਾ, ਯਹੋਸ਼ੂਆ ਨੇ ਇਸਰਾਏਲ ਦੀ ਹਾਜ਼ਰੀ ਵਿੱਚ ਯਾਹਵੇਹ ਨੂੰ ਕਿਹਾ,
“ਹੇ ਸੂਰਜ, ਗਿਬਓਨ ਉੱਤੇ ਠਹਿਰ ਜਾ,
ਅਤੇ ਹੇ ਚੰਦਰਮਾ, ਅੱਯਾਲੋਨ ਦੀ ਘਾਟੀ ਦੇ ਉੱਪਰ ਠਹਿਰਿਆ ਰਹਿ।”
13ਸੋ ਸੂਰਜ ਠਹਿਰ ਗਿਆ,
ਅਤੇ ਚੰਦ ਰੁਕ ਗਿਆ,
ਜਦ ਤੱਕ ਕੌਮ ਨੇ ਆਪਣੇ ਵੈਰੀਆਂ ਤੋਂ ਬਦਲਾ ਨਾ ਲੈ ਲਿਆ,
ਜਿਵੇਂ ਯਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।
ਸੂਰਜ ਅਸਮਾਨ ਦੇ ਵਿਚਕਾਰ ਰੁਕ ਗਿਆ ਅਤੇ ਪੂਰਾ ਦਿਨ ਡੁੱਬਣ ਵਿੱਚ ਦੇਰੀ ਹੋ ਗਈ। 14ਇਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕਦੇ ਵੀ ਅਜਿਹਾ ਦਿਨ ਨਹੀਂ ਆਇਆ, ਜਿਸ ਦਿਨ ਯਾਹਵੇਹ ਨੇ ਮਨੁੱਖ ਦੀ ਗੱਲ ਸੁਣੀ ਹੋਵੇ। ਯਕੀਨਨ ਯਾਹਵੇਹ ਇਸਰਾਏਲ ਲਈ ਲੜ ਰਿਹਾ ਸੀ!
15ਫੇਰ ਯਹੋਸ਼ੂਆ ਸਾਰੇ ਇਸਰਾਏਲ ਦੇ ਨਾਲ ਗਿਲਗਾਲ ਦੇ ਡੇਰੇ ਵਿੱਚ ਵਾਪਸ ਆਇਆ।
ਪੰਜ ਅਮੋਰੀ ਰਾਜੇ ਮਾਰੇ ਗਏ
16ਹੁਣ ਪੰਜ ਰਾਜੇ ਭੱਜ ਗਏ ਸਨ ਅਤੇ ਮੱਕੇਦਾਹ ਦੀ ਗੁਫਾ ਵਿੱਚ ਲੁਕ ਗਏ ਸਨ। 17ਜਦੋਂ ਯਹੋਸ਼ੂਆ ਨੂੰ ਦੱਸਿਆ ਗਿਆ ਕਿ ਪੰਜ ਰਾਜੇ ਮੱਕੇਦਾਹ ਦੀ ਗੁਫਾ ਵਿੱਚ ਲੁਕੇ ਹੋਏ ਹਨ, 18ਯਹੋਸ਼ੂਆ ਨੇ ਉਹਨਾਂ ਨੂੰ ਕਿਹਾ, “ਗੁਫਾ ਦੇ ਮੂੰਹ ਤੱਕ ਵੱਡੇ-ਵੱਡੇ ਪੱਥਰ ਰੱਖ ਦਿਓ, ਅਤੇ ਇਸਦੀ ਰਾਖੀ ਲਈ ਉੱਥੇ ਕੁਝ ਆਦਮੀ ਤਾਇਨਾਤ ਕਰੋ। 19ਪਰ ਰੁਕੋ ਨਾ, ਆਪਣੇ ਦੁਸ਼ਮਣਾਂ ਦਾ ਪਿੱਛਾ ਕਰੋ! ਉਨ੍ਹਾਂ ਉੱਤੇ ਪਿੱਛੇ ਤੋਂ ਹਮਲਾ ਕਰੋ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸ਼ਹਿਰਾਂ ਤੱਕ ਨਾ ਪਹੁੰਚਣ ਦਿਓ, ਕਿਉਂਕਿ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਉਨ੍ਹਾਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ ਹੈ।”
20ਇਸ ਲਈ ਯਹੋਸ਼ੂਆ ਅਤੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ, ਪਰ ਕੁਝ ਬਚੇ ਹੋਏ ਲੋਕ ਆਪਣੇ ਗੜ੍ਹ ਵਾਲੇ ਸ਼ਹਿਰਾਂ ਤੱਕ ਪਹੁੰਚਣ ਵਿੱਚ ਕਾਮਯਾਬ ਰਹੇ। 21ਫੇਰ ਸਾਰੀ ਸੈਨਾ ਮੱਕੇਦਾਹ ਦੇ ਡੇਰੇ ਵਿੱਚ ਯਹੋਸ਼ੂਆ ਕੋਲ ਸਹੀ-ਸਲਾਮਤ ਵਾਪਸ ਪਰਤ ਆਈ ਅਤੇ ਕਿਸੇ ਨੇ ਇਸਰਾਏਲੀਆਂ ਦੇ ਵਿਰੁੱਧ ਇੱਕ ਸ਼ਬਦ ਵੀ ਨਾ ਬੋਲਿਆ।
22ਯਹੋਸ਼ੂਆ ਨੇ ਕਿਹਾ, “ਗੁਫਾ ਦਾ ਮੂੰਹ ਖੋਲ੍ਹੋ ਅਤੇ ਉਨ੍ਹਾਂ ਪੰਜਾ ਰਾਜਿਆਂ ਨੂੰ ਮੇਰੇ ਕੋਲ ਬਾਹਰ ਲਿਆਓ।” 23ਇਸ ਲਈ ਉਹ ਪੰਜਾ ਰਾਜਿਆਂ ਨੂੰ ਗੁਫਾ ਵਿੱਚੋਂ ਬਾਹਰ ਲੈ ਆਏ, ਅਰਥਾਤ ਯੇਰੂਸ਼ਲੇਮ, ਹੇਬਰੋਨ, ਯਰਮੂਥ, ਲਾਕੀਸ਼ ਅਤੇ ਅਗਲੋਨ ਦੇ ਰਾਜੇ। 24ਜਦੋਂ ਉਹ ਇਨ੍ਹਾਂ ਰਾਜਿਆਂ ਨੂੰ ਯਹੋਸ਼ੂਆ ਕੋਲ ਲੈ ਆਏ ਤਾਂ ਉਸ ਨੇ ਇਸਰਾਏਲ ਦੇ ਸਾਰੇ ਆਦਮੀਆਂ ਨੂੰ ਬੁਲਾਇਆ ਅਤੇ ਆਪਣੇ ਨਾਲ ਆਏ ਸੈਨਾਪਤੀਆਂ ਨੂੰ ਕਿਹਾ, “ਇੱਥੇ ਆਓ ਅਤੇ ਆਪਣੇ ਪੈਰ ਇਨ੍ਹਾਂ ਰਾਜਿਆਂ ਦੀਆਂ ਗਰਦਨਾਂ ਉੱਤੇ ਰੱਖੋ।” ਇਸ ਲਈ ਉਨ੍ਹਾਂ ਨੇ ਅੱਗੇ ਆ ਕੇ ਉਨ੍ਹਾਂ ਦੇ ਗਲੇ ਤੇ ਪੈਰ ਰੱਖ ਲਏ।
25ਯਹੋਸ਼ੂਆ ਨੇ ਉਨ੍ਹਾਂ ਨੂੰ ਕਿਹਾ, “ਨਾ ਡਰੋ ਅਤੇ ਨਾ ਘਬਰਾਓ, ਤਕੜੇ ਹੋਵੋ ਅਤੇ ਹੌਸਲਾ ਰੱਖੋ ਕਿਉਂ ਜੋ ਯਾਹਵੇਹ ਤੁਹਾਡੇ ਸਾਰੇ ਦੁਸ਼ਮਣਾਂ ਨਾਲ ਇਸੇ ਤਰ੍ਹਾਂ ਹੀ ਕਰੇਗਾ ਜਿਨ੍ਹਾਂ ਨਾਲ ਤੁਸੀਂ ਲੜਨ ਜਾ ਰਹੇ ਹੋ।” 26ਤਦ ਯਹੋਸ਼ੂਆ ਨੇ ਰਾਜਿਆਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੰਜ ਖੰਭਿਆਂ ਉੱਤੇ ਨੰਗਾ ਕਰ ਦਿੱਤਾ ਅਤੇ ਉਹ ਸ਼ਾਮ ਤੱਕ ਖੰਭਿਆਂ ਉੱਤੇ ਲਟਕਦੇ ਰਹੇ।
27ਸੂਰਜ ਡੁੱਬਣ ਵੇਲੇ ਯਹੋਸ਼ੂਆ ਨੇ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਖੰਭਿਆਂ ਤੋਂ ਹੇਠਾਂ ਉਤਾਰਿਆ ਅਤੇ ਉਨ੍ਹਾਂ ਨੂੰ ਉਸ ਗੁਫਾ ਵਿੱਚ ਸੁੱਟ ਦਿੱਤਾ ਜਿੱਥੇ ਉਹ ਲੁਕੇ ਹੋਏ ਸਨ। ਗੁਫਾ ਦੇ ਮੂੰਹ ਤੇ ਵੱਡੇ-ਵੱਡੇ ਪੱਥਰ ਰੱਖ ਦਿੱਤੇ, ਜੋ ਅੱਜ ਤੱਕ ਮੌਜੂਦ ਹਨ।
ਦੱਖਣੀ ਸ਼ਹਿਰਾਂ ਤੇ ਜਿੱਤ
28ਉਸ ਦਿਨ ਯਹੋਸ਼ੂਆ ਨੇ ਮੱਕੇਦਾਹ ਨੂੰ ਜਿੱਤ ਲਿਆ। ਉਸਨੇ ਸ਼ਹਿਰ ਅਤੇ ਉਸਦੇ ਰਾਜੇ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਉਸਦੇ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਉਸ ਨੇ ਕੋਈ ਵੀ ਬਾਕੀ ਨਹੀਂ ਛੱਡਿਆ ਅਤੇ ਉਸਨੇ ਮੱਕੇਦਾਹ ਦੇ ਰਾਜੇ ਨਾਲ ਉਵੇਂ ਹੀ ਕੀਤਾ ਜਿਵੇਂ ਉਸਨੇ ਯਰੀਹੋ ਦੇ ਰਾਜੇ ਨਾਲ ਕੀਤਾ ਸੀ।
29ਤਦ ਯਹੋਸ਼ੂਆ ਅਤੇ ਉਸ ਦੇ ਨਾਲ ਸਾਰਾ ਇਸਰਾਏਲ ਮੱਕੇਦਾਹ ਤੋਂ ਲਿਬਨਾਹ ਨੂੰ ਚੱਲਿਆ ਗਿਆ ਅਤੇ ਉਸ ਉੱਤੇ ਹਮਲਾ ਕੀਤਾ। 30ਯਾਹਵੇਹ ਨੇ ਵੀ ਉਸ ਸ਼ਹਿਰ ਅਤੇ ਉਸ ਦੇ ਰਾਜੇ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ। ਯਹੋਸ਼ੂਆ ਨੇ ਸ਼ਹਿਰ ਅਤੇ ਉਸ ਦੇ ਸਾਰੇ ਲੋਕਾਂ ਨੂੰ ਤਲਵਾਰ ਨਾਲ ਮਾਰ ਦਿੱਤਾ। ਉਨ੍ਹਾਂ ਨੇ ਉੱਥੇ ਕੋਈ ਵੀ ਬਾਕੀ ਨਹੀਂ ਛੱਡਿਆ ਅਤੇ ਉਸਨੇ ਇਸ ਦੇ ਰਾਜੇ ਨਾਲ ਉਵੇਂ ਹੀ ਕੀਤਾ ਜਿਵੇਂ ਉਸਨੇ ਯਰੀਹੋ ਦੇ ਰਾਜੇ ਨਾਲ ਕੀਤਾ ਸੀ।
31ਫੇਰ ਯਹੋਸ਼ੂਆ ਅਤੇ ਉਸਦੇ ਨਾਲ ਸਾਰਾ ਇਸਰਾਏਲ ਲਿਬਨਾਹ ਤੋਂ ਲਾਕੀਸ਼ ਨੂੰ ਚੱਲਿਆ ਗਿਆ। ਉਸਨੇ ਇਸਦੇ ਵਿਰੁੱਧ ਸਥਿਤੀਆਂ ਲੈ ਲਈਆਂ ਅਤੇ ਇਸ ਤੇ ਹਮਲਾ ਕੀਤਾ। 32ਯਾਹਵੇਹ ਨੇ ਲਾਕੀਸ਼ ਨੂੰ ਇਸਰਾਏਲ ਦੇ ਹੱਥਾਂ ਵਿੱਚ ਦੇ ਦਿੱਤਾ, ਅਤੇ ਯਹੋਸ਼ੂਆ ਨੇ ਦੂਜੇ ਦਿਨ ਇਸਨੂੰ ਲੈ ਲਿਆ। ਉਸ ਨੇ ਸ਼ਹਿਰ ਅਤੇ ਉਸ ਦੇ ਸਾਰੇ ਲੋਕਾਂ ਨੂੰ ਤਲਵਾਰ ਨਾਲ ਵੱਢ ਦਿੱਤਾ, ਜਿਵੇਂ ਉਸ ਨੇ ਲਿਬਨਾਹ ਨਾਲ ਕੀਤਾ ਸੀ। 33ਇਸ ਦੌਰਾਨ ਗੇਜ਼ੇਰ ਦਾ ਰਾਜਾ ਹੋਰਾਮ ਲਾਕੀਸ਼ ਦੀ ਮਦਦ ਕਰਨ ਲਈ ਆਇਆ ਸੀ, ਪਰ ਯਹੋਸ਼ੂਆ ਨੇ ਉਸਨੂੰ ਅਤੇ ਉਸਦੀ ਸੈਨਾ ਨੂੰ ਹਰਾਇਆ ਇੱਥੋ ਤੱਕ ਕਿ ਉਹਨਾਂ ਵਿੱਚੋਂ ਕੋਈ ਵੀ ਬਚਿਆ ਨਹੀਂ ਸੀ।
34ਫੇਰ ਯਹੋਸ਼ੂਆ ਅਤੇ ਸਾਰਾ ਇਸਰਾਏਲ ਉਸ ਦੇ ਨਾਲ ਲਾਕੀਸ਼ ਤੋਂ ਅਗਲੋਨ ਨੂੰ ਚਲੇ ਗਏ। ਉਨ੍ਹਾਂ ਨੇ ਇਸਦੇ ਵਿਰੁੱਧ ਡੇਰੇ ਲਾਏ ਅਤੇ ਇਸ ਤੇ ਹਮਲਾ ਕੀਤਾ। 35ਉਨ੍ਹਾਂ ਨੇ ਉਸੇ ਦਿਨ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਉਸ ਵਿੱਚ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਵੇਂ ਉਨ੍ਹਾਂ ਨੇ ਲਾਕੀਸ਼ ਨਾਲ ਕੀਤਾ ਸੀ।
36ਤਦ ਯਹੋਸ਼ੂਆ ਅਤੇ ਸਾਰੇ ਇਸਰਾਏਲ ਨੇ ਉਸ ਦੇ ਨਾਲ ਅਗਲੋਨ ਤੋਂ ਹੇਬਰੋਨ ਨੂੰ ਚੜ੍ਹ ਕੇ ਉਸ ਉੱਤੇ ਹਮਲਾ ਕੀਤਾ। 37ਉਨ੍ਹਾਂ ਨੇ ਸ਼ਹਿਰ ਨੂੰ ਜਿੱਤ ਲਿਆ ਅਤੇ ਇਸ ਦੇ ਰਾਜੇ, ਉਸਦੇ ਪਿੰਡਾਂ ਅਤੇ ਉਸਦੇ ਸਾਰੇ ਲੋਕਾਂ ਨੂੰ ਤਲਵਾਰ ਨਾਲ ਮਾਰ ਦਿੱਤਾ। ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਬਚਿਆ। ਜਿਵੇਂ ਅਗਲੋਨ ਨਾਲ ਕੀਤਾ, ਉਨ੍ਹਾਂ ਨੇ ਇਸ ਨੂੰ ਅਤੇ ਇਸ ਦੇ ਵਿਚਲੇ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
38ਤਦ ਯਹੋਸ਼ੂਆ ਅਤੇ ਉਸਦੇ ਨਾਲ ਦੇ ਸਾਰੇ ਇਸਰਾਏਲ ਨੇ ਮੁੜ ਕੇ ਦਬੀਰ ਉੱਤੇ ਹਮਲਾ ਕੀਤਾ। 39ਉਨ੍ਹਾਂ ਨੇ ਸ਼ਹਿਰ, ਉਸਦੇ ਰਾਜੇ ਅਤੇ ਉਸਦੇ ਪਿੰਡਾਂ ਨੂੰ ਲੈ ਲਿਆ ਅਤੇ ਉਨ੍ਹਾਂ ਨੂੰ ਤਲਵਾਰ ਨਾਲ ਮਾਰ ਦਿੱਤਾ। ਇਸ ਵਿੱਚ ਹਰ ਕੋਈ ਉਨ੍ਹਾਂ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਬਚਿਆ। ਉਨ੍ਹਾਂ ਨੇ ਦਬੀਰ ਅਤੇ ਉਸ ਦੇ ਰਾਜੇ ਨਾਲ ਉਵੇਂ ਹੀ ਕੀਤਾ ਜਿਵੇਂ ਉਨ੍ਹਾਂ ਨੇ ਲਿਬਨਾਹ ਅਤੇ ਉਸ ਦੇ ਰਾਜੇ ਅਤੇ ਹੇਬਰੋਨ ਨਾਲ ਕੀਤਾ ਸੀ।
40ਇਸ ਲਈ ਯਹੋਸ਼ੂਆ ਨੇ ਆਪਣੇ ਸਾਰੇ ਰਾਜਿਆਂ ਸਮੇਤ ਪਹਾੜੀ ਦੇਸ਼, ਨੇਗੇਵ, ਪੱਛਮੀ ਤਲਹਟੀ ਅਤੇ ਪਹਾੜੀ ਢਲਾਣਾਂ ਸਮੇਤ ਸਾਰੇ ਇਲਾਕੇ ਨੂੰ ਆਪਣੇ ਅਧੀਨ ਕਰ ਲਿਆ। ਉਸ ਨੇ ਕੋਈ ਵੀ ਬਾਕੀ ਨਹੀਂ ਛੱਡਿਆ। ਉਸ ਨੇ ਸਾਹ ਲੈਣ ਵਾਲੇ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਵੇਂ ਕਿ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ ਨੇ ਹੁਕਮ ਦਿੱਤਾ ਸੀ। 41ਯਹੋਸ਼ੂਆ ਨੇ ਉਨ੍ਹਾਂ ਨੂੰ ਕਾਦੇਸ਼ ਬਰਨੇਆ ਤੋਂ ਲੈ ਕੇ ਗਾਜ਼ਾ ਤੱਕ ਅਤੇ ਗੋਸ਼ਨ ਦੇ ਸਾਰੇ ਇਲਾਕੇ ਤੋਂ ਗਿਬਓਨ ਤੱਕ ਆਪਣੇ ਅਧੀਨ ਕਰ ਲਿਆ। 42ਇਹ ਸਾਰੇ ਰਾਜੇ ਅਤੇ ਉਨ੍ਹਾਂ ਦੀ ਧਰਤੀ ਯਹੋਸ਼ੂਆ ਨੇ ਇੱਕ ਮੁਹਿੰਮ ਵਿੱਚ ਜਿੱਤ ਲਈ, ਕਿਉਂਕਿ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸਰਾਏਲ ਲਈ ਲੜਿਆ ਸੀ।
43ਫਿਰ ਯਹੋਸ਼ੂਆ ਸਾਰੇ ਇਸਰਾਏਲ ਦੇ ਨਾਲ ਗਿਲਗਾਲ ਦੇ ਡੇਰੇ ਵਿੱਚ ਵਾਪਸ ਆਇਆ।

Highlight

Copy

Compare

Share

None

Want to have your highlights saved across all your devices? Sign up or sign in