Bible App logo
Search Icon

ਅਸਤਰ 2

2
ਏਸਤੇਰ ਦਾ ਰਾਣੀ ਬਣਨਾ
1ਇਨ੍ਹਾਂ ਗੱਲਾਂ ਦੇ ਬਾਅਦ ਜਦ ਰਾਜਾ ਅਹਸ਼ਵੇਰੋਸ਼ ਦਾ ਗੁੱਸਾ ਠੰਡਾ ਪੈ ਗਿਆ, ਤਾਂ ਉਸ ਨੇ ਰਾਣੀ ਵਸ਼ਤੀ ਨੂੰ ਅਤੇ ਜੋ ਕੁਝ ਉਸ ਨੇ ਕੀਤਾ ਸੀ ਅਤੇ ਜੋ ਕੁਝ ਉਸ ਦੇ ਵਿਰੁੱਧ ਹੁਕਮ ਜਾਰੀ ਕੀਤਾ ਗਿਆ ਸੀ ਯਾਦ ਕੀਤਾ। 2ਤਦ ਰਾਜੇ ਦੇ ਨਿਜੀ ਸੇਵਾਦਾਰਾਂ ਨੇ ਸੂਝਾਅ ਰੱਖਿਆ, “ਰਾਜੇ ਲਈ ਸੁੰਦਰ ਮੁਟਿਆਰਾਂ ਦੀ ਖੋਜ ਕੀਤੀ ਜਾਵੇ। 3ਅਤੇ ਰਾਜਾ ਆਪਣੇ ਰਾਜ ਦੇ ਸਾਰੇ ਸੂਬਿਆਂ ਵਿੱਚ ਅਧਿਕਾਰੀਆਂ ਨੂੰ ਨਿਯੁਕਤ ਕਰੇ ਤਾਂ ਜੋ ਉਹ ਸਾਰੀਆਂ ਸੋਹਣੀਆਂ ਜੁਆਨ ਮੁਟਿਆਰਾਂ ਨੂੰ ਸ਼ੂਸ਼ਨ ਦੇ ਮਹਿਲ ਵਿੱਚ ਰਾਣੀਆਂ ਦੇ ਨਿਵਾਸ ਸਥਾਨ ਵਿੱਚ ਇਕੱਠੀਆਂ ਕਰਨ ਅਤੇ ਰਾਜਾ ਦੇ ਖੁਸਰੇ ਹੇਗਈ ਨੂੰ ਜਿਹੜਾ ਇਸਤਰੀਆਂ ਦਾ ਪ੍ਰਬੰਧਕ ਸੀ ਸੌਂਪ ਦੇਣ, ਅਤੇ ਉਨ੍ਹਾਂ ਨੂੰ ਸੁੰਦਰਤਾ ਵਧਾਉਣ ਦੀਆਂ ਸਾਰੀਆਂ ਵਸਤੂਆਂ ਦਿੱਤੀਆਂ ਜਾਣ। 4ਤਦ ਜਿਹੜੀ ਕੁਆਰੀ ਰਾਜਾ ਦੀ ਨਿਗਾਹ ਵਿੱਚ ਸਭ ਤੋਂ ਚੰਗੀ ਹੋਵੇ, ਉਸ ਨੂੰ ਰਾਣੀ ਵਸ਼ਤੀ ਦੇ ਸਥਾਨ ਤੇ ਮਹਾਰਾਣੀ ਬਣਾਇਆ ਜਾਵੇ।” ਇਹ ਗੱਲ ਰਾਜਾ ਨੂੰ ਚੰਗੀ ਲੱਗੀ ਅਤੇ ਉਸ ਨੇ ਇਸੇ ਤਰ੍ਹਾਂ ਹੀ ਕੀਤਾ।
5ਸ਼ੂਸ਼ਨ ਦੇ ਮਹਿਲ ਵਿੱਚ ਮਾਰਦਕਈ ਨਾਮ ਦਾ ਇੱਕ ਯਹੂਦੀ ਰਹਿੰਦਾ ਸੀ, ਉਹ ਬਿਨਯਾਮੀਨ ਦੇ ਗੋਤ ਵਿੱਚੋਂ ਯਾਈਰ ਦਾ ਪੁੱਤਰ, ਸ਼ਿਮਈ ਦਾ ਪੋਤਾ ਅਤੇ ਕੀਸ਼ ਦਾ ਪੜਪੋਤਾ ਸੀ, 6ਉਹ ਯਹੂਦੀਆ ਦੇ ਰਾਜੇ ਯਹੋਯਾਕੀਨ ਦੇ ਨਾਲ ਯੇਰੂਸ਼ਲੇਮ ਤੋਂ ਗੁਲਾਮੀ ਵਿੱਚ ਚਲਾ ਗਿਆ ਸੀ ਅਤੇ ਉਨ੍ਹਾਂ ਹੋਰ ਗੁਲਾਮਾਂ ਨਾਲ ਜਿਨ੍ਹਾਂ ਨੂੰ ਬਾਬੇਲ ਦੇ ਰਾਜਾ ਨਬੂਕਦਨੇਜ਼ਰ ਨੇ ਬੰਦੀ ਬਣਾ ਲਿਆ ਸੀ। 7ਮਾਰਦਕਈ ਦੇ ਹੱਦਸਾਹ ਨਾਮਕ ਚਚੇਰੀ ਭੈਣ ਸੀ, ਜੋ ਇਬਰਾਨੀ ਭਾਸ਼ਾ ਵਿੱਚ ਏਸਤੇਰ ਵੀ ਕਹਾਉਂਦੀ ਸੀ ਪਾਲਿਆ ਪੋਸਿਆ ਕਿਉਂਕਿ ਉਸ ਦੇ ਮਾਤਾ-ਪਿਤਾ ਨਹੀਂ ਸਨ, ਅਤੇ ਉਹ ਕੁੜੀ ਵੇਖਣ ਵਿੱਚ ਬਹੁਤ ਸੋਹਣੀ ਸੀ ਅਤੇ ਜਦ ਉਸ ਦੇ ਮਾਤਾ-ਪਿਤਾ ਮਰ ਗਏ ਤਾਂ ਮਾਰਦਕਈ ਨੇ ਉਸ ਨੂੰ ਆਪਣੀ ਧੀ ਬਣਾ ਕੇ ਪਾਲਿਆ।
8ਜਦੋਂ ਰਾਜੇ ਦੇ ਹੁਕਮ ਅਤੇ ਨਿਯਮ ਸੁਣਾਏ ਗਏ, ਤਾਂ ਬਹੁਤ ਸਾਰੀਆਂ ਮੁਟਿਆਰਾਂ ਨੂੰ ਸ਼ੂਸ਼ਨ ਦੇ ਗੜ੍ਹ ਵਿੱਚ ਲਿਆਂਦਾ ਗਿਆ ਅਤੇ ਹੇਗਈ ਦੀ ਦੇਖਭਾਲ ਵਿੱਚ ਰੱਖਿਆ ਗਿਆ। ਏਸਤੇਰ ਨੂੰ ਵੀ ਰਾਜੇ ਦੇ ਮਹਿਲ ਵਿੱਚ ਲਿਜਾਇਆ ਗਿਆ ਅਤੇ ਇਸਤਰੀਆਂ ਦੇ ਪ੍ਰਬੰਧਕ ਹੇਗਈ ਦੇ ਹਵਾਲੇ ਕੀਤੀ ਗਈ। 9ਹੇਗਈ ਨੂੰ ਏਸਤੇਰ ਚੰਗੀ ਲੱਗੀ, ਅਤੇ ਉਹ ਉਸ ਤੋਂ ਖੁਸ਼ ਹੋਇਆ, ਤਦ ਉਸ ਨੇ ਛੇਤੀ ਨਾਲ ਉਸ ਨੂੰ ਸੁੰਦਰਤਾ ਵਧਾਉਣ ਦੀਆਂ ਸਾਰੀਆਂ ਚੀਜ਼ਾਂ ਦਿੱਤੀਆਂ ਅਤੇ ਰੋਜ਼ ਦਾ ਭੋਜਨ ਅਤੇ ਨਾਲ ਹੀ ਰਾਜਾ ਦੇ ਮਹਿਲ ਵਿੱਚੋਂ ਚੁਣ ਕੇ ਸੱਤ ਸਹੇਲੀਆਂ ਵੀ ਉਸ ਨੂੰ ਦਿੱਤੀਆਂ ਅਤੇ ਉਸ ਨੂੰ ਅਤੇ ਉਸ ਦੀਆਂ ਸਹੇਲੀਆਂ ਨੂੰ ਰਾਣੀਆਂ ਦੇ ਨਿਵਾਸ ਸਥਾਨ ਵਿੱਚ ਸਭ ਤੋਂ ਚੰਗਾ ਸਥਾਨ ਰਹਿਣ ਲਈ ਦਿੱਤਾ।
10ਏਸਤੇਰ ਨੇ ਆਪਣੀ ਜਾਤੀ ਅਤੇ ਪਰਿਵਾਰਕ ਪਿਛੋਕੜ ਦਾ ਖੁਲਾਸਾ ਨਹੀਂ ਕੀਤਾ ਸੀ ਕਿਉਂਕਿ ਮਾਰਦਕਈ ਨੇ ਉਸ ਨੂੰ ਅਜਿਹਾ ਦੱਸਣ ਤੋਂ ਮਨ੍ਹਾ ਕੀਤਾ ਸੀ। 11ਮਾਰਦਕਈ ਹਰ ਰੋਜ਼ ਹਰਮ ਦੇ ਵਿਹੜੇ ਦੇ ਕੋਲ ਅੱਗੇ-ਪਿੱਛੇ ਇਹ ਜਾਣਨ ਲਈ ਜਾਂਦਾ ਸੀ ਕਿ ਏਸਤੇਰ ਕਿਵੇਂ ਹੈ ਅਤੇ ਉਸ ਨਾਲ ਕੀ ਹੋ ਰਿਹਾ ਹੈ।
12ਇਸ ਤੋਂ ਪਹਿਲਾਂ ਕਿ ਹਰੇਕ ਕੁਆਰੀ ਆਪਣੀ ਵਾਰੀ ਅਨੁਸਾਰ ਅਹਸ਼ਵੇਰੋਸ਼ ਰਾਜਾ ਦੇ ਕੋਲ ਜਾਵੇ, ਉਸ ਨੂੰ ਇਸਤਰੀਆਂ ਦੇ ਲਈ ਬਣਾਏ ਹੋਏ ਨਿਯਮ ਦੇ ਅਨੁਸਾਰ ਬਾਰਾਂ ਮਹੀਨਿਆਂ ਤੱਕ ਸੁੰਦਰਤਾ ਵਧਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਪੈਂਦਾ ਸੀ, ਕਿਉਂ ਜੋ ਐਨਾ ਸਮਾਂ ਉਨ੍ਹਾਂ ਨੂੰ ਸ਼ੁੱਧ ਕਰਨ ਵਿੱਚ ਲੱਗ ਜਾਂਦਾ ਸੀ ਅਰਥਾਤ ਛੇ ਮਹੀਨੇ ਤੱਕ ਗੰਧਰਸ ਦਾ ਤੇਲ ਮਲਿਆ ਜਾਂਦਾ ਸੀ, ਅਤੇ ਛੇ ਮਹੀਨੇ ਅਤਰ ਅਤੇ ਇਸਤਰੀਆਂ ਨੂੰ ਸੁੰਦਰ ਬਣਾਉਣ ਲਈ ਹੋਰ ਚੀਜ਼ਾਂ ਮਲੀਆਂ ਜਾਂਦੀਆਂ ਸਨ। 13ਇਸ ਤਰ੍ਹਾਂ ਜਦ ਉਹ ਕੁਆਰੀ ਰਾਜਾ ਦੇ ਕੋਲ ਜਾਂਦੀ ਸੀ, ਤਦ ਜੋ ਵੀ ਚੀਜ਼ ਉਹ ਚਾਹੁੰਦੀ ਸੀ ਕਿ ਰਾਣੀਆਂ ਦੇ ਨਿਵਾਸ ਤੋਂ ਰਾਜਾ ਦੇ ਮਹਿਲ ਨੂੰ ਲੈ ਜਾਵੇ, ਉਹ ਉਸ ਨੂੰ ਦਿੱਤੀ ਜਾਂਦੀ ਸੀ। 14ਉਹ ਸ਼ਾਮ ਨੂੰ ਜਾਂਦੀ ਸੀ ਅਤੇ ਸਵੇਰ ਨੂੰ ਵਾਪਸ ਆ ਕੇ ਰਾਣੀਆਂ ਦੇ ਨਿਵਾਸ ਦੇ ਦੂਸਰੇ ਘਰ ਵਿੱਚ ਚਲੀ ਜਾਂਦੀ ਸੀ ਅਤੇ ਰਾਜਾ ਦੇ ਖੁਸਰੇ ਸ਼ਅਸ਼ਗਜ ਦੇ ਹਵਾਲੇ ਕੀਤੀ ਜਾਂਦੀ ਸੀ, ਜਿਹੜਾ ਰਖੇਲਾਂ ਦਾ ਅਧਿਕਾਰੀ ਸੀ, ਅਤੇ ਉਹ ਫੇਰ ਕਦੀ ਰਾਜਾ ਦੇ ਕੋਲ ਨਹੀਂ ਜਾਂਦੀ ਸੀ, ਪਰ ਜੇਕਰ ਰਾਜਾ ਉਸ ਤੋਂ ਪ੍ਰਸੰਨ ਹੁੰਦਾ ਸੀ ਤਾਂ ਉਸ ਨੂੰ ਨਾਮ ਲੈ ਕੇ ਬੁਲਾਇਆ ਜਾਂਦਾ ਸੀ।
15ਜਦੋਂ ਮਾਰਦਕਈ ਦੇ ਚਾਚੇ ਅਬੀਹਾਇਲ ਦੀ ਧੀ, ਏਸਤੇਰ ਦੀ ਵਾਰੀ ਆਈ, ਜਿਸ ਨੂੰ ਮਾਰਦਕਈ ਨੇ ਆਪਣੀ ਧੀ ਵਜੋਂ ਪਾਲਿਆ ਸੀ, ਉਹ ਰਾਜੇ ਦੇ ਸਾਮ੍ਹਣੇ ਪੇਸ਼ ਹੋਈ। ਉਸਨੇ ਆਪਣੇ ਲਈ ਕੁਝ ਨਹੀਂ ਮੰਗਿਆ ਸੀ ਸਿਵਾਏ ਹੇਗਈ ਦੁਆਰਾ ਦਿੱਤੀ ਸਲਾਹ ਦੇ ਜੋ ਕਿ ਰਾਜੇ ਦੇ ਖੁਸਰੇ ਵਿੱਚੋਂ ਔਰਤਾਂ ਦਾ ਅਧਿਕਾਰੀ ਸੀ। ਹਰ ਕੋਈ ਜਿਸ ਨੇ ਏਸਤੇਰ ਨੂੰ ਦੇਖਿਆ ਉਹ ਸੋਚਿਆ ਕਿ ਉਹ ਸੁੰਦਰ ਹੈ। 16ਇਸ ਤਰ੍ਹਾਂ ਏਸਤੇਰ ਅਹਸ਼ਵੇਰੋਸ਼ ਰਾਜਾ ਦੇ ਕੋਲ ਉਸ ਦੇ ਸ਼ਾਹੀ ਮਹਿਲ ਵਿੱਚ, ਉਸ ਦੇ ਰਾਜ ਦੇ ਸੱਤਵੇਂ ਸਾਲ ਦੇ ਟੇਬੇਥ ਨਾਮਕ ਦਸਵੇਂ ਮਹੀਨੇ ਵਿੱਚ ਪਹੁੰਚਾਈ ਗਈ।
17ਹੁਣ ਰਾਜੇ ਨੇ ਦੂਸਰੀਆਂ ਮੁਟਿਆਰਾਂ ਨਾਲੋਂ ਏਸਤੇਰ ਨੂੰ ਵੱਧ ਪਸੰਦ ਕੀਤਾ ਅਤੇ ਏਸਤੇਰ ਤੇ ਹੋਰਨਾਂ ਕੁਆਰੀਆਂ ਨਾਲੋਂ ਵੱਧ ਮਿਹਰ ਅਤੇ ਪ੍ਰਸੰਨਤਾ ਪ੍ਰਾਪਤ ਕੀਤੀ। ਇਸ ਲਈ ਉਸ ਨੇ ਉਸ ਦੇ ਸਿਰ ਉੱਤੇ ਇੱਕ ਸ਼ਾਹੀ ਤਾਜ ਰੱਖਿਆ ਅਤੇ ਵਸ਼ਤੀ ਦੀ ਬਜਾਏ ਉਸ ਨੂੰ ਰਾਣੀ ਬਣਾ ਦਿੱਤਾ। 18ਅਤੇ ਰਾਜੇ ਨੇ ਆਪਣੇ ਸਾਰੇ ਸਰਦਾਰਾਂ ਅਤੇ ਅਧਿਕਾਰੀਆਂ ਲਈ ਇੱਕ ਵੱਡੀ ਦਾਅਵਤ ਅਰਥਾਤ ਏਸਤੇਰ ਦੀ ਦਾਅਵਤ ਦਿੱਤੀ। ਉਸ ਨੇ ਸਾਰੇ ਪ੍ਰਾਂਤਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਅਤੇ ਰਾਜੇ ਦੇ ਖ਼ਜ਼ਾਨੇ ਵਿੱਚੋਂ ਤੋਹਫ਼ੇ ਵੀ ਵੰਡੇ ਗਏ।
ਮਾਰਦਕਈ ਦੁਆਰਾ ਸਾਜ਼ਿਸ਼ ਦਾ ਪਰਦਾਫਾਸ਼
19ਜਦੋਂ ਕੁਆਰੀਆਂ ਦੂਸਰੀ ਵਾਰ ਇਕੱਠੀਆਂ ਹੋਈਆਂ, ਮਾਰਦਕਈ ਪਾਤਸ਼ਾਹ ਦੇ ਦਰਵਾਜ਼ੇ ਕੋਲ ਬੈਠਾ ਸੀ। 20ਪਰ ਏਸਤੇਰ ਨੇ ਜਿਵੇਂ ਮਾਰਦਕਈ ਨੇ ਉਸ ਨੂੰ ਕਰਨ ਲਈ ਕਿਹਾ ਸੀ, ਉਸ ਨੇ ਆਪਣਾ ਪਰਿਵਾਰਕ ਪਿਛੋਕੜ ਅਤੇ ਜਾਤੀ ਨੂੰ ਗੁਪਤ ਰੱਖਿਆ, ਕਿਉਂਕਿ ਉਹ ਮਾਰਦਕਈ ਦੀਆਂ ਹਿਦਾਇਤਾਂ ਉੱਤੇ ਚੱਲਦੀ ਰਹੀ ਜਿਵੇਂ ਉਸ ਨੇ ਉਸ ਦੇ ਪਾਲਣ ਪੋਸ਼ਣ ਵੇਲੇ ਕੀਤੀ ਸੀ।
21ਉਨ੍ਹਾਂ ਦਿਨਾਂ ਵਿੱਚ ਜਦ ਮਾਰਦਕਈ ਸ਼ਾਹੀ ਫਾਟਕ ਉੱਤੇ ਬੈਠਦਾ ਹੁੰਦਾ ਸੀ, ਤਾਂ ਰਾਜਾ ਦੇ ਅਧਿਕਾਰੀਆਂ ਵਿੱਚੋਂ ਜਿਹੜੇ ਦਰਬਾਨ ਵੀ ਸਨ, ਬਿਗਥਾਨ ਅਤੇ ਤਰਸ਼ ਨਾਮਕ ਦੋ ਅਧਿਕਾਰੀਆਂ ਨੇ ਰਾਜਾ ਦੇ ਵਿਰੁੱਧ ਹੋ ਕੇ ਰਾਜਾ ਅਹਸ਼ਵੇਰੋਸ਼ ਦਾ ਕਤਲ ਕਰਨ ਦੀ ਯੋਜਨਾ ਬਣਾਈ। 22ਮਾਰਦਕਈ ਨੂੰ ਇਸ ਸਾਜ਼ਿਸ਼ ਬਾਰੇ ਪਤਾ ਲੱਗਾ ਤਾਂ ਉਸ ਨੇ ਰਾਣੀ ਏਸਤੇਰ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਮਾਰਦਕਈ ਦੀ ਤਰਫੋਂ ਏਸਤੇਰ ਨੇ ਰਾਜੇ ਨੂੰ ਸੂਚਿਤ ਕੀਤਾ। 23ਅਤੇ ਜਦੋਂ ਪੜਤਾਲ ਕੀਤੀ ਗਈ ਅਤੇ ਉਹ ਸੱਚ ਸਾਬਤ ਹੋਇਆ ਤਾਂ ਦੋਹਾਂ ਅਧਿਕਾਰੀਆਂ ਨੂੰ ਖੰਭਿਆਂ ਉੱਤੇ ਟੰਗ ਦਿੱਤਾ ਗਿਆ। ਇਹ ਸਭ ਕੁਝ ਰਾਜੇ ਦੀ ਹਾਜ਼ਰੀ ਵਿੱਚ ਇਤਿਹਾਸ ਦੀ ਕਿਤਾਬ ਵਿੱਚ ਦਰਜ ਕੀਤਾ ਗਿਆ ਸੀ।

Currently Selected:

ਅਸਤਰ 2: PCB

Highlight

Copy

Compare

Share

None

Want to have your highlights saved across all your devices? Sign up or sign in