ਨਿਆਂਈਆਂ 2
2
ਬੋਕੀਮ ਵਿੱਚ ਯਾਹਵੇਹ ਦਾ ਦੂਤ
1ਯਾਹਵੇਹ ਦਾ ਦੂਤ ਗਿਲਗਾਲ ਤੋਂ ਬੋਕੀਮ ਨੂੰ ਗਿਆ ਅਤੇ ਆਖਿਆ, “ਮੈਂ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਇਆ ਅਤੇ ਤੁਹਾਨੂੰ ਉਸ ਦੇਸ਼ ਵਿੱਚ ਲੈ ਗਿਆ ਜਿਸਦੀ ਮੈਂ ਤੁਹਾਡੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ। ਮੈਂ ਕਿਹਾ ਸੀ ਕਿ, ‘ਮੈਂ ਤੁਹਾਡੇ ਨਾਲ ਆਪਣਾ ਨੇਮ ਕਦੇ ਨਹੀਂ ਤੋੜਾਂਗਾ, 2ਅਤੇ ਤੁਸੀਂ ਇਸ ਦੇਸ਼ ਦੇ ਲੋਕਾਂ ਨਾਲ ਕੋਈ ਨੇਮ ਨਾ ਰੱਖਣਾ, ਤੁਸੀਂ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਦਿਓ।’ ਪਰ ਤੁਸੀਂ ਮੇਰੀ ਆਗਿਆ ਨਾ ਮੰਨੀ, ਤੁਸੀਂ ਅਜਿਹਾ ਕਿਉਂ ਕੀਤਾ ਹੈ? 3ਇਸ ਲਈ ਮੈਂ ਇਹ ਵੀ ਕਿਹਾ, ‘ਮੈਂ ਉਹਨਾਂ ਨੂੰ ਤੁਹਾਡੇ ਅੱਗੇ ਨਹੀਂ ਕੱਢਾਂਗਾ, ਉਹ ਤੁਹਾਡੇ ਲਈ ਜਾਲ ਬਣ ਜਾਣਗੇ ਅਤੇ ਉਹਨਾਂ ਦੇ ਦੇਵਤੇ ਤੁਹਾਡੇ ਲਈ ਫੰਦੇ ਬਣ ਜਾਣਗੇ।’ ”
4ਜਦੋਂ ਯਾਹਵੇਹ ਦੇ ਦੂਤ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਹ ਗੱਲਾਂ ਆਖੀਆਂ ਤਾਂ ਉਹ ਲੋਕ ਉੱਚੀ-ਉੱਚੀ ਰੋਣ ਲੱਗ ਪਏ, 5ਅਤੇ ਉਹਨਾਂ ਨੇ ਉਸ ਥਾਂ ਨੂੰ ਬੋਕੀਮ#2:5 ਬੋਕੀਮ ਅਰਥਾਤ: ਰੋਣ ਵਾਲਾ ਕਿਹਾ, ਉੱਥੇ ਉਹਨਾਂ ਨੇ ਯਾਹਵੇਹ ਨੂੰ ਬਲੀਆਂ ਚੜ੍ਹਾਈਆਂ।
ਅਣ-ਆਗਿਆਕਾਰੀ ਅਤੇ ਹਾਰ
6ਜਦੋਂ ਯਹੋਸ਼ੂਆ ਨੇ ਇਸਰਾਏਲੀਆਂ ਨੂੰ ਵਿਦਿਆ ਕੀਤਾ, ਉਹ ਹਰ ਇੱਕ ਆਪਣੀ-ਆਪਣੀ ਵਿਰਾਸਤ ਵਿੱਚੋਂ ਧਰਤੀ ਉੱਤੇ ਕਬਜ਼ਾ ਕਰਨ ਲਈ ਚਲੇ ਗਏ, 7ਉਹ ਲੋਕ ਯਹੋਸ਼ੂਆ ਦੇ ਸਾਰੇ ਦਿਨਾਂ ਵਿੱਚ ਅਤੇ ਜਦ ਤੱਕ ਉਹ ਬਜ਼ੁਰਗ ਜੀਉਂਦੇ ਰਹੇ ਜਿਹੜੇ ਯਹੋਸ਼ੂਆ ਦੇ ਮਰਨ ਤੋਂ ਬਾਅਦ ਸਨ, ਅਤੇ ਜਿਨ੍ਹਾਂ ਨੇ ਯਾਹਵੇਹ ਦੇ ਸਾਰੇ ਵੱਡੇ ਕੰਮਾਂ ਨੂੰ ਵੇਖਿਆ ਸੀ ਜੋ ਉਸਨੇ ਇਸਰਾਏਲ ਦੇ ਲਈ ਕੀਤੇ ਸਨ, ਤਦ ਤੱਕ ਉਹ ਯਾਹਵੇਹ ਦੀ ਉਪਾਸਨਾ ਕਰਦੇ ਰਹੇ।
8ਨੂਨ ਦਾ ਪੁੱਤਰ ਯਹੋਸ਼ੂਆ, ਯਾਹਵੇਹ ਦਾ ਸੇਵਕ, ਇੱਕ ਸੌ ਦਸ ਸਾਲ ਦੀ ਉਮਰ ਵਿੱਚ ਮਰ ਗਿਆ। 9ਅਤੇ ਉਹਨਾਂ ਨੇ ਉਸ ਨੂੰ ਗਾਸ਼ ਪਰਬਤ ਦੇ ਉੱਤਰ ਵੱਲ ਇਫ਼ਰਾਈਮ ਦੇ ਪਹਾੜੀ ਦੇਸ਼ ਤਿਮਨਾਥ ਹੇਰੇਸ ਵਿੱਚ ਉਸਦੀ ਵਿਰਾਸਤ ਦੀ ਧਰਤੀ ਵਿੱਚ ਦਫ਼ਨਾਇਆ।
10ਉਸ ਤੋਂ ਬਾਅਦ ਉਹ ਸਾਰੀ ਪੀੜ੍ਹੀ ਵੀ ਆਪਣੇ ਪਿਉ-ਦਾਦਿਆਂ ਸਮੇਤ ਮਿੱਟੀ ਵਿੱਚ ਦਫ਼ਨ ਹੋ ਗਈ ਅਤੇ ਉਨ੍ਹਾਂ ਤੋਂ ਬਾਅਦ ਇੱਕ ਹੋਰ ਪੀੜ੍ਹੀ ਉੱਠੀ, ਜੋ ਨਾ ਤਾਂ ਯਾਹਵੇਹ ਨੂੰ ਜਾਣਦੀ ਸੀ ਅਤੇ ਨਾ ਹੀ ਉਨ੍ਹਾਂ ਕੰਮਾਂ ਨੂੰ ਜੋ ਯਾਹਵੇਹ ਨੇ ਇਸਰਾਏਲ ਲਈ ਕੀਤੇ ਸਨ। 11ਫਿਰ ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਬਆਲ ਦੀ ਪੂਜਾ ਕੀਤੀ। 12ਉਹਨਾਂ ਨੇ ਯਾਹਵੇਹ, ਆਪਣੇ ਪੁਰਖਿਆਂ ਦੇ ਪਰਮੇਸ਼ਵਰ ਨੂੰ ਛੱਡ ਦਿੱਤਾ, ਜਿਸ ਨੇ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਸੀ। ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਵੱਖ-ਵੱਖ ਦੇਵਤਿਆਂ ਦੀ ਪਾਲਣਾ ਕਰਦੇ ਸਨ ਅਤੇ ਉਹਨਾਂ ਦੀ ਪੂਜਾ ਕਰਦੇ ਸਨ, ਜਿਸ ਨਾਲ ਉਹਨਾਂ ਨੇ ਯਾਹਵੇਹ ਦਾ ਕ੍ਰੋਧ ਭੜਕਾਇਆ 13ਕਿਉਂਕਿ ਯਾਹਵੇਹ ਨੇ ਉਸ ਨੂੰ ਤਿਆਗ ਦਿੱਤਾ ਅਤੇ ਬਆਲ ਤੇ ਅਸ਼ਤਾਰੋਥ ਦੀ ਪੂਜਾ ਕੀਤੀ। 14ਇਸ ਲਈ ਯਾਹਵੇਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸ ਨੇ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥ ਵਿੱਚ ਦੇ ਦਿੱਤਾ ਜੋ ਉਨ੍ਹਾਂ ਨੂੰ ਲੁੱਟਣ ਲੱਗੇ, ਅਤੇ ਉਨ੍ਹਾਂ ਦੇ ਵੈਰੀਆਂ ਦੇ ਹੱਥ ਕਰ ਦਿੱਤਾ ਜੋ ਉਨ੍ਹਾਂ ਦੇ ਚੁਫ਼ੇਰੇ ਸਨ ਅਤੇ ਉਹ ਫਿਰ ਆਪਣੇ ਵੈਰੀਆਂ ਦੇ ਅੱਗੇ ਖੜ੍ਹੇ ਨਾ ਹੋ ਸਕੇ। 15ਜਦੋਂ ਵੀ ਇਸਰਾਏਲ ਲੜਨ ਲਈ ਨਿਕਲਦੇ, ਯਾਹਵੇਹ ਦਾ ਹੱਥ ਉਹਨਾਂ ਨੂੰ ਹਰਾਉਣ ਲਈ ਉਹਨਾਂ ਦੇ ਵਿਰੁੱਧ ਸੀ ਅਤੇ ਜਿਵੇਂ ਉਸਨੇ ਉਹਨਾਂ ਨਾਲ ਸਹੁੰ ਖਾਧੀ ਸੀ, ਇਸ ਲਈ ਉਹ ਬਹੁਤ ਮੁਸੀਬਤ ਵਿੱਚ ਸਨ।
16ਫਿਰ ਯਾਹਵੇਹ ਨੇ ਨਿਆਂਈਆਂ ਨੂੰ ਉਨ੍ਹਾਂ ਲਈ ਖੜ੍ਹਾ ਕੀਤਾ, ਜੋ ਉਹਨਾਂ ਨੂੰ ਲੁਟੇਰਿਆਂ ਦੇ ਹੱਥੋਂ ਛੁਡਾ ਲੈਂਦੇ ਸਨ। 17ਫਿਰ ਵੀ ਉਹਨਾਂ ਨੇ ਆਪਣੇ ਨਿਆਂਕਾਰਾਂ ਦੀ ਗੱਲ ਨਹੀਂ ਸੁਣੀ ਪਰ ਆਪਣੇ ਆਪ ਨੂੰ ਦੂਜੇ ਦੇਵਤਿਆਂ ਦੀ ਪੂਜਾ ਕਰਨ ਦੁਆਰਾ ਪਰਮੇਸ਼ਵਰ ਦੇ ਵਿਰੁੱਧ ਵਿਭਚਾਰ ਕੀਤਾ। ਉਹ ਛੇਤੀ ਹੀ ਆਪਣੇ ਪੁਰਖਿਆਂ ਦੇ ਰਾਹਾਂ ਤੋਂ ਮੁੜ ਗਏ, ਜੋ ਯਾਹਵੇਹ ਦੇ ਹੁਕਮਾਂ ਨੂੰ ਮੰਨਦੇ ਸਨ। 18ਜਦੋਂ ਵੀ ਯਾਹਵੇਹ ਨੇ ਉਹਨਾਂ ਲਈ ਇੱਕ ਨਿਆਂਕਾਰ ਨੂੰ ਖੜ੍ਹਾ ਕਰਦਾ ਸੀ ਤਾਂ ਯਾਹਵੇਹ ਨਿਆਂਕਾਰ ਦੇ ਨਾਲ ਹੁੰਦਾ ਸੀ ਅਤੇ ਜਦੋਂ ਤੱਕ ਨਿਆਂਕਾਰ ਜਿਉਂਦਾ ਸੀ ਤਦ ਤੱਕ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥੋਂ ਬਚਾਉਂਦਾ ਸੀ, ਕਿਉਂਕਿ ਯਾਹਵੇਹ ਉਨ੍ਹਾਂ ਦੇ ਦੁਸ਼ਮਣਾਂ ਦੁਆਰਾ ਉਨ੍ਹਾਂ ਨੂੰ ਦਿੱਤੀ ਜਾ ਰਹੀ ਸਜ਼ਾ ਦੇ ਕਾਰਨ ਦਰਦ ਦੇ ਹਾਉਂਕੇ ਦੇ ਕਾਰਨ ਤਰਸ ਕਰਦਾ ਸੀ। 19ਪਰ ਜਦੋਂ ਨਿਆਈਂ ਦੀ ਮੌਤ ਹੋ ਜਾਂਦੀ, ਤਾਂ ਲੋਕ ਆਪਣੇ ਪੁਰਖਿਆਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟ ਤਰੀਕਿਆਂ ਵੱਲ ਮੁੜ ਜਾਂਦੇ ਸਨ, ਅਤੇ ਦੂਜੇ ਦੇਵਤਿਆਂ ਦੀ ਪੂਜਾ ਕਰਦੇ ਅਤੇ ਉਨ੍ਹਾਂ ਦੇ ਪਿੱਛੇ ਲੱਗਦੇ ਸਨ ਅਤੇ ਉਨ੍ਹਾਂ ਅੱਗੇ ਮੱਥਾ ਟੇਕਦੇ, ਉਹ ਆਪਣੇ ਬੁਰੇ ਕੰਮਾਂ ਅਤੇ ਜ਼ਿੱਦੀ ਤਰੀਕਿਆਂ ਨੂੰ ਛੱਡਣ ਤੋਂ ਇਨਕਾਰ ਕਰਦੇ ਸਨ।
20ਇਸ ਲਈ ਯਾਹਵੇਹ ਨੇ ਬਹੁਤ ਗੁੱਸੇ ਵਿੱਚ ਇਸਰਾਏਲ ਨੂੰ ਆਖਿਆ, “ਇਸ ਦੇਸ਼ ਨੇ ਉਸ ਨੇਮ ਦੀ ਉਲੰਘਣਾ ਕੀਤੀ ਹੈ ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਬੰਨ੍ਹਿਆ ਸੀ ਅਤੇ ਮੇਰੀ ਗੱਲ ਨਹੀਂ ਸੁਣੀ, 21ਹੁਣ ਮੈਂ ਉਹਨਾਂ ਕੌਮਾਂ ਵਿੱਚੋਂ ਕਿਸੇ ਨੂੰ ਵੀ ਉਹਨਾਂ ਦੇ ਅੱਗਿਓਂ ਨਹੀਂ ਕੱਢਾਂਗਾ ਜੋ ਯਹੋਸ਼ੂਆ ਦੇ ਮਰਨ ਤੋਂ ਪਹਿਲਾਂ ਦੇ ਸਨ। 22ਤਾਂ ਜੋ ਮੈਂ ਉਹਨਾਂ ਲੋਕਾਂ ਦੇ ਰਾਹੀ ਇਸਰਾਏਲ ਦੀ ਪ੍ਰੀਖਿਆ ਲਵਾਂ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪਿਉ-ਦਾਦੇ ਯਾਹਵੇਹ ਦੇ ਰਾਹਾਂ ਉੱਤੇ ਚੱਲਦੇ ਸਨ ਉਸੇ ਤਰ੍ਹਾਂ ਇਹ ਵੀ ਚੱਲਣਗੇ ਜਾਂ ਨਹੀਂ।” 23ਜਿਸ ਕਾਰਨ ਯਾਹਵੇਹ ਨੇ ਉਹਨਾਂ ਕੌਮਾਂ ਨੂੰ ਰਹਿਣ ਦਿੱਤਾ ਅਤੇ ਛੇਤੀ ਨਾਲ ਉਨ੍ਹਾਂ ਨੂੰ ਨਾ ਕੱਢਿਆ ਅਤੇ ਉਸਨੇ ਉਨ੍ਹਾਂ ਨੂੰ ਯਹੋਸ਼ੂਆ ਦੇ ਹੱਥਾਂ ਵਿੱਚ ਵੀ ਨਹੀਂ ਦਿੱਤਾ ਸੀ।
Currently Selected:
ਨਿਆਂਈਆਂ 2: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.