ਨਿਆਂਈਆਂ 19
19
ਇੱਕ ਲੇਵੀ ਅਤੇ ਉਸਦੀ ਰਾਖ਼ੇਲ
1ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ।
ਤਾਂ ਇੱਕ ਲੇਵੀ ਜੋ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਰਹਿੰਦਾ ਸੀ, ਉਸ ਨੇ ਆਪਣੇ ਲਈ ਯਹੂਦਾਹ ਦੇ ਬੈਤਲਹਮ ਤੋਂ ਇੱਕ ਰਖੇਲ ਨੂੰ ਰੱਖ ਲਿਆ। 2ਪਰ ਉਹ ਰਖੇਲ ਵਿਭਚਾਰ ਕਰਕੇ ਉਸਨੂੰ ਛੱਡ ਕੇ ਯਹੂਦਾਹ ਦੇ ਬੈਤਲਹਮ ਵਿੱਚ ਆਪਣੇ ਮਾਪਿਆਂ ਦੇ ਘਰ ਵਾਪਸ ਚਲੀ ਗਈ। ਚਾਰ ਮਹੀਨੇ ਉੱਥੇ ਰਹਿਣ ਤੋਂ ਬਾਅਦ, 3ਉਸਦਾ ਪਤੀ ਉਸਨੂੰ ਵਾਪਸ ਲਿਆਉਣ ਦੇ ਲਈ ਉੱਠ ਕੇ ਉਸਦੇ ਨੂੰ ਮਨਾਉਣ ਲਈ ਉਸਦੇ ਕੋਲ ਗਿਆ। ਉਹ ਆਪਣੇ ਨਾਲ ਇੱਕ ਨੌਕਰ ਅਤੇ ਦੋ ਗਧੇ ਲੈ ਗਿਆ। ਉਹ ਉਸ ਨੂੰ ਆਪਣੇ ਮਾਤਾ-ਪਿਤਾ ਦੇ ਘਰ ਲੈ ਗਈ, ਅਤੇ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਦੇਖਿਆ, ਤਾਂ ਉਸ ਨੇ ਖੁਸ਼ੀ ਨਾਲ ਉਸ ਦਾ ਸੁਆਗਤ ਕੀਤਾ। 4ਉਸ ਦਾ ਸਹੁਰਾ, ਔਰਤ ਦਾ ਪਿਤਾ, ਉਸ ਉੱਤੇ ਰੁਕਣ ਲਈ ਜੋਰ ਪਾਉਣ ਲੱਗਾ; ਇਸ ਲਈ ਉਹ ਤਿੰਨ ਦਿਨ ਉਸਦੇ ਨਾਲ ਰਿਹਾ ਅਤੇ ਉੱਥੇ ਖਾਧਾ ਪੀਂਦਾ ਅਤੇ ਉੱਥੇ ਹੀ ਰਿਹਾ।
5ਚੌਥੇ ਦਿਨ ਉਹ ਤੜਕੇ ਉੱਠੇ ਅਤੇ ਉਹ ਜਾਣ ਲਈ ਤਿਆਰ ਹੋ ਗਿਆ, ਪਰ ਔਰਤ ਦੇ ਪਿਤਾ ਨੇ ਆਪਣੇ ਜਵਾਈ ਨੂੰ ਕਿਹਾ, “ਤੁਸੀਂ ਥੋੜੀ ਜਿਹੀ ਰੋਟੀ ਖਾ ਕੇ ਅਨੰਦ ਹੋ ਲੈ, ਫਿਰ ਤੁਸੀਂ ਚਲੇ ਜਾਣਾ।” 6ਇਸ ਲਈ ਉਹ ਦੋਵੇਂ ਇਕੱਠੇ ਖਾਣ-ਪੀਣ ਲਈ ਬੈਠ ਗਏ। ਇਸ ਤੋਂ ਬਾਅਦ ਔਰਤ ਦੇ ਪਿਤਾ ਨੇ ਕਿਹਾ, “ਕਿਰਪਾ ਕਰਕੇ ਅੱਜ ਇੱਕ ਰਾਤ ਹੋਰ ਇੱਥੇ ਰਹੋ ਅਤੇ ਆਪਣੇ ਆਪ ਦਾ ਆਨੰਦ ਕਰੋ।” 7ਅਤੇ ਜਦੋਂ ਉਹ ਆਦਮੀ ਜਾਣ ਲਈ ਉੱਠਿਆ, ਤਾਂ ਉਸਦੇ ਸਹੁਰੇ ਨੇ ਉਸਨੂੰ ਮਨਾ ਲਿਆ, ਇਸ ਲਈ ਉਹ ਉਸ ਰਾਤ ਉੱਥੇ ਹੀ ਰਿਹਾ। 8ਪੰਜਵੇਂ ਦਿਨ ਦੀ ਸਵੇਰ ਨੂੰ, ਜਦੋਂ ਉਹ ਜਾਣ ਲਈ ਉੱਠਿਆ, ਤਾਂ ਉਸ ਔਰਤ ਦੇ ਪਿਤਾ ਨੇ ਕਿਹਾ, “ਮੈ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਤੂੰ ਆਪਣੇ ਮਨ ਨੂੰ ਅਨੰਦ ਕਰ ਅਤੇ ਦਿਨ ਢਲਣ ਤੱਕ ਠਹਿਰ ਜਾਓ!” ਇਸ ਲਈ ਦੋਹਾਂ ਨੇ ਇਕੱਠੇ ਖਾਧਾ ਪੀਤਾ।
9ਫਿਰ ਜਦੋਂ ਉਹ ਆਦਮੀ ਆਪਣੀ ਰਖੇਲ ਅਤੇ ਨੌਕਰ ਸਮੇਤ ਵਿਦਾ ਹੋਣ ਲਈ ਉੱਠਿਆ, ਤਾਂ ਉਸਦੇ ਸਹੁਰੇ, ਔਰਤ ਦੇ ਪਿਤਾ ਨੇ ਕਿਹਾ, “ਹੁਣ ਦੇਖੋ, ਸ਼ਾਮ ਲਗਭਗ ਹੋ ਗਈ ਹੈ। ਇੱਥੇ ਰਾਤ ਕੱਟੋ; ਦਿਨ ਲਗਭਗ ਖਤਮ ਹੋ ਗਿਆ ਹੈ। ਰੁਕ ਜਾਓ ਅਤੇ ਆਪਣੇ ਆਪ ਦਾ ਆਨੰਦ ਕਰੋ ਕੱਲ੍ਹ ਸਵੇਰੇ ਜਲਦੀ ਤੁਸੀਂ ਉੱਠ ਸਕਦੇ ਹੋ ਅਤੇ ਆਪਣੇ ਘਰ ਜਾ ਸਕਦੇ ਹੋ।” 10ਪਰ ਉਹ ਆਦਮੀ ਇੱਕ ਹੋਰ ਰਾਤ ਰੁਕਣ ਲਈ ਤਿਆਰ ਨਹੀਂ ਹੋਇਆ, ਉਹ ਆਦਮੀ ਉੱਥੋਂ ਚਲਾ ਗਿਆ ਅਤੇ ਆਪਣੇ ਦੋ ਕਾਠੀ ਵਾਲੇ ਗਧਿਆਂ ਅਤੇ ਆਪਣੀ ਰਖੇਲ ਨਾਲ ਯਬੂਸ (ਯਾਨੀ ਯੇਰੂਸ਼ਲੇਮ) ਵੱਲ ਚਲਾ ਗਿਆ।
11ਜਦੋਂ ਉਹ ਯਬੂਸ ਦੇ ਨੇੜੇ ਸਨ ਅਤੇ ਦਿਨ ਢਲ ਗਿਆ ਸੀ, ਤਾਂ ਨੌਕਰ ਨੇ ਆਪਣੇ ਮਾਲਕ ਨੂੰ ਕਿਹਾ, “ਆਓ, ਯਬੂਸੀਆਂ ਦੇ ਇਸ ਸ਼ਹਿਰ ਵਿੱਚ ਰਹੀਏ ਅਤੇ ਰਾਤ ਕੱਟੀਏ।”
12ਉਸ ਦੇ ਮਾਲਕ ਨੇ ਜਵਾਬ ਦਿੱਤਾ, “ਅਸੀਂ ਕਿਸੇ ਵੀ ਸ਼ਹਿਰ ਵਿੱਚ ਨਹੀਂ ਜਾਵਾਂਗੇ ਜਿਸ ਦੇ ਲੋਕ ਇਸਰਾਏਲੀ ਨਹੀਂ ਹਨ, ਪਰ ਅਸੀਂ ਗਿਬਆਹ ਨੂੰ ਜਾਵਾਂਗੇ।” 13ਉਸਨੇ ਅੱਗੋਂ ਕਿਹਾ, “ਆਓ, ਅਸੀਂ ਗਿਬਆਹ ਜਾਂ ਰਾਮਾਹ ਪਹੁੰਚਣ ਦੀ ਕੋਸ਼ਿਸ਼ ਕਰੀਏ ਅਤੇ ਉਹਨਾਂ ਵਿੱਚੋਂ ਕਿਸੇ ਇੱਕ ਜਗ੍ਹਾ ਵਿੱਚ ਰਾਤ ਕੱਟੀਏ।” 14ਸੋ ਉਹ ਚੱਲੇ ਅਤੇ ਬਿਨਯਾਮੀਨ ਵਿੱਚ ਗਿਬਆਹ ਦੇ ਨੇੜੇ ਸੂਰਜ ਢਲ ਗਿਆ। 15ਅਤੇ ਉਹ ਗਿਬਆਹ ਵਿੱਚ ਰਾਤ ਕੱਟਣ ਲਈ ਰੁਕ ਗਏ ਅਤੇ ਉਹ ਸ਼ਹਿਰ ਦੇ ਚੌਂਕ ਵਿੱਚ ਜਾ ਕੇ ਬੈਠ ਗਏ, ਪਰ ਰਾਤ ਨੂੰ ਕੋਈ ਅਜਿਹਾ ਨਹੀਂ ਸੀ ਜੋ ਉਨ੍ਹਾਂ ਨੂੰ ਰਾਤ ਕੱਟਣ ਲਈ ਆਪਣੇ ਘਰ ਲੈ ਜਾਂਦਾ।
16ਤਦ ਵੇਖੋ, ਸ਼ਾਮ ਦੇ ਵੇਲੇ ਇੱਕ ਬਜ਼ੁਰਗ ਆਪਣੇ ਖੇਤ ਵਿੱਚੋਂ ਕੰਮ-ਧੰਦਾ ਮੁਕਾ ਕੇ ਉੱਥੇ ਆਇਆ, ਉਹ ਵੀ ਇਫ਼ਰਾਈਮ ਦੇ ਪਹਾੜੀ ਦੇਸ਼ ਦਾ ਸੀ, ਜੋ ਗਿਬਆਹ ਵਿੱਚ ਆ ਕੇ ਵੱਸ ਗਿਆ ਸੀ ਪਰ ਉੱਥੇ ਦੇ ਵਾਸੀ ਬਿਨਯਾਮੀਨੀ ਸਨ। 17ਜਦੋਂ ਉਸਨੇ ਸ਼ਹਿਰ ਦੇ ਚੌਂਕ ਵਿੱਚ ਯਾਤਰੀਆਂ ਨੂੰ ਵੇਖਿਆ, ਤਾਂ ਬਜ਼ੁਰਗ ਆਦਮੀ ਨੇ ਪੁੱਛਿਆ, “ਤੁਸੀਂ ਕਿੱਥੇ ਜਾ ਰਹੇ ਹੋ? ਤੁਸੀਂ ਕਿੱਥੋਂ ਆਏ ਹੋ?”
18ਉਸ ਨੇ ਉਸ ਨੂੰ ਕਿਹਾ, “ਅਸੀਂ ਬੈਤਲਹਮ ਯਹੂਦਾਹ ਤੋਂ ਆਏ ਅਤੇ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਦੂਸਰੇ ਪਾਸੇ ਜਾਣਾ ਹੈ। ਮੈਂ ਉੱਥੇ ਦਾ ਹੀ ਹਾਂ। ਮੈਂ ਬੈਤਲਹਮ ਯਹੂਦਾਹ ਨੂੰ ਗਿਆ ਸੀ ਅਤੇ ਹੁਣ ਆਪਣੇ ਯਾਹਵੇਹ ਦੇ ਘਰ ਵੱਲ ਜਾ ਰਿਹਾ ਹਾਂ। ਪਰ ਇੱਥੇ ਅਜਿਹਾ ਕੋਈ ਮਨੁੱਖ ਨਹੀਂ ਜੋ ਸਾਨੂੰ ਆਪਣੇ ਘਰ ਠਹਿਰਾਵੇ। 19ਸਾਡੇ ਕੋਲ ਸਾਡੇ ਗਧਿਆਂ ਲਈ ਤੂੜੀ ਅਤੇ ਚਾਰਾ ਵੀ ਹੈ ਅਤੇ ਮੇਰੇ ਲਈ ਅਤੇ ਤੇਰੀ ਦਾਸੀ ਲਈ ਅਤੇ ਜੁਆਨ ਦੇ ਲਈ ਜੋ ਤੇਰੇ ਸੇਵਕਾਂ ਦੇ ਨਾਲ ਹੈ, ਰੋਟੀ ਅਤੇ ਦਾਖ਼ਰਸ ਦੋਵੇਂ ਹਨ, ਸਾਨੂੰ ਕਿਸੇ ਵਸਤੂ ਦੀ ਘਾਟ ਨਹੀਂ ਹੈ।”
20ਉਸ ਬਜ਼ੁਰਗ ਨੇ ਕਿਹਾ, “ਮੇਰੇ ਘਰ ਵਿੱਚ ਤੁਹਾਡਾ ਸੁਆਗਤ ਹੈ, ਤੈਨੂੰ ਸੁੱਖ-ਸਾਂਦ ਹੋਵੇ ਅਤੇ ਤੇਰੀ ਸਾਰੀ ਲੋੜ ਸਾਡੇ ਸਿਰ ਤੇ ਹੋਵੇ ਪਰ ਤੂੰ ਚੌਂਕ ਵਿੱਚ ਰਾਤ ਬਿਲਕੁਲ ਨਾ ਕੱਟ।” 21ਇਸ ਲਈ ਉਹ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸਦੇ ਗਧਿਆਂ ਨੂੰ ਚਾਰਾ ਪਾਇਆ ਅਤੇ ਫਿਰ ਪੈਰ ਧੋਣ ਤੋਂ ਬਾਅਦ, ਉਹ ਖਾਣ-ਪੀਣ ਲੱਗੇ।
22ਜਦੋਂ ਉਹ ਖਾ-ਪੀ ਅਤੇ ਆਨੰਦ ਮਾਣ ਰਹੇ ਸਨ, ਤਾਂ ਸ਼ਹਿਰ ਦੇ ਕੁਝ ਦੁਸ਼ਟ ਆਦਮੀਆਂ ਨੇ ਘਰ ਨੂੰ ਘੇਰ ਲਿਆ। ਦਰਵਾਜ਼ੇ ਤੇ ਧੱਕਾ ਮਾਰ ਕੇ, ਉਨ੍ਹਾਂ ਨੇ ਘਰ ਦੇ ਮਾਲਕ ਬਜ਼ੁਰਗ ਆਦਮੀ ਨੂੰ ਉੱਚੀ ਆਵਾਜ਼ ਵਿੱਚ ਕਹਿਣ ਲੱਗੇ, “ਉਸ ਆਦਮੀ ਨੂੰ ਬਾਹਰ ਲਿਆ ਜੋ ਤੁਹਾਡੇ ਘਰ ਆਇਆ ਸੀ ਤਾਂ ਜੋ ਅਸੀਂ ਉਸ ਨਾਲ ਸੰਭੋਗ ਕਰ ਸਕੀਏ।”
23ਘਰ ਦਾ ਮਾਲਕ ਬਾਹਰ ਗਿਆ ਅਤੇ ਉਨ੍ਹਾਂ ਨੂੰ ਕਿਹਾ, “ਨਹੀਂ, ਮੇਰੇ ਦੋਸਤੋ, ਅਜਿਹੀ ਬੁਰਿਆਈ ਨਾ ਕਰੋ ਕਿਉਂਕਿ ਇਹ ਆਦਮੀ ਮੇਰਾ ਮਹਿਮਾਨ ਹੈ, ਇਸ ਲਈ ਇਹ ਅਜਿਹੀ ਦੁਸ਼ਟਤਾ ਨਾ ਕਰੋ। 24ਵੇਖੋ, ਇੱਥੇ ਮੇਰੀ ਕੁਆਰੀ ਧੀ ਹੈ ਅਤੇ ਇਸ ਪੁਰਖ ਦੀ ਰਖੇਲ ਹੈ। ਮੈਂ ਹੁਣ ਉਨ੍ਹਾਂ ਨੂੰ ਤੁਹਾਡੇ ਕੋਲ ਲਿਆਵਾਂਗਾ ਅਤੇ ਤੁਸੀਂ ਉਨ੍ਹਾਂ ਨਾਲ ਜੋ ਚੰਗਾ ਲੱਗਦਾ ਹੈ ਕਰ ਸਕਦੇ ਹੋ ਅਤੇ ਉਨ੍ਹਾਂ ਨਾਲ ਜੋ ਚਾਹੋ ਕਰ ਸਕਦੇ ਹੋ, ਪਰ ਇਸ ਆਦਮੀ ਨਾਲ ਅਜਿਹੀ ਦੁਸ਼ਟਤਾ ਨਾ ਕਰੋ।”
25ਪਰ ਆਦਮੀਆਂ ਨੇ ਉਸਦੀ ਗੱਲ ਨਹੀਂ ਸੁਣੀ। ਤਦ ਉਹ ਮਨੁੱਖ ਆਪਣੀ ਰਖੇਲ ਨੂੰ ਫੜ੍ਹ ਕੇ ਉਨ੍ਹਾਂ ਕੋਲ ਬਾਹਰ ਲੈ ਆਇਆ ਅਤੇ ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਰਾਤ ਭਰ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਜਦੋਂ ਸਵੇਰ ਹੋਈ ਉਸ ਵੇਲੇ ਉਸ ਨੂੰ ਛੱਡ ਗਏ। 26ਸਵੇਰ ਹੋਣ ਤੇ ਉਹ ਔਰਤ ਉਸ ਮਨੁੱਖ ਦੇ ਘਰ ਦੇ ਦਰਵਾਜ਼ੇ ਉੱਤੇ ਡਿੱਗ ਪਈ। ਜਿੱਥੇ ਉਸ ਦਾ ਪਤੀ ਸੀ ਅਤੇ ਦਿਨ ਚੜ੍ਹਨ ਤੱਕ ਉੱਥੇ ਹੀ ਪਈ ਰਹੀ।
27ਜਦੋਂ ਉਸ ਦੇ ਮਾਲਕ ਨੇ ਸਵੇਰੇ ਉੱਠ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਵਾਪਸ ਜਾਣ ਲਈ ਬਾਹਰ ਨਿੱਕਲਿਆ, ਤਾਂ ਉਸ ਦੀ ਰਖੇਲ ਘਰ ਦੇ ਦਰਵਾਜ਼ੇ ਵਿੱਚ ਡਿੱਗੀ ਹੋਈ ਸੀ ਅਤੇ ਉਸਦੇ ਹੱਥ ਡਿਉੜ੍ਹੀ ਨਾਲ ਲੱਗੇ ਹੋਏ ਸਨ। 28ਉਸਨੇ ਉਸਨੂੰ ਕਿਹਾ, “ਉੱਠ, ਅਸੀਂ ਚੱਲੀਏ।” ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ। ਤਦ ਆਦਮੀ ਨੇ ਉਸ ਨੂੰ ਆਪਣੇ ਗਧੇ ਉੱਤੇ ਰੱਖ ਲਿਆ ਅਤੇ ਘਰ ਨੂੰ ਚੱਲ ਪਿਆ।
29ਜਦੋਂ ਉਹ ਘਰ ਪਹੁੰਚਿਆ, ਤਾਂ ਉਸਨੇ ਇੱਕ ਚਾਕੂ ਲਿਆ ਅਤੇ ਆਪਣੀ ਰਖੇਲ ਦੇ ਅੰਗ-ਅੰਗ ਕੱਟ ਕੇ ਬਾਰਾਂ ਟੁੱਕੜੇ ਕੀਤੇ ਅਤੇ ਇਸਰਾਏਲ ਦੇ ਸਾਰੇ ਇਲਾਕਿਆਂ ਵਿੱਚ ਭੇਜ ਦਿੱਤਾ। 30ਤਦ ਜਿਸ ਕਿਸੇ ਨੇ ਇਹ ਵੇਖਿਆ ਉਹ ਆਪਸ ਵਿੱਚ ਕਹਿਣ ਲੱਗੇ, “ਇਸਰਾਏਲੀਆਂ ਦੇ ਮਿਸਰ ਤੋਂ ਨਿਕਲ ਕੇ ਆਉਣ ਦੇ ਸਮੇਂ ਤੋਂ ਲੈ ਕੇ ਅੱਜ ਦੇ ਦਿਨ ਤੱਕ ਅਜਿਹਾ ਕਦੇ ਨਹੀਂ ਹੋਇਆ, ਅਤੇ ਨਾ ਹੀ ਕਿਸੇ ਨੇ ਵੇਖਿਆ! ਇਸ ਵੱਲ ਧਿਆਨ ਕਰੋ ਅਤੇ ਸਲਾਹ ਕਰਕੇ ਬੋਲੋ ਕਿ ਹੁਣ ਕੀ ਕਰਨਾ ਚਾਹੀਦਾ ਹੈ!”
Currently Selected:
ਨਿਆਂਈਆਂ 19: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.