ਹਿਜ਼ਕੀਏਲ 13
13
ਝੂਠੇ ਨਬੀਆਂ ਦੀ ਨਿੰਦਾ ਕੀਤੀ ਗਈ
1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2“ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਨਬੀ ਜਿਹੜੇ ਭਵਿੱਖਬਾਣੀ ਕਰਦੇ ਹਨ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਜੋ ਆਪਣੇ ਹੀ ਮਨ ਤੋਂ ਭਵਿੱਖਬਾਣੀ ਕਰਦੇ ਹਨ ਤੂੰ ਉਹਨਾਂ ਨੂੰ ਆਖ, ‘ਕਿ ਯਾਹਵੇਹ ਦਾ ਬਚਨ ਸੁਣੋ! 3ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਮੂਰਖ ਨਬੀਆਂ ਉੱਤੇ ਹਾਏ ਹਾਏ! ਜਿਹੜੇ ਆਪਣੀ ਆਤਮਾ ਦੀ ਪਾਲਣਾ ਕਰਦੇ ਹਨ ਅਤੇ ਉਹਨਾਂ ਨੇ ਕੁਝ ਨਹੀਂ ਵੇਖਿਆ! 4ਇਸਰਾਏਲ, ਤੁਹਾਡੇ ਨਬੀ ਉਹਨਾਂ ਲੂੰਬੜੀਆਂ ਵਰਗੇ ਸਨ, ਜਿਹੜੀਆਂ ਉਜਾੜਾਂ ਵਿੱਚ ਰਹਿੰਦੀਆਂ ਹਨ। 5ਤੁਸੀਂ ਇਸਰਾਏਲ ਦੇ ਲੋਕਾਂ ਲਈ ਇਸ ਕੰਧ ਦੀਆਂ ਤਰੇੜਾ ਦੀ ਮੁਰੰਮਤ ਕਰਨ ਲਈ ਉੱਪਰ ਨਹੀਂ ਗਏ ਤਾਂ ਜੋ ਇਹ ਯਾਹਵੇਹ ਦੇ ਦਿਨ ਦੀ ਲੜਾਈ ਵਿੱਚ ਮਜ਼ਬੂਤ ਰਹੇ। 6ਉਹਨਾਂ ਨੇ ਝੂਠੇ ਦਰਸ਼ਣ ਵੇਖੇ ਅਤੇ ਉਹਨਾਂ ਨੇ ਝੂਠੀਆਂ ਭਵਿੱਖਬਾਣੀਆਂ ਕੀਤੀਆਂ। ਹਾਲਾਂਕਿ ਯਾਹਵੇਹ ਨੇ ਉਹਨਾਂ ਨੂੰ ਨਹੀਂ ਭੇਜਿਆ ਪਰ ਫਿਰ ਵੀ ਉਹ ਕਹਿੰਦੇ ਹਨ, “ਯਾਹਵੇਹ ਇਹ ਘੋਸ਼ਣਾ ਕਰਦਾ ਹੈ,” ਅਤੇ ਉਹ ਲੋਕਾਂ ਨੂੰ ਆਸ ਦਿਵਾਉਂਦੇ ਹਨ ਕਿ ਉਹਨਾਂ ਦੀ ਭਵਿੱਖਬਾਣੀ ਪੂਰੀ ਹੋ ਜਾਵੇਗੀ। 7ਕੀ ਤੁਸੀਂ ਝੂਠੇ ਦਰਸ਼ਣ ਨਹੀਂ ਵੇਖੇ ਅਤੇ ਝੂਠੀਆਂ ਗੱਲਾਂ ਨਹੀਂ ਕੀਤੀਆਂ ਜਦੋਂ ਤੁਸੀਂ ਕਹਿੰਦੇ ਹੋ, “ਯਾਹਵੇਹ ਦਾ ਵਾਕ ਹੈ,” ਭਾਵੇਂ ਮੈਂ ਨਹੀਂ ਬੋਲਿਆ?
8“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਤੁਹਾਡੇ ਝੂਠੇ ਸ਼ਬਦਾਂ ਅਤੇ ਝੂਠੇ ਦਰਸ਼ਣਾ ਦੇ ਕਾਰਨ, ਮੈਂ ਤੁਹਾਡੇ ਵਿਰੁੱਧ ਹਾਂ, ਯਾਹਵੇਹ ਦਾ ਵਾਕ ਹੈ। 9ਮੇਰਾ ਹੱਥ ਉਹਨਾਂ ਨਬੀਆਂ ਦੇ ਵਿਰੁੱਧ ਹੋਵੇਗਾ ਜੋ ਝੂਠੇ ਦਰਸ਼ਣ ਵੇਖਦੇ ਅਤੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ। ਉਹ ਨਾ ਤਾਂ ਮੇਰੀ ਪਰਜਾ ਦੀ ਸਭਾ ਵਿੱਚ ਸ਼ਾਮਲ ਹੋਣਗੇ, ਨਾ ਇਸਰਾਏਲ ਦੇ ਲੇਖੇ ਵਿੱਚ ਦਰਜ ਹੋਣਗੇ, ਨਾ ਉਹ ਇਸਰਾਏਲ ਦੀ ਧਰਤੀ ਵਿੱਚ ਵੜਨਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਸਰਬਸ਼ਕਤੀਮਾਨ ਯਾਹਵੇਹ ਹਾਂ।
10“ ‘ਕਿਉਂਕਿ ਉਹ ਮੇਰੇ ਲੋਕਾਂ ਨੂੰ ਇਹ ਕਹਿ ਕੇ ਕੁਰਾਹੇ ਪਾਉਂਦੇ ਹਨ, “ਸ਼ਾਂਤੀ,” ਜਦੋਂ ਸ਼ਾਂਤੀ ਨਹੀਂ ਹੁੰਦੀ, ਅਤੇ ਜਦੋਂ ਕੋਈ ਕੰਧ ਬਣਾਉਂਦਾ ਹੈ, ਤਾਂ ਉਹ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ, 11ਉਹਨਾਂ ਨੂੰ ਜੋ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ ਆਖ, ਉਹ ਡਿੱਗ ਪਏਗੀ। ਕਿਉਂ ਜੋ ਮੋਹਲੇਧਾਰ ਵਰਖਾ ਪਵੇਗੀ ਅਤੇ ਵੱਡੇ-ਵੱਡੇ ਗੜੇ ਪੈਣਗੇ ਅਤੇ ਹਨੇਰੀ ਉਹ ਨੂੰ ਡੇਗ ਦੇਵੇਗੀ। 12ਜਦੋਂ ਕੰਧ ਢਹਿ ਜਾਵੇਗੀ, ਤਾਂ ਕੀ ਲੋਕ ਤੁਹਾਨੂੰ ਨਹੀਂ ਪੁੱਛਣਗੇ, “ਉਹ ਲਿਪਾਈ ਕਿੱਥੇ ਹੈ ਜਿਹੜੀ ਤੁਸੀਂ ਉਸ ਉੱਤੇ ਕੀਤੀ ਸੀ?”
13“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਮੈਂ ਆਪਣੇ ਕਹਿਰ ਦੇ ਜ਼ੋਰ ਦੀ ਹਨੇਰੀ ਨਾਲ ਉਹ ਨੂੰ ਭੰਨ ਸੁੱਟਾਂਗਾ, ਮੇਰੇ ਕਹਿਰ ਕਰਕੇ ਛਮ-ਛਮ ਵਰਖਾ ਵਰ੍ਹੇਗੀ ਅਤੇ ਮੇਰੇ ਕਹਿਰ ਦੇ ਵੱਡੇ ਗੜੇ ਪੈਣਗੇ, ਤਾਂ ਜੋ ਉਹ ਨੂੰ ਪੂਰੀ ਤਰ੍ਹਾਂ ਨਾਸ ਕਰ ਦੇਣ। 14ਇਸ ਲਈ ਮੈਂ ਉਸ ਕੰਧ ਨੂੰ ਜਿਸ ਉੱਤੇ ਤੁਸੀਂ ਕੱਚੀ ਲਿਪਾਈ ਕੀਤੀ ਸੀ, ਤੋੜ ਸੁੱਟਾਂਗਾ ਅਤੇ ਧਰਤੀ ਤੇ ਢਾਹ ਦਿਆਂਗਾ ਇੱਥੋਂ ਤੱਕ ਕਿ ਉਹ ਦੀਆਂ ਨੀਹਾਂ ਨੰਗੀਆਂ ਹੋ ਜਾਣਗੀਆਂ, ਹਾਂ, ਉਹ ਡਿੱਗੇਗੀ ਅਤੇ ਤੁਸੀਂ ਉਸੇ ਵਿੱਚ ਮਾਰੇ ਜਾਓਗੇ, ਤਦ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ। 15ਮੈਂ ਆਪਣਾ ਕਹਿਰ ਉਸ ਕੰਧ ਉੱਤੇ ਅਤੇ ਉਹਨਾਂ ਉੱਤੇ ਜਿਹਨਾਂ ਨੇ ਉਸ ਉੱਤੇ ਕੱਚੀ ਲਿਪਾਈ ਕੀਤੀ, ਪੂਰਾ ਕਰਾਂਗਾ। ਤਦ ਮੈਂ ਤੁਹਾਨੂੰ ਆਖਾਂਗਾ, “ਕਿ ਨਾ ਕੰਧ ਰਹੀ ਅਤੇ ਨਾ ਉਹ ਰਹੇ ਜਿਹਨਾਂ ਨੇ ਉਸ ਉੱਤੇ ਕੱਚੀ ਲਿਪਾਈ ਕੀਤੀ, 16ਇਸਰਾਏਲ ਦੇ ਉਹ ਨਬੀਆਂ ਜਿਨ੍ਹਾਂ ਨੇ ਯੇਰੂਸ਼ਲੇਮ ਲਈ ਭਵਿੱਖਬਾਣੀ ਕੀਤੀ ਅਤੇ ਉਸ ਲਈ ਸ਼ਾਂਤੀ ਦੇ ਦਰਸ਼ਨ ਦੇਖੇ ਜਦੋਂ ਉੱਥੇ ਸ਼ਾਂਤੀ ਨਹੀਂ ਸੀ, ਯਾਹਵੇਹ ਦਾ ਵਾਕ ਹੈ।” ’
17“ਹੁਣ, ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੀਆਂ ਧੀਆਂ ਵੱਲ ਜਿਹੜੀਆਂ ਮਨ ਘੜਤ ਗੱਲਾਂ ਬਣਾ ਕੇ ਭਵਿੱਖਬਾਣੀ ਕਰਦੀਆਂ ਹਨ, ਮੂੰਹ ਮੋੜ ਅਤੇ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ। 18ਅਤੇ ਆਖ ਕਿ ਪ੍ਰਭੂ ਯਾਹਵੇਹ ਇਹ ਆਖਦਾ ਹੈ ਕਿ ਤੁਹਾਡੇ ਉੱਤੇ ਅਫ਼ਸੋਸ! ਜੋ ਆਪਣਿਆਂ ਡੋਲਿਆਂ ਉੱਤੇ ਜਾਦੂ ਦੇ ਤਾਬੀਜ਼ ਬੰਨ੍ਹਦੀਆਂ ਹਨ ਅਤੇ ਹਰ ਕੱਦ ਦੇ ਅਨੁਸਾਰ ਸਿਰ ਦੇ ਲਈ ਬੁਰਕੇ ਬਣਾਉਂਦੀਆਂ ਹੋ, ਤਾਂ ਜੋ ਲੋਕਾਂ ਦੀਆਂ ਜਾਨਾਂ ਦਾ ਸ਼ਿਕਾਰ ਕਰ ਸਕਣ। ਕੀ ਤੁਸੀਂ ਮੇਰੇ ਲੋਕਾਂ ਦੀਆਂ ਜਾਨਾਂ ਦਾ ਸ਼ਿਕਾਰ ਕਰੋਗੀਆਂ? ਅਤੇ ਆਪਣੀ ਜਾਨ ਬਚਾਓਗੀਆਂ? 19ਤੂੰ ਮੇਰੇ ਲੋਕਾਂ ਵਿੱਚ ਕੁਝ ਮੁੱਠੀ ਜੌਂ ਅਤੇ ਰੋਟੀਆਂ ਦੇ ਟੁਕੜਿਆਂ ਲਈ ਮੈਨੂੰ ਅਪਵਿੱਤਰ ਕੀਤਾ ਹੈ। ਝੂਠ ਸੁਣਨ ਵਾਲੇ ਮੇਰੇ ਲੋਕਾਂ ਨੂੰ ਝੂਠ ਬੋਲ ਕੇ, ਤੁਸੀਂ ਉਹਨਾਂ ਨੂੰ ਮਾਰ ਦਿੱਤਾ ਹੈ ਜਿਨ੍ਹਾਂ ਨੂੰ ਨਹੀਂ ਮਰਨਾ ਚਾਹੀਦਾ ਸੀ ਅਤੇ ਜਿਨ੍ਹਾਂ ਨੂੰ ਜੀਣਾ ਨਹੀਂ ਚਾਹੀਦਾ ਸੀ, ਉਹਨਾਂ ਨੂੰ ਬਖਸ਼ਿਆ ਹੈ।
20“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਮੈਂ ਤੁਹਾਡੇ ਤਵੀਜ਼ਾ ਦੇ ਵਿਰੁੱਧ ਹਾਂ, ਜਿਹਨਾਂ ਨਾਲ ਤੁਸੀਂ ਜਾਨਾਂ ਨੂੰ ਪੰਛੀਆਂ ਵਾਂਗੂੰ ਫਾਹ ਲੈਂਦੀਆਂ ਹੋ ਅਤੇ ਮੈਂ ਉਹਨਾਂ ਨੂੰ ਤੁਹਾਡਿਆਂ ਡੋਲਿਆ ਤੋਂ ਪਾੜ ਸੁੱਟਾਂਗਾ ਅਤੇ ਉਹਨਾਂ ਜਾਨਾਂ ਨੂੰ ਜਿਹਨਾਂ ਨੂੰ ਤੁਸੀਂ ਪੰਛੀਆਂ ਵਾਂਗੂੰ ਫਾਹ ਲੈਂਦੀਆਂ ਹੋ, ਛੁਡਾ ਦਿਆਂਗਾ। 21ਮੈਂ ਤੇਰੇ ਪਰਦੇ ਪਾੜਾਂਗਾ ਅਤੇ ਆਪਣੇ ਲੋਕਾਂ ਨੂੰ ਤੇਰੇ ਹੱਥੋਂ ਬਚਾਵਾਂਗਾ, ਅਤੇ ਉਹ ਫੇਰ ਤੇਰੀ ਸ਼ਕਤੀ ਦਾ ਸ਼ਿਕਾਰ ਨਹੀਂ ਹੋਣਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ। 22ਇਸ ਲਈ ਕਿ ਤੁਸੀਂ ਝੂਠ ਮਾਰ ਕੇ ਧਰਮੀ ਦੇ ਦਿਲ ਨੂੰ ਉਦਾਸ ਕੀਤਾ ਹੈ, ਜਿਹ ਨੂੰ ਮੈਂ ਦੁੱਖੀ ਨਹੀਂ ਕੀਤਾ ਅਤੇ ਤੁਸੀਂ ਦੁਸ਼ਟ ਦੇ ਹੱਥ ਨੂੰ ਤਕੜਾ ਕੀਤਾ, ਤਾਂ ਜੋ ਉਹ ਆਪਣੀ ਜਾਨ ਬਚਾਉਣ ਲਈ ਆਪਣੇ ਬੁਰੇ ਰਾਹ ਤੋਂ ਨਾ ਮੁੜੇ, 23ਇਸ ਲਈ ਤੁਸੀਂ ਹੁਣ ਝੂਠੇ ਦਰਸ਼ਣ ਜਾਂ ਭਵਿੱਖਬਾਣੀ ਨਹੀਂ ਵੇਖੋਂਗੇ। ਮੈਂ ਆਪਣੇ ਲੋਕਾਂ ਨੂੰ ਤੇਰੇ ਹੱਥੋਂ ਬਚਾਵਾਂਗਾ ਅਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।’ ”
Currently Selected:
ਹਿਜ਼ਕੀਏਲ 13: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.