Bible App logo
Search Icon

ਨਿਆਂਈਆਂ 1

1
ਇਸਰਾਏਲੀਆਂ ਦਾ ਬਾਕੀ ਬਚੇ ਕਨਾਨੀਆਂ ਨਾਲ ਲੜਨਾ
1ਯਹੋਸ਼ੂਆ ਦੀ ਮੌਤ ਤੋਂ ਬਾਅਦ, ਇਸਰਾਏਲੀਆਂ ਨੇ ਯਾਹਵੇਹ ਨੂੰ ਪੁੱਛਿਆ, “ਸਾਡੇ ਵਿੱਚੋਂ ਕੌਣ ਕਨਾਨੀਆਂ ਨਾਲ ਲੜਨ ਲਈ ਪਹਿਲਾਂ ਚੜ੍ਹੇਗਾ?”
2ਯਾਹਵੇਹ ਨੇ ਜਵਾਬ ਦਿੱਤਾ, “ਯਹੂਦਾਹ ਜਾਵੇਗਾ, ਮੈਂ ਸਾਰਾ ਦੇਸ਼ ਉਸਦੇ ਹੱਥ ਵਿੱਚ ਦੇ ਦਿੱਤਾ ਹੈ।”
3ਤਦ ਯਹੂਦਾਹ ਦੇ ਬੰਦਿਆਂ ਨੇ ਆਪਣੇ ਇਸਰਾਏਲੀ ਭਰਾਂ ਸ਼ਿਮਓਨੀਆਂ ਨੂੰ ਆਖਿਆ, “ਸਾਡੇ ਹਿੱਸੇ ਦੀ ਵੰਡ ਵਿੱਚ ਸਾਡੇ ਨਾਲ ਆ ਤਾਂ ਜੋ ਅਸੀਂ ਕਨਾਨੀਆਂ ਨਾਲ ਲੜਾਈ ਕਰੀਏ ਅਤੇ ਇਸੇ ਤਰ੍ਹਾਂ ਅਸੀਂ ਵੀ ਤੁਹਾਡੇ ਹਿੱਸੇ ਦੀ ਵੰਡ ਵਿੱਚ ਤੁਹਾਡੇ ਨਾਲ ਆਵਾਂਗੇ।” ਇਸ ਲਈ ਸ਼ਿਮਓਨ ਦਾ ਵੰਸ਼ ਯਹੂਦਾਹ ਨਾਲ ਗਿਆ।
4ਜਦੋਂ ਯਹੂਦਾਹ ਨੇ ਹਮਲਾ ਕੀਤਾ, ਯਾਹਵੇਹ ਨੇ ਕਨਾਨੀਆਂ ਅਤੇ ਪਰਿੱਜ਼ੀਆਂ ਨੂੰ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ ਅਤੇ ਉਹਨਾਂ ਨੇ ਬੇਜ਼ੇਕ ਵਿੱਚ ਦਸ ਹਜ਼ਾਰ ਮਨੁੱਖਾਂ ਨੂੰ ਮਾਰ ਦਿੱਤਾ। 5ਬੇਜ਼ੇਕ ਵਿੱਚ ਉਹਨਾਂ ਨੇ ਅਦੋਨੀ-ਬੇਜ਼ੇਕ ਲੱਭ ਲਿਆ ਅਤੇ ਉਸ ਦੇ ਵਿਰੁੱਧ ਯੁੱਧ ਕੀਤਾ ਅਤੇ ਕਨਾਨੀਆਂ ਪਰਿੱਜ਼ੀਆਂ ਨੂੰ ਮਾਰ ਦਿੱਤਾ। 6ਪਰ ਅਦੋਨੀ-ਬੇਜ਼ੇਕ ਭੱਜ ਗਿਆ, ਪਰ ਉਹਨਾਂ ਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਫੜ ਲਿਆ, ਅਤੇ ਉਸਦੇ ਹੱਥਾਂ ਅਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ।
7ਤਦ ਅਦੋਨੀ-ਬੇਜ਼ੇਕ ਨੇ ਕਿਹਾ, “ਸੱਤਰ ਰਾਜਿਆਂ ਜਿਨ੍ਹਾਂ ਦੇ ਮੈਂ ਹੱਥਾਂ ਅਤੇ ਪੈਰਾਂ ਦੇ ਅੰਗੂਠੇ ਵੱਢੇ ਸਨ, ਉਹ ਮੇਰੀ ਮੇਜ਼ ਦੇ ਹੇਠਾਂ ਚੂਰ-ਭੂਰ ਚੁੱਕਦੇ ਸਨ। ਹੁਣ ਪਰਮੇਸ਼ਵਰ ਨੇ ਮੈਨੂੰ ਉਸ ਦਾ ਬਦਲਾ ਦਿੱਤਾ ਹੈ ਜੋ ਮੈਂ ਉਹਨਾਂ ਨਾਲ ਕੀਤਾ ਸੀ।” ਉਹ ਉਸਨੂੰ ਯੇਰੂਸ਼ਲੇਮ ਲੈ ਆਏ ਅਤੇ ਉਹ ਉੱਥੇ ਮਰ ਗਿਆ।
8ਯਹੂਦਾਹ ਦੇ ਬੰਦਿਆਂ ਨੇ ਯੇਰੂਸ਼ਲੇਮ ਉੱਤੇ ਵੀ ਹਮਲਾ ਕੀਤਾ ਅਤੇ ਇਸਨੂੰ ਜਿੱਤ ਲਿਆ। ਉਹਨਾਂ ਨੇ ਤਲਵਾਰ ਦੀ ਧਾਰ ਨਾਲ ਉਸਦੇ ਵਾਸੀਆਂ ਨੂੰ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ।
9ਉਸ ਤੋਂ ਬਾਅਦ, ਯਹੂਦਾਹ ਪਹਾੜੀ ਦੇਸ਼, ਨੇਗੇਵ ਅਤੇ ਪੱਛਮੀ ਤਲਹਟੀ ਵਿੱਚ ਰਹਿੰਦੇ ਕਨਾਨੀਆਂ ਨਾਲ ਲੜਨ ਲਈ ਹੇਠਾਂ ਚਲੇ ਗਏ। 10ਅਤੇ ਯਹੂਦਾਹ ਉਹਨਾਂ ਕਨਾਨੀਆਂ ਦਾ ਜੋ ਹੇਬਰੋਨ ਵਿੱਚ ਰਹਿੰਦੇ ਸਨ ਸਾਹਮਣਾ ਕਰਨ ਲਈ ਗਿਆ। ਹਰਬੋਨ ਦਾ ਨਾਮ ਪਹਿਲਾ ਕਿਰਯਥ ਅਰਬਾ ਸੀ। ਉੱਥੇ ਉਨ੍ਹਾਂ ਨੇ ਸ਼ੇਸ਼ਈ, ਅਹੀਮਾਨ ਅਤੇ ਤਲਮਈ ਨੂੰ ਮਾਰ ਦਿੱਤਾ। 11ਉੱਥੋਂ ਉਹਨਾਂ ਜਾ ਕੇ ਦਬੀਰ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਰੁੱਧ ਹਮਲਾ ਕੀਤਾ। ਦਬੀਰ ਦਾ ਪਹਿਲਾ ਨਾਮ ਕਿਰਯਥ-ਸੇਫਰ ਸੀ।
12ਅਤੇ ਕਾਲੇਬ ਨੇ ਕਿਹਾ, “ਮੈਂ ਆਪਣੀ ਧੀ ਅਕਸਾਹ ਨੂੰ ਉਸ ਆਦਮੀ ਨਾਲ ਵਿਆਹ ਦੇਵਾਂਗਾ ਜੋ ਕਿਰਯਥ-ਸੇਫਰ ਉੱਤੇ ਹਮਲਾ ਕਰਕੇ ਉਸ ਉੱਤੇ ਕਬਜ਼ਾ ਕਰੇ।” 13ਕਾਲੇਬ ਦੇ ਛੋਟੇ ਭਰਾ ਕੇਨਜ਼ ਦੇ ਪੁੱਤਰ ਆਥਨੀਏਲ ਨੇ ਇਸਨੂੰ ਜਿੱਤ ਲਿਆ। ਇਸ ਲਈ ਕਾਲੇਬ ਨੇ ਆਪਣੀ ਧੀ ਅਕਸਾਹ ਦਾ ਵਿਆਹ ਉਸ ਨਾਲ ਕਰ ਦਿੱਤਾ।
14ਇੱਕ ਦਿਨ ਜਦੋਂ ਉਹ ਆਥਨੀਏਲ ਕੋਲ ਆਈ, ਤਾਂ ਉਸਨੇ ਉਸ ਨੂੰ ਆਪਣੇ ਪਿਤਾ ਤੋਂ ਖੇਤ ਮੰਗਣ ਲਈ ਕਿਹਾ। ਜਦੋਂ ਉਹ ਆਪਣੇ ਖੋਤੇ ਤੋਂ ਉਤਰੀ, ਕਾਲੇਬ ਨੇ ਉਸ ਨੂੰ ਪੁੱਛਿਆ, “ਮੈਂ ਤੇਰੇ ਲਈ ਕੀ ਕਰ ਸਕਦਾ ਹਾਂ?”
15ਉਸ ਨੇ ਜਵਾਬ ਦਿੱਤਾ, “ਮੇਰੇ ਉੱਤੇ ਕੋਈ ਖਾਸ ਕਿਰਪਾ ਕਰੋ ਕਿਉਂਕਿ ਤੁਸੀਂ ਮੈਨੂੰ ਨੇਗੇਵ ਵਿੱਚ ਜ਼ਮੀਨ ਦਿੱਤੀ ਹੈ, ਇਸ ਲਈ ਮੈਨੂੰ ਪਾਣੀ ਦੇ ਚਸ਼ਮੇ ਵੀ ਦਿਓ।” ਇਸ ਲਈ ਕਾਲੇਬ ਨੇ ਉਸਨੂੰ ਉੱਪਰਲੇ ਅਤੇ ਹੇਠਲੇ ਪਾਣੀ ਦੇ ਚਸ਼ਮੇ ਦਿੱਤੇ।
16ਮੋਸ਼ੇਹ ਦੇ ਸਹੁਰੇ ਦੇ ਉੱਤਰਾਧਿਕਾਰੀ, ਕੇਨੀ, ਯਹੂਦਾਹ ਦੇ ਲੋਕਾਂ ਨਾਲ ਖਜ਼ੂਰ ਸ਼ਹਿਰ#1:16 ਖਜ਼ੂਰ ਸ਼ਹਿਰ ਅਰਥਾਤ: ਜਰੀਕੋ ਤੋਂ ਅਰਾਦ ਦੇ ਨੇੜੇ ਨੇਗੇਵ ਵਿੱਚ ਯਹੂਦਾਹ ਦੇ ਮਾਰੂਥਲ ਦੇ ਵਾਸੀਆਂ ਨਾਲ ਰਹਿਣ ਲਈ ਚਲੇ ਗਏ।
17ਤਦ ਯਹੂਦਾਹ ਦੇ ਆਦਮੀ ਸ਼ਿਮਓਨੀਆਂ ਨਾਲ ਗਏ ਅਤੇ ਸੇਫ਼ਥ ਵਿੱਚ ਰਹਿੰਦੇ ਕਨਾਨੀਆਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਲਈ ਇਸਨੂੰ ਹੋਰਮਾਹ#1:17 ਹੋਰਮਾਹ ਅਰਥਾਤ: ਵਿਨਾਸ਼ ਕਿਹਾ ਜਾਂਦਾ ਸੀ। 18ਯਹੂਦਾਹ ਨੇ ਗਾਜ਼ਾ, ਅਸ਼ਕਲੋਨ ਅਤੇ ਏਕਰੋਨ ਨੂੰ ਵੀ ਉਸਦੇ ਇਲਾਕੇ ਸਮੇਤ ਲੈ ਲਿਆ।
19ਯਾਹਵੇਹ ਯਹੂਦਾਹ ਦੇ ਲੋਕਾਂ ਦੇ ਨਾਲ ਸੀ। ਉਹਨਾਂ ਨੇ ਪਹਾੜੀ ਦੇਸ਼ ਉੱਤੇ ਕਬਜ਼ਾ ਕਰ ਲਿਆ, ਪਰ ਉਹ ਲੋਕਾਂ ਨੂੰ ਮੈਦਾਨੀ ਇਲਾਕਿਆਂ ਵਿੱਚੋਂ ਭਜਾਉਣ ਵਿੱਚ ਅਸਫ਼ਲ ਰਹੇ, ਕਿਉਂਕਿ ਉਹਨਾਂ ਕੋਲ ਲੋਹੇ ਦੇ ਰੱਥ ਸਨ। 20ਜਿਵੇਂ ਮੋਸ਼ੇਹ ਨੇ ਵਾਅਦਾ ਕੀਤਾ ਸੀ, ਹੇਬਰੋਨ ਸ਼ਹਿਰ ਕਾਲੇਬ ਨੂੰ ਦਿੱਤਾ ਗਿਆ, ਅਤੇ ਉਸਨੇ ਅਨਾਕ ਦੇ ਤਿੰਨ ਪੁੱਤਰਾਂ ਨੂੰ ਕੱਢ ਦਿੱਤਾ ਸੀ। 21ਬਿਨਯਾਮੀਨੀਆਂ ਨੇ ਯਬੂਸੀਆਂ ਨੂੰ ਨਹੀਂ ਕੱਢਿਆ, ਜੋ ਯੇਰੂਸ਼ਲੇਮ ਵਿੱਚ ਰਹਿ ਰਹੇ ਸਨ; ਅੱਜ ਤੱਕ ਯਬੂਸੀ ਉੱਥੇ ਬਿਨਯਾਮੀਨੀਆਂ ਦੇ ਨਾਲ ਰਹਿੰਦੇ ਹਨ।
22ਹੁਣ ਯੋਸੇਫ਼ ਦੇ ਗੋਤਾਂ ਨੇ ਬੈਤਏਲ ਉੱਤੇ ਹਮਲਾ ਕੀਤਾ ਅਤੇ ਯਾਹਵੇਹ ਉਹਨਾਂ ਦੇ ਨਾਲ ਸੀ। 23ਜਦੋਂ ਯੋਸੇਫ਼ ਦੇ ਘਰਾਣੇ ਨੇ ਬੈਤਏਲ ਸ਼ਹਿਰ ਦੀ ਖੋਜ ਕਰਨ ਲਈ ਲੋਕ ਭੇਜੇ। ਬੈਤਏਲ ਦਾ ਪਹਿਲਾ ਨਾਮ ਲੂਜ਼ ਸੀ, 24ਜਦ ਜਾਸੂਸਾਂ ਨੇ ਇੱਕ ਆਦਮੀ ਨੂੰ ਸ਼ਹਿਰ ਵਿੱਚੋਂ ਬਾਹਰ ਆਉਂਦੀਆਂ ਵੇਖਿਆ ਅਤੇ ਉਸ ਨੂੰ ਕਿਹਾ, “ਜੇਕਰ ਤੂੰ ਸਾਨੂੰ ਸ਼ਹਿਰ ਵਿੱਚ ਦਾਖਲ ਹੋਣ ਦਾ ਰਾਹ ਵਿਖਾਵੇ ਤਾਂ ਅਸੀਂ ਤੇਰੇ ਨਾਲ ਚੰਗਾ ਸਲੂਕ ਕਰਾਂਗੇ।” 25ਇਸ ਲਈ ਉਸਨੇ ਉਹਨਾਂ ਨੂੰ ਰਾਹ ਦਿਖਾਇਆ ਅਤੇ ਉਹਨਾਂ ਨੇ ਸ਼ਹਿਰ ਨੂੰ ਤਲਵਾਰ ਨਾਲ ਮਾਰ ਦਿੱਤਾ, ਪਰ ਉਸ ਆਦਮੀ ਅਤੇ ਉਸਦੇ ਸਾਰੇ ਪਰਿਵਾਰ ਨੂੰ ਬਚਾਇਆ। 26ਫਿਰ ਉਹ ਹਿੱਤੀਆਂ ਦੇ ਦੇਸ਼ ਵਿੱਚ ਗਿਆ, ਜਿੱਥੇ ਉਸਨੇ ਇੱਕ ਸ਼ਹਿਰ ਵਸਾਇਆ ਅਤੇ ਉਸਦਾ ਨਾਮ ਲੂਜ਼ ਰੱਖਿਆ, ਅਤੇ ਅੱਜ ਤੱਕ ਉਸਦਾ ਇਹ ਨਾਮ ਹੈ।
27ਪਰ ਮਨੱਸ਼ੇਹ ਨੇ ਬੈਥ ਸ਼ਾਨ, ਤਾਨਾਖ, ਦੋਰ, ਯਿਬਲਾਮ, ਮਗਿੱਦੋ ਅਤੇ ਉਹਨਾਂ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਨਹੀਂ ਕੱਢਿਆ ਕਿਉਂਕਿ ਕਨਾਨੀਆਂ ਨੇ ਉਸ ਧਰਤੀ ਉੱਤੇ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ। 28ਜਦੋਂ ਇਸਰਾਏਲ ਮਜ਼ਬੂਤ ਹੋ ਗਏ, ਤਾਂ ਉਹ ਕਨਾਨੀਆਂ ਕੋਲੋ ਜ਼ਬਰਦਸਤੀ ਮਜ਼ਦੂਰੀ ਕਰਵਾਉਂਦੇ ਸਨ, ਪਰ ਉਹਨਾਂ ਨੂੰ ਕਦੇ ਵੀ ਪੂਰੀ ਤਰ੍ਹਾਂ ਬਾਹਰ ਨਹੀਂ ਕੱਢਿਆ। 29ਨਾ ਹੀ ਇਫ਼ਰਾਈਮ ਨੇ ਗੇਜ਼ੇਰ ਵਿੱਚ ਰਹਿੰਦੇ ਕਨਾਨੀਆਂ ਨੂੰ ਬਾਹਰ ਕੱਢਿਆ, ਪਰ ਕਨਾਨੀ ਉੱਥੇ ਉਹਨਾਂ ਦੇ ਵਿਚਕਾਰ ਰਹਿੰਦੇ ਰਹੇ। 30ਨਾ ਹੀ ਜ਼ਬੂਲੁਨ ਨੇ ਕਿਤਰੋਨ ਜਾਂ ਨਹਲੋਲ ਵਿੱਚ ਰਹਿੰਦੇ ਕਨਾਨੀਆਂ ਨੂੰ ਬਾਹਰ ਕੱਢਿਆ, ਇਸ ਲਈ ਇਹ ਕਨਾਨੀ ਉਹਨਾਂ ਵਿੱਚ ਰਹਿੰਦੇ ਸਨ, ਪਰ ਜ਼ਬੂਲੁਨ ਉਹਨਾਂ ਕੋਲੋ ਮਜ਼ਦੂਰੀ ਕਰਾਉਂਦੇ ਸਨ। 31ਨਾ ਹੀ ਆਸ਼ੇਰ ਨੇ ਅੱਕੋ, ਸੀਦੋਨ, ਅਹਲਾਬ, ਅਕਜ਼ੀਬ, ਹੇਲਬਾਹ, ਅਫੀਕ ਜਾਂ ਰੇਹੋਬ ਵਿੱਚ ਰਹਿਣ ਵਾਲਿਆਂ ਨੂੰ ਬਾਹਰ ਕੱਢਿਆ। 32ਸਗੋਂ ਆਸ਼ੇਰੀ ਲੋਕ ਕਨਾਨੀ ਵਾਸੀਆਂ ਵਿੱਚ ਰਹਿੰਦੇ ਸਨ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਸੀ। 33ਨਾ ਹੀ ਨਫ਼ਤਾਲੀ ਨੇ ਬੈਥ-ਸ਼ੇਮੇਸ਼ ਜਾਂ ਬੈਥ ਅਨਾਥ ਵਿੱਚ ਰਹਿਣ ਵਾਲਿਆਂ ਨੂੰ ਬਾਹਰ ਕੱਢਿਆ, ਅਤੇ ਨਫ਼ਤਾਲੀ ਵੀ ਦੇਸ਼ ਦੇ ਕਨਾਨੀ ਵਾਸੀਆਂ ਵਿੱਚ ਰਹਿੰਦੇ ਸਨ, ਪਰ ਬੈਥ-ਸ਼ੇਮੇਸ਼ ਅਤੇ ਬੈਥ ਅਨਾਥ ਦੇ ਵਾਸੀ, ਉਹਨਾਂ ਕੋਲੋ ਮਜ਼ਦੂਰੀ ਕਰਾਉਂਦੇ ਸਨ। 34ਅਮੋਰੀਆਂ ਨੇ ਦਾਨੀਆਂ ਨੂੰ ਪਹਾੜੀ ਦੇਸ਼ ਵਿੱਚ ਭਜਾ ਦਿੱਤਾ, ਅਤੇ ਉਹਨਾਂ ਨੂੰ ਮੈਦਾਨ ਵਿੱਚ ਨਹੀਂ ਆਉਣ ਦਿੱਤਾ। 35ਅਤੇ ਅਮੋਰੀਆਂ ਨੇ ਵੀ ਹੇਰੇਸ ਪਰਬਤ, ਅੱਯਾਲੋਨ ਅਤੇ ਸ਼ਾਲਬੀਮ ਵਿੱਚ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ, ਪਰ ਯੋਸੇਫ਼ ਦੇ ਘਰਾਣੇ ਦਾ ਹੱਥ ਅਜਿਹਾ ਤਕੜਾ ਹੋਇਆ ਕਿ ਉਹ ਉਹਨਾਂ ਕੋਲੋ ਮਜ਼ਦੂਰੀ ਕਰਾਉਂਦੇ ਸਨ। 36ਅਤੇ ਅਮੋਰੀਆਂ ਦੇ ਦੇਸ਼ ਦੀ ਹੱਦ ਅਕਰਾਬੀਮ ਪਰਬਤ ਦੀ ਚੜ੍ਹਾਈ ਤੋਂ ਲੈ ਕੇ ਸੇਲਾ ਤੋਂ ਉੱਪਰ ਵੱਲ ਸੀ।

Currently Selected:

ਨਿਆਂਈਆਂ 1: PCB

Highlight

Copy

Compare

Share

None

Want to have your highlights saved across all your devices? Sign up or sign in

Video for ਨਿਆਂਈਆਂ 1