ਨਿਆਂਈਆਂ 20
20
ਇਸਰਾਏਲੀ ਬਿਨਯਾਮੀਨੀਆਂ ਨੂੰ ਸਜ਼ਾ ਦੇਣਾ
1ਤਦ ਦਾਨ ਤੋਂ ਲੈ ਕੇ ਬੇਰਸ਼ੇਬਾ ਤੱਕ ਅਤੇ ਗਿਲਆਦ ਦੇ ਦੇਸ਼ ਤੋਂ ਸਾਰੇ ਇਸਰਾਏਲੀ ਇੱਕ ਹੋ ਕੇ ਮਿਸਪਾਹ ਵਿੱਚ ਯਾਹਵੇਹ ਦੇ ਅੱਗੇ ਇਕੱਠੇ ਹੋਏ। 2ਸਾਰੇ ਲੋਕਾਂ ਦੇ ਸਰਦਾਰ ਸਗੋਂ ਇਸਰਾਏਲ ਦੇ ਸਾਰੇ ਗੋਤਾਂ ਦੇ ਲੋਕ, ਜੋ ਪਰਮੇਸ਼ਵਰ ਦੇ ਲੋਕਾਂ ਦੀ ਸਭਾ ਵਿੱਚ ਆਏ, ਚਾਰ ਲੱਖ ਤਲਵਾਰ ਧਾਰੀ ਮਨੁੱਖ ਸਨ। 3ਬਿਨਯਾਮੀਨੀਆਂ ਨੇ ਸੁਣਿਆ ਕਿ ਇਸਰਾਏਲੀ ਮਿਸਪਾਹ ਇਕੱਠੇ ਹੋਏ ਹਨ। ਤਦ ਇਸਰਾਏਲੀ ਪੁੱਛਣ ਲੱਗੇ, “ਸਾਨੂੰ ਦੱਸੋ ਕਿ ਇਹ ਭਿਆਨਕ ਗੱਲ ਕਿਵੇਂ ਹੋਈ।”
4ਤਦ ਕਤਲ ਕੀਤੀ ਗਈ ਔਰਤ ਦੇ ਪਤੀ ਲੇਵੀ ਨੇ ਆਖਿਆ, “ਮੈਂ ਅਤੇ ਮੇਰੀ ਦਾਸੀ ਗਿਬਆਹ ਵਿੱਚ ਜੋ ਬਿਨਯਾਮੀਨ ਵਿੱਚ ਹੈ ਰਾਤ ਕੱਟਣ ਲਈ ਆਏ ਸੀ। 5ਰਾਤ ਨੂੰ ਗਿਬਆਹ ਦੇ ਆਦਮੀ ਮੇਰੇ ਮਗਰ ਆਏ ਅਤੇ ਮੈਨੂੰ ਮਾਰਨ ਦੇ ਇਰਾਦੇ ਨਾਲ ਘਰ ਨੂੰ ਘੇਰ ਲਿਆ। ਉਨ੍ਹਾਂ ਨੇ ਮੇਰੀ ਰਖੇਲ ਨਾਲ ਬਲਾਤਕਾਰ ਕੀਤਾ ਅਤੇ ਉਹ ਮਰ ਗਈ। 6ਮੈਂ ਆਪਣੀ ਰਖੇਲ ਨੂੰ ਲੈ ਲਿਆ, ਉਸਦੇ ਟੁਕੜੇ-ਟੁਕੜੇ ਕੀਤੇ ਅਤੇ ਇਸਰਾਏਲ ਦੀ ਵਿਰਾਸਤ ਦੇ ਹਰੇਕ ਖੇਤਰ ਵਿੱਚ ਇੱਕ-ਇੱਕ ਟੁਕੜਾ ਭੇਜਿਆ, ਕਿਉਂਕਿ ਉਨ੍ਹਾਂ ਨੇ ਇਸਰਾਏਲ ਵਿੱਚ ਇਹ ਗੰਦੀ ਅਤੇ ਘਿਣਾਉਣੀ ਹਰਕਤ ਕੀਤੀ ਹੈ। 7ਹੁਣ ਤੁਸੀਂ ਸਾਰੇ ਇਸਰਾਏਲੀਓ, ਬੋਲੋ ਅਤੇ ਮੈਨੂੰ ਦੱਸੋ ਕਿ ਤੁਸੀਂ ਕੀ ਕਰਨ ਦਾ ਫ਼ੈਸਲਾ ਕੀਤਾ ਹੈ।”
8ਸਾਰੇ ਆਦਮੀ ਇੱਕਠੇ ਹੋ ਕੇ ਬੋਲੇ, “ਸਾਡੇ ਵਿੱਚੋਂ ਨਾ ਕੋਈ ਘਰ ਅਤੇ ਨਾ ਹੀ ਕੋਈ ਆਪਣੇ ਤੰਬੂ ਵੱਲ ਜਾਵੇਗਾ। 9ਪਰ ਹੁਣ ਇਹ ਹੈ ਜੋ ਅਸੀਂ ਗਿਬਆਹ ਨਾਲ ਕਰਾਂਗੇ ਅਰਥਾਤ ਅਸੀਂ ਪਰਚੀਆਂ ਪਾ ਕੇ ਕੀਤੇ ਗਏ ਫ਼ੈਸਲਾ ਅਨੁਸਾਰ ਚੜ੍ਹਾਈ ਕਰਾਂਗੇ। 10ਅਸੀਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਸੌ ਵਿੱਚੋਂ ਦਸ, ਅਤੇ ਇੱਕ ਹਜ਼ਾਰ ਵਿੱਚੋਂ ਇੱਕ ਸੌ ਅਤੇ ਦਸ ਹਜ਼ਾਰ ਵਿੱਚੋਂ ਇੱਕ ਹਜ਼ਾਰ, ਮਨੁੱਖ ਵੱਖਰੇ ਕਰੇਗਾ ਤਾਂ ਜੋ ਉਹ ਫ਼ੌਜ ਲਈ ਭੋਜਨ ਵਸਤੂਆਂ ਲਿਆਉਣ, ਕਿਉਂ ਜੋ ਅਸੀਂ ਬਿਨਯਾਮੀਨ ਦੇ ਗੇਬਾ ਵਿੱਚ ਜਾ ਕੇ ਉਨ੍ਹਾਂ ਨਾਲ ਉਸੇ ਦੁਸ਼ਟਤਾ ਦੇ ਅਨੁਸਾਰ ਕਰਾਂਗੇ ਜਿਹੜੀ ਉਨ੍ਹਾਂ ਨੇ ਇਸਰਾਏਲ ਵਿੱਚ ਕੀਤੀ ਹੈ।” 11ਇਸ ਲਈ ਸਾਰੇ ਇਸਰਾਏਲੀ ਇਕੱਠੇ ਹੋ ਗਏ ਅਤੇ ਸ਼ਹਿਰ ਦੇ ਵਿਰੁੱਧ ਇੱਕ ਜੁੱਟ ਹੋ ਗਏ।
12ਇਸਰਾਏਲ ਦੇ ਗੋਤਾਂ ਨੇ ਬਿਨਯਾਮੀਨ ਦੇ ਸਾਰੇ ਪਰਿਵਾਰ-ਸਮੂਹ ਵਿੱਚ ਸੰਦੇਸ਼ਵਾਹਕ ਭੇਜੇ, “ਇਸ ਭਿਆਨਕ ਅਪਰਾਧ ਬਾਰੇ ਕੀ ਜੋ ਤੁਹਾਡੇ ਵਿੱਚ ਕੀਤਾ ਗਿਆ ਸੀ? 13ਹੁਣ ਗਿਬਆਹ ਦੇ ਉਨ੍ਹਾਂ ਦੁਸ਼ਟ ਆਦਮੀਆਂ ਨੂੰ ਸਾਡੇ ਹਵਾਲੇ ਕਰ ਦਿਓ ਤਾਂ ਜੋ ਅਸੀਂ ਉਨ੍ਹਾਂ ਨੂੰ ਮਾਰ ਦੇਈਏ ਅਤੇ ਇਸਰਾਏਲ ਵਿੱਚੋਂ ਬੁਰਿਆਈ ਨੂੰ ਦੂਰ ਕਰੀਏ।”
ਪਰ ਬਿਨਯਾਮੀਨੀਆਂ ਨੇ ਆਪਣੇ ਇਸਰਾਏਲੀਆਂ ਦੀ ਗੱਲ ਨਹੀਂ ਸੁਣੀ। 14ਬਿਨਯਾਮੀਨ ਆਪਣੇ ਨਗਰਾਂ ਤੋਂ ਇਸਰਾਏਲੀਆਂ ਨਾਲ ਲੜਨ ਲਈ ਗਿਬਆਹ ਵਿੱਚ ਇਕੱਠੇ ਹੋਏ। 15ਉਸੇ ਵੇਲੇ ਬਿਨਯਾਮੀਨੀਆਂ ਨੇ ਗਿਬਆਹ ਵਿੱਚ ਰਹਿਣ ਵਾਲਿਆਂ ਵਿੱਚੋਂ ਸੱਤ ਸੌ ਯੋਗ ਜੁਆਨਾਂ ਤੋਂ ਇਲਾਵਾ ਆਪਣੇ ਨਗਰਾਂ ਵਿੱਚੋਂ ਛੱਬੀ ਹਜ਼ਾਰ ਤਲਵਾਰ ਧਾਰੀ ਸੂਰਮਿਆਂ ਨੂੰ ਇਕੱਠੇ ਕੀਤੇ। 16ਇਨ੍ਹਾਂ ਸਾਰੇ ਸਿਪਾਹੀਆਂ ਵਿੱਚ ਸੱਤ ਸੌ ਚੁਣੇ ਹੋਏ ਸੈਨਿਕ ਸਨ ਜੋ ਖੱਬੇ ਹੱਥ ਦੇ ਸਨ, ਜਿਨ੍ਹਾਂ ਵਿਚੋਂ ਸਾਰੇ ਦੇ ਸਾਰੇ ਅਜਿਹੇ ਸਨ ਜੋ ਗੁਲੇਲ ਨਾਲ ਪੱਥਰ ਦਾ ਨਿਸ਼ਾਨਾ ਲਗਾਉਂਦੇ ਸਨ ਅਤੇ ਕਦੀ ਚੂਕਦੇ ਨਹੀਂ ਸਨ।
17ਇਸਰਾਏਲ ਨੇ ਬਿਨਯਾਮੀਨ ਤੋਂ ਇਲਾਵਾ ਚਾਰ ਲੱਖ ਤਲਵਾਰ ਧਾਰੀ ਇਕੱਠੇ ਕੀਤੇ, ਉਹ ਸਾਰੇ ਲੜਾਈ ਲਈ ਯੋਗ ਸਨ।
18ਇਸਰਾਏਲੀ ਬੈਤਏਲ ਨੂੰ ਗਏ ਅਤੇ ਪਰਮੇਸ਼ਵਰ ਤੋਂ ਪੁੱਛਣ ਲੱਗੇ, “ਸਾਡੇ ਵਿੱਚੋਂ ਕੌਣ ਹੈ ਜੋ ਬਿਨਯਾਮੀਨੀਆਂ ਨਾਲ ਲੜਨ ਲਈ ਪਹਿਲਾਂ ਚੜ੍ਹੇ?”
ਯਾਹਵੇਹ ਨੇ ਜਵਾਬ ਦਿੱਤਾ, “ਯਹੂਦਾਹ ਪਹਿਲਾਂ ਜਾਵੇਗਾ।”
19ਅਗਲੀ ਸਵੇਰ ਇਸਰਾਏਲੀ ਉੱਠੇ ਅਤੇ ਗਿਬਆਹ ਦੇ ਨੇੜੇ ਡੇਰਾ ਲਾਇਆ। 20ਇਸਰਾਏਲ ਬਿਨਯਾਮੀਨੀਆਂ ਨਾਲ ਲੜਨ ਲਈ ਨਿਕਲੇ ਅਤੇ ਗਿਬਆਹ ਵਿੱਚ ਉਨ੍ਹਾਂ ਦੇ ਵਿਰੁੱਧ ਲੜਾਈ ਦੀਆਂ ਸਥਿਤੀਆਂ ਬਣਾ ਲਈਆਂ। 21ਬਿਨਯਾਮੀਨੀ ਗਿਬਆਹ ਤੋਂ ਬਾਹਰ ਆਏ ਅਤੇ ਉਸ ਦਿਨ ਯੁੱਧ ਦੇ ਮੈਦਾਨ ਵਿੱਚ ਬਾਈ ਹਜ਼ਾਰ ਇਸਰਾਏਲੀਆਂ ਨੂੰ ਵੱਢ ਸੁੱਟਿਆ। 22ਪਰ ਇਸਰਾਏਲੀਆਂ ਨੇ ਇੱਕ-ਦੂਜੇ ਨੂੰ ਹੌਸਲਾ ਦਿੱਤਾ ਅਤੇ ਦੁਬਾਰਾ ਆਪਣੇ ਅਹੁਦੇ ਸੰਭਾਲ ਲਏ ਜਿੱਥੇ ਉਹ ਪਹਿਲੇ ਦਿਨ ਤਾਇਨਾਤ ਸਨ। 23ਇਸਰਾਏਲੀ ਚੜ੍ਹ ਗਏ ਅਤੇ ਸ਼ਾਮ ਤੱਕ ਯਾਹਵੇਹ ਦੇ ਅੱਗੇ ਰੋਂਦੇ ਰਹੇ, ਅਤੇ ਉਨ੍ਹਾਂ ਨੇ ਯਾਹਵੇਹ ਨੂੰ ਪੁੱਛਿਆ, “ਕੀ ਅਸੀਂ ਆਪਣੇ ਇਸਰਾਏਲੀਆਂ ਦੇ ਨਾਲ ਬਿਨਯਾਮੀਨੀਆਂ ਨਾਲ ਲੜਨ ਲਈ ਫੇਰ ਚੜ੍ਹੀਏ?”
ਯਾਹਵੇਹ ਨੇ ਜਵਾਬ ਦਿੱਤਾ, “ਉਨ੍ਹਾਂ ਦੇ ਵਿਰੁੱਧ ਜਾਓ।”
24ਫਿਰ ਇਸਰਾਏਲੀ ਦੂਜੇ ਦਿਨ ਬਿਨਯਾਮੀਨ ਦੇ ਨੇੜੇ ਆਏ। 25ਇਸ ਵਾਰ ਜਦੋਂ ਬਿਨਯਾਮੀਨੀ ਗਿਬਆਹ ਤੋਂ ਉਨ੍ਹਾਂ ਦਾ ਵਿਰੋਧ ਕਰਨ ਲਈ ਨਿੱਕਲ ਆਏ ਤਾਂ ਉਨ੍ਹਾਂ ਨੇ ਹੋਰ ਅਠਾਰਾਂ ਹਜ਼ਾਰ ਇਸਰਾਏਲੀਆਂ ਨੂੰ ਵੱਢ ਸੁੱਟਿਆ ਜੋ ਉਹ ਸਾਰੇ ਤਲਵਾਰਾਂ ਚਲਾਉਣ ਵਿੱਚ ਮਾਹਰ ਸਨ।
26ਤਦ ਸਾਰੇ ਇਸਰਾਏਲੀ, ਸਾਰੀ ਸੈਨਾ, ਬੈਤਏਲ ਨੂੰ ਗਏ ਅਤੇ ਉੱਥੇ ਉਹ ਯਾਹਵੇਹ ਦੇ ਅੱਗੇ ਰੋਂਦੇ ਹੋਏ ਬੈਠ ਗਏ। ਉਨ੍ਹਾਂ ਨੇ ਉਸ ਦਿਨ ਸ਼ਾਮ ਤੱਕ ਵਰਤ ਰੱਖਿਆ ਅਤੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। 27ਅਤੇ ਇਸਰਾਏਲੀਆਂ ਨੇ ਯਾਹਵੇਹ ਕੋਲੋਂ ਪੁੱਛਿਆ, ਕਿਉਂ ਜੋ ਉਨ੍ਹਾਂ ਦਿਨਾਂ ਵਿੱਚ ਪਰਮੇਸ਼ਵਰ ਦੇ ਨੇਮ ਦਾ ਸੰਦੂਕ ਉੱਥੇ ਹੀ ਸੀ, 28ਹਾਰੋਨ ਦੇ ਪੁੱਤਰ ਅਲਆਜ਼ਾਰ ਦੇ ਪੁੱਤਰ ਫੀਨਹਾਸ ਦੇ ਨਾਲ, ਉਸ ਦੇ ਅੱਗੇ ਸੇਵਾ ਕਰ ਰਿਹਾ ਸੀ। ਉਨ੍ਹਾਂ ਨੇ ਪੁੱਛਿਆ, “ਕੀ ਅਸੀਂ ਆਪਣੇ ਸਾਥੀ ਬਿਨਯਾਮੀਨੀਆਂ ਨਾਲ ਲੜਨ ਲਈ ਦੁਬਾਰਾ ਜਾਈਏ ਜਾਂ ਨਹੀਂ?”
ਯਾਹਵੇਹ ਨੇ ਜਵਾਬ ਦਿੱਤਾ, “ਜਾਓ, ਕੱਲ੍ਹ ਮੈਂ ਉਨ੍ਹਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿਆਂਗਾ।”
29ਫਿਰ ਇਸਰਾਏਲ ਨੇ ਗਿਬਆਹ ਦੇ ਆਲੇ-ਦੁਆਲੇ ਘਾਤ ਲਗਾ ਲਈ। 30ਤੀਜੇ ਦਿਨ ਇਸਰਾਏਲ ਦੇ ਲੋਕ ਬਿਨਯਾਮੀਨੀਆਂ ਦੇ ਵਿਰੁੱਧ ਚੜ੍ਹੇ ਅਤੇ ਪਹਿਲਾਂ ਦੀ ਤਰ੍ਹਾਂ ਗਿਬਆਹ ਦੇ ਸਾਮ੍ਹਣੇ ਫਿਰ ਕਤਾਰ ਬੰਨ੍ਹੀ। 31ਬਿਨਯਾਮੀਨੀ ਉਨ੍ਹਾਂ ਦਾ ਸਾਹਮਣਾ ਕਰਨ ਲਈ ਬਾਹਰ ਆਏ ਅਤੇ ਸ਼ਹਿਰ ਤੋਂ ਦੂਰ ਨਿੱਕਲ ਗਏ ਅਤੇ ਉਨ੍ਹਾਂ ਨੇ ਇਸਰਾਏਲੀਆਂ ਨੂੰ ਪਹਿਲਾਂ ਵਾਂਗ ਮਾਰਨਾ ਸ਼ੁਰੂ ਕਰ ਦਿੱਤਾ, ਇਸ ਲਈ ਲਗਭਗ ਤੀਹ ਆਦਮੀ ਖੁੱਲ੍ਹੇ ਮੈਦਾਨ ਅਤੇ ਸੜਕਾਂ ਉੱਤੇ ਡਿੱਗ ਪਏ। ਇੱਕ ਬੈਤਏਲ ਵੱਲ ਜਾਂਦਾ ਸੀ ਅਤੇ ਦੂਜਾ ਗਿਬਆਹ ਵੱਲ ਜਾਂਦਾ ਸੀ। 32ਜਦੋਂ ਬਿਨਯਾਮੀਨੀ ਕਹਿ ਰਹੇ ਸਨ, “ਅਸੀਂ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਹਰਾ ਰਹੇ ਹਾਂ,” ਇਸਰਾਏਲੀ ਕਹਿ ਰਹੇ ਸਨ, “ਆਓ ਅਸੀਂ ਪਿੱਛੇ ਭੱਜੀਏ ਅਤੇ ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਸੜਕਾਂ ਵੱਲ ਖਿੱਚ ਲਿਆਈਏ।”
33ਇਸਰਾਏਲ ਦੇ ਸਾਰੇ ਮਨੁੱਖ ਆਪੋ-ਆਪਣੇ ਟਿਕਾਣਿਆਂ ਤੋਂ ਚਲੇ ਗਏ ਅਤੇ ਬਆਲ ਤਾਮਾਰ ਵਿੱਚ ਟਿਕਾਣੇ ਬਣਾ ਲਏ ਅਤੇ ਇਸਰਾਏਲੀ ਗੇਬਾ ਦੇ ਪੱਛਮ ਵੱਲ ਘਾਤ ਵਿੱਚ ਬੈਠੇ ਹੋਏ ਸਨ। 34ਤਦ ਇਸਰਾਏਲ ਦੇ ਦਸ ਹਜ਼ਾਰ ਯੋਗ ਨੌਜਵਾਨਾਂ ਨੇ ਗਿਬਆਹ ਉੱਤੇ ਹਮਲਾ ਕੀਤਾ। ਲੜਾਈ ਇੰਨੀ ਭਾਰੀ ਸੀ ਕਿ ਬਿਨਯਾਮੀਨੀਆਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਤਬਾਹੀ ਕਿੰਨੀ ਨੇੜੇ ਸੀ। 35ਯਾਹਵੇਹ ਨੇ ਇਸਰਾਏਲ ਦੇ ਅੱਗੇ ਬਿਨਯਾਮੀਨ ਨੂੰ ਹਰਾਇਆ, ਅਤੇ ਉਸ ਦਿਨ ਇਸਰਾਏਲੀਆਂ ਨੇ 25,100 ਬਿਨਯਾਮੀਨ ਨੂੰ ਮਾਰ ਦਿੱਤਾ, ਉਹ ਸਾਰੇ ਤਲਵਾਰਾਂ ਚਲਾਉਣ ਵਿੱਚ ਮਾਹਰ ਸਨ। 36ਫੇਰ ਬਿਨਯਾਮੀਨੀਆਂ ਨੇ ਦੇਖਿਆ ਕਿ ਉਨ੍ਹਾਂ ਨੂੰ ਮਾਰਿਆ ਗਿਆ ਹੈ।
ਹੁਣ ਇਸਰਾਏਲ ਦੇ ਮਨੁੱਖ ਬਿਨਯਾਮੀਨ ਦੇ ਅੱਗੇ ਤੁਰ ਪਏ ਸਨ, ਕਿਉਂ ਜੋ ਉਹਨਾਂ ਨੇ ਗਿਬਆਹ ਦੇ ਨੇੜੇ ਉਹਨਾਂ ਦੇ ਘਾਤ ਉੱਤੇ ਭਰੋਸਾ ਕੀਤਾ ਸੀ। 37ਜਿਹੜੇ ਘਾਤ ਵਿੱਚ ਸਨ, ਉਨ੍ਹਾਂ ਨੇ ਗਿਬਆਹ ਵਿੱਚ ਅਚਾਨਕ ਧਾਵਾ ਬੋਲ ਦਿੱਤਾ, ਉਹ ਸਾਰੇ ਪਾਸੇ ਫੈਲ ਗਏ ਅਤੇ ਸਾਰੇ ਸ਼ਹਿਰ ਨੂੰ ਤਲਵਾਰ ਨਾਲ ਮਾਰ ਦਿੱਤਾ। 38ਇਸਰਾਏਲ ਦੇ ਲੋਕਾਂ ਅਤੇ ਘਾਤ ਵਿੱਚ ਬੈਠਣ ਵਾਲਿਆਂ ਦੇ ਵਿਚਕਾਰ ਇਹ ਨਿਸ਼ਾਨੀ ਠਹਿਰਾਈ ਗਈ ਸੀ ਕਿ ਉਹ ਧੂੰਏਂ ਦਾ ਇੱਕ ਵੱਡਾ ਬੱਦਲ ਸ਼ਹਿਰ ਤੋਂ ਉੱਪਰ ਨੂੰ ਉਡਾਉਣ, 39ਅਤੇ ਫਿਰ ਇਸਰਾਏਲੀ ਜਵਾਬੀ ਹਮਲਾ ਕਰਨਗੇ।
ਬਿਨਯਾਮੀਨੀਆਂ ਨੇ ਲਗਭਗ ਤੀਹ ਇਸਰਾਏਲੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਸੀ, ਅਤੇ ਉਨ੍ਹਾਂ ਨੇ ਕਿਹਾ, “ਅਸੀਂ ਉਨ੍ਹਾਂ ਨੂੰ ਪਹਿਲੀ ਲੜਾਈ ਵਾਂਗ ਹਰਾਉਂਦੇ ਹਾਂ।” 40ਪਰ ਜਦੋਂ ਸ਼ਹਿਰ ਵਿੱਚੋਂ ਧੂੰਆਂ ਉੱਠਣ ਲੱਗਾ, ਤਾਂ ਬਿਨਯਾਮੀਨੀਆਂ ਨੇ ਮੁੜ ਕੇ ਵੇਖਿਆ ਅਤੇ ਸਾਰਾ ਸ਼ਹਿਰ ਵਿੱਚੋਂ ਧੂੰਆਂ ਉੱਡਦਾ ਦੇਖਿਆ। 41ਤਦ ਇਸਰਾਏਲੀਆਂ ਨੇ ਜਵਾਬੀ ਹਮਲਾ ਕੀਤਾ ਅਤੇ ਬਿਨਯਾਮੀਨੀ ਘਬਰਾ ਗਏ ਕਿਉਂ ਜੋ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਉੱਤੇ ਬਿਪਤਾ ਆ ਗਈ ਹੈ। 42ਇਸ ਲਈ ਉਹ ਇਸਰਾਏਲੀਆਂ ਦੇ ਸਾਮ੍ਹਣੇ ਉਜਾੜ ਵੱਲ ਭੱਜੇ, ਪਰ ਉਹ ਲੜਾਈ ਤੋਂ ਬਚ ਨਾ ਸਕੇ ਅਤੇ ਇਸਰਾਏਲੀਆਂ ਨੇ ਜਿਹੜੇ ਕਸਬਿਆਂ ਵਿੱਚੋਂ ਨਿਕਲੇ ਸਨ ਉਨ੍ਹਾਂ ਨੂੰ ਉੱਥੇ ਵੱਢ ਸੁੱਟਿਆ। 43ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਘੇਰ ਲਿਆ, ਉਨ੍ਹਾਂ ਦਾ ਪਿੱਛਾ ਕੀਤਾ ਅਤੇ ਪੂਰਬ ਵੱਲ ਗਿਬਆਹ ਦੇ ਨੇੜੇ ਉਨ੍ਹਾਂ ਨੂੰ ਅਸਾਨੀ ਨਾਲ ਕਾਬੂ ਕਰ ਲਿਆ। 44ਅਠਾਰਾਂ ਹਜ਼ਾਰ ਬਿਨਯਾਮੀਨ ਡਿੱਗ ਪਏ, ਉਹ ਸਾਰੇ ਸੂਰਬੀਰ ਯੋਧੇ ਸਨ। 45ਜਦੋਂ ਉਹ ਮੁੜੇ ਅਤੇ ਉਜਾੜ ਵੱਲ ਰਿੰਮੋਨ ਦੀ ਚੱਟਾਨ ਵੱਲ ਭੱਜੇ, ਇਸਰਾਏਲੀਆਂ ਨੇ ਸੜਕਾਂ ਦੇ ਨਾਲ ਪੰਜ ਹਜ਼ਾਰ ਆਦਮੀਆਂ ਨੂੰ ਵੱਢ ਦਿੱਤਾ। ਉਨ੍ਹਾਂ ਨੇ ਗਿਦੋਮ ਤੱਕ ਬਿਨਯਾਮੀਨੀਆਂ ਦਾ ਪਿੱਛਾ ਕੀਤਾ ਅਤੇ ਦੋ ਹਜ਼ਾਰ ਹੋਰ ਮਾਰੇ।
46ਉਸ ਦਿਨ ਪੱਚੀ ਹਜ਼ਾਰ ਬਿਨਯਾਮੀਨ ਤਲਵਾਰ ਧਾਰੀ ਮਨੁੱਖ ਡਿੱਗ ਪਏ, ਉਹ ਸਾਰੇ ਸੂਰਬੀਰ ਯੋਧੇ ਸਨ। 47ਪਰ ਉਨ੍ਹਾਂ ਵਿੱਚੋਂ ਛੇ ਸੌ ਮੁੜੇ ਅਤੇ ਉਜਾੜ ਵਿੱਚ ਰਿੰਮੋਨ ਦੀ ਚੱਟਾਨ ਵੱਲ ਭੱਜ ਗਏ, ਜਿੱਥੇ ਉਹ ਚਾਰ ਮਹੀਨੇ ਰਹੇ। 48ਇਸਰਾਏਲ ਦੇ ਲੋਕ ਬਿਨਯਾਮੀਨ ਨੂੰ ਵਾਪਸ ਚਲੇ ਗਏ ਅਤੇ ਸਾਰੇ ਕਸਬਿਆਂ ਨੂੰ ਤਲਵਾਰ ਦੇ ਹਵਾਲੇ ਕਰ ਦਿੱਤਾ, ਜਿਸ ਵਿੱਚ ਜਾਨਵਰਾਂ ਅਤੇ ਹੋਰ ਸਭ ਕੁਝ ਜੋ ਉਨ੍ਹਾਂ ਨੂੰ ਮਿਲਿਆ ਸੀ। ਜਿੰਨੇ ਵੀ ਕਸਬੇ ਉਹ ਆਏ, ਉਨ੍ਹਾਂ ਨੇ ਅੱਗ ਲਾ ਦਿੱਤੀ।
Currently Selected:
ਨਿਆਂਈਆਂ 20: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.