ਨਿਆਂਈਆਂ 13
13
ਸਮਸੂਨ ਦਾ ਜਨਮ
1ਫਿਰ ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਇਸ ਲਈ ਯਾਹਵੇਹ ਨੇ ਉਨ੍ਹਾਂ ਨੂੰ ਚਾਲੀ ਸਾਲਾਂ ਲਈ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦਿੱਤਾ।
2ਦਾਨ ਦੇ ਟੱਬਰ ਵਿੱਚੋਂ ਮਾਨੋਆਹ ਨਾਮ ਦਾ ਇੱਕ ਆਦਮੀ ਸੀ ਜੋ ਜ਼ੋਰਾਹ ਦਾ ਰਹਿਣ ਵਾਲਾ ਸੀ। ਉਸ ਦੀ ਪਤਨੀ ਬੇ-ਔਲਾਦ ਸੀ ਅਤੇ ਜਨਮ ਦੇਣ ਵਿੱਚ ਅਯੋਗ ਸੀ। 3ਯਾਹਵੇਹ ਦੇ ਦੂਤ ਨੇ ਦਰਸ਼ਨ ਦੇ ਕੇ ਉਸ ਨੂੰ ਆਖਿਆ, “ਤੂੰ ਬਾਂਝ ਅਤੇ ਬੇ-ਔਲਾਦ ਹੈ, ਪਰ ਤੂੰ ਗਰਭਵਤੀ ਹੋਣ ਵਾਲੀ ਹੈ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ। 4ਹੁਣ ਇਸ ਗੱਲ ਨੂੰ ਧਿਆਨ ਵਿੱਚ ਰੱਖ ਕਿ ਤੂੰ ਕੋਈ ਦਾਖ਼ਰਸ#13:4 ਦਾਖ਼ਰਸ ਅਰਥਾਤ: ਅੰਗੂਰਾਂ ਦਾ ਰਸ ਜਾਂ ਨਸ਼ੇ ਵਾਲੀ ਕੋਈ ਹੋਰ ਚੀਜ਼ ਨਾ ਪੀਵੀ ਅਤੇ ਤੂੰ ਕੋਈ ਅਸ਼ੁੱਧ ਚੀਜ਼ ਨਾ ਖਾਵੀਂ। 5ਤੂੰ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ। ਉਸ ਦੇ ਸਿਰ ਉੱਤੇ ਕਦੇ ਵੀ ਉਸਤਰਾ ਨਾ ਲੱਗੇ ਕਿਉਂਕਿ ਲੜਕਾ ਇੱਕ ਨਜ਼ੀਰ ਹੋਵੇਗਾ, ਗਰਭ ਤੋਂ ਹੀ ਪਰਮੇਸ਼ਵਰ ਨੂੰ ਸਮਰਪਿਤ ਹੋਵੇਗਾ। ਉਹ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਉਣ ਲਈ ਅਗਵਾਈ ਕਰੇਗਾ।”
6ਤਦ ਉਹ ਔਰਤ ਆਪਣੇ ਪਤੀ ਕੋਲ ਗਈ ਅਤੇ ਉਸਨੂੰ ਕਿਹਾ, “ਪਰਮੇਸ਼ਵਰ ਦਾ ਇੱਕ ਆਦਮੀ ਮੇਰੇ ਕੋਲ ਆਇਆ। ਉਹ ਪਰਮੇਸ਼ਵਰ ਦੇ ਦੂਤ ਵਾਂਗ ਦਿਖਾਈ ਦਿੰਦਾ ਸੀ, ਉਹ ਬਹੁਤ ਹੀ ਸ਼ਾਨਦਾਰ ਸੀ। ਮੈਂ ਉਸਨੂੰ ਇਹ ਨਹੀਂ ਪੁੱਛਿਆ ਕਿ ਉਹ ਕਿੱਥੋਂ ਆਇਆ ਹੈ, ਅਤੇ ਉਸਨੇ ਮੈਨੂੰ ਆਪਣਾ ਨਾਮ ਨਹੀਂ ਦੱਸਿਆ। 7ਪਰ ਉਸਨੇ ਮੈਨੂੰ ਕਿਹਾ, ਤੂੰ ਗਰਭਵਤੀ ਹੋਵੇਗੀ ਅਤੇ ਤੇਰੇ ਇੱਕ ਪੁੱਤਰ ਹੋਵੇਗਾ। ਇਸ ਲਈ ਹੁਣ ਤੂੰ ਕੋਈ ਦਾਖ਼ਰਸ ਜਾਂ ਕੋਈ ਨਸ਼ੇ ਵਾਲੀ ਚੀਜ਼ ਨਾ ਪੀਵੀ ਅਤੇ ਨਾ ਹੀ ਕੋਈ ਅਸ਼ੁੱਧ ਚੀਜ਼ ਖਾਵੀਂ, ਕਿਉਂਕਿ ਉਹ ਮੁੰਡਾ ਗਰਭ ਤੋਂ ਆਪਣੀ ਮੌਤ ਦੇ ਦਿਨ ਤੱਕ ਪਰਮੇਸ਼ਵਰ ਦਾ ਨਜ਼ੀਰ ਰਹੇਗਾ।”
8ਫਿਰ ਮਾਨੋਆਹ ਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਅਤੇ ਕਿਹਾ, “ਹੇ ਯਾਹਵੇਹ, ਮੇਰੀ ਬੇਨਤੀ ਨੂੰ ਸੁਣ ਅਤੇ ਆਪਣੇ ਸੇਵਕ ਨੂੰ ਮਾਫ਼ ਕਰ ਅਤੇ ਪਰਮੇਸ਼ਵਰ ਦਾ ਉਹ ਬੰਦਾ ਜਿਸ ਨੂੰ ਤੂੰ ਭੇਜਿਆ ਸੀ, ਫਿਰ ਸਾਡੇ ਕੋਲ ਭੇਜ ਤਾਂ ਉਹ ਸਾਨੂੰ ਇਹ ਸਿਖਾਵੇ ਕਿ ਉਸ ਲੜਕੇ ਦਾ ਪਾਲਣ ਪੋਸ਼ਣ ਕਿਵੇਂ ਕਰਨਾ ਹੈ ਜੋ ਪੈਦਾ ਹੋਣ ਵਾਲਾ ਹੈ।”
9ਪਰਮੇਸ਼ਵਰ ਨੇ ਮਾਨੋਆਹ ਨੂੰ ਸੁਣਿਆ, ਅਤੇ ਪਰਮੇਸ਼ਵਰ ਦਾ ਦੂਤ ਉਸ ਔਰਤ ਕੋਲ ਦੁਬਾਰਾ ਆਇਆ ਜਦੋਂ ਉਹ ਖੇਤ ਵਿੱਚ ਸੀ, ਪਰ ਉਸਦਾ ਪਤੀ ਮਾਨੋਆਹ ਉਸਦੇ ਨਾਲ ਨਹੀਂ ਸੀ। 10ਉਹ ਔਰਤ ਨੇ ਛੇਤੀ ਨਾਲ ਆਪਣੇ ਪਤੀ ਨੂੰ ਜਾ ਦੱਸਿਆ ਅਤੇ ਕਿਹਾ, “ਉਹ ਮਨੁੱਖ ਜੋ ਉਸ ਦਿਨ ਮੇਰੇ ਕੋਲ ਆਇਆ ਸੀ, ਉਹ ਫਿਰ ਮੈਨੂੰ ਵਿਖਾਈ ਦਿੱਤਾ ਹੈ!”
11ਮਾਨੋਆਹ ਉੱਠਿਆ ਅਤੇ ਆਪਣੀ ਪਤਨੀ ਦੇ ਮਗਰ ਤੁਰ ਪਿਆ। ਜਦੋਂ ਉਹ ਆਦਮੀ ਕੋਲ ਆਇਆ, ਉਸਨੇ ਕਿਹਾ, “ਕੀ ਤੁਸੀਂ ਉਹ ਆਦਮੀ ਹੋ ਜਿਸਨੇ ਮੇਰੀ ਪਤਨੀ ਨਾਲ ਗੱਲ ਕੀਤੀ ਸੀ?”
ਉਸਨੇ ਕਿਹਾ, “ਮੈਂ ਉਹੀ ਹਾਂ।”
12ਇਸ ਲਈ ਮਾਨੋਆਹ ਨੇ ਉਸ ਨੂੰ ਪੁੱਛਿਆ, “ਜਦੋਂ ਤੇਰੀ ਗੱਲ ਪੂਰੀ ਹੋ ਜਾਵੇ, ਤਾਂ ਉਸ ਮੁੰਡੇ ਦੇ ਜੀਵਨ ਅਤੇ ਕੰਮ ਲਈ ਕਿਸ ਨਿਯਮ ਦਾ ਪਾਲਣ ਕੀਤਾ ਜਾਵੇ?”
13ਯਾਹਵੇਹ ਦੇ ਦੂਤ ਨੇ ਮਾਨੋਆਹ ਨੂੰ ਜਵਾਬ ਦਿੱਤਾ, “ਤੇਰੀ ਪਤਨੀ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਮੈਂ ਉਸਨੂੰ ਕਿਹਾ ਹੈ। 14ਉਹ ਅੰਗੂਰਾਂ ਦੀ ਕੋਈ ਵੀ ਬਣੀ ਚੀਜ਼ ਨਾ ਖਾਵੇ, ਨਾ ਕੋਈ ਦਾਖ਼ਰਸ ਨਾ ਕੋਈ ਹੋਰ ਨਸ਼ੇ ਵਾਲੀ ਚੀਜ਼ ਅਤੇ ਨਾ ਹੀ ਕੋਈ ਅਸ਼ੁੱਧ ਚੀਜ਼ ਖਾਵੇ। ਉਸਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜਿਸਦਾ ਮੈਂ ਉਸਨੂੰ ਹੁਕਮ ਦਿੱਤਾ ਹੈ।”
15ਮਾਨੋਆਹ ਨੇ ਯਾਹਵੇਹ ਦੇ ਦੂਤ ਨੂੰ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਦੋਂ ਤੱਕ ਰੁਕੋ ਜਦੋਂ ਤੱਕ ਅਸੀਂ ਤੁਹਾਡੇ ਲਈ ਇੱਕ ਲੇਲਾ ਤਿਆਰ ਨਹੀਂ ਕਰ ਲੈਂਦੇ।”
16ਯਾਹਵੇਹ ਦੇ ਦੂਤ ਨੇ ਜਵਾਬ ਦਿੱਤਾ, “ਭਾਵੇਂ ਤੁਸੀਂ ਮੈਨੂੰ ਰੋਕਦੇ ਹੋ, ਮੈਂ ਤੁਹਾਡਾ ਭੋਜਨ ਨਹੀਂ ਖਾਵਾਂਗਾ, ਪਰ ਜੇ ਤੁਸੀਂ ਹੋਮ ਦੀ ਭੇਟ ਤਿਆਰ ਕਰਦੇ ਹੋ, ਤਾਂ ਇਸ ਨੂੰ ਯਾਹਵੇਹ ਨੂੰ ਚੜ੍ਹਾਓ।” ਮਾਨੋਆਹ ਨੂੰ ਇਹ ਨਹੀਂ ਪਤਾ ਸੀ ਕਿ ਇਹ ਯਾਹਵੇਹ ਦਾ ਦੂਤ ਸੀ।
17ਤਦ ਮਾਨੋਆਹ ਨੇ ਯਾਹਵੇਹ ਦੇ ਦੂਤ ਤੋਂ ਪੁੱਛਿਆ, “ਤੇਰਾ ਨਾਮ ਕੀ ਹੈ, ਤਾਂ ਜੋ ਜਦੋਂ ਤੇਰਾ ਬਚਨ ਪੂਰਾ ਹੋਵੇ ਤਾਂ ਅਸੀਂ ਤੇਰਾ ਆਦਰ ਕਰੀਏ?”
18ਯਾਹਵੇਹ ਦੇ ਦੂਤ ਨੇ ਜਵਾਬ ਦਿੱਤਾ, “ਤੁਸੀਂ ਮੇਰਾ ਨਾਮ ਕਿਉਂ ਪੁੱਛਦੇ ਹੋ? ਇਹ ਸਮਝ ਤੋਂ ਪਰੇ ਹੈ।” 19ਫਿਰ ਮਾਨੋਆਹ ਨੇ ਅਨਾਜ਼ ਦੀ ਭੇਟ ਸਮੇਤ ਇੱਕ ਬੱਕਰੀ ਦਾ ਬੱਚਾ ਲਿਆ ਅਤੇ ਉਸਨੂੰ ਇੱਕ ਚੱਟਾਨ ਉੱਤੇ ਯਾਹਵੇਹ ਲਈ ਚੜ੍ਹਾਇਆ ਅਤੇ ਯਾਹਵੇਹ ਨੇ ਇੱਕ ਅਦਭੁਤ ਕੰਮ ਕੀਤਾ ਜਦੋਂ ਮਾਨੋਆਹ ਅਤੇ ਉਸਦੀ ਪਤਨੀ ਨੇ ਦੇਖਿਆ: 20ਜਦੋਂ ਹੀ ਜਗਵੇਦੀ ਤੋਂ ਅੱਗ ਸਵਰਗ ਵੱਲ ਉੱਠ ਰਹੀ ਸੀ, ਯਾਹਵੇਹ ਦਾ ਦੂਤ ਅੱਗ ਵਿੱਚ ਚੜ੍ਹ ਗਿਆ। ਇਹ ਦੇਖ ਕੇ ਮਾਨੋਆਹ ਅਤੇ ਉਸ ਦੀ ਪਤਨੀ ਮੂੰਹਾਂ ਨਾਲ ਜ਼ਮੀਨ ਤੇ ਡਿੱਗ ਪਏ। 21ਜਦ ਯਾਹਵੇਹ ਦੇ ਦੂਤ ਮਾਨੋਆਹ ਅਤੇ ਉਸਦੀ ਪਤਨੀ ਨੂੰ ਦੁਬਾਰਾ ਵਿਖਾਈ ਨਹੀਂ ਦਿੱਤਾ, ਤਾਂ ਮਾਨੋਆਹ ਨੂੰ ਅਹਿਸਾਸ ਹੋਇਆ ਕਿ ਇਹ ਯਾਹਵੇਹ ਦਾ ਦੂਤ ਸੀ।
22ਮਾਨੋਆਹ ਨੇ ਆਪਣੀ ਪਤਨੀ ਨੂੰ ਕਿਹਾ “ਅਸੀਂ ਮਰਨ ਹੀ ਵਾਲੇ ਹਾਂ! ਅਸੀਂ ਪਰਮੇਸ਼ਵਰ ਨੂੰ ਦੇਖਿਆ ਹੈ!”
23ਪਰ ਉਸ ਦੀ ਪਤਨੀ ਨੇ ਉੱਤਰ ਦਿੱਤਾ, “ਜੇ ਯਾਹਵੇਹ ਸਾਨੂੰ ਮਾਰਨਾ ਚਾਹੁੰਦਾ, ਤਾਂ ਉਹ ਸਾਡੇ ਹੱਥੋਂ ਹੋਮ ਦੀ ਭੇਟ ਅਤੇ ਅਨਾਜ਼ ਦੀ ਭੇਟ ਨਾ ਕਬੂਲ ਕਰਦਾ, ਨਾ ਸਾਨੂੰ ਇਹ ਸਭ ਕੁਝ ਵਿਖਾਇਆ ਹੁੰਦਾ ਅਤੇ ਨਾ ਹੀ ਹੁਣ ਸਾਨੂੰ ਇਹ ਦੱਸਦਾ।”
24ਔਰਤ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਸਮਸੂਨ ਰੱਖਿਆ। ਉਹ ਵੱਡਾ ਹੋਇਆ ਅਤੇ ਯਾਹਵੇਹ ਨੇ ਉਸਨੂੰ ਅਸੀਸ ਦਿੱਤੀ, 25ਉਸ ਸਮੇਂ ਯਾਹਵੇਹ ਦਾ ਆਤਮਾ ਉਸ ਨੂੰ ਮਹਨੇਹ-ਦਾਨ ਵਿੱਚ, ਜੋ ਜ਼ੋਰਾਹ ਅਤੇ ਅਸ਼ਤਾਓਲ ਦੇ ਵਿਚਕਾਰ ਹੈ, ਉਕਸਾਉਣ ਲੱਗਾ।
Currently Selected:
ਨਿਆਂਈਆਂ 13: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.