ਅਸਤਰ 3
3
ਹਾਮਾਨ ਵੱਲੋਂ ਯਹੂਦੀਆਂ ਨੂੰ ਨਸ਼ਟ ਕਰਨ ਦੀ ਸਾਜ਼ਿਸ਼
1ਇਹਨਾਂ ਘਟਨਾਵਾਂ ਤੋਂ ਬਾਅਦ, ਰਾਜਾ ਅਹਸ਼ਵੇਰੋਸ਼ ਨੇ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੂੰ ਉੱਚੀ ਪਦਵੀ ਦੇ ਦਿੱਤੀ ਅਤੇ ਉਸ ਨੂੰ ਆਦਰ ਦਿੰਦੇ ਹੋਏ ਉਸ ਦਾ ਸਿੰਘਾਸਣ ਉਸ ਦੇ ਨਾਲ ਦੇ ਸਾਰੇ ਹਾਕਮਾਂ ਦੇ ਸਿੰਘਾਸਣਾਂ ਨਾਲੋਂ ਉੱਚਾ ਕਰ ਦਿੱਤਾ। 2ਰਾਜੇ ਦੇ ਦਰਵਾਜ਼ੇ ਦੇ ਸਾਰੇ ਸ਼ਾਹੀ ਅਧਿਕਾਰੀਆਂ ਨੇ ਗੋਡੇ ਟੇਕ ਕੇ ਹਾਮਾਨ ਦਾ ਆਦਰ ਕੀਤਾ ਕਿਉਂ ਜੋ ਰਾਜੇ ਨੇ ਉਹ ਦੇ ਵਿਖੇ ਇਹ ਹੁਕਮ ਦਿੱਤਾ ਸੀ, ਪਰ ਮਾਰਦਕਈ ਨੇ ਗੋਡੇ ਟੇਕ ਕੇ ਉਸ ਦਾ ਆਦਰ ਨਹੀਂ ਕੀਤਾ।
3ਤਦ ਰਾਜੇ ਦੇ ਦਰਵਾਜ਼ੇ ਉੱਤੇ ਸ਼ਾਹੀ ਅਧਿਕਾਰੀਆਂ ਨੇ ਮਾਰਦਕਈ ਨੂੰ ਪੁੱਛਿਆ, “ਤੂੰ ਰਾਜੇ ਦੇ ਹੁਕਮ ਦੀ ਉਲੰਘਣਾ ਕਿਉਂ ਕਰਦਾ ਹੈ?” 4ਫਿਰ ਅਜਿਹਾ ਹੋਇਆ ਕਿ ਜਦ ਉਹ ਹਰ ਰੋਜ਼ ਇਸੇ ਤਰ੍ਹਾਂ ਹੀ ਕਹਿੰਦੇ ਰਹੇ ਅਤੇ ਮਾਰਦਕਈ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਨ੍ਹਾਂ ਨੇ ਹਾਮਾਨ ਨੂੰ ਦੱਸ ਦਿੱਤਾ, ਇਹ ਵੇਖਣ ਲਈ ਕਿ ਮਾਰਦਕਈ ਦੀ ਇਹ ਗੱਲ ਚੱਲੇਗੀ ਕਿ ਨਹੀਂ ਕਿਉਂਕਿ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਯਹੂਦੀ ਹੈ।
5ਜਦੋਂ ਹਾਮਾਨ ਨੇ ਵੇਖਿਆ ਕਿ ਮਾਰਦਕਈ ਨਾ ਤਾਂ ਗੋਡੇ ਟੇਕਦਾ ਹੈ ਅਤੇ ਨਾ ਹੀ ਉਸ ਦਾ ਆਦਰ ਕਰਦਾ ਹੈ ਤਾਂ ਉਹ ਗੁੱਸੇ ਵਿੱਚ ਆ ਗਿਆ। 6ਫਿਰ ਵੀ ਇਹ ਜਾਣ ਕੇ ਕਿ ਮਾਰਦਕਈ ਕਿਹੜੀ ਜਾਤੀ ਦਾ ਹੈ, ਉਸ ਨੇ ਸਿਰਫ ਮਾਰਦਕਈ ਨੂੰ ਮਾਰਨ ਦੇ ਵਿਚਾਰ ਨੂੰ ਹੀ ਨਹੀਂ ਕੀਤਾ ਸਗੋਂ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਦੇ ਰਾਜ ਵਿੱਚ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਅਰਥਾਤ ਮਾਰਦਕਈ ਦੇ ਸਾਰੇ ਲੋਕਾਂ ਨੂੰ ਨਾਸ ਕਰਨ ਦੀ ਯੋਜਨਾ ਬਣਾਈ।
7ਰਾਜਾ ਅਹਸ਼ਵੇਰੋਸ਼ ਦੇ ਬਾਰ੍ਹਵੇਂ ਸਾਲ ਦੇ ਪਹਿਲੇ ਮਹੀਨੇ ਨੀਸਾਨ ਵਿੱਚ ਹਾਮਾਨ ਨੇ ਇੱਕ ਖਾਸ ਦਿਨ ਅਤੇ ਮਹੀਨੇ ਦੀ ਚੋਣ ਕਰਨ ਦੇ ਉਦੇਸ਼ ਨਾਲ ਆਪਣੀ ਹਾਜ਼ਰੀ ਵਿੱਚ ਪਰਚੀਆਂ ਪਾਈਆਂ ਗਈਆਂ ਫਿਰ ਬਾਰ੍ਹਵਾਂ ਮਹੀਨਾ ਚੁਣਿਆ ਗਿਆ ਸੀ, ਜੋ ਕਿ ਅਦਾਰ ਦਾ ਮਹੀਨਾ ਸੀ। (ਉਨ੍ਹਾਂ ਦਿਨਾਂ ਵਿੱਚ, ਗੁਣੇ ਪੁਰ ਕਹਿਲਾਉਂਦੇ ਸਨ।)
8ਤਦ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਨੂੰ ਕਿਹਾ, “ਤੇਰੇ ਰਾਜ ਦੇ ਸਾਰੇ ਸੂਬਿਆਂ ਵਿੱਚ ਲੋਕਾਂ ਵਿੱਚ ਕੁਝ ਲੋਕ ਖਿੰਡੇ ਹੋਏ ਹਨ ਜੋ ਆਪਣੇ ਆਪ ਨੂੰ ਅਲੱਗ ਰੱਖਦੇ ਹਨ। ਉਹਨਾਂ ਦੇ ਰੀਤੀ-ਰਿਵਾਜ ਹੋਰ ਸਾਰੇ ਲੋਕਾਂ ਨਾਲੋਂ ਵੱਖਰੇ ਹਨ, ਅਤੇ ਉਹ ਰਾਜੇ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ; ਉਹਨਾਂ ਨੂੰ ਬਰਦਾਸ਼ਤ ਕਰਨਾ ਰਾਜੇ ਦੇ ਹਿੱਤ ਵਿੱਚ ਨਹੀਂ ਹੈ। 9ਜੇ ਰਾਜੇ ਨੂੰ ਚੰਗਾ ਲੱਗੇ, ਤਾਂ ਉਹਨਾਂ ਨੂੰ ਨਾਸ ਕਰਨ ਦਾ ਹੁਕਮ ਜਾਰੀ ਕੀਤਾ ਜਾਵੇ ਅਤੇ ਮੈਂ ਸ਼ਾਹੀ ਖ਼ਜ਼ਾਨੇ ਲਈ ਰਾਜੇ ਦੇ ਪ੍ਰਬੰਧਕਾਂ ਨੂੰ ਤਿੰਨ ਲੱਖ ਚਾਲੀ ਹਜ਼ਾਰ ਕਿਲੋਗ੍ਰਾਮ ਤੋੜੇ ਚਾਂਦੀ ਦਿਆਂਗਾ।”
10ਤਾਂ ਰਾਜੇ ਨੇ ਆਪਣੀ ਉਂਗਲ ਵਿੱਚੋਂ ਆਪਣੀ ਦਸਤਕਾਰੀ ਵਾਲੀ ਅੰਗੂਠੀ ਲੈ ਕੇ ਯਹੂਦੀਆਂ ਦੇ ਦੁਸ਼ਮਣ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੂੰ ਦਿੱਤੀ। 11ਰਾਜੇ ਨੇ ਹਾਮਾਨ ਨੂੰ ਕਿਹਾ, “ਪੈਸੇ ਆਪਣੇ ਕੋਲ ਰੱਖ ਅਤੇ ਲੋਕਾਂ ਨਾਲ ਜਿਵੇਂ ਤੂੰ ਚਾਹੇ ਕਰ।”
12ਇਸ ਤਰ੍ਹਾਂ ਉਸੇ ਪਹਿਲੇ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਰਾਜਾ ਦੇ ਲਿਖਾਰੀ ਬੁਲਾਏ ਗਏ, ਅਤੇ ਹਾਮਾਨ ਦੇ ਹੁਕਮ ਅਨੁਸਾਰ ਰਾਜਾ ਦੇ ਸਾਰੇ ਅਧਿਕਾਰੀਆਂ ਅਤੇ ਸਾਰੇ ਸੂਬਿਆਂ ਦੇ ਪ੍ਰਧਾਨਾਂ ਅਤੇ ਜਾਤੀ-ਜਾਤੀ ਦੇ ਲੋਕਾਂ ਦੇ ਹਾਕਮਾਂ ਦੇ ਲਈ ਹਰੇਕ ਸੂਬੇ ਦੀ ਲਿਖਤ ਅਤੇ ਹਰੇਕ ਜਾਤੀ ਦੇ ਲੋਕਾਂ ਦੀ ਭਾਸ਼ਾ ਵਿੱਚ ਰਾਜਾ ਅਹਸ਼ਵੇਰੋਸ਼ ਦੇ ਨਾਮ ਤੇ ਹੁਕਮਨਾਮੇ ਲਿਖੇ ਗਏ ਅਤੇ ਉਨ੍ਹਾਂ ਦੇ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਲਗਾਈ ਗਈ। 13ਰਾਜੇ ਦੇ ਸਾਰੇ ਪ੍ਰਾਂਤਾਂ ਵਿੱਚ ਸੰਦੇਸ਼ਵਾਹਕਾਂ ਦੁਆਰਾ ਸਾਰੇ ਯਹੂਦੀਆਂ ਦੇ ਨੌਜਵਾਨਾਂ, ਬੁੱਢਿਆਂ, ਔਰਤਾਂ ਅਤੇ ਬੱਚਿਆਂ ਨੂੰ ਇੱਕ ਹੀ ਦਿਨ, ਬਾਰ੍ਹਵੇਂ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ, ਸਾਰੇ ਯਹੂਦੀਆਂ ਨੂੰ ਮਾਰਨ ਅਤੇ ਨਾਸ਼ ਕਰਨ ਦੇ ਹੁਕਮਨਾਮੇ ਨਾਲ ਭੇਜਿਆ ਗਿਆ। ਉਹ ਦਿਨ ਆਦਰ ਮਹੀਨੇ ਦੇ ਜੋ ਕਿ ਬਾਰ੍ਹਵੇਂ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਦੇ ਦਿਨ ਤੇ ਆਇਆ, ਅਤੇ ਇਸ ਦਿਨ ਨੂੰ ਇਹ ਹੁਕਮ ਹੋਇਆ ਕਿ ਯਹੂਦੀਆਂ ਦਾ ਸਭ ਕੁਝ ਧਨ-ਮਾਲ ਲੁੱਟ ਲਿਆ ਜਾਵੇ। 14ਹੁਕਮਨਾਮੇ ਦੀ ਇੱਕ ਨਕਲ ਹਰ ਸੂਬੇ ਵਿੱਚ ਕਾਨੂੰਨ ਵਜੋਂ ਜਾਰੀ ਕੀਤੀ ਜਾਣੀ ਸੀ ਅਤੇ ਹਰ ਕੌਮ ਦੇ ਲੋਕਾਂ ਨੂੰ ਦੱਸੀ ਜਾਣੀ ਸੀ ਤਾਂ ਜੋ ਉਹ ਉਸ ਦਿਨ ਲਈ ਤਿਆਰ ਰਹਿਣ।
15ਇਹ ਹੁਕਮ ਸ਼ੂਸ਼ਨ ਦੀ ਰਾਜਧਾਨੀ ਵਿੱਚ ਦਿੱਤਾ ਗਿਆ, ਅਤੇ ਰਾਜਾ ਦੇ ਹੁਕਮ ਅਨੁਸਾਰ ਸੰਦੇਸ਼ਵਾਹਕ ਉਸੇ ਸਮੇਂ ਨਿੱਕਲ ਪਏ। ਰਾਜਾ ਅਤੇ ਹਾਮਾਨ ਤਾਂ ਦਾਖ਼ਰਸ ਪੀਣ ਲਈ ਬੈਠ ਗਏ ਪਰ ਸ਼ੂਸ਼ਨ ਦੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਿਆ।
Currently Selected:
ਅਸਤਰ 3: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.