ਹਿਜ਼ਕੀਏਲ 14
14
ਮੂਰਤੀ ਪੂਜਕਾਂ ਦੀ ਨਿੰਦਾ ਕੀਤੀ ਗਈ
1ਇਸਰਾਏਲ ਦੇ ਕੁਝ ਬਜ਼ੁਰਗ ਮੇਰੇ ਕੋਲ ਆਏ ਅਤੇ ਮੇਰੇ ਸਾਹਮਣੇ ਬੈਠ ਗਏ। 2ਫਿਰ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 3“ਹੇ ਮਨੁੱਖ ਦੇ ਪੁੱਤਰ, ਇਨ੍ਹਾਂ ਮਨੁੱਖਾਂ ਨੇ ਆਪਣੇ ਦਿਲਾਂ ਵਿੱਚ ਮੂਰਤੀਆਂ ਸਥਾਪਤ ਕੀਤੀਆਂ ਹਨ ਅਤੇ ਉਹਨਾਂ ਦੇ ਚਿਹਰਿਆਂ ਅੱਗੇ ਭੈੜੀਆਂ ਠੋਕਰਾਂ ਵਾਲੀਆਂ ਰੁਕਾਵਟਾਂ ਰੱਖੀਆਂ ਹਨ। ਅਜਿਹੇ ਲੋਕਾਂ ਦਾ ਕੀ ਹੱਕ ਹੈ ਕਿ ਉਹ ਮੈਨੂੰ ਪੁੱਛ-ਗਿੱਛ ਕਰਨ? 4ਇਸ ਲਈ ਉਹਨਾਂ ਨਾਲ ਗੱਲ ਕਰੋ ਅਤੇ ਉਹਨਾਂ ਨੂੰ ਦੱਸੋ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਜਦੋਂ ਇਸਰਾਏਲੀਆਂ ਵਿੱਚੋਂ ਕੋਈ ਆਪਣੇ ਦਿਲਾਂ ਵਿੱਚ ਮੂਰਤੀਆਂ ਨੂੰ ਸਥਾਪਿਤ ਕਰਦਾ ਹੈ ਅਤੇ ਆਪਣੇ ਮੂੰਹਾਂ ਅੱਗੇ ਇੱਕ ਬਦੀਆਂ ਦੀ ਠੋਕਰ ਵਾਲਾ ਪੱਥਰ ਰੱਖਦਾ ਹੈ ਅਤੇ ਫਿਰ ਕਿਸੇ ਨਬੀ ਕੋਲ ਜਾਂਦਾ ਹੈ, ਮੈਂ ਯਾਹਵੇਹ ਉਹਨਾਂ ਦੀ ਮਹਾਨ ਮੂਰਤੀ ਪੂਜਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਖੁਦ ਜਵਾਬ ਦੇਵੇਗਾ। 5ਮੈਂ ਅਜਿਹਾ ਇਸਰਾਏਲ ਦੇ ਲੋਕਾਂ ਦੇ ਦਿਲਾਂ ਨੂੰ ਮੁੜ ਹਾਸਲ ਕਰਨ ਲਈ ਕਰਾਂਗਾ, ਜਿਨ੍ਹਾਂ ਨੇ ਆਪਣੇ ਬੁੱਤਾਂ ਲਈ ਮੈਨੂੰ ਛੱਡ ਦਿੱਤਾ ਹੈ।’
6“ਇਸ ਲਈ ਇਸਰਾਏਲ ਦੇ ਲੋਕਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਤੋਬਾ ਕਰੋ! ਆਪਣੀਆਂ ਮੂਰਤੀਆਂ ਤੋਂ ਮੁੜੋ ਅਤੇ ਆਪਣੇ ਸਾਰੇ ਘਿਣਾਉਣੇ ਕੰਮਾਂ ਨੂੰ ਤਿਆਗ ਦਿਓ!
7“ ‘ਜਦੋਂ ਕੋਈ ਇਸਰਾਏਲ ਦੇ ਘਰਾਣੇ ਵਿੱਚੋਂ ਹੈ ਜਾਂ ਉਹਨਾਂ ਪਰਦੇਸੀਆਂ ਵਿੱਚੋਂ ਜਿਹੜੇ ਇਸਰਾਏਲ ਵਿੱਚ ਰਹਿੰਦੇ ਹਨ ਮੇਰੇ ਤੋਂ ਵੱਖ ਹੁੰਦਾ ਜਾਂਦਾ ਹੈ, ਆਪਣੇ ਮਨ ਵਿੱਚ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖਦਾ ਹੈ ਅਤੇ ਨਬੀ ਦੇ ਕੋਲ ਮੇਰੇ ਬਾਰੇ ਪੁੱਛਣ ਲਈ ਆਉਂਦਾ ਹੈ, ਉਹ ਨੂੰ ਮੈਂ ਯਾਹਵੇਹ ਆਪੇ ਹੀ ਉੱਤਰ ਦਿਆਂਗਾ। 8ਮੈਂ ਉਹਨਾਂ ਦੇ ਵਿਰੁੱਧ ਆਪਣਾ ਚਿਹਰਾ ਕਰਾਂਗਾ ਅਤੇ ਉਹਨਾਂ ਨੂੰ ਇੱਕ ਮਿਸਾਲ ਅਤੇ ਉਪਦੇਸ਼ ਬਣਾਵਾਂਗਾ। ਮੈਂ ਉਹਨਾਂ ਨੂੰ ਆਪਣੇ ਲੋਕਾਂ ਵਿੱਚੋਂ ਹਟਾ ਦਿਆਂਗਾ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ।
9“ ‘ਅਤੇ ਜੇ ਨਬੀ ਨੂੰ ਭਵਿੱਖਬਾਣੀ ਕਰਨ ਲਈ ਭਰਮਾਇਆ ਗਿਆ ਹੈ, ਤਾਂ ਮੈਂ ਯਾਹਵੇਹ ਉਸ ਨਬੀ ਨੂੰ ਭਰਮਾਇਆ ਹੈ, ਅਤੇ ਮੈਂ ਉਸ ਦੇ ਵਿਰੁੱਧ ਆਪਣਾ ਹੱਥ ਵਧਾਵਾਂਗਾ ਅਤੇ ਉਸ ਨੂੰ ਆਪਣੀ ਪਰਜਾ ਇਸਰਾਏਲ ਵਿੱਚੋਂ ਨਸ਼ਟ ਕਰ ਦਿਆਂਗਾ। 10ਉਹ ਆਪਣੀ ਬਦੀ ਦੀ ਸਜ਼ਾ ਪਾਉਣਗੇ। ਨਬੀ ਦੀ ਬਦੀ ਦੀ ਸਜ਼ਾ ਵੀ ਉਹੀ ਹੋਵੇਗੀ, ਜੋ ਉਸ ਤੋਂ ਪੁੱਛਣ ਵਾਲੇ ਦੀ ਹੋਵੇਗੀ। 11ਫਿਰ ਇਸਰਾਏਲ ਦੇ ਲੋਕ ਮੇਰੇ ਤੋਂ ਭਟਕਣਗੇ ਨਹੀਂ, ਅਤੇ ਨਾ ਹੀ ਉਹ ਆਪਣੇ ਆਪ ਨੂੰ ਆਪਣੇ ਸਾਰੇ ਪਾਪਾਂ ਨਾਲ ਅਸ਼ੁੱਧ ਕਰਨਗੇ। ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”
ਯੇਰੂਸ਼ਲੇਮ ਦਾ ਨਿਰਣਾ ਅਟੱਲ ਹੈ
12ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 13“ਹੇ ਮਨੁੱਖ ਦੇ ਪੁੱਤਰ, ਜੇਕਰ ਕੋਈ ਦੇਸ ਭਾਰੀ ਪਾਪ ਕਰਕੇ ਮੇਰਾ ਅਪਰਾਧੀ ਹੋਵੇ ਅਤੇ ਮੈਂ ਉਸ ਉੱਤੇ ਆਪਣਾ ਹੱਥ ਚੁੱਕਾਂ, ਉਸ ਦੀ ਰੋਟੀ ਦਾ ਸਾਧਨ ਤੋੜ ਦੇਵਾਂ, ਉੱਥੇ ਕਾਲ ਪਾ ਦੇਵਾਂ ਅਤੇ ਉਸ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਮਾਰ ਸੁੱਟਾਂ, 14ਭਾਵੇਂ ਉਸ ਵਿੱਚ ਨੋਹ, ਦਾਨੀਏਲ ਅਤੇ ਅੱਯੋਬ ਤਿੰਨ ਮਨੁੱਖ ਹੋਣ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਉਹ ਆਪਣੇ ਧਰਮ ਦੇ ਕਾਰਨ ਕੇਵਲ ਆਪਣੀਆਂ ਹੀ ਜਾਨਾਂ ਬਚਾਉਣਗੇ।
15“ਜਾਂ ਜੇਕਰ ਮੈਂ ਉਸ ਦੇਸ਼ ਵਿੱਚ ਜੰਗਲੀ ਜਾਨਵਰਾਂ ਨੂੰ ਭੇਜਾਂ ਅਤੇ ਉਹ ਉਸ ਨੂੰ ਬੇ-ਔਲਾਦ ਛੱਡ ਦੇਣ ਅਤੇ ਉਹ ਵਿਰਾਨ ਹੋ ਜਾਵੇ ਤਾਂ ਜੋ ਦਰਿੰਦਿਆਂ ਦੇ ਕਾਰਨ ਕੋਈ ਵੀ ਉਸ ਵਿੱਚੋਂ ਦੀ ਲੰਘ ਨਾ ਸਕੇ, 16ਤਾਂ ਵੀ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ ਕਿ ਭਾਵੇਂ ਇਹ ਤਿੰਨੇ ਮਨੁੱਖ ਉਸ ਵਿੱਚ ਹੋਣ, ਤਾਂ ਵੀ ਉਹ ਧੀਆਂ ਅਤੇ ਪੁੱਤਰਾਂ ਨੂੰ ਨਾ ਬਚਾ ਸਕਣਗੇ, ਕੇਵਲ ਉਹ ਆਪ ਹੀ ਬਚਣਗੇ ਅਤੇ ਦੇਸ ਵਿਰਾਨ ਹੋ ਜਾਵੇਗਾ।
17“ਜਾਂ ਮੈਂ ਉਸ ਦੇਸ਼ ਦੇ ਵਿਰੁੱਧ ਤਲਵਾਰ ਲਿਆਵਾਂ ਅਤੇ ਆਖਾਂ, ‘ਤਲਵਾਰ ਸਾਰੇ ਦੇਸ਼ ਵਿੱਚੋਂ ਦੀ ਲੰਘ,’ ਅਤੇ ਮੈਂ ਉਸ ਦੇ ਲੋਕਾਂ ਅਤੇ ਉਹਨਾਂ ਦੇ ਜਾਨਵਰਾਂ ਨੂੰ ਮਾਰ ਦਿਆਂ, 18ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਭਾਵੇਂ ਇਹ ਤਿੰਨ ਮਨੁੱਖ ਇਸ ਵਿੱਚ ਹੋਣ, ਤਾਂ ਵੀ ਉਹ ਆਪਣੇ ਪੁੱਤਰਾਂ ਜਾਂ ਧੀਆਂ ਨੂੰ ਨਹੀਂ ਬਚਾ ਸਕਣਗੇ। ਉਹ ਇਕੱਲੇ ਹੀ ਬਚ ਜਾਣਗੇ।
19“ਜਾਂ ਜੇਕਰ ਮੈਂ ਉਸ ਧਰਤੀ ਉੱਤੇ ਕੋਈ ਬਿਪਤਾ ਅਤੇ ਲਹੂ ਵਗਾ ਕੇ ਆਪਣਾ ਕਹਿਰ ਉਸ ਉੱਤੇ ਭੇਜਾਂ, ਉਸ ਦੇ ਲੋਕਾਂ ਅਤੇ ਉਹਨਾਂ ਦੇ ਜਾਨਵਰਾਂ ਨੂੰ ਮਾਰ ਸੁੱਟਾਂ, 20ਭਾਵੇਂ ਨੋਹ, ਦਾਨੀਏਲ ਅਤੇ ਅੱਯੋਬ ਉਸ ਵਿੱਚ ਹੋਣ ਤਾਂ ਵੀ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਕਿ ਮੈਨੂੰ ਆਪਣੀ ਜਾਨ ਦੀ ਸਹੁੰ ਕਿ ਉਹ ਨਾ ਪੁੱਤਰ ਨੂੰ ਛੁਡਾ ਸਕਣਗੇ, ਨਾ ਧੀ ਨੂੰ, ਸਗੋਂ ਆਪਣੇ ਧਰਮ ਦੇ ਕਾਰਨ ਕੇਵਲ ਆਪਣੇ ਆਪ ਨੂੰ ਹੀ ਬਚਾ ਸਕਣਗੇ।
21“ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਹ ਕਿੰਨਾ ਮਾੜਾ ਹੋਵੇਗਾ ਜਦੋਂ ਮੈਂ ਯੇਰੂਸ਼ਲੇਮ ਦੇ ਵਿਰੁੱਧ ਆਪਣੇ ਚਾਰ ਭਿਆਨਕ ਨਿਆਂ ਭੇਜਾਂਗਾ, ਤਲਵਾਰ, ਕਾਲ, ਜੰਗਲੀ ਜਾਨਵਰ ਅਤੇ ਮਹਾਂਮਾਰੀ ਉਸ ਦੇ ਮਨੁੱਖਾਂ ਅਤੇ ਉਹਨਾਂ ਦੇ ਜਾਨਵਰਾਂ ਨੂੰ ਮਾਰਨ ਲਈ! 22ਫਿਰ ਵੀ ਕੁਝ ਪੁੱਤਰ ਅਤੇ ਧੀਆਂ ਬਚੇ ਰਹਿਣਗੇ, ਜਿਨ੍ਹਾਂ ਨੂੰ ਇਸ ਵਿੱਚੋਂ ਬਾਹਰ ਲਿਆਂਦਾ ਜਾਵੇਗਾ। ਉਹ ਤੁਹਾਡੇ ਕੋਲ ਆਉਣਗੇ, ਅਤੇ ਜਦੋਂ ਤੁਸੀਂ ਉਹਨਾਂ ਦੇ ਚਾਲ-ਚਲਣ ਅਤੇ ਉਹਨਾਂ ਦੇ ਕੰਮਾਂ ਨੂੰ ਵੇਖੋਗੇ, ਤਾਂ ਤੁਹਾਨੂੰ ਉਸ ਤਬਾਹੀ ਬਾਰੇ ਤਸੱਲੀ ਮਿਲੇਗੀ ਜੋ ਮੈਂ ਯੇਰੂਸ਼ਲੇਮ ਉੱਤੇ ਲਿਆਂਦੀ ਹੈ ਹਰ ਬਿਪਤਾ ਜੋ ਮੈਂ ਇਸ ਉੱਤੇ ਲਿਆਇਆ ਹੈ। 23ਉਹ ਵੀ ਜਦ ਤੁਸੀਂ ਉਹਨਾਂ ਦੇ ਚਾਲ-ਚਲਣ ਅਤੇ ਉਹਨਾਂ ਦੇ ਕੰਮਾਂ ਨੂੰ ਵੇਖੋਗੇ, ਤਾਂ ਤੁਹਾਡੀ ਤਸੱਲੀ ਹੋਵੇਗੀ ਅਤੇ ਤੁਸੀਂ ਜਾਣੋਗੇ ਕਿ ਜੋ ਕੁਝ ਮੈਂ ਕੀਤਾ ਹੈ ਬਿਨਾਂ ਕਾਰਨ ਨਹੀਂ ਕੀਤਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”
Currently Selected:
ਹਿਜ਼ਕੀਏਲ 14: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.