ਨਿਆਂਈਆਂ 3
3
1ਇਹ ਉਹ ਕੌਮਾਂ ਹਨ ਜਿਹੜੀਆਂ ਯਾਹਵੇਹ ਨੇ ਉਹਨਾਂ ਸਾਰੇ ਇਸਰਾਏਲੀਆਂ ਨੂੰ ਪਰਖਣ ਲਈ ਛੱਡੀਆਂ ਸਨ ਜਿਨ੍ਹਾਂ ਨੇ ਕਨਾਨ ਵਿੱਚ ਕਿਸੇ ਵੀ ਯੁੱਧ ਦਾ ਅਨੁਭਵ ਨਹੀਂ ਕੀਤਾ ਸੀ 2ਸਿਰਫ ਇਸ ਲਈ ਤਾਂ ਜੋ ਇਸਰਾਏਲੀਆਂ ਦੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੂੰ ਪਹਿਲਾਂ ਲੜਾਈ ਦਾ ਢੰਗ ਨਹੀਂ ਆਉਂਦਾ ਸੀ, ਉਹਨਾਂ ਨੂੰ ਸਿਖਾਵੇ। 3ਫ਼ਲਿਸਤੀਆਂ ਦੇ ਪੰਜ ਹਾਕਮ, ਅਤੇ ਸਾਰੇ ਕਨਾਨੀ ਸੀਦੋਨ ਅਤੇ ਹਿੱਤੀਆਂ ਜਿਹੜੇ ਲਬਾਨੋਨ ਦੇ ਪਰਬਤ ਵਿੱਚ ਬਆਲ ਹਰਮੋਨ ਦੇ ਪਰਬਤ ਤੋਂ ਲੈ ਕੇ ਹਮਾਥ ਦੇ ਰਸਤੇ ਤੱਕ ਵੱਸਦੇ ਸਨ। 4ਇਨ੍ਹਾਂ ਸਾਰਿਆਂ ਨੂੰ ਇਸਰਾਏਲ ਦੀ ਪਰਖ ਕਰਨ ਲਈ ਰੱਖਿਆ ਗਿਆ ਸੀ, ਇਹ ਵੇਖਣ ਲਈ ਕਿ ਕੀ ਉਨ੍ਹਾਂ ਨੇ ਯਾਹਵੇਹ ਦੇ ਹੁਕਮਾਂ ਦੀ ਪਾਲਣਾ ਕੀਤੀ, ਜੋ ਯਾਹਵੇਹ ਨੇ ਮੋਸ਼ੇਹ ਰਾਹੀਂ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤੇ ਸਨ।
5ਇਸਰਾਏਲੀ ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਵਿਚਕਾਰ ਵੱਸਦੇ ਸਨ। 6ਉਨ੍ਹਾਂ ਨੇ ਉਹਨਾਂ ਧੀਆਂ ਨਾਲ ਆਪ ਵਿਆਹ ਕੀਤੇ ਅਤੇ ਆਪਣੀਆਂ ਧੀਆਂ ਉਹਨਾਂ ਦੇ ਪੁੱਤਰਾਂ ਨਾਲ ਵਿਆਹ ਦਿੱਤੀਆਂ ਅਤੇ ਉਹਨਾਂ ਦੇ ਦੇਵਤਿਆਂ ਦੀ ਸੇਵਾ ਕੀਤੀ।
ਆਥਨੀਏਲ
7ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਕਿਉਂ ਜੋ ਉਹ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਗਏ ਅਤੇ ਬਆਲ ਅਤੇ ਅਸ਼ੇਰਾਹ ਦੇਵੀ ਦੀ ਪੂਜਾ ਕਰਨ ਲੱਗੇ। 8ਯਾਹਵੇਹ ਦਾ ਕ੍ਰੋਧ ਇਸਰਾਏਲ ਉੱਤੇ ਇਸ ਤਰ੍ਹਾਂ ਭੜਕਿਆ ਕਿ ਉਸਨੇ ਉਹਨਾਂ ਨੂੰ ਮਸੋਪੋਤਾਮੀਆ ਦੇ ਰਾਜਾ ਕੂਸ਼ਨ-ਰਿਸ਼ਾਤੈਮ ਦੇ ਹੱਥਾਂ ਵਿੱਚ ਵੇਚ ਦਿੱਤਾ, ਜਿਸ ਦੇ ਅਧੀਨ ਇਸਰਾਏਲੀ ਅੱਠ ਸਾਲ ਤੱਕ ਰਹੇ। 9ਪਰ ਜਦੋਂ ਇਸਰਾਏਲੀਆਂ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ, ਤਾਂ ਉਸ ਨੇ ਉਹਨਾਂ ਲਈ ਇੱਕ ਛੁਟਕਾਰਾ ਦੇਣ ਲਈ ਕਾਲੇਬ ਦੇ ਛੋਟੇ ਭਰਾ ਕੇਨਜ਼ ਦੇ ਪੁੱਤਰ ਆਥਨੀਏਲ ਨੂੰ ਖੜ੍ਹਾ ਕੀਤਾ, ਜਿਸ ਨੇ ਉਹਨਾਂ ਨੂੰ ਬਚਾਇਆ। 10ਯਾਹਵੇਹ ਦਾ ਆਤਮਾ ਉਸ ਉੱਤੇ ਆਇਆ, ਇਸ ਲਈ ਉਹ ਇਸਰਾਏਲ ਦਾ ਨਿਆਈਂ ਬਣਿਆ ਅਤੇ ਲੜਾਈ ਕਰਨ ਨੂੰ ਨਿੱਕਲਿਆ ਅਤੇ ਯਾਹਵੇਹ ਨੇ ਅਰਾਮ ਦੇ ਰਾਜਾ ਕੂਸ਼ਨ-ਰਿਸ਼ਾਤੈਮ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਅਤੇ ਆਥਨੀਏਲ ਦਾ ਹੱਥ ਕੂਸ਼ਨ-ਰਿਸ਼ਾਤੈਮ ਦੇ ਉੱਤੇ ਬਲਵਾਨ ਹੋਇਆ। 11ਇਸ ਲਈ ਦੇਸ਼ ਵਿੱਚ ਚਾਲੀ ਸਾਲਾਂ ਤੱਕ ਸ਼ਾਂਤੀ ਰਹੀ, ਜਦੋਂ ਤੱਕ ਕੇਨਜ਼ ਦੇ ਪੁੱਤਰ ਆਥਨੀਏਲ ਦੀ ਮੌਤ ਨਾ ਹੋ ਗਈ।
ਏਹੂਦ
12ਫਿਰ ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਇਸ ਲਈ ਯਾਹਵੇਹ ਨੇ ਮੋਆਬ ਦੇ ਰਾਜੇ ਅਗਲੋਨ ਨੂੰ ਇਸਰਾਏਲ ਉੱਤੇ ਪਰਬਲ ਕੀਤਾ। 13ਅੰਮੋਨੀਆਂ ਅਤੇ ਅਮਾਲੇਕੀਆਂ ਨੂੰ ਆਪਣੇ ਨਾਲ ਮਿਲਾਉਣ ਲਈ, ਏਗਲੋਨ ਆਇਆ ਅਤੇ ਇਸਰਾਏਲ ਉੱਤੇ ਹਮਲਾ ਕੀਤਾ, ਅਤੇ ਉਹਨਾਂ ਨੇ ਖਜੂਰਾਂ ਵਾਲੇ ਸ਼ਹਿਰ#3:13 ਖਜੂਰਾਂ ਵਾਲੇ ਸ਼ਹਿਰ ਅਰਥਾਤ: ਜੇਰੀਕੋ ਉੱਤੇ ਕਬਜ਼ਾ ਕਰ ਲਿਆ। 14ਇਸਰਾਏਲੀ ਅਠਾਰਾਂ ਸਾਲਾਂ ਤੱਕ ਮੋਆਬ ਦੇ ਰਾਜੇ ਅਗਲੋਨ ਦੇ ਅਧੀਨ ਰਹੇ।
15ਤਦ ਇਸਰਾਏਲੀਆਂ ਨੇ ਫਿਰ ਯਾਹਵੇਹ ਅੱਗੇ ਦੁਹਾਈ ਦਿੱਤੀ ਅਤੇ ਯਾਹਵੇਹ ਨੇ ਉਨ੍ਹਾਂ ਦੇ ਲਈ ਇੱਕ ਛੁਟਕਾਰਾ ਦੇਣ ਵਾਲਾ ਖੜ੍ਹਾ ਕੀਤਾ ਅਰਥਾਤ ਗੇਰਾ ਦਾ ਪੁੱਤਰ ਏਹੂਦ ਜੋ ਬਿਨਯਾਮੀਨ ਦੇ ਉੱਤਰਾਧਿਕਾਰੀ ਸੀ। ਉਹ ਖੱਬੇ ਹੱਥ ਨਾਲ ਕੰਮ ਕਰਦਾ ਸੀ। ਇਸਰਾਏਲੀਆਂ ਨੇ ਉਸ ਰਾਹੀਂ ਨਜ਼ਰਾਨਾਂ ਮੋਆਬ ਦੇ ਰਾਜੇ ਅਗਲੋਨ ਨੂੰ ਭੇਜਿਆ। 16ਹੁਣ ਏਹੂਦ ਨੇ ਇੱਕ ਹੱਥ ਲੰਮੀ#3:16 ਲਗਭਗ 18 ਇੰਚ ਦੋਧਾਰੀ ਤਲਵਾਰ ਬਣਾਈ ਸੀ, ਜਿਸ ਨੂੰ ਉਸਨੇ ਆਪਣੇ ਕੱਪੜੇ ਦੇ ਹੇਠਾਂ ਆਪਣੇ ਸੱਜੇ ਪੱਟ ਵਿੱਚ ਬੰਨ੍ਹਿਆ ਸੀ। 17ਉਸ ਨੇ ਮੋਆਬ ਦੇ ਰਾਜੇ ਅਗਲੋਨ ਨੂੰ ਨਜ਼ਰਾਨਾ ਭੇਟ ਕੀਤਾ, ਅਗਲੋਨ ਨ ਇੱਕ ਬਹੁਤ ਹੀ ਮੋਟਾ ਮਨੁੱਖ ਸੀ। 18ਜਦੋਂ ਏਹੂਦ ਨੇ ਨਜ਼ਰਾਨਾ ਉਸ ਨੂੰ ਭੇਟ ਕੀਤਾ, ਤਾਂ ਉਸ ਨੇ ਆਪਣੇ ਨਾਲ ਆਏ ਸਾਰੇ ਆਦਮੀਆਂ ਨੂੰ ਭੇਜ ਦਿੱਤਾ। 19ਪਰ ਗਿਲਗਾਲ ਦੇ ਨੇੜੇ ਪੱਥਰ ਦੀਆਂ ਮੂਰਤਾਂ ਕੋਲ ਪਹੁੰਚ ਕੇ ਉਹ ਆਪ ਏਗਲੋਨ ਨੂੰ ਵਾਪਸ ਗਿਆ ਅਤੇ ਕਿਹਾ, “ਹੇ ਮਹਾਰਾਜ, ਮੇਰੇ ਕੋਲ ਤੁਹਾਡੇ ਲਈ ਇੱਕ ਗੁਪਤ ਸੰਦੇਸ਼ ਹੈ।”
ਰਾਜੇ ਨੇ ਆਪਣੇ ਸੇਵਕਾਂ ਨੂੰ ਕਿਹਾ, “ਥੋੜੀ ਦੇਰ ਬਾਹਰ ਜਾਓ!” ਤਦ ਉਹ ਸਾਰੇ ਚਲੇ ਗਏ।
20ਏਹੂਦ ਫਿਰ ਉਸ ਕੋਲ ਆਇਆ ਜਦੋਂ ਉਹ ਆਪਣੇ ਮਹਿਲ ਦੇ ਉੱਪਰਲੇ ਕਮਰੇ ਵਿੱਚ ਇਕੱਲਾ ਬੈਠਾ ਸੀ ਏਹੂਦ ਨੇ ਫਿਰ ਉਸਨੂੰ ਕਿਹਾ, “ਮੇਰੇ ਕੋਲ ਤੁਹਾਡੇ ਲਈ ਪਰਮੇਸ਼ਵਰ ਦਾ ਸੰਦੇਸ਼ ਹੈ।” ਜਿਵੇਂ ਹੀ ਰਾਜਾ ਆਪਣੀ ਗੱਦੀ ਤੋਂ ਉੱਠਿਆ, 21ਏਹੂਦ ਨੇ ਆਪਣੇ ਖੱਬੇ ਹੱਥ ਨਾਲ ਸੱਜੇ ਪੱਟ ਤੋਂ ਤਲਵਾਰ ਕੱਢੀ ਅਤੇ ਰਾਜੇ ਦੇ ਢਿੱਡ ਵਿੱਚ ਖੋਬ ਦਿੱਤੀ। 22ਅਤੇ ਤਲਵਾਰ ਦੇ ਨਾਲ ਦਸਤਾ ਵੀ ਉਸ ਦੇ ਢਿੱਡ ਵਿੱਚ ਧੱਸ ਗਿਆ ਅਤੇ ਤਲਵਾਰ ਚਰਬੀ ਦੇ ਵਿੱਚ ਜਾ ਕੇ ਖੁੱਭ ਗਈ ਕਿਉ ਜੋ ਉਸ ਨੇ ਤਲਵਾਰ ਨੂੰ ਉਹ ਦੇ ਢਿੱਡ ਵਿੱਚ ਨਹੀਂ ਕੱਢਿਆ ਸਗੋਂ ਤਲਵਾਰ ਉਸ ਦੇ ਆਰ-ਪਾਰ ਨਿੱਕਲ ਗਈ ਅਤੇ ਚਰਬੀ ਨੇ ਉਸ ਨੂੰ ਢੱਕ ਲਿਆ। 23ਤਦ ਏਹੂਦ ਬਾਹਰ ਵੇਹੜੇ ਵੱਲ ਗਿਆ, ਉਸਨੇ ਉੱਪਰਲੇ ਕਮਰੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਉਹਨਾਂ ਨੂੰ ਤਾਲਾ ਲਗਾ ਦਿੱਤਾ।
24ਉਸ ਦੇ ਜਾਣ ਤੋਂ ਬਾਅਦ ਨੌਕਰਾਂ ਨੇ ਆ ਕੇ ਦੇਖਿਆ ਤਾਂ ਉੱਪਰਲੇ ਕਮਰੇ ਦੇ ਦਰਵਾਜ਼ੇ ਬੰਦ ਸਨ। ਉਹਨਾਂ ਨੇ ਕਿਹਾ, “ਏਗਲੋਨ ਮਹਿਲ ਦੇ ਅੰਦਰਲੇ ਕਮਰੇ ਵਿੱਚ ਆਰਾਮ ਕਰ ਰਿਹਾ ਹੋਵੇਗਾ।” 25ਉਹ ਇੰਤਜ਼ਾਰ ਕਰਦੇ-ਕਰਦੇ ਚਿੰਤਾ ਨਾਲ ਭਰ ਗਏ, ਪਰ ਜਦੋਂ ਉਸਨੇ ਕਮਰੇ ਦਾ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਹਨਾਂ ਨੇ ਚਾਬੀ ਲੈ ਕੇ ਤਾਲਾ ਖੋਲ੍ਹ ਦਿੱਤਾ। ਉੱਥੇ ਉਹਨਾਂ ਨੇ ਆਪਣੇ ਮਾਲਕ ਨੂੰ ਫਰਸ਼ ਤੇ ਡਿੱਗਿਆ, ਅਤੇ ਮਰਿਆ ਹੋਇਆ ਦੇਖਿਆ।
26ਜਦੋਂ ਉਹ ਉਡੀਕ ਕਰ ਰਹੇ ਸਨ, ਏਹੂਦ ਉੱਥੋਂ ਚਲਾ ਗਿਆ। ਉਹ ਪੱਥਰ ਦੀ ਖਾਣ ਤੋਂ ਪਾਰ ਲੰਘ ਗਿਆ ਅਤੇ ਸਈਰਾਹ ਨੂੰ ਭੱਜ ਗਿਆ। 27ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਤੁਰ੍ਹੀ ਵਜਾਈ ਅਤੇ ਇਸਰਾਏਲੀ ਉਸ ਦੇ ਨਾਲ ਪਹਾੜੀਆਂ ਤੋਂ ਹੇਠਾਂ ਉੱਤਰ ਗਏ ਅਤੇ ਉਹ ਉਹਨਾਂ ਦੀ ਅਗਵਾਈ ਕਰ ਰਿਹਾ ਸੀ।
28ਉਸਨੇ ਹੁਕਮ ਦਿੱਤਾ, “ਮੇਰੇ ਪਿੱਛੇ ਚੱਲੋ, ਕਿਉਂਕਿ ਯਾਹਵੇਹ ਨੇ ਤੁਹਾਡੇ ਦੁਸ਼ਮਣ ਮੋਆਬ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ ਹੈ।” ਇਸ ਲਈ ਉਹ ਉਸ ਦੇ ਪਿੱਛੇ-ਪਿੱਛੇ ਚੱਲੇ ਗਏ ਅਤੇ ਯਰਦਨ ਦੇ ਦਰਿਆਵਾਂ ਉੱਤੇ ਕਬਜ਼ਾ ਕਰ ਲਿਆ ਜੋ ਮੋਆਬ ਵੱਲ ਜਾਂਦੇ ਸਨ। ਉਹਨਾਂ ਨੇ ਕਿਸੇ ਨੂੰ ਵੀ ਪਾਰ ਨਹੀਂ ਜਾਣ ਦਿੱਤਾ। 29ਉਸ ਸਮੇਂ ਉਹਨਾਂ ਨੇ ਤਕਰੀਬਨ ਦਸ ਹਜ਼ਾਰ ਮੋਆਬੀਆਂ ਨੂੰ ਮਾਰਿਆ, ਸਾਰੇ ਬਲਵੰਤ ਅਤੇ ਤਕੜੇ ਸਨ ਅਤੇ ਉਹਨਾਂ ਵਿੱਚੋਂ ਕੋਈ ਵੀ ਨਹੀਂ ਬਚਿਆ। 30ਉਸ ਦਿਨ ਮੋਆਬ ਇਸਰਾਏਲ ਦੇ ਅਧੀਨ ਕਰ ਦਿੱਤਾ ਗਿਆ ਅਤੇ ਦੇਸ਼ ਵਿੱਚ ਅੱਸੀ ਸਾਲਾਂ ਤੱਕ ਸ਼ਾਂਤੀ ਰਹੀ।
ਸ਼ਮਗਾਰ
31ਏਹੂਦ ਤੋਂ ਬਾਅਦ ਅਨਾਥ ਦਾ ਪੁੱਤਰ ਸ਼ਮਗਾਰ ਆਇਆ, ਜਿਸ ਨੇ ਛੇ ਸੌ ਫ਼ਲਿਸਤੀਆਂ ਨੂੰ ਬਲਦ ਦੇ ਡੰਡੇ ਨਾਲ ਮਾਰਿਆ ਅਤੇ ਉਸਨੇ ਇਸਰਾਏਲ ਨੂੰ ਵੀ ਬਚਾਇਆ।
Currently Selected:
ਨਿਆਂਈਆਂ 3: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.