ਨਿਆਂਈਆਂ 21
21
ਬਿਨਯਾਮੀਨੀਆਂ ਲਈ ਪਤਨੀਆਂ
1ਇਸਰਾਏਲ ਦੇ ਆਦਮੀਆਂ ਨੇ ਮਿਸਪਾਹ ਵਿੱਚ ਸਹੁੰ ਖਾਧੀ ਸੀ, “ਸਾਡੇ ਵਿੱਚੋਂ ਕੋਈ ਵੀ ਆਪਣੀ ਧੀ ਨੂੰ ਬਿਨਯਾਮੀਨੀ ਨਾਲ ਨਹੀਂ ਵਿਆਹੇਗਾ।”
2ਲੋਕ ਬੈਤਏਲ#21:2 ਬੈਤਏਲ ਅਰਥਾਤ: ਪਰਮੇਸ਼ਵਰ ਦਾ ਘਰ ਵਿੱਚ ਆਏ, ਜਿੱਥੇ ਉਹ ਸ਼ਾਮ ਤੱਕ ਪਰਮੇਸ਼ਵਰ ਦੇ ਸਾਮ੍ਹਣੇ ਬੈਠੇ ਰਹੇ, ਆਪਣੀਆਂ ਆਵਾਜ਼ਾਂ ਉੱਚੀਆਂ ਕਰਕੇ ਅਤੇ ਫੁੱਟ-ਫੁੱਟ ਕੇ ਰੋਂਦੇ ਰਹੇ। 3ਅਤੇ ਬੋਲੇ “ਯਾਹਵੇਹ ਇਸਰਾਏਲ ਦੇ ਪਰਮੇਸ਼ਵਰ, ਇਸਰਾਏਲ ਨਾਲ ਅਜਿਹਾ ਕਿਉਂ ਹੋਇਆ? ਅੱਜ ਇਸਰਾਏਲ ਵਿੱਚੋਂ ਇੱਕ ਗੋਤ ਕਿਉਂ ਘੱਟ ਹੈ?”
4ਅਗਲੇ ਦਿਨ ਤੜਕੇ ਲੋਕਾਂ ਨੇ ਇੱਕ ਜਗਵੇਦੀ ਬਣਾਈ ਅਤੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।
5ਤਦ ਇਸਰਾਏਲੀਆਂ ਨੇ ਪੁੱਛਿਆ, “ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਕੌਣ ਹੈ ਜੋ ਯਾਹਵੇਹ ਦੇ ਅੱਗੇ ਇਕੱਠੇ ਹੋਣ ਵਿੱਚ ਅਸਫ਼ਲ ਰਿਹਾ ਹੈ?” ਕਿਉਂਕਿ ਉਨ੍ਹਾਂ ਨੇ ਪੱਕੀ ਸਹੁੰ ਖਾਧੀ ਸੀ ਕਿ ਜੋ ਕੋਈ ਵੀ ਮਿਸਪਾਹ ਵਿਖੇ ਯਾਹਵੇਹ ਦੇ ਸਾਮ੍ਹਣੇ ਇਕੱਠੇ ਨਹੀਂ ਹੋਇਆ, ਉਸਨੂੰ ਮਾਰਿਆ ਜਾਵੇਗਾ।
6ਹੁਣ ਇਸਰਾਏਲੀ ਬਿਨਯਾਮੀਨ ਦੇ ਗੋਤ ਲਈ ਸੋਗ ਕਰਦੇ ਸਨ, “ਕਿ ਅੱਜ ਇੱਕ ਗੋਤ ਇਸਰਾਏਲ ਵਿੱਚੋਂ ਨਸ਼ਟ ਹੋ ਗਈ ਹੈ। 7ਅਸੀਂ ਯਾਹਵੇਹ ਅੱਗੇ ਸਹੁੰ ਖਾਧੀ ਹੈ ਕਿ ਅਸੀਂ ਆਪਣੀਆਂ ਧੀਆਂ ਉਨ੍ਹਾਂ ਨੂੰ ਵਿਆਹ ਲਈ ਨਹੀਂ ਦਿਆਂਗੇ, ਇਸੇ ਲਈ ਜਿਹੜੇ ਬਚ ਗਏ ਹਨ ਉਨ੍ਹਾਂ ਨੂੰ ਅਸੀਂ ਪਤਨੀਆਂ ਕਿੱਥੋਂ ਦੇਈਏ?” 8ਤਦ ਉਨ੍ਹਾਂ ਨੇ ਪੁੱਛਿਆ, “ਇਸਰਾਏਲ ਦੇ ਗੋਤ ਵਿੱਚੋਂ ਕਿਹੜਾ ਇੱਕ ਮਿਸਪਾਹ ਵਿੱਚ ਯਾਹਵੇਹ ਦੇ ਅੱਗੇ ਇਕੱਠੇ ਹੋਣ ਲਈ ਨਹੀਂ ਆਇਆ?” ਉਨ੍ਹਾਂ ਨੂੰ ਪਤਾ ਲੱਗਾ ਕਿ ਯਾਬੇਸ਼ ਗਿਲਆਦ ਤੋਂ ਕੋਈ ਵੀ ਡੇਰੇ ਵਿੱਚ ਸਭਾ ਲਈ ਨਹੀਂ ਆਇਆ ਸੀ। 9ਕਿਉਂਕਿ ਜਦੋਂ ਉਨ੍ਹਾਂ ਨੇ ਲੋਕਾਂ ਦੀ ਗਿਣਤੀ ਕੀਤੀ ਤਾਂ ਉਨ੍ਹਾਂ ਨੇ ਦੇਖਿਆ ਕਿ ਯਾਬੇਸ਼ ਗਿਲਆਦ ਦੇ ਲੋਕਾਂ ਵਿੱਚੋਂ ਕੋਈ ਵੀ ਉੱਥੇ ਨਹੀਂ ਸੀ।
10ਇਸ ਲਈ ਸਭਾ ਨੇ ਬਾਰਾਂ ਹਜ਼ਾਰ ਲੜਾਕੂ ਮਨੁੱਖਾਂ ਨੂੰ ਹੁਕਮ ਦੇ ਕੇ ਭੇਜਿਆ ਜੋ ਯਾਬੇਸ਼ ਗਿਲਆਦ ਨੂੰ ਜਾਣ ਅਤੇ ਉੱਥੇ ਰਹਿਣ ਵਾਲਿਆਂ ਨੂੰ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸਨ, ਤਲਵਾਰ ਨਾਲ ਵੱਢ ਸੁੱਟਣ। 11ਉਨ੍ਹਾਂ ਨੇ ਕਿਹਾ, “ਇਹ ਕੰਮ ਕਰੋ ਕਿ ਸਾਰੇ ਮਰਦ ਅਤੇ ਹਰ ਔਰਤ ਨੂੰ ਜੋ ਜਿਸ ਨੇ ਮਰਦ ਨਾਲ ਸੰਬੰਧ ਬਣਾਇਆ ਹੋਏ, ਮਾਰ ਦਿਉ।” 12ਉਨ੍ਹਾਂ ਨੂੰ ਯਾਬੇਸ਼ ਗਿਲਆਦ ਵਿੱਚ ਰਹਿਣ ਵਾਲੇ ਲੋਕਾਂ ਵਿੱਚੋਂ ਚਾਰ ਸੌ ਮੁਟਿਆਰਾਂ ਲੱਭੀਆਂ ਜਿਹੜੀਆਂ ਕਦੇ ਕਿਸੇ ਆਦਮੀ ਨਾਲ ਨਹੀਂ ਸੁੱਤੀਆ ਸਨ, ਅਤੇ ਉਹ ਉਨ੍ਹਾਂ ਨੂੰ ਕਨਾਨ ਵਿੱਚ ਸ਼ੀਲੋਹ ਦੇ ਡੇਰੇ ਵਿੱਚ ਲੈ ਗਏ।
13ਤਦ ਸਾਰੀ ਸਭਾ ਨੇ ਰਿੰਮੋਨ ਦੀ ਚੱਟਾਨ ਉੱਤੇ ਬਿਨਯਾਮੀਨੀਆਂ ਨੂੰ ਸ਼ਾਂਤੀ ਦਾ ਸੁਨੇਹਾ ਭੇਜਿਆ। 14ਇਸ ਲਈ ਬਿਨਯਾਮੀਨੀ ਉਸ ਸਮੇਂ ਵਾਪਸ ਆ ਗਏ ਅਤੇ ਉਨ੍ਹਾਂ ਨੂੰ ਯਾਬੇਸ਼ ਗਿਲਆਦ ਦੀਆਂ ਉਹ ਔਰਤਾਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਬਚਾਇਆ ਗਿਆ ਸੀ। ਪਰ ਉਹ ਉਨ੍ਹਾਂ ਸਾਰਿਆਂ ਲਈ ਕਾਫ਼ੀ ਨਾ ਹੋਈਆਂ।
15ਲੋਕ ਬਿਨਯਾਮੀਨ ਲਈ ਉਦਾਸ ਸਨ, ਕਿਉਂਕਿ ਯਾਹਵੇਹ ਨੇ ਇਸਰਾਏਲ ਦੇ ਗੋਤਾਂ ਵਿੱਚ ਇੱਕ ਦਰਾਰ ਪਾ ਦਿੱਤੀ ਸੀ। 16ਅਤੇ ਸਭਾ ਦੇ ਬਜ਼ੁਰਗਾਂ ਨੇ ਕਿਹਾ, “ਬਿਨਯਾਮੀਨ ਦੀਆਂ ਔਰਤਾਂ ਦੇ ਨਾਸ ਹੋਣ ਦੇ ਨਾਲ, ਅਸੀਂ ਬਚੇ ਹੋਏ ਆਦਮੀਆਂ ਲਈ ਪਤਨੀਆਂ ਕਿੱਥੋਂ ਲਿਆਈਏ? 17ਤਦ ਉਨ੍ਹਾਂ ਨੇ ਕਿਹਾ, ਇਹ ਜ਼ਰੂਰੀ ਹੈ ਕਿ ਜਿਹੜੇ ਬਿਨਯਾਮੀਨ ਦੇ ਵਿੱਚੋਂ ਬਚ ਗਏ ਹਨ,” ਉਨ੍ਹਾਂ ਦਾ ਹਿੱਸਾ ਰਹੇ, “ਤਾਂ ਜੋ ਇਸਰਾਏਲੀਆਂ ਦਾ ਇੱਕ ਗੋਤ ਮਿਟ ਨਾ ਜਾਵੇ। 18ਅਸੀਂ ਉਨ੍ਹਾਂ ਨੂੰ ਆਪਣੀਆਂ ਧੀਆਂ ਪਤਨੀਆਂ ਵਜੋਂ ਨਹੀਂ ਦੇ ਸਕਦੇ, ਕਿਉਂਕਿ ਇਸਰਾਏਲੀਆਂ ਨੇ ਇਹ ਸਹੁੰ ਖਾਧੀ ਹੈ: ‘ਸਰਾਪੀ ਹੋਵੇ ਉਹ ਜਿਹੜਾ ਬਿਨਯਾਮੀਨੀ ਨਾਲ ਆਪਣੀ ਧੀ ਵਿਆਹੇ।’ 19ਪਰ ਵੇਖੋ, ਸ਼ੀਲੋਹ ਵਿੱਚ ਉਸ ਥਾਂ ਦੇ ਕੋਲ ਜੋ ਬੈਤਏਲ ਦੇ ਉੱਤਰ ਵੱਲ ਅਤੇ ਉਸ ਸੜਕ ਦੇ ਪੂਰਬ ਵੱਲ ਜਿਹੜੀ ਬੈਤਏਲ ਤੋਂ ਸ਼ੇਕੇਮ ਨੂੰ ਲਬੋਨਾਹ ਦੇ ਦੱਖਣ ਵੱਲ ਲੰਘ ਕੇ ਜਾਂਦੀ ਹੈ, ਯਾਹਵੇਹ ਦੇ ਲਈ ਹਰ ਸਾਲ ਇੱਕ ਪਰਬ ਮਨਾਇਆ ਜਾਂਦਾ ਹੈ।”
20ਇਸ ਲਈ ਉਨ੍ਹਾਂ ਨੇ ਬਿਨਯਾਮੀਨ ਦੇ ਲੋਕਾਂ ਨੂੰ ਹੁਕਮ ਦਿੱਤਾ, “ਜਾਓ ਅਤੇ ਅੰਗੂਰੀ ਬਾਗਾਂ ਵਿੱਚ ਲੁਕ ਜਾਓ 21ਅਤੇ ਧਿਆਨ ਨਾਲ ਵੇਖੋ, ਜਦੋਂ ਸ਼ੀਲੋਹ ਦੀਆਂ ਮੁਟਿਆਰਾਂ ਨੱਚਣ ਲਈ ਬਾਹਰ ਆਉਂਦੀਆਂ ਹਨ, ਤਾਂ ਅੰਗੂਰੀ ਬਾਗਾਂ ਵਿੱਚੋਂ ਨਿੱਕਲ ਕੇ ਸ਼ੀਲੋਹ ਦੀਆਂ ਧੀਆਂ ਵਿੱਚੋਂ ਇੱਕ-ਇੱਕ ਮੁਟਿਆਰ ਆਪਣੀ ਪਤਨੀ ਬਣਨ ਲਈ ਫੜ ਲਓ। ਫਿਰ ਬਿਨਯਾਮੀਨ ਦੀ ਧਰਤੀ ਉੱਤੇ ਵਾਪਸ ਜਾਓ। 22ਜਦੋਂ ਉਨ੍ਹਾਂ ਦੇ ਪਿਤਾ ਜਾਂ ਭਰਾ ਸਾਡੇ ਕੋਲ ਸ਼ਿਕਾਇਤ ਕਰਨ ਆਉਣ ਤਾਂ ਅਸੀਂ ਉਨ੍ਹਾਂ ਨੂੰ ਕਹਾਂਗੇ, ‘ਹੁਣ ਸਾਡੇ ਉੱਤੇ ਉਨ੍ਹਾਂ ਦੀ ਮਦਦ ਕਰਨ ਦੀ ਮਿਹਰਬਾਨੀ ਕਰੋ, ਕਿਉਂਕਿ ਸਾਨੂੰ ਯੁੱਧ ਦੌਰਾਨ ਉਨ੍ਹਾਂ ਲਈ ਪਤਨੀਆਂ ਨਹੀਂ ਮਿਲੀਆਂ। ਤੁਸੀਂ ਆਪਣੀ ਸਹੁੰ ਤੋੜਨ ਦੇ ਦੋਸ਼ੀ ਨਹੀਂ ਹੋਵੋਗੇ ਕਿਉਂਕਿ ਤੁਸੀਂ ਆਪਣੀਆਂ ਧੀਆਂ ਉਨ੍ਹਾਂ ਨੂੰ ਨਹੀਂ ਦਿੱਤੀਆਂ ਸਨ।’ ”
23ਇਸ ਲਈ ਬਿਨਯਾਮੀਨੀਆਂ ਨੇ ਅਜਿਹਾ ਹੀ ਕੀਤਾ। ਜਦੋਂ ਮੁਟਿਆਰਾਂ ਨੱਚ ਰਹੀਆਂ ਸਨ, ਹਰ ਆਦਮੀ ਨੇ ਇੱਕ-ਇੱਕ ਨੂੰ ਫੜ ਲਿਆ ਅਤੇ ਉਹਨਾਂ ਨੂੰ ਆਪਣੀ ਪਤਨੀ ਬਣਾਉਣ ਲਈ ਲੈ ਗਏ। ਤਦ ਉਹ ਆਪਣੀ ਵਿਰਾਸਤ ਵੱਲ ਮੁੜੇ ਅਤੇ ਨਗਰਾਂ ਨੂੰ ਮੁੜ ਉਸਾਰ ਕੇ ਉਨ੍ਹਾਂ ਵਿੱਚ ਵੱਸ ਗਏ।
24ਉਸ ਸਮੇਂ ਇਸਰਾਏਲੀ ਉਸ ਥਾਂ ਨੂੰ ਛੱਡ ਕੇ ਆਪੋ-ਆਪਣੇ ਗੋਤਾਂ ਅਤੇ ਘਰ ਚਲੇ ਗਏ, ਹਰ ਇੱਕ ਆਪਣੀ ਵਿਰਾਸਤ ਵਿੱਚ।
25ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ। ਹਰ ਕਿਸੇ ਨੇ ਉਵੇਂ ਹੀ ਕੀਤਾ ਜਿਵੇਂ ਉਹ ਠੀਕ ਸਮਝਦੇ ਸਨ।
Currently Selected:
ਨਿਆਂਈਆਂ 21: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.