ਯਹੋਸ਼ੂਆ 24
24
ਸ਼ਕਮ ਵਿੱਚ ਯਹੋਸ਼ੂਆ ਦਾ ਅੰਤਿਮ ਹੁਕਮ
1ਫਿਰ ਯਹੋਸ਼ੂਆ ਨੇ ਇਸਰਾਏਲ ਦੇ ਸਾਰੇ ਗੋਤਾਂ ਨੂੰ ਸ਼ੇਕੇਮ ਵਿੱਚ ਇਕੱਠਾ ਕੀਤਾ ਅਤੇ ਉਸਨੇ ਇਸਰਾਏਲ ਦੇ ਬਜ਼ੁਰਗਾਂ, ਆਗੂਆਂ, ਨਿਆਂਕਾਰਾਂ ਅਤੇ ਅਧਿਕਾਰੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਸਾਮ੍ਹਣੇ ਪੇਸ਼ ਕੀਤਾ।
2ਯਹੋਸ਼ੂਆ ਨੇ ਸਾਰੇ ਲੋਕਾਂ ਨੂੰ ਆਖਿਆ, “ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ, ‘ਅਬਰਾਹਾਮ ਅਤੇ ਨਾਹੋਰ ਦਾ ਪਿਤਾ ਤਾਰਹ ਸਮੇਤ ਤੁਹਾਡੇ ਪੁਰਖੇ ਬਹੁਤ ਸਮਾਂ ਪਹਿਲਾਂ ਫ਼ਰਾਤ ਨਦੀ ਦੇ ਪਾਰ ਰਹਿੰਦੇ ਸਨ ਅਤੇ ਹੋਰ ਦੇਵਤਿਆਂ ਦੀ ਪੂਜਾ ਕਰਦੇ ਸਨ। 3ਪਰ ਮੈਂ ਤੁਹਾਡੇ ਪਿਤਾ ਅਬਰਾਹਾਮ ਨੂੰ ਫ਼ਰਾਤ ਦੇ ਪਾਰ ਦੇ ਦੇਸ਼ ਤੋਂ ਲੈ ਗਿਆ ਅਤੇ ਕਨਾਨ ਵਿੱਚ ਉਸਦੀ ਅਗਵਾਈ ਕੀਤੀ ਅਤੇ ਉਸਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿੱਤੇ। ਮੈਂ ਉਸਨੂੰ ਇਸਹਾਕ ਦਿੱਤਾ, 4ਫਿਰ ਇਸਹਾਕ ਨੂੰ ਮੈਂ ਯਾਕੋਬ ਅਤੇ ਏਸਾਓ ਦਿੱਤੇ ਅਤੇ ਮੈਂ ਏਸਾਓ ਨੂੰ ਸੇਈਰ ਦਾ ਪਹਾੜੀ ਦੇਸ਼ ਸੌਂਪਿਆ, ਪਰ ਯਾਕੂਬ ਅਤੇ ਉਸਦਾ ਪਰਿਵਾਰ ਮਿਸਰ ਨੂੰ ਚਲਾ ਗਿਆ।
5“ ‘ਫਿਰ ਮੈਂ ਮੋਸ਼ੇਹ ਅਤੇ ਹਾਰੋਨ ਨੂੰ ਭੇਜਿਆ ਅਤੇ ਮੈਂ ਮਿਸਰੀਆਂ ਨੂੰ ਬਵਾ ਨਾਲ ਮਾਰਿਆਂ, ਇਹ ਕਰਨ ਤੋਂ ਬਾਅਦ ਮੈਂ ਤੁਹਾਨੂੰ ਬਾਹਰ ਕੱਢ ਲਿਆਇਆ। 6ਜਦੋਂ ਮੈਂ ਤੁਹਾਡੀ ਪਰਜਾ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਤਾਂ ਤੁਸੀਂ ਸਮੁੰਦਰ ਤੱਕ ਆਏ ਅਤੇ ਮਿਸਰੀਆਂ ਨੇ ਰਥਾਂ ਅਤੇ ਘੋੜ-ਸਵਾਰਾਂ ਨਾਲ ਲਾਲ ਸਾਗਰ ਤੱਕ ਪਿੱਛਾ ਕੀਤਾ। 7ਪਰ ਉਨ੍ਹਾਂ ਨੇ ਮਦਦ ਲਈ ਯਾਹਵੇਹ ਨੂੰ ਪੁਕਾਰਿਆ ਅਤੇ ਉਸਨੇ ਤੁਹਾਡੇ ਅਤੇ ਮਿਸਰੀਆਂ ਵਿਚਕਾਰ ਘੁੱਪ ਹਨੇਰਾ ਕਰ ਦਿੱਤਾ। ਉਸਨੇ ਸਮੁੰਦਰ ਨੂੰ ਉਨ੍ਹਾਂ ਦੇ ਉੱਪਰ ਲਿਆਂਦਾ ਅਤੇ ਜਿਸ ਨੇ ਉਨ੍ਹਾਂ ਨੂੰ ਢੱਕ ਲਿਆ। ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਮੈਂ ਮਿਸਰੀਆਂ ਨਾਲ ਕੀ ਕੀਤਾ ਸੀ। ਫੇਰ ਤੁਸੀਂ ਲੰਮਾ ਸਮਾਂ ਉਜਾੜ ਵਿੱਚ ਰਹੇ।
8“ ‘ਮੈਂ ਤੁਹਾਨੂੰ ਅਮੋਰੀਆਂ ਦੇ ਦੇਸ਼ ਵਿੱਚ ਲਿਆਇਆ ਜੋ ਯਰਦਨ ਦੇ ਪੂਰਬ ਵੱਲ ਰਹਿੰਦੇ ਸਨ। ਉਹ ਤੁਹਾਡੇ ਵਿਰੁੱਧ ਲੜੇ, ਪਰ ਮੈਂ ਉਨ੍ਹਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ। ਮੈਂ ਉਨ੍ਹਾਂ ਨੂੰ ਤੁਹਾਡੇ ਸਾਮ੍ਹਣੇ ਤਬਾਹ ਕਰ ਦਿੱਤਾ ਅਤੇ ਤੁਸੀਂ ਉਨ੍ਹਾਂ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ। 9ਜਦੋਂ ਮੋਆਬ ਦੇ ਰਾਜੇ ਸਿੱਪੋਰ ਦੇ ਪੁੱਤਰ ਬਾਲਾਕ ਨੇ ਇਸਰਾਏਲ ਨਾਲ ਲੜਨ ਲਈ ਤਿਆਰ ਕੀਤਾ, ਤਾਂ ਉਸਨੇ ਬਓਰ ਦੇ ਪੁੱਤਰ ਬਿਲਆਮ ਨੂੰ ਤੁਹਾਡੇ ਉੱਤੇ ਸਰਾਪ ਦੇਣ ਲਈ ਭੇਜਿਆ। 10ਪਰ ਮੈਂ ਬਿਲਆਮ ਦੀ ਗੱਲ ਨਾ ਸੁਣੀ, ਇਸ ਲਈ ਉਸ ਨੇ ਤੁਹਾਨੂੰ ਬਾਰ-ਬਾਰ ਅਸੀਸ ਦਿੱਤੀ ਅਤੇ ਮੈਂ ਤੁਹਾਨੂੰ ਉਸ ਦੇ ਹੱਥੋਂ ਛੁਡਾ ਲਿਆ।
11“ ‘ਤੁਸੀਂ ਯਰਦਨ ਨਦੀ ਪਾਰ ਕਰਕੇ ਯਰੀਹੋ ਪਹੁੰਚੇ ਅਤੇ ਯਰੀਹੋ ਦੇ ਸਰਦਾਰ ਤੁਹਾਡੇ ਨਾਲ ਲੜੇ। ਇਨ੍ਹਾਂ ਤੋਂ ਇਲਾਵਾ ਅਮੋਰੀ, ਪਰਿੱਜ਼ੀ, ਕਨਾਨੀ, ਹਿੱਤੀ, ਗਿਰਗਾਸ਼ੀ, ਹਿੱਵੀਆਂ ਅਤੇ ਯਬੂਸੀ ਵੀ ਤੇਰੇ ਨਾਲ ਲੜੇ ਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਆਪਣੇ ਅਧੀਨ ਕਰ ਲਿਆ। 12ਤਦ ਮੈਂ ਤੁਹਾਡੇ ਅੱਗੇ ਉਹਨਾਂ ਉੱਤੇ ਡਰ ਨੂੰ ਭੇਜਿਆ ਅਤੇ ਉਸ ਨੇ ਅਮੋਰੀਆਂ ਦੇ ਦੋਹਾਂ ਰਾਜਿਆਂ ਨੂੰ ਤੁਹਾਡੇ ਅੱਗੋਂ ਕੱਢ ਦਿੱਤਾ, ਨਾ ਤੁਹਾਡੀ ਤਲਵਾਰ, ਨਾ ਤੁਹਾਡੇ ਧਣੁੱਖ ਨਾਲ ਇਹ ਹੋਇਆ। 13ਇਸ ਲਈ ਮੈਂ ਤੁਹਾਨੂੰ ਅਜਿਹੀ ਧਰਤੀ ਦਿੱਤੀ ਜਿਸ ਉੱਤੇ ਤੁਸੀਂ ਮਿਹਨਤ ਨਹੀਂ ਕੀਤੀ ਅਤੇ ਸ਼ਹਿਰ ਨਹੀਂ ਬਣਾਏ ਅਤੇ ਤੁਸੀਂ ਉਨ੍ਹਾਂ ਵਿੱਚ ਰਹਿੰਦੇ ਹੋ ਅਤੇ ਅੰਗੂਰੀ ਬਾਗਾਂ ਅਤੇ ਜ਼ੈਤੂਨ ਦੇ ਬਾਗਾਂ ਤੋਂ ਖਾਂਦੇ ਹੋ ਜੋ ਤੁਸੀਂ ਨਹੀਂ ਬੀਜੇ।’
14“ਹੁਣ ਯਾਹਵੇਹ ਤੋਂ ਡਰੋ ਅਤੇ ਪੂਰੀ ਵਫ਼ਾਦਾਰੀ ਨਾਲ ਉਸਦੀ ਸੇਵਾ ਕਰੋ। ਉਨ੍ਹਾਂ ਦੇਵਤਿਆਂ ਨੂੰ ਸੁੱਟ ਦਿਓ ਜਿਨ੍ਹਾਂ ਦੀ ਉਪਾਸਨਾ ਤੁਹਾਡੇ ਪੁਰਖਿਆਂ ਨੇ ਫ਼ਰਾਤ ਦਰਿਆ ਦੇ ਪਾਰ ਅਤੇ ਮਿਸਰ ਵਿੱਚ ਕੀਤੀ ਸੀ ਅਤੇ ਹੁਣ ਯਾਹਵੇਹ ਦੀ ਸੇਵਾ ਕਰੋ। 15ਜੇਕਰ ਤੁਸੀਂ ਇਸ ਵੇਲੇ ਯਾਹਵੇਹ ਦੀ ਸੇਵਾ ਕਰਨ ਦਾ ਮਨ ਨਹੀਂ ਕਰਦੇ, ਤਾਂ ਅੱਜ ਹੀ ਫ਼ੈਸਲਾ ਕਰੋ ਕਿ ਤੁਸੀਂ ਕਿਸ ਦੀ ਸੇਵਾ ਕਰੋਗੇ। ਕੀ ਤੁਹਾਡੇ ਪੁਰਖਿਆਂ ਨੇ ਫ਼ਰਾਤ ਦੇ ਪਾਰ ਉਨ੍ਹਾਂ ਦੇਵਤਿਆਂ ਦੀ ਸੇਵਾ ਕੀਤੀ ਸੀ ਜਾਂ ਅਮੋਰੀਆਂ ਦੇ ਦੇਵਤੇ ਸਨ, ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਰਹਿੰਦੇ ਹੋ, ਪਰ ਮੈਂ ਅਤੇ ਮੇਰਾ ਘਰਾਣਾ ਅਸੀਂ ਯਾਹਵੇਹ ਦੀ ਸੇਵਾ ਕਰਾਂਗੇ।”
16ਇਹ ਸੁਣ ਕੇ ਹਾਜ਼ਰ ਲੋਕਾਂ ਨੇ ਕਿਹਾ, “ਇਹ ਕਦੇ ਨਹੀਂ ਹੋਵੇਗਾ ਕਿ ਅਸੀਂ ਯਾਹਵੇਹ ਨੂੰ ਛੱਡ ਕੇ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਕਰੀਏ! 17ਇਹ ਯਾਹਵੇਹ ਸਾਡਾ ਪਰਮੇਸ਼ਵਰ ਹੀ ਸੀ ਜਿਸ ਨੇ ਸਾਨੂੰ ਅਤੇ ਸਾਡੇ ਮਾਤਾ-ਪਿਤਾ ਨੂੰ ਮਿਸਰ ਤੋਂ, ਉਸ ਗੁਲਾਮੀ ਦੇ ਦੇਸ਼ ਵਿੱਚੋਂ ਬਾਹਰ ਲਿਆਂਦਾ ਅਤੇ ਸਾਡੀਆਂ ਅੱਖਾਂ ਦੇ ਸਾਮ੍ਹਣੇ ਉਹ ਮਹਾਨ ਨਿਸ਼ਾਨ ਅਤੇ ਚਿੰਨ੍ਹ ਵਿਖਾਏ। ਉਸ ਨੇ ਸਾਡੀ ਸਾਰੀ ਯਾਤਰਾ ਦੌਰਾਨ ਅਤੇ ਉਨ੍ਹਾਂ ਸਾਰੀਆਂ ਕੌਮਾਂ ਵਿੱਚ ਸਾਡੀ ਰੱਖਿਆ ਕੀਤੀ ਜਿਨ੍ਹਾਂ ਵਿੱਚੋਂ ਅਸੀਂ ਯਾਤਰਾ ਕੀਤੀ ਸੀ। 18ਅਤੇ ਯਾਹਵੇਹ ਨੇ ਸਾਡੇ ਅੱਗੋਂ ਸਾਰੀਆਂ ਕੌਮਾਂ ਨੂੰ ਬਾਹਰ ਕੱਢ ਦਿੱਤਾ, ਜਿਨ੍ਹਾਂ ਵਿੱਚ ਅਮੋਰੀਆਂ ਵੀ ਸ਼ਾਮਲ ਸਨ, ਜਿਹੜੇ ਦੇਸ਼ ਵਿੱਚ ਰਹਿੰਦੇ ਸਨ। ਅਸੀਂ ਤਾਂ ਯਾਹਵੇਹ ਦੀ ਸੇਵਾ ਕਰਾਂਗੇ, ਕਿਉਂਕਿ ਉਹ ਸਾਡਾ ਪਰਮੇਸ਼ਵਰ ਹੈ।”
19ਯਹੋਸ਼ੂਆ ਨੇ ਲੋਕਾਂ ਨੂੰ ਆਖਿਆ, “ਤੁਸੀਂ ਯਾਹਵੇਹ ਦੀ ਸੇਵਾ ਕਰਨ ਦੇ ਯੋਗ ਨਹੀਂ ਹੋ ਕਿਉਂ ਜੋ ਉਹ ਇੱਕ ਪਵਿੱਤਰ ਪਰਮੇਸ਼ਵਰ ਹੈ; ਉਹ ਈਰਖਾਲੂ ਪਰਮੇਸ਼ਵਰ ਹੈ। ਉਹ ਤੁਹਾਡੀ ਬਗਾਵਤ ਅਤੇ ਤੁਹਾਡੇ ਪਾਪ ਮਾਫ਼ ਨਹੀਂ ਕਰੇਗਾ। 20ਜੇਕਰ ਤੁਸੀਂ ਯਾਹਵੇਹ ਨੂੰ ਤਿਆਗ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ, ਤਾਂ ਉਹ ਤੁਹਾਡੇ ਵਿਰੁੱਧ ਹੋ ਜਾਵੇਗਾ ਅਤੇ ਤੁਹਾਡੇ ਉੱਤੇ ਤਬਾਹੀ ਲਿਆਵੇਗਾ ਅਤੇ ਤੁਹਾਡਾ ਅੰਤ ਕਰ ਦੇਵੇਗਾ, ਭਾਵੇਂ ਉਸ ਨੇ ਹੁਣ ਤੱਕ ਤੁਹਾਡਾ ਭਲਾ ਹੀ ਕੀਤਾ ਹੈ।”
21ਪਰ ਲੋਕਾਂ ਨੇ ਯਹੋਸ਼ੂਆ ਨੂੰ ਆਖਿਆ, “ਨਹੀਂ! ਅਸੀਂ ਯਾਹਵੇਹ ਦੀ ਸੇਵਾ ਕਰਾਂਗੇ।”
22ਤਦ ਯਹੋਸ਼ੂਆ ਨੇ ਆਖਿਆ, “ਤੁਸੀਂ ਆਪਣੇ ਆਪ ਦੇ ਵਿਰੁੱਧ ਗਵਾਹ ਹੋ ਜੋ ਤੁਸੀਂ ਯਾਹਵੇਹ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਚੁਣਿਆ ਹੈ।”
ਉਨ੍ਹਾਂ ਨੇ ਜਵਾਬ ਦਿੱਤਾ, “ਹਾਂ, ਅਸੀਂ ਗਵਾਹ ਹਾਂ।”
23ਯਹੋਸ਼ੂਆ ਨੇ ਕਿਹਾ, “ਹੁਣ ਉਨ੍ਹਾਂ ਦੂਜੇ ਦੇਵਤਿਆਂ ਨੂੰ ਸੁੱਟ ਦਿਓ ਜਿਹੜੇ ਤੁਹਾਡੇ ਵਿੱਚ ਹਨ ਅਤੇ ਆਪਣੇ ਮਨ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਨੂੰ ਸੌਂਪ ਦਿਓ।”
24ਅਤੇ ਲੋਕਾਂ ਨੇ ਯਹੋਸ਼ੂਆ ਨੂੰ ਆਖਿਆ, “ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਸੇਵਾ ਕਰਾਂਗੇ ਅਤੇ ਉਸਦਾ ਹੁਕਮ ਮੰਨਾਂਗੇ।”
25ਉਸ ਦਿਨ ਯਹੋਸ਼ੂਆ ਨੇ ਲੋਕਾਂ ਲਈ ਇੱਕ ਨੇਮ ਬੰਨ੍ਹਿਆ, ਅਤੇ ਉੱਥੇ ਸ਼ੇਕੇਮ ਵਿੱਚ ਉਸਨੇ ਉਨ੍ਹਾਂ ਲਈ ਫ਼ਰਮਾਨਾਂ ਅਤੇ ਕਾਨੂੰਨਾਂ ਦੀ ਪੁਸ਼ਟੀ ਕੀਤੀ। 26ਅਤੇ ਯਹੋਸ਼ੂਆ ਨੇ ਇਹਨਾਂ ਗੱਲਾਂ ਨੂੰ ਪਰਮੇਸ਼ਵਰ ਦੀ ਬਿਵਸਥਾ ਦੀ ਪੋਥੀ ਵਿੱਚ ਦਰਜ ਕੀਤਾ। ਫੇਰ ਉਸਨੇ ਇੱਕ ਵੱਡਾ ਪੱਥਰ ਲਿਆ ਅਤੇ ਉਸਨੂੰ ਬਲੂਤ ਦੇ ਰੁੱਖ ਦੇ ਹੇਠਾਂ ਯਾਹਵੇਹ ਦੇ ਪਵਿੱਤਰ ਸਥਾਨ ਦੇ ਕੋਲ ਖੜ੍ਹਾਂ ਕਰ ਦਿੱਤਾ।
27ਯਹੋਸ਼ੂਆ ਨੇ ਸਾਰੇ ਲੋਕਾਂ ਨੂੰ ਕਿਹਾ, “ਵੇਖੋ! ਇਹ ਪੱਥਰ ਸਾਡੇ ਵਿਰੁੱਧ ਗਵਾਹ ਹੋਵੇਗਾ। ਇਸ ਨੇ ਉਹ ਸਾਰੇ ਸ਼ਬਦ ਸੁਣ ਲਏ ਹਨ ਜੋ ਯਾਹਵੇਹ ਨੇ ਸਾਨੂੰ ਕਹੇ ਹਨ। ਇਹ ਤੁਹਾਡੇ ਵਿਰੁੱਧ ਗਵਾਹ ਹੋਵੇਗਾ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਪਰਮੇਸ਼ਵਰ ਤੋਂ ਮੁੱਕਰ ਜਾਓ।”
28ਇਹ ਕਹਿ ਕੇ ਯਹੋਸ਼ੂਆ ਨੇ ਲੋਕਾਂ ਨੂੰ ਵਿਦਾ ਕਰ ਦਿੱਤਾ ਅਤੇ ਸਾਰੇ ਆਪੋ-ਆਪਣੇ ਘਰਾਂ ਨੂੰ ਚਲੇ ਗਏ।
ਵਾਅਦਾ ਕੀਤੇ ਹੋਏ ਦੇਸ਼ ਵਿੱਚ ਦਫ਼ਨਾਇਆ ਗਿਆ
29ਇਨ੍ਹਾਂ ਗੱਲਾਂ ਤੋਂ ਬਾਅਦ, ਨੂਨ ਦਾ ਪੁੱਤਰ ਯਹੋਸ਼ੂਆ, ਯਾਹਵੇਹ ਦਾ ਸੇਵਕ, ਇੱਕ ਸੌ ਦਸ ਸਾਲ ਦੀ ਉਮਰ ਵਿੱਚ ਮਰ ਗਿਆ। 30ਅਤੇ ਉਨ੍ਹਾਂ ਨੇ ਉਸਨੂੰ ਉਸਦੀ ਵਿਰਾਸਤ ਦੇ ਦੇਸ਼ ਵਿੱਚ, ਗਾਸ਼ ਪਰਬਤ ਦੇ ਉੱਤਰ ਵਿੱਚ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਤਿਮਨਾਥ-ਸਰਹ ਵਿੱਚ ਦਫ਼ਨਾਇਆ।
31ਇਸਰਾਏਲ ਨੇ ਯਹੋਸ਼ੂਆ ਦੇ ਸਾਰੇ ਦਿਨਾਂ ਵਿੱਚ ਯਾਹਵੇਹ ਦੀ ਉਪਾਸਨਾ ਕੀਤੀ ਅਤੇ ਉਹਨਾਂ ਬਜ਼ੁਰਗਾਂ ਦੇ ਸਾਰੇ ਦਿਨਾਂ ਵਿੱਚ ਵੀ ਜਿਹੜੇ ਯਹੋਸ਼ੂਆ ਦੇ ਪਿੱਛੋਂ ਜਿਉਂਦੇ ਰਹੇ ਅਤੇ ਯਾਹਵੇਹ ਦਾ ਸਾਰਾ ਕੰਮ ਜਾਣਦੇ ਸਨ ਜਿਹੜਾ ਉਸਨੇ ਇਸਰਾਏਲ ਦੇ ਲਈ ਕੀਤਾ।
32ਅਤੇ ਯੋਸੇਫ਼ ਦੀਆਂ ਹੱਡੀਆਂ ਜਿਹੜੀਆਂ ਇਸਰਾਏਲੀ ਮਿਸਰ ਵਿੱਚੋਂ ਲਿਆਏ ਸਨ, ਸ਼ੇਕੇਮ ਵਿੱਚ ਉਸ ਜ਼ਮੀਨ ਦੇ ਖੇਤ ਵਿੱਚ ਦੱਬੀਆਂ ਗਈਆਂ ਜੋ ਯਾਕੋਬ ਨੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਤੋਂ ਚਾਂਦੀ ਦੇ ਸੌ ਸਿੱਕਿਆਂ ਵਿੱਚ ਮੁੱਲ ਲਈ ਸੀ। ਇਹ ਯੋਸੇਫ਼ ਦੇ ਉੱਤਰਾਧਿਕਾਰੀਆਂ ਦੀ ਵਿਰਾਸਤ ਬਣ ਗਈ।
33ਅਤੇ ਹਾਰੋਨ ਦਾ ਪੁੱਤਰ ਅਲਆਜ਼ਾਰ ਮਰ ਗਿਆ ਅਤੇ ਗਿਬਆਹ ਵਿੱਚ ਦਫ਼ਨਾਇਆ ਗਿਆ, ਜੋ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਉਸਦੇ ਪੁੱਤਰ ਫੀਨਹਾਸ ਨੂੰ ਦਿੱਤਾ ਗਿਆ ਸੀ।
Currently Selected:
ਯਹੋਸ਼ੂਆ 24: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.