Bible App logo
Search Icon

ਅਸਤਰ 4

4
ਮਾਰਦਕਈ ਵੱਲੋਂ ਯਹੂਦੀਆਂ ਦੀ ਮਦਦ ਕਰਨ ਲਈ ਏਸਤੇਰ ਨੂੰ ਬੇਨਤੀ
1ਜਦ ਮਾਰਦਕਈ ਨੂੰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਪਤਾ ਲੱਗਿਆ, ਜਿਹੜੀਆਂ ਕੀਤੀਆਂ ਗਈਆਂ ਸਨ ਤਾਂ ਮਾਰਦਕਈ ਨੇ ਦੁਖੀ ਹੋ ਕੇ ਆਪਣੇ ਕੱਪੜੇ ਫਾੜ ਕੇ, ਤੱਪੜ ਪਹਿਨ ਲਿਆ ਅਤੇ ਆਪਣੇ ਸਿਰ ਉੱਤੇ ਸੁਆਹ ਪਾ ਲਈ ਤੇ ਸ਼ਹਿਰ ਦੇ ਵਿਚਕਾਰ ਜਾ ਕੇ ਉੱਚੀ-ਉੱਚੀ ਦੁੱਖ ਭਰੇ ਸ਼ਬਦਾਂ ਨਾਲ ਦੁਹਾਈ ਦੇਣ ਲੱਗਾ। 2ਪਰ ਉਹ ਰਾਜੇ ਦੇ ਦਰਵਾਜ਼ੇ ਤੱਕ ਹੀ ਗਿਆ ਕਿਉਂ ਜੋ ਤੱਪੜ ਪਹਿਨੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। 3ਹਰ ਸੂਬੇ ਵਿੱਚ ਜਿੱਥੇ ਕਿਤੇ ਰਾਜਾ ਦਾ ਹੁਕਮ ਅਤੇ ਨਿਯਮ ਗਿਆ, ਉੱਥੇ ਯਹੂਦੀ ਵੱਡਾ ਵਿਰਲਾਪ ਕਰਨ, ਵਰਤ ਰੱਖਣ ਅਤੇ ਰੋਣ-ਪਿੱਟਣ ਲੱਗੇ ਅਤੇ ਬਹੁਤ ਹਾਹਾਕਾਰ ਮੱਚ ਗਿਆ ਅਤੇ ਬਹੁਤੇ ਤੱਪੜ ਪਾ ਕੇ ਸੁਆਹ ਵਿੱਚ ਬੈਠ ਗਏ।
4ਰਾਣੀ ਏਸਤੇਰ ਦੀਆਂ ਸਹੇਲੀਆਂ ਅਤੇ ਉਸ ਦੇ ਖੁਸਰਿਆਂ ਨੇ ਜਾ ਕੇ ਉਸ ਨੂੰ ਮਾਰਦਕਈ ਬਾਰੇ ਦੱਸਿਆ। ਤਦ ਰਾਣੀ ਬਹੁਤ ਦੁਖੀ ਹੋਈ ਅਤੇ ਉਸ ਨੇ ਕੱਪੜੇ ਭੇਜ ਕੇ ਮਾਰਦਕਈ ਨੂੰ ਇਹ ਸੁਨੇਹਾ ਭੇਜਿਆ ਕਿ ਤੱਪੜ ਉਤਾਰ ਕੇ ਇਨ੍ਹਾਂ ਕੱਪੜਿਆਂ ਨੂੰ ਪਹਿਨ ਲਵੇ ਪਰ ਉਸ ਨੇ ਕਬੂਲ ਨਾ ਕੀਤੇ। 5ਤਦ ਏਸਤੇਰ ਨੇ ਰਾਜੇ ਦੇ ਖੁਸਰਿਆਂ ਵਿੱਚੋਂ ਇੱਕ ਹਥਾਕ ਨੂੰ ਬੁਲਾਇਆ ਅਤੇ ਉਸ ਨੂੰ ਹੁਕਮ ਦਿੱਤਾ ਕਿ ਉਹ ਪਤਾ ਕਰੇ ਕਿ ਮਾਰਦਕਈ ਨੂੰ ਕੀ ਪਰੇਸ਼ਾਨੀ ਹੈ ਅਤੇ ਇਸ ਦਾ ਕੀ ਕਾਰਨ ਹੈ?
6ਇਸ ਲਈ ਹਥਾਕ ਪਾਤਸ਼ਾਹ ਦੇ ਦਰਵਾਜ਼ੇ ਦੇ ਸਾਮ੍ਹਣੇ ਸ਼ਹਿਰ ਦੇ ਖੁੱਲ੍ਹੇ ਚੌਂਕ ਵਿੱਚ ਮਾਰਦਕਈ ਕੋਲ ਗਿਆ। 7ਮਾਰਦਕਈ ਨੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਉਸ ਨਾਲ ਵਾਪਰਿਆ ਸੀ, ਜਿਸ ਵਿੱਚ ਉਹ ਰਕਮ ਵੀ ਸ਼ਾਮਲ ਸੀ ਜੋ ਹਾਮਾਨ ਨੇ ਯਹੂਦੀਆਂ ਦੇ ਨਾਸ਼ ਲਈ ਸ਼ਾਹੀ ਖ਼ਜ਼ਾਨੇ ਵਿੱਚ ਦੇਣ ਦਾ ਇਕਰਾਰ ਕੀਤਾ ਸੀ। 8ਫਿਰ ਯਹੂਦੀਆਂ ਨੂੰ ਨਾਸ ਕਰਨ ਦਾ ਜੋ ਹੁਕਮ ਸ਼ੂਸ਼ਨ ਵਿੱਚ ਦਿੱਤਾ ਗਿਆ ਸੀ, ਉਸ ਦੀ ਇੱਕ ਨਕਲ ਵੀ ਉਸ ਨੇ ਹਥਾਕ ਨੂੰ ਦਿੱਤੀ ਕਿ ਉਹ ਏਸਤੇਰ ਨੂੰ ਵਿਖਾਵੇ ਅਤੇ ਉਸ ਨੂੰ ਸਭ ਕੁਝ ਦੱਸੇ ਅਤੇ ਏਸਤੇਰ ਲਈ ਇਹ ਹੁਕਮ ਦਿੱਤਾ ਕਿ ਉਹ ਰਾਜਾ ਦੇ ਕੋਲ ਜਾ ਕੇ ਉਸ ਦੇ ਅੱਗੇ ਆਪਣੀ ਜਾਤੀ ਦੇ ਲੋਕਾਂ ਦੇ ਲਈ ਮਿੰਨਤ ਅਤੇ ਬੇਨਤੀ ਕਰੇ।
9ਹਥਾਕ ਵਾਪਸ ਗਿਆ ਅਤੇ ਏਸਤੇਰ ਨੂੰ ਮਾਰਦਕਈ ਦੀਆਂ ਗੱਲਾਂ ਦੱਸੀਆਂ। 10ਫਿਰ ਏਸਤੇਰ ਨੇ ਹਥਾਕ ਦੁਆਰਾ ਮਾਰਦਕਈ ਲਈ ਇਹ ਸੁਨੇਹਾ ਭੇਜਿਆ, 11“ਰਾਜੇ ਦੇ ਸਾਰੇ ਸੇਵਕ ਅਤੇ ਰਾਜੇ ਦੇ ਰਾਜ ਦੀ ਸਾਰੀ ਪਰਜਾ ਜਾਣਦੀ ਹੈ ਕਿ ਜੇ ਕੋਈ ਆਦਮੀ ਜਾਂ ਔਰਤ ਬਿਨਾਂ ਬੁਲਾਏ ਰਾਜੇ ਦੇ ਅੰਦਰਲੇ ਵਿਹੜੇ ਵਿੱਚ ਦਾਖਲ ਹੁੰਦਾ ਹੈ, ਤਾਂ ਉਹਨਾਂ ਲਈ ਇੱਕ ਹੀ ਨਿਯਮ ਬਣਾਇਆ ਗਿਆ ਹੈ, ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਉਸ ਦੇ ਬਚਣ ਲਈ ਸਿਰਫ ਇੱਕ ਹੀ ਕਾਨੂੰਨ ਬਚਿਆ ਹੈ, ਜੇਕਰ ਰਾਜਾ ਆਪਣਾ ਸੁਨਹਿਰੀ ਰਾਜਦੰਡ ਉਸ ਵੱਲ ਵਧਾਵੇ, ਤਾਂ ਜੋ ਉਹ ਬਚ ਸਕੇ। ਪਰ ਮੈਨੂੰ ਪਿਛਲੇ ਤੀਹ ਦਿਨਾਂ ਤੋਂ ਰਾਜੇ ਨੇ ਨਹੀਂ ਬੁਲਾਇਆ।”
12ਜਦੋਂ ਏਸਤੇਰ ਦੀਆਂ ਗੱਲਾਂ ਮਾਰਦਕਈ ਨੂੰ ਸੁਣਾਈਆਂ ਗਈਆਂ, 13ਤਦ ਮਾਰਦਕਈ ਨੇ ਏਸਤੇਰ ਨੂੰ ਇਹ ਉੱਤਰ ਭੇਜਿਆ, “ਤੂੰ ਆਪਣੇ ਮਨ ਵਿੱਚ ਇਹ ਵਿਚਾਰ ਨਾ ਕਰ ਕਿ ਰਾਜਮਹਿਲ ਵਿੱਚ ਰਹਿਣ ਦੇ ਕਾਰਨ ਤੂੰ ਹੋਰ ਸਾਰੇ ਯਹੂਦੀਆਂ ਵਿੱਚੋਂ ਬਚ ਜਾਵੇਂਗੀ। 14ਕਿਉਂਕਿ ਜੇ ਤੂੰ ਇਸ ਸਮੇਂ ਚੁੱਪ ਰਹੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਯਹੂਦੀਆਂ ਦੀ ਰਿਹਾਈ ਅਤੇ ਛੁਟਕਾਰਾ ਹੋ ਹੀ ਜਾਵੇਗਾ, ਪਰ ਤੂੰ ਆਪਣੇ ਪਿਤਾ ਦੇ ਘਰਾਣੇ ਸਮੇਤ ਨਾਸ ਹੋ ਜਾਵੇਂਗੀ। ਕੀ ਪਤਾ ਕਿ ਤੂੰ ਅਜਿਹੇ ਔਖੇ ਸਮੇਂ ਲਈ ਹੀ ਮਹਿਲ ਵਿੱਚ ਪਹੁੰਚੀ ਹੈ?”
15ਤਦ ਏਸਤੇਰ ਨੇ ਮਾਰਦਕਈ ਨੂੰ ਇਹ ਉੱਤਰ ਭੇਜਿਆ: 16“ਤੂੰ ਜਾ ਕੇ ਸ਼ੂਸ਼ਨ ਦੇ ਸਾਰੇ ਯਹੂਦੀਆਂ ਨੂੰ ਇਕੱਠਾ ਕਰ ਅਤੇ ਤੁਸੀਂ ਸਾਰੇ ਮਿਲ ਕੇ ਮੇਰੇ ਲਈ ਵਰਤ ਰੱਖੋ, ਤਿੰਨ ਦਿਨ ਤਿੰਨ ਰਾਤ ਤੱਕ ਨਾ ਕੁਝ ਖਾਣਾ ਅਤੇ ਨਾ ਪੀਣਾ। ਮੈਂ ਵੀ ਆਪਣੀਆਂ ਸਹੇਲੀਆਂ ਸਮੇਤ ਇਸੇ ਤਰ੍ਹਾਂ ਹੀ ਵਰਤ ਰੱਖਾਂਗੀ ਅਤੇ ਇਸੇ ਤਰ੍ਹਾਂ ਹੀ ਮੈਂ ਨਿਯਮ ਦੇ ਵਿਰੁੱਧ ਰਾਜੇ ਦੇ ਕੋਲ ਅੰਦਰ ਜਾਵਾਂਗੀ ਅਤੇ ਜੇਕਰ ਮੈਂ ਨਾਸ ਹੋ ਗਈ ਤਾਂ ਹੋ ਗਈ।”
17ਤਾਂ ਮਾਰਦਕਈ ਚਲਾ ਗਿਆ ਅਤੇ ਏਸਤੇਰ ਦੀਆਂ ਸਾਰੀਆਂ ਹਿਦਾਇਤਾਂ ਪੂਰੀਆਂ ਕੀਤੀਆਂ।

Currently Selected:

ਅਸਤਰ 4: PCB

Highlight

Copy

Compare

Share

None

Want to have your highlights saved across all your devices? Sign up or sign in