Bible App logo
Search Icon

ਬਿਵਸਥਾ 8

8
ਯਾਹਵੇਹ ਨੂੰ ਨਾ ਭੁੱਲੋ
1ਹਰ ਹੁਕਮ ਦੀ ਪਾਲਣਾ ਕਰਨ ਲਈ ਧਿਆਨ ਰੱਖੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ, ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਵਧਦੇ ਜਾਓ ਅਤੇ ਉਸ ਧਰਤੀ ਵਿੱਚ ਦਾਖਲ ਹੋਵੋ ਅਤੇ ਅਧਿਕਾਰ ਪ੍ਰਾਪਤ ਕਰੋ, ਜਿਸਦਾ ਵਾਅਦਾ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਡੇ ਪੁਰਖਿਆਂ ਨਾਲ ਕੀਤਾ ਸੀ। 2ਚੇਤੇ ਰੱਖੋ ਕਿ ਕਿਵੇਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਇਨ੍ਹਾਂ ਚਾਲੀ ਸਾਲਾਂ ਵਿੱਚ ਉਜਾੜ ਦੇ ਸਾਰੇ ਰਸਤੇ ਵਿੱਚ ਤੁਹਾਡੀ ਅਗਵਾਈ ਕਰਦਾ ਰਿਹਾ, ਤਾਂ ਜੋ ਤੁਹਾਨੂੰ ਅਧੀਨ ਹੋਣਾ ਸਿਖਾਏ ਅਤੇ ਤੁਹਾਨੂੰ ਪਰਖੇ ਅਤੇ ਜਾਣੇ ਕਿ ਤੁਹਾਡੇ ਮਨ ਵਿੱਚ ਕੀ ਹੈ ਅਰਥਾਤ ਕੀ ਤੁਸੀਂ ਉਸ ਦੇ ਹੁਕਮਾਂ ਉੱਤੇ ਚੱਲੋਗੇ, ਵੀ ਕਿ ਨਹੀਂ? 3ਉਸ ਨੇ ਤੁਹਾਨੂੰ ਅਧੀਨ ਕੀਤਾ ਅਤੇ ਤੁਹਾਨੂੰ ਭੁੱਖੇ ਹੋਣ ਦਿੱਤਾ ਅਤੇ ਫਿਰ ਤੁਹਾਨੂੰ ਮੰਨਾ ਖੁਆਇਆ, ਜਿਸ ਨੂੰ ਨਾ ਤੁਸੀਂ ਨਾ ਤੁਹਾਡੇ ਪੁਰਖਿਆਂ ਨੇ ਜਾਣਿਆ ਸੀ, ਤੁਹਾਨੂੰ ਇਹ ਸਿਖਾਉਣ ਲਈ ਕਿ ਇਨਸਾਨ ਸਿਰਫ ਰੋਟੀ ਨਾਲ ਜਿਉਂਦਾ ਨਹੀਂ ਰਹੇਗਾ ਪਰ ਹਰ ਇੱਕ ਬਚਨ ਨਾਲ ਜੋ ਯਾਹਵੇਹ ਦੇ ਮੂੰਹ ਵਿੱਚੋਂ ਨਿਕਲਦਾ ਹੈ। 4ਇਹਨਾਂ ਚਾਲੀ ਸਾਲਾਂ ਵਿੱਚ ਤੁਹਾਡੇ ਕੱਪੜੇ ਪੁਰਾਣੇ ਨਾ ਹੋਏ ਅਤੇ ਤੁਹਾਡੇ ਪੈਰ ਨਾ ਸੁੱਜੇ। 5ਤਾਂ ਆਪਣੇ ਮਨ ਵਿੱਚ ਜਾਣੋ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਤਾੜਦਾ ਹੈ, ਉਸੇ ਤਰ੍ਹਾਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਤਾੜਨਾ ਦਿੰਦਾ ਹੈ।
6ਆਪਣੇ ਯਾਹਵੇਹ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੋ, ਉਸਦੀ ਆਗਿਆਕਾਰੀ ਵਿੱਚ ਚੱਲੋ ਅਤੇ ਉਸਦਾ ਸਤਿਕਾਰ ਕਰੋ। 7ਕਿਉਂਕਿ ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਨੂੰ ਇੱਕ ਚੰਗੀ ਧਰਤੀ ਵਿੱਚ ਲਿਆ ਰਿਹਾ ਹੈ ਇੱਕ ਅਜਿਹੀ ਧਰਤੀ ਜਿਸ ਵਿੱਚ ਨਦੀਆਂ, ਚਸ਼ਮੇ ਅਤੇ ਡੂੰਘੇ ਸੋਤੇ ਹਨ ਜਿਹੜੇ ਘਾਟੀਆਂ ਅਤੇ ਪਹਾੜਾਂ ਵਿੱਚ ਵਗਦੇ ਹਨ, 8ਕਣਕ ਅਤੇ ਜੌਂ, ਅੰਗੂਰਾਂ ਅਤੇ ਹੰਜੀਰ ਦੇ ਰੁੱਖਾਂ, ਅਨਾਰਾਂ, ਜ਼ੈਤੂਨ ਦੇ ਤੇਲ ਅਤੇ ਸ਼ਹਿਦ ਦੇ ਦੇਸ਼ ਵਾਲੀ ਧਰਤੀ ਹੈ, 9ਇੱਕ ਅਜਿਹਾ ਦੇਸ਼ ਜਿੱਥੇ ਰੋਟੀ ਦੀ ਕਮੀ ਨਹੀਂ ਹੋਵੇਗੀ ਅਤੇ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੋਵੇਗੀ, ਇੱਕ ਅਜਿਹੀ ਧਰਤੀ ਜਿੱਥੇ ਚੱਟਾਨਾਂ ਲੋਹੇ ਦੀਆਂ ਹਨ ਅਤੇ ਤੁਸੀਂ ਉਸ ਦੀਆਂ ਪਹਾੜੀਆਂ ਨੂੰ ਖੋਦ ਕੇ ਤਾਂਬਾ ਕੱਢੋਗੇ।
10ਜਦੋਂ ਤੁਸੀਂ ਰੱਜ ਕੇ ਖਾਓਗੇ ਅਤੇ ਆਪਣੇ ਯਾਹਵੇਹ ਪਰਮੇਸ਼ਵਰ ਦੀ ਉਸ ਚੰਗੀ ਧਰਤੀ ਲਈ ਉਸਤਤ ਕਰੋ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਹੈ। 11ਸਾਵਧਾਨ ਰਹੋ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਨਾ ਜਾਓ, ਉਸਦੇ ਹੁਕਮਾਂ, ਉਸਦੇ ਨਿਯਮਾਂ ਅਤੇ ਉਸਦੇ ਆਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ ਹੋਵੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ। 12ਨਹੀਂ ਤਾਂ, ਜਦੋਂ ਤੁਸੀਂ ਖਾ ਕੇ ਰੱਜ ਜਾਂਦੇ ਹੋ, ਜਦੋਂ ਤੁਸੀਂ ਚੰਗੇ ਘਰ ਬਣਾਉਂਦੇ ਹੋ ਅਤੇ ਵੱਸਦੇ ਹੋ, 13ਜਦੋਂ ਤੁਹਾਡੇ ਇੱਜੜ ਅਤੇ ਪਸ਼ੂ ਵੱਧ ਜਾਣ ਅਤੇ ਤੁਹਾਡੀ ਚਾਂਦੀ ਅਤੇ ਸੋਨਾ ਵੱਧ ਜਾਵੇ ਅਤੇ ਜੋ ਕੁਝ ਤੁਹਾਡੇ ਕੋਲ ਹੈ ਵੱਧ ਜਾਵੇ, 14ਤਦ ਤੁਹਾਡਾ ਦਿਲ ਹੰਕਾਰੀ ਹੋ ਜਾਵੇਗਾ ਅਤੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਜਾਓਗੇ, ਜੋ ਤੁਹਾਨੂੰ ਮਿਸਰ ਵਿੱਚੋਂ, ਗੁਲਾਮੀ ਦੇ ਦੇਸ਼ ਵਿੱਚੋਂ ਬਾਹਰ ਲਿਆਇਆ ਹੈ। 15ਉਸ ਨੇ ਤੁਹਾਨੂੰ ਵਿਸ਼ਾਲ ਅਤੇ ਭਿਆਨਕ ਉਜਾੜ ਵਿੱਚ, ਉਸ ਪਿਆਸੇ ਅਤੇ ਪਾਣੀ ਰਹਿਤ ਧਰਤੀ ਵਿੱਚੋਂ, ਉਸ ਦੇ ਜ਼ਹਿਰੀਲੇ ਸੱਪਾਂ ਅਤੇ ਬਿੱਛੂਆਂ ਦੇ ਵਿਚਕਾਰ ਤੁਹਾਡੀ ਅਗਵਾਈ ਕੀਤੀ, ਉਸਨੇ ਤੁਹਾਡੇ ਲਈ ਸਖ਼ਤ ਚੱਟਾਨ ਵਿੱਚੋਂ ਪਾਣੀ ਕੱਢਿਆ। 16ਉਸ ਨੇ ਤੁਹਾਨੂੰ ਉਜਾੜ ਵਿੱਚ ਖਾਣ ਲਈ ਮੰਨਾ ਦਿੱਤਾ, ਜੋ ਤੁਹਾਡੇ ਪੁਰਖਿਆਂ ਨੇ ਕਦੇ ਨਹੀਂ ਜਾਣਿਆ ਸੀ, ਤੁਹਾਨੂੰ ਅਧੀਨ ਕਰੇ ਅਤੇ ਪਰਖੇ, ਤਾਂ ਜੋ ਅੰਤ ਵਿੱਚ ਤੁਹਾਡਾ ਭਲਾ ਹੋਵੇ। 17ਤੁਸੀਂ ਆਪਣੇ ਆਪ ਨੂੰ ਆਖੋ, “ਮੇਰੀ ਸ਼ਕਤੀ ਅਤੇ ਮੇਰੇ ਹੱਥਾਂ ਦੀ ਤਾਕਤ ਨੇ ਮੇਰੇ ਲਈ ਇਹ ਦੌਲਤ ਕਮਾਈ ਹੈ।” 18ਪਰ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਚੇਤੇ ਰੱਖੋ ਕਿਉਂਕਿ ਉਹੀ ਤੁਹਾਨੂੰ ਦੌਲਤ ਪੈਦਾ ਕਰਨ ਦੀ ਸਮਰੱਥਾ ਦਿੰਦਾ ਹੈ ਅਤੇ ਇਸ ਤਰ੍ਹਾਂ ਆਪਣੇ ਨੇਮ ਦੀ ਪੁਸ਼ਟੀ ਕਰਦਾ ਹੈ ਜਿਸ ਦੀ ਉਸ ਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਜਿਵੇਂ ਅੱਜ ਦੇ ਦਿਨ ਹੈ।
19ਜੇਕਰ ਤੁਸੀਂ ਕਦੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਜਾਓ ਅਤੇ ਦੂਜੇ ਦੇਵਤਿਆਂ ਦੀ ਪੂਜਾ ਕਰੋ ਅਤੇ ਉਹਨਾਂ ਨੂੰ ਮੱਥਾ ਟੇਕੋ, ਤਾਂ ਮੈਂ ਅੱਜ ਤੁਹਾਡੇ ਵਿਰੁੱਧ ਗਵਾਹੀ ਦਿੰਦਾ ਹਾਂ ਕਿ ਤੁਸੀਂ ਜ਼ਰੂਰ ਤਬਾਹ ਹੋ ਜਾਵੋਂਗੇ। 20ਜਿਵੇਂ ਯਾਹਵੇਹ ਨੇ ਤੁਹਾਡੇ ਤੋਂ ਪਹਿਲਾਂ ਕੌਮਾਂ ਨੂੰ ਤਬਾਹ ਕੀਤਾ ਸੀ, ਉਸੇ ਤਰ੍ਹਾਂ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦਾ ਹੁਕਮ ਨਾ ਮੰਨਣ ਕਰਕੇ ਤਬਾਹ ਹੋਵੋਗੇ।

Currently Selected:

ਬਿਵਸਥਾ 8: PCB

Highlight

Copy

Compare

Share

None

Want to have your highlights saved across all your devices? Sign up or sign in