ਨਿਆਂਈਆਂ 18
18
ਦਾਨੀ ਲੋਕਾਂ ਦਾ ਵਾਸ
1ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ।
ਅਤੇ ਉਨ੍ਹਾਂ ਦਿਨਾਂ ਵਿੱਚ ਦਾਨ ਦਾ ਗੋਤ ਆਪਣੀ ਜਗ੍ਹਾ ਦੀ ਭਾਲ ਵਿੱਚ ਸੀ ਜਿੱਥੇ ਉਹ ਵੱਸਣ ਕਿਉਂਕਿ ਅਜੇ ਇਸਰਾਏਲ ਦੇ ਗੋਤਾਂ ਵਿੱਚ ਉਹਨਾਂ ਨੂੰ ਵਿਰਾਸਤ ਨਹੀਂ ਦਿੱਤੀ ਗਈ ਸੀ। 2ਇਸ ਲਈ ਦਾਨੀਆਂ ਨੇ ਆਪਣੇ ਪੰਜ ਪ੍ਰਮੁੱਖ ਆਦਮੀਆਂ ਨੂੰ ਜ਼ੋਰਾਹ ਅਤੇ ਅਸ਼ਤਾਓਲ ਤੋਂ ਧਰਤੀ ਦੀ ਜਾਸੂਸੀ ਕਰਨ ਅਤੇ ਇਸ ਦੀ ਖੋਜ ਕਰਨ ਲਈ ਭੇਜਿਆ। ਉਹਨਾਂ ਨੂੰ ਇਹ ਕਿਹ ਕੇ ਭੇਜਿਆ, “ਜਾਓ ਅਤੇ ਦੇਸ਼ ਦੀ ਛਾਣਬੀਣ ਕਰੋ।”
ਇਸ ਲਈ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਦਾਖਲ ਹੋਏ ਅਤੇ ਮੀਕਾਹ ਦੇ ਘਰ ਆਏ, ਜਿੱਥੇ ਉਨ੍ਹਾਂ ਨੇ ਰਾਤ ਕੱਟੀ। 3ਜਦੋਂ ਉਹ ਮੀਕਾਹ ਦੇ ਘਰ ਦੇ ਨੇੜੇ ਸਨ, ਤਾਂ ਉਨ੍ਹਾਂ ਨੇ ਨੌਜਵਾਨ ਲੇਵੀ ਦੀ ਆਵਾਜ਼ ਪਛਾਣ ਲਈ; ਇਸ ਲਈ ਉਹ ਉੱਥੇ ਮੁੜੇ ਅਤੇ ਉਸਨੂੰ ਪੁੱਛਿਆ, “ਤੈਨੂੰ ਇੱਥੇ ਕੌਣ ਲਿਆਇਆ ਹੈ? ਤੂੰ ਇਸ ਥਾਂ ਤੇ ਕੀ ਕਰਦਾ ਹੈ? ਤੂੰ ਇੱਥੇ ਕਿਉਂ ਆਇਆ ਹੈ?”
4ਉਸਨੇ ਉਨ੍ਹਾਂ ਨੂੰ ਦੱਸਿਆ ਕਿ ਮੀਕਾਹ ਨੇ ਉਸਦੇ ਲਈ ਕੀ ਕੀਤਾ ਸੀ, ਅਤੇ ਕਿਹਾ, “ਉਸ ਨੇ ਮੈਨੂੰ ਕੰਮ ਉੱਤੇ ਰੱਖਿਆ ਹੈ ਅਤੇ ਮੈਂ ਉਸਦਾ ਜਾਜਕ ਹਾਂ।”
5ਤਦ ਉਨ੍ਹਾਂ ਨੇ ਉਸ ਨੂੰ ਕਿਹਾ, “ਕਿਰਪਾ ਕਰਕੇ ਪਰਮੇਸ਼ਵਰ ਤੋਂ ਪੁੱਛ ਕੀ ਸਾਡੀ ਯਾਤਰਾ ਜੋ ਕਰਦੇ ਹਾਂ ਸਫਲ ਹੋਵੇਗੀ ਜਾਂ ਨਹੀਂ।”
6ਜਾਜਕ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਸ਼ਾਂਤੀ ਨਾਲ ਜਾਓ। ਤੁਹਾਡੀ ਯਾਤਰਾ ਉੱਤੇ ਯਾਹਵੇਹ ਦੀ ਕਿਰਪਾ ਹੈ।”
7ਇਸ ਲਈ ਪੰਜ ਆਦਮੀ ਚਲੇ ਗਏ ਅਤੇ ਲਾਇਸ਼ ਵਿੱਚ ਆਏ, ਜਿੱਥੇ ਉਨ੍ਹਾਂ ਨੇ ਦੇਖਿਆ ਕਿ ਉੱਥੋਂ ਦੇ ਲੋਕ ਸੀਦੋਨੀਆਂ ਵਾਂਗ, ਨਿਡਰ ਸ਼ਾਂਤੀ ਅਤੇ ਸੁਰੱਖਿਆ ਵਿੱਚ ਰਹਿੰਦੇ ਹਨ। ਕਿਉਂਕਿ ਉਨ੍ਹਾਂ ਦੀ ਧਰਤੀ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਸੀ, ਉਹ ਖੁਸ਼ਹਾਲ ਸਨ। ਨਾਲ ਹੀ, ਉਹ ਸੀਦੋਨੀਆਂ ਤੋਂ ਬਹੁਤ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਹੋਰ ਨਾਲ ਕੋਈ ਸੰਬੰਧ ਨਹੀਂ ਸੀ।
8ਜਦੋਂ ਉਹ ਜ਼ੋਰਾਹ ਅਤੇ ਅਸ਼ਤਾਓਲ ਨੂੰ ਵਾਪਸ ਆਏ ਤਾਂ ਉਨ੍ਹਾਂ ਦੇ ਸਾਥੀ ਦਾਨੀਆਂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕੀ ਸਮਾਚਾਰ ਲੈ ਕੇ ਆਏ ਹੋ?”
9ਉਨ੍ਹਾਂ ਨੇ ਉੱਤਰ ਦਿੱਤਾ, “ਆਓ, ਉਨ੍ਹਾਂ ਉੱਤੇ ਹਮਲਾ ਕਰੀਏ! ਅਸੀਂ ਧਰਤੀ ਵੇਖੀ ਹੈ, ਅਤੇ ਇਹ ਬਹੁਤ ਵਧੀਆ ਹੈ ਅਤੇ ਤੁਸੀਂ ਐਂਵੇਂ ਹੀ ਬੈਠੇ ਹੋ? ਹੁਣ ਤੁਸੀਂ ਚਲ ਕੇ ਉਸ ਦੇਸ਼ ਨੂੰ ਜਿੱਤਣ ਲਈ ਢਿੱਲ ਨਾ ਕਰੋ। 10ਜਦੋਂ ਤੁਸੀਂ ਉੱਥੇ ਪਹੁੰਚੋਗੇ, ਤਾਂ ਤੁਹਾਨੂੰ ਅਸੰਭਵ ਲੋਕਾਂ ਨੂੰ ਅਤੇ ਇੱਕ ਵਿਸ਼ਾਲ ਧਰਤੀ ਮਿਲੇਗੀ ਜੋ ਪਰਮੇਸ਼ਵਰ ਨੇ ਤੁਹਾਡੇ ਹੱਥਾਂ ਵਿੱਚ ਦਿੱਤੀ ਹੈ, ਇੱਕ ਅਜਿਹੀ ਧਰਤੀ ਜਿਸ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ।”
11ਤਦ ਦਾਨੀਆਂ ਵਿੱਚੋਂ ਛੇ ਸੌ ਮਨੁੱਖ ਲੜਾਈ ਲਈ ਹਥਿਆਰਬੰਦ ਹੋ ਕੇ ਜ਼ੋਰਾਹ ਅਤੇ ਅਸ਼ਤਾਓਲ ਤੋਂ ਚੱਲ ਪਏ। 12ਰਸਤੇ ਵਿੱਚ ਉਨ੍ਹਾਂ ਨੇ ਯਹੂਦਾਹ ਦੇ ਕਿਰਯਥ-ਯਾਰੀਮ ਸ਼ਹਿਰ ਦੇ ਨੇੜੇ ਡੇਰਾ ਲਾਇਆ। ਇਸ ਲਈ ਕਿਰਯਥ-ਯਾਰੀਮ ਦੇ ਪੱਛਮ ਵਾਲੇ ਸਥਾਨ ਨੂੰ ਅੱਜ ਵੀ ਮਹਾਨੇਹ ਦਾਨ#18:12 ਮਹਾਨੇਹ ਦਾਨ ਅਰਥਾਤ: ਦਾਨ ਦਾ ਪਹਾੜ ਕਿਹਾ ਜਾਂਦਾ ਹੈ। 13ਉੱਥੋਂ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਨੂੰ ਚੱਲੇ ਗਏ ਅਤੇ ਮੀਕਾਹ ਦੇ ਘਰ ਕੋਲ ਆਏ।
14ਤਦ ਉਨ੍ਹਾਂ ਪੰਜ ਮਨੁੱਖਾਂ ਨੇ ਜਿਨ੍ਹਾਂ ਨੇ ਲਾਇਸ਼ ਦੀ ਧਰਤੀ ਦੀ ਜਾਸੂਸੀ ਕੀਤੀ ਸੀ, ਆਪਣੇ ਸੰਗੀ ਦਾਨੀਆਂ ਨੂੰ ਆਖਿਆ, “ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਘਰਾਂ ਵਿੱਚੋਂ ਇੱਕ ਵਿੱਚ ਏਫ਼ੋਦ ਹੈ, ਕੁਝ ਘਰੇਲੂ ਦੇਵਤੇ ਅਤੇ ਇੱਕ ਮੂਰਤ ਚਾਂਦੀ ਨਾਲ ਮੜ੍ਹੀ ਹੋਈ ਹੈ? ਹੁਣ ਤੁਸੀਂ ਜਾਣਦੇ ਹੋ ਕੀ ਕਰਨਾ ਹੈ।” 15ਤਦ ਉਹ ਮੁੜ ਕੇ ਉਸ ਵੱਲ ਗਏ ਅਤੇ ਮੀਕਾਹ ਦੇ ਘਰ ਜਾ ਕੇ ਉਸ ਲੇਵੀ ਜੁਆਨ ਦੀ ਸੁੱਖ-ਸਾਂਦ ਪੁੱਛੀ। 16ਛੇ ਸੌ ਦਾਨੀ ਪੁਰਖ ਲੜਾਈ ਲਈ ਹਥਿਆਰਬੰਦ ਹੋ ਕੇ, ਫਾਟਕ ਦੇ ਪ੍ਰਵੇਸ਼ ਦੁਆਰ ਉੱਤੇ ਖੜੇ ਸਨ। 17ਅਤੇ ਉਨ੍ਹਾਂ ਪੰਜ ਮਨੁੱਖਾਂ ਨੇ ਜੋ ਦੇਸ਼ ਦਾ ਭੇਤ ਲੈਣ ਗਏ ਸਨ, ਉਸ ਘਰ ਵਿੱਚ ਜਾ ਕੇ ਘੜ੍ਹੀ ਹੋਈ ਅਤੇ ਢਾਲੀ ਹੋਈ ਮੂਰਤ ਅਤੇ ਏਫ਼ੋਦ ਅਤੇ ਤਰਾਫੀਮ ਨੂੰ ਲੈ ਲਿਆ ਅਤੇ ਉਹ ਜਾਜਕ ਉਨ੍ਹਾਂ ਛੇ ਸੌ ਹਥਿਆਰਬੰਦ ਮਨੁੱਖਾਂ ਨਾਲ ਫਾਟਕ ਵਿੱਚ ਖੜ੍ਹਾ ਸੀ।
18ਜਦੋਂ ਉਹ ਪੰਜ ਮਨੁੱਖਾਂ ਨੇ ਮੀਕਾਹ ਦੇ ਘਰ ਵੜ ਕੇ ਘੜ੍ਹੀ ਹੋਈ ਮੂਰਤੀ, ਏਫ਼ੋਦ ਅਤੇ ਘਰੇਲੂ ਦੇਵਤਿਆਂ ਦੀ ਮੂਰਤ ਚੁੱਕ ਲਈ ਤਾਂ ਜਾਜਕ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕੀ ਕਰ ਰਹੇ ਹੋ?”
19ਉਨ੍ਹਾਂ ਨੇ ਉਸਨੂੰ ਉੱਤਰ ਦਿੱਤਾ, “ਚੁੱਪ ਕਰ! ਇੱਕ ਵੀ ਸ਼ਬਦ ਨਾ ਕਹੋ। ਸਾਡੇ ਨਾਲ ਆ ਅਤੇ ਸਾਡੇ ਪਿਤਾ ਅਤੇ ਜਾਜਕ ਬਣ। ਕੀ ਇਹ ਬਿਹਤਰ ਨਹੀਂ ਹੈ ਕਿ ਤੂੰ ਸਿਰਫ ਇੱਕ ਆਦਮੀ ਦੇ ਘਰ ਦੀ ਬਜਾਏ ਇਸਰਾਏਲ ਵਿੱਚ ਜਾਜਕ ਵਜੋਂ ਅਤੇ ਇੱਕ ਗੋਤ ਦੀ ਸੇਵਾ ਕਰੇ?” 20ਜਾਜਕ ਦਾ ਮਨ ਬਹੁਤ ਖੁਸ਼ ਹੋਇਆ। ਉਹ ਏਫ਼ੋਦ, ਤਰਾਫੀਮ ਅਤੇ ਘੜ੍ਹੀ ਹੋਈ ਮੂਰਤ ਲੈ ਕੇ ਉਨ੍ਹਾਂ ਦੇ ਲੋਕਾਂ ਦੇ ਨਾਲ ਚੱਲ ਪਿਆ। 21ਉਹ ਮੁੜੇ ਅਤੇ ਆਪਣੇ ਨਿੱਕੇ-ਨਿੱਕੇ ਬੱਚਿਆਂ, ਪਸ਼ੂ-ਪੰਛੀਆਂਂ ਅਤੇ ਮਾਲ-ਧਨ ਨੂੰ ਅੱਗੇ ਕਰਕੇ ਚਲੇ ਗਏ।
22ਜਦੋਂ ਉਹ ਮੀਕਾਹ ਦੇ ਘਰ ਤੋਂ ਕੁਝ ਦੂਰ ਚਲੇ ਗਏ ਸਨ, ਤਾਂ ਮੀਕਾਹ ਦੇ ਨੇੜੇ ਰਹਿਣ ਵਾਲੇ ਆਦਮੀ ਇਕੱਠੇ ਹੋਏ ਅਤੇ ਦਾਨੀਆਂ ਕੋਲ ਜਾ ਪਹੁੰਚੇ। 23ਜਦੋਂ ਉਹ ਉਨ੍ਹਾਂ ਦੇ ਮਗਰ ਰੌਲਾ ਪਾਉਂਦੇ ਸਨ, ਤਾਂ ਦਾਨੀਆਂ ਨੇ ਮੁੜ ਕੇ ਮੀਕਾਹ ਨੂੰ ਕਿਹਾ, “ਤੈਨੂੰ ਕੀ ਗੱਲ ਹੈ ਕਿ ਤੂੰ ਆਪਣੇ ਆਦਮੀਆਂ ਨੂੰ ਲੜਨ ਲਈ ਬੁਲਾਇਆ ਹੈ?”
24ਉਸਨੇ ਜਵਾਬ ਦਿੱਤਾ, “ਤੁਸੀਂ ਮੇਰੇ ਬਣਾਏ ਦੇਵਤਿਆਂ ਅਤੇ ਮੇਰੇ ਜਾਜਕ ਨੂੰ ਲੈ ਕੇ ਚੱਲੇ ਹੋ। ਮੇਰੇ ਕੋਲ ਹੋਰ ਕੀ ਰਹਿ ਗਿਆ ਹੈ? ਤੁਸੀਂ ਕਿਵੇਂ ਪੁੱਛ ਸਕਦੇ ਹੋ, ‘ਤੈਨੂੰ ਕੀ ਹੋਇਆ ਹੈ?’ ”
25ਤਦ ਦਾਨੀਆਂ ਨੇ ਉਸ ਨੂੰ ਕਿਹਾ, “ਤੇਰੀ ਆਵਾਜ਼ ਸਾਡੇ ਲੋਕਾਂ ਵਿੱਚ ਸਣਾਈ ਨਾ ਦੇਵੇ, ਕਿਤੇ ਅਜਿਹਾ ਨਾ ਹੋਵੇ ਕਿ ਗੁੱਸੇ ਵਾਲੇ ਮਨੁੱਖ ਤੇਰੇ ਉੱਤੇ ਹਮਲਾ ਕਰਨ ਅਤੇ ਤੂੰ ਆਪਣੀ ਅਤੇ ਆਪਣੇ ਟੱਬਰ ਦੀ ਜਾਨ ਦੇ ਨਾਸ ਦਾ ਕਾਰਨ ਬਣ ਜਾਵੇ!” 26ਤਾਂ ਦਾਨ ਦੇ ਲੋਕ ਆਪਣੇ ਰਾਹ ਤੁਰ ਪਏ ਅਤੇ ਮੀਕਾਹ ਨੇ ਇਹ ਵੇਖ ਕੇ ਕਿ ਉਹ ਉਸ ਲਈ ਬਹੁਤ ਬਲਵਾਨ ਸਨ, ਮੁੜਿਆ ਅਤੇ ਆਪਣੇ ਘਰ ਨੂੰ ਚਲਾ ਗਿਆ।
27ਤਦ ਉਹ ਮੀਕਾਹ ਦੀਆਂ ਬਣਾਈਆਂ ਹੋਈਆਂ ਵਸਤੂਆਂ ਅਤੇ ਜਾਜਕ ਨੂੰ ਨਾਲ ਲੈ ਕੇ ਲਾਇਸ਼ ਵਿੱਚ ਉਨ੍ਹਾਂ ਕੋਲ ਪਹੁੰਚੇ ਜੋ ਸੁਖੀ ਅਤੇ ਬੇਫਿਕਰ ਸਨ ਉਨ੍ਹਾਂ ਨੇ ਉਨ੍ਹਾਂ ਉੱਤੇ ਤਲਵਾਰ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਦੇ ਸ਼ਹਿਰ ਨੂੰ ਸਾੜ ਦਿੱਤਾ। 28ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਕਿਉਂਕਿ ਉਹ ਸੀਦੋਨ ਤੋਂ ਬਹੁਤ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਹੋਰ ਨਾਲ ਕੋਈ ਰਿਸ਼ਤਾ ਨਹੀਂ ਸੀ। ਇਹ ਸ਼ਹਿਰ ਬੈਤ-ਰਹੋਬ ਦੇ ਨੇੜੇ ਇੱਕ ਘਾਟੀ ਵਿੱਚ ਸੀ।
ਤਦ ਦਾਨੀਆਂ ਨੇ ਉਸ ਸ਼ਹਿਰ ਨੂੰ ਦੁਬਾਰਾ ਬਣਾਇਆ ਅਤੇ ਉੱਥੇ ਵੱਸ ਗਏ। 29ਉਨ੍ਹਾਂ ਨੇ ਇਸ ਦਾ ਨਾਮ ਆਪਣੇ ਪੂਰਵਜ ਦਾਨ ਦੇ ਨਾਮ ਤੇ ਦਾਨ ਰੱਖਿਆ, ਜੋ ਇਸਰਾਏਲ ਵਿੱਚ ਪੈਦਾ ਹੋਇਆ ਸੀ, ਹਾਲਾਂਕਿ ਪਹਿਲਾ ਉਸ ਸ਼ਹਿਰ ਨੂੰ ਲਾਇਸ਼ ਕਿਹਾ ਜਾਂਦਾ ਸੀ। 30ਦਾਨੀਆਂ ਗੋਤ ਨੇ ਆਪਣੇ ਲਈ ਉਸ ਘੜ੍ਹੀ ਹੋਈ ਮੂਰਤੀ ਨੂੰ ਸਥਾਪਿਤ ਕੀਤੀ, ਅਤੇ ਯੋਨਾਥਾਨ ਜੋ ਗੇਰਸ਼ੋਮ ਦਾ ਪੁੱਤਰ, ਮੋਸ਼ੇਹ ਦਾ ਪੁੱਤਰ ਅਤੇ ਉਸ ਦੇਸ਼ ਦੇ ਗੁਲਾਮੀ ਵਿੱਚ ਜਾਣ ਦੇ ਦਿਨ ਤੱਕ ਦਾਨੀਆਂ ਗੋਤ ਦੇ ਜਾਜਕ ਬਣੇ ਰਹੇ। 31ਅਤੇ ਜਦ ਤੱਕ ਪਰਮੇਸ਼ਵਰ ਦਾ ਭਵਨ ਸ਼ੀਲੋਹ ਵਿੱਚ ਰਿਹਾ, ਤਦ ਤੱਕ ਉਨ੍ਹਾਂ ਨੇ ਮੀਕਾਹ ਦੀ ਬਣਾਈ ਹੋਈ ਮੂਰਤੀ ਆਪਣੇ ਲਈ ਖੜ੍ਹੀ ਕਰਕੇ ਰੱਖੀ।
Currently Selected:
ਨਿਆਂਈਆਂ 18: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.