ਨਿਆਂਈਆਂ 14
14
ਸਮਸੂਨ ਦਾ ਵਿਆਹ
1ਸਮਸੂਨ ਤਿਮਨਾਹ ਨੂੰ ਗਿਆ ਅਤੇ ਉੱਥੇ ਉਸਨੇ ਇੱਕ ਜਵਾਨ ਫ਼ਲਿਸਤੀ ਔਰਤ ਨੂੰ ਵੇਖਿਆ। 2ਜਦੋਂ ਉਹ ਵਾਪਸ ਆਇਆ, ਉਸਨੇ ਆਪਣੇ ਮਾਤਾ-ਪਿਤਾ ਨੂੰ ਕਿਹਾ, “ਮੈਂ ਤਿਮਨਾਹ ਵਿੱਚ ਇੱਕ ਫ਼ਲਿਸਤੀ ਔਰਤ ਨੂੰ ਦੇਖਿਆ ਹੈ। ਹੁਣ ਤੁਸੀਂ ਉਸ ਨਾਲ ਮੇਰਾ ਵਿਆਹ ਕਰਵਾ ਦਿਉ।”
3ਤਦ ਉਸਦੇ ਮਾਤਾ-ਪਿਤਾ ਨੇ ਉਸਨੂੰ ਆਖਿਆ ਕਿ ਤੇਰੇ ਰਿਸ਼ਤੇਦਾਰਾਂ ਦੀਆਂ ਧੀਆਂ ਵਿੱਚੋਂ ਅਤੇ ਸਾਡੇ ਲੋਕਾਂ ਵਿੱਚੋਂ ਕੋਈ ਇਸਤਰੀ ਨਹੀਂ ਹੈ ਜੋ ਤੂੰ ਫ਼ਲਿਸਤੀਆਂ ਅਸੁੰਨਤੀ ਔਰਤ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ?
ਪਰ ਸਮਸੂਨ ਨੇ ਆਪਣੇ ਪਿਤਾ ਨੂੰ ਕਿਹਾ, “ਮੇਰਾ ਵਿਆਹ ਉਸੇ ਨਾਲ ਹੀ ਕਰਾ ਦਿਉ, ਕਿਉਂ ਜੋ ਉਹ ਮੈਨੂੰ ਚੰਗੀ ਲੱਗਦੀ ਹੈ।” 4ਉਸ ਦੇ ਮਾਤਾ-ਪਿਤਾ ਨੂੰ ਪਤਾ ਨਹੀਂ ਸੀ ਕਿ ਇਹ ਯਾਹਵੇਹ ਵੱਲੋਂ ਹੈ, ਜੋ ਫ਼ਲਿਸਤੀਆਂ ਦਾ ਸਾਹਮਣਾ ਕਰਨ ਦਾ ਮੌਕਾ ਲੱਭ ਰਿਹਾ ਸੀ ਕਿਉਂਕਿ ਉਸ ਸਮੇਂ ਫ਼ਲਿਸਤੀ ਇਸਰਾਏਲ ਉੱਤੇ ਰਾਜ ਕਰਦੇ ਸਨ।
5ਸਮਸੂਨ ਆਪਣੇ ਮਾਤਾ-ਪਿਤਾ ਨਾਲ ਤਿਮਨਾਹ ਨੂੰ ਗਿਆ। ਜਦੋਂ ਉਹ ਤਿਮਨਾਹ ਦੇ ਅੰਗੂਰੀ ਬਾਗਾਂ ਕੋਲ ਪਹੁੰਚੇ, ਤਾਂ ਅਚਾਨਕ ਇੱਕ ਬੱਬਰ ਸ਼ੇਰ ਗਰਜਦਾ ਹੋਇਆ ਉਸ ਵੱਲ ਆਇਆ। 6ਤਾਂ ਯਾਹਵੇਹ ਦਾ ਆਤਮਾ ਸਮਸੂਨ ਉੱਤੇ ਜੋਰ ਨਾਲ ਆਇਆ ਅਤੇ ਭਾਵੇਂ ਉਸਦੇ ਹੱਥ ਵਿੱਚ ਕੁਝ ਵੀ ਨਹੀਂ ਸੀ, ਤਾਂ ਵੀ ਉਸਨੇ ਸ਼ੇਰ ਨੂੰ ਇਸ ਤਰ੍ਹਾਂ ਪਾੜ ਦਿੱਤਾ ਜਿਵੇਂ ਇੱਕ ਮੇਮਣੇ ਨੂੰ ਪਾੜਦਾ ਹੈ, ਪਰ ਉਸਨੇ ਨਾ ਤਾਂ ਆਪਣੇ ਪਿਤਾ ਅਤੇ ਨਾ ਹੀ ਆਪਣੀ ਮਾਂ ਨੂੰ ਦੱਸਿਆ ਕਿ ਉਸਨੇ ਕੀ ਕੀਤਾ ਸੀ। 7ਫਿਰ ਉਸ ਨੇ ਹੇਠਾਂ ਜਾ ਕੇ ਉਸ ਔਰਤ ਨਾਲ ਗੱਲ ਕੀਤੀ ਅਤੇ ਉਹ ਸਮਸੂਨ ਨੂੰ ਚੰਗੀ ਲੱਗੀ।
8ਕੁਝ ਸਮੇਂ ਬਾਅਦ, ਜਦੋਂ ਉਹ ਉਸ ਨਾਲ ਵਿਆਹ ਕਰਨ ਲਈ ਵਾਪਸ ਗਿਆ, ਤਾਂ ਉਹ ਸ਼ੇਰ ਦੀ ਲਾਸ਼ ਨੂੰ ਵੇਖਣ ਲਈ ਇੱਕ ਪਾਸੇ ਮੁੜਿਆ, ਅਤੇ ਉਸ ਵਿੱਚ ਮਧੂ-ਮੱਖੀਆਂ ਦਾ ਝੁੰਡ ਅਤੇ ਕੁਝ ਸ਼ਹਿਦ ਦੇਖਿਆ। 9ਉਸਨੇ ਆਪਣੇ ਹੱਥਾਂ ਨਾਲ ਸ਼ਹਿਦ ਕੱਢਿਆ ਅਤੇ ਜਾਂਦੇ ਹੋਏ ਖਾਧਾ। ਜਦੋਂ ਉਹ ਆਪਣੇ ਮਾਤਾ-ਪਿਤਾ ਨਾਲ ਮੁੜ ਗਿਆ ਤਾਂ ਉਸਨੇ ਉਨ੍ਹਾਂ ਨੂੰ ਕੁਝ ਦਿੱਤਾ ਅਤੇ ਉਨ੍ਹਾਂ ਨੇ ਵੀ ਖਾਧਾ, ਪਰ ਉਸ ਨੇ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਕਿ ਮੈਂ ਸ਼ਹਿਦ ਬੱਬਰ ਸ਼ੇਰ ਦੀ ਲਾਸ਼ ਵਿੱਚੋਂ ਕੱਢਿਆ ਹੈ।
10ਹੁਣ ਉਸਦਾ ਪਿਤਾ ਔਰਤ ਨੂੰ ਦੇਖਣ ਲਈ ਹੇਠਾਂ ਗਿਆ ਅਤੇ ਉੱਥੇ ਸਮਸੂਨ ਨੇ ਭੋਜਨ ਦਾ ਪ੍ਰਬੰਧ ਕੀਤਾ ਕਿਉਂ ਜੋ ਉੱਥੇ ਨੌਜਵਾਨਾਂ ਲਈ ਇਹੋ ਰੀਤ ਸੀ। 11ਜਦੋਂ ਲੋਕਾਂ ਨੇ ਉਸਨੂੰ ਦੇਖਿਆ, ਤਾਂ ਉਨ੍ਹਾਂ ਨੇ ਤੀਹ ਆਦਮੀਆਂ ਨੂੰ ਉਸਦੇ ਸਾਥੀ ਵਜੋਂ ਚੁਣਿਆ।
12ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਇੱਕ ਬੁਝਾਰਤ ਪਾਉਂਦਾ ਹਾਂ, ਜੇਕਰ ਤੁਸੀਂ ਮੈਨੂੰ ਤਿਉਹਾਰ ਦੇ ਸੱਤ ਦਿਨਾਂ ਦੇ ਅੰਦਰ ਜਵਾਬ ਦੇ ਸਕਦੇ ਹੋ, ਤਾਂ ਮੈਂ ਤੁਹਾਨੂੰ ਲਿਨਨ ਦੇ ਤੀਹ ਕੁੜਤੇ ਅਤੇ ਤੀਹ ਕੱਪੜਿਆਂ ਦੇ ਜੋੜੇ ਦਿਆਂਗਾ। 13ਜੇ ਤੁਸੀਂ ਮੈਨੂੰ ਜਵਾਬ ਨਾ ਦੇ ਸਕੋ, ਤਾਂ ਤੁਹਾਨੂੰ ਮੈਨੂੰ ਲਿਨਨ ਦੇ ਤੀਹ ਕੁੜਤੇ ਅਤੇ ਤੀਹ ਜੋੜੇ ਕੱਪੜੇ ਦੇਣੇ ਪੈਣਗੇ।”
ਉਨ੍ਹਾਂ ਨੇ ਕਿਹਾ, “ਸਾਨੂੰ ਆਪਣੀ ਬੁਝਾਰਤ ਤੇ ਦੱਸ ਅਤੇ ਅਸੀਂ ਸੁਣੀਏ।”
14ਉਸਨੇ ਜਵਾਬ ਦਿੱਤਾ,
“ਖਾਣ ਵਾਲੇ ਵਿੱਚੋਂ ਕੁਝ ਭੋਜਨ ਨਿੱਕਲਿਆ,
ਅਤੇ ਤੜਕੇ ਵਿੱਚੋਂ ਮਿਠਾਸ।”
ਅਤੇ ਤਿੰਨਾਂ ਦਿਨ ਵਿੱਚ ਉਹ ਜਵਾਬ ਨਹੀਂ ਦੇ ਸਕੇ।
15ਚੌਥੇ ਦਿਨ, ਉਨ੍ਹਾਂ ਨੇ ਸਮਸੂਨ ਦੀ ਪਤਨੀ ਨੂੰ ਕਿਹਾ, “ਆਪਣੇ ਪਤੀ ਨੂੰ ਫੁਸਲਾ ਤਾਂ ਜੋ ਉਹ ਬੁਝਾਰਤ ਦਾ ਅਰਥ ਸਾਨੂੰ ਦੱਸੇ, ਨਹੀਂ ਤਾਂ ਅਸੀਂ ਤੈਨੂੰ ਅਤੇ ਤੇਰੇ ਪਿਤਾ ਦੇ ਘਰ ਨੂੰ ਸਾੜ ਦਿਆਂਗੇ। ਕੀ ਤੁਸੀਂ ਇਸ ਕਰਕੇ ਸਾਨੂੰ ਇੱਥੇ ਸੱਦਿਆ ਹੈ ਕਿ ਜੋ ਕੁਝ ਸਾਡਾ ਹੈ ਤੁਸੀਂ ਆਪਣਾ ਬਣਾ ਸਕੋ?”
16ਤਦ ਸਮਸੂਨ ਦੀ ਪਤਨੀ ਨੇ ਉਸ ਅੱਗੇ ਡਿੱਗ ਗਈ ਅਤੇ ਰੋਣ ਲੱਗ ਪਈ ਅਤੇ ਉਸ ਨੇ ਸਮਸੂਨ ਨੂੰ ਕਿਹਾ, “ਤੂੰ ਮੈਨੂੰ ਨਫ਼ਰਤ ਕਰਦਾ ਹੈ! ਤੁਸੀਂ ਮੈਨੂੰ ਸੱਚਮੁੱਚ ਪਿਆਰ ਨਹੀਂ ਕਰਦੇ। ਤੁਸੀਂ ਮੇਰੇ ਲੋਕਾਂ ਨੂੰ ਇੱਕ ਬੁਝਾਰਤ ਦੱਸੀ ਹੈ, ਪਰ ਤੁਸੀਂ ਮੈਨੂੰ ਜਵਾਬ ਨਹੀਂ ਦਿੱਤਾ ਹੈ।”
ਸਮਸੂਨ ਨੇ ਜਵਾਬ ਦਿੱਤਾ, “ਮੈਂ ਆਪਣੇ ਪਿਤਾ ਜਾਂ ਮਾਤਾ ਨੂੰ ਵੀ ਨਹੀਂ ਦੱਸਿਆ, ਤਾਂ ਮੈਂ ਤੈਨੂੰ ਕਿਉਂ ਦੱਸਾਂ?” 17ਉਹ ਤਿਉਹਾਰ ਦੇ ਪੂਰੇ ਸੱਤ ਦਿਨ ਰੋਂਦੀ ਰਹੀ। ਅੰਤ ਵਿੱਚ, ਸੱਤਵੇਂ ਦਿਨ, ਸਮਸੂਨ ਨੇ ਉਸਨੂੰ ਬੁਝਾਰਤ ਦਾ ਹੱਲ ਦੱਸਿਆ, ਉਸ ਦੀ ਪਤਨੀ ਨੇ ਉਸ ਨੂੰ ਤੰਗ ਕਰਦੀ ਰਹੀ। ਉਸਨੇ ਜਾ ਕੇ ਆਪਣੇ ਲੋਕਾਂ ਨੂੰ ਇਹ ਬੁਝਾਰਤ ਦਾ ਅਰਥ ਦੱਸ ਦਿੱਤਾ।
18ਸੱਤਵੇਂ ਦਿਨ ਸੂਰਜ ਡੁੱਬਣ ਤੋਂ ਪਹਿਲਾਂ ਸ਼ਹਿਰ ਦੇ ਲੋਕਾਂ ਨੇ ਉਸਨੂੰ ਕਿਹਾ,
“ਸ਼ਹਿਦ ਨਾਲੋਂ ਮਿੱਠਾ ਕੀ ਹੈ?
ਬੱਬਰ ਸ਼ੇਰ ਨਾਲੋਂ ਤਾਕਤਵਰ ਕੌਣ ਹੈ?”
ਸਮਸੂਨ ਨੇ ਉਨ੍ਹਾਂ ਨੂੰ ਕਿਹਾ,
“ਜੇ ਤੁਸੀਂ ਮੇਰੀ ਵੱਛੀ ਨੂੰ ਹਲ ਅੱਗੇ ਨਾ ਜੋਤਦੇ,
ਤਾਂ ਤੁਸੀਂ ਮੇਰੀ ਬੁਝਾਰਤ ਨੂੰ ਕਦੇ ਨਾ ਬੁੱਝਦੇ।”
19ਤਦ ਯਾਹਵੇਹ ਦਾ ਆਤਮਾ ਸ਼ਕਤੀਸ਼ਾਲੀ ਰੂਪ ਵਿੱਚ ਉਸ ਉੱਤੇ ਆਇਆ। ਉਹ ਅਸ਼ਕਲੋਨ ਨੂੰ ਗਿਆ, ਉਨ੍ਹਾਂ ਦੇ ਤੀਹ ਬੰਦਿਆਂ ਨੂੰ ਮਾਰਿਆ, ਉਨ੍ਹਾਂ ਦੇ ਕੱਪੜੇ ਉਤਾਰ ਕੇ ਉਹ ਕੱਪੜੇ ਉਨ੍ਹਾਂ ਨੂੰ ਦਿੱਤੇ ਜਿਨ੍ਹਾਂ ਨੇ ਬੁਝਾਰਤ ਨੂੰ ਬੁੱਝਿਆ ਸੀ। ਗੁੱਸੇ ਨਾਲ ਸੜਦਾ ਹੋਇਆ, ਉਹ ਆਪਣੇ ਪਿਤਾ ਦੇ ਘਰ ਵਾਪਸ ਆ ਗਿਆ। 20ਅਤੇ ਸਮਸੂਨ ਦੀ ਪਤਨੀ ਉਸ ਦੇ ਇੱਕ ਸਾਥੀ ਨੂੰ ਦਿੱਤੀ ਗਈ ਸੀ ਜੋ ਉਸ ਦੇ ਤਿਉਹਾਰ ਵਿੱਚ ਆਇਆ ਹੋਇਆ ਸੀ।
Currently Selected:
ਨਿਆਂਈਆਂ 14: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.