Bible App logo
Search Icon

ਬਿਵਸਥਾ 7

7
ਕੌਮਾਂ ਨੂੰ ਬਾਹਰ ਕੱਢਣਾ
1ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਦੇਸ਼ ਵਿੱਚ ਲੈ ਆਵੇ, ਜਿਸ ਵਿੱਚ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ ਅਤੇ ਤੁਹਾਡੇ ਅੱਗੇ ਬਹੁਤ ਸਾਰੀਆਂ ਕੌਮਾਂ ਨੂੰ ਬਾਹਰ ਕੱਢ ਸੁੱਟੇ ਅਰਥਾਤ ਹਿੱਤੀਆਂ, ਗਿਰਗਾਸ਼ੀ, ਅਮੋਰੀਆਂ, ਕਨਾਨੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ, ਸੱਤ ਕੌਮਾਂ ਨੂੰ ਜਿਹੜੀਆਂ ਤੁਹਾਡੇ ਨਾਲੋਂ ਵੱਡੀਆਂ ਅਤੇ ਤਾਕਤਵਰ ਹਨ, 2ਅਤੇ ਜਦੋਂ ਯਾਹਵੇਹ, ਤੁਹਾਡਾ ਪਰਮੇਸ਼ਵਰ, ਉਹਨਾਂ ਨੂੰ ਤੁਹਾਡੇ ਹਵਾਲੇ ਕਰ ਦੇਵੇਗਾ ਅਤੇ ਤੁਸੀਂ ਉਹਨਾਂ ਨੂੰ ਹਰਾ ਦੇਵੋਗੇ, ਤਦ ਤੁਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੋਗੇ। ਤੁਸੀਂ ਉਹਨਾਂ ਨਾਲ ਕਿਸੇ ਕਿਸਮ ਦਾ ਨੇਮ ਨਹੀਂ ਬੰਨ੍ਹੋਗੇ ਅਤੇ ਨਾ ਹੀ ਉਹਨਾਂ ਪ੍ਰਤੀ ਹਮਦਰਦੀ ਦਿਖਾਓਗੇ। 3ਉਹਨਾਂ ਨਾਲ ਵਿਆਹ ਨਾ ਕਰੋ ਅਤੇ ਆਪਣੀਆਂ ਧੀਆਂ ਉਹਨਾਂ ਦੇ ਪੁੱਤਰਾਂ ਨੂੰ ਨਾ ਦਿਓ ਅਤੇ ਨਾ ਹੀ ਆਪਣੇ ਪੁੱਤਰਾਂ ਲਈ ਉਹਨਾਂ ਦੀਆਂ ਧੀਆਂ ਲਓ, 4ਕਿਉਂ ਜੋ ਉਹ ਤੁਹਾਡੇ ਬੱਚਿਆ ਨੂੰ ਮੇਰੇ ਪਿੱਛੇ ਚੱਲਣ ਤੋਂ ਹਟਾ ਦੇਣਗੀਆਂ, ਤਾਂ ਜੋ ਉਹ ਦੂਸਰੇ ਦੇਵਤਿਆਂ ਦੀ ਪੂਜਾ ਕਰਨ ਅਤੇ ਯਾਹਵੇਹ ਦਾ ਕ੍ਰੋਧ ਤੁਹਾਡੇ ਉੱਤੇ ਭੜਕੇਗਾ ਅਤੇ ਜਲਦੀ ਹੀ ਤੁਹਾਨੂੰ ਤਬਾਹ ਕਰ ਦੇਵੇਗਾ। 5ਤੁਸੀਂ ਉਹਨਾਂ ਨਾਲ ਇਹੀ ਕਰੋ: ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਦਿਓ, ਉਹਨਾਂ ਦੇ ਪੱਥਰਾਂ ਨੂੰ ਭੰਨ ਸੁੱਟੋ, ਉਹਨਾਂ ਦੇ ਅਸ਼ੇਰਾਹ ਦੇਵੀ ਦੇ ਥੰਮ੍ਹਾਂ ਨੂੰ ਵੱਢ ਸੁੱਟੋ ਅਤੇ ਉਹਨਾਂ ਦੇ ਬੁੱਤਾਂ ਨੂੰ ਅੱਗ ਵਿੱਚ ਸਾੜ ਦਿਓ। 6ਕਿਉਂ ਜੋ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਪਵਿੱਤਰ ਲੋਕ ਹੋ ਅਤੇ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਧਰਤੀ ਉੱਤੇ ਦੀਆਂ ਸਾਰੀਆਂ ਕੌਮਾਂ ਵਿੱਚੋਂ ਆਪਣੇ ਲੋਕ, ਉਸਦੀ ਕੀਮਤੀ ਜਾਇਦਾਦ ਵਜੋਂ ਚੁਣਿਆ ਹੈ।
7ਯਾਹਵੇਹ ਨੇ ਤੁਹਾਡੇ ਉੱਤੇ ਆਪਣਾ ਪਿਆਰ ਨਹੀਂ ਪਾਇਆ ਅਤੇ ਤੁਹਾਨੂੰ ਇਸ ਲਈ ਨਹੀਂ ਚੁਣਿਆ ਕਿਉਂਕਿ ਤੁਸੀਂ ਹੋਰਨਾਂ ਲੋਕਾਂ ਨਾਲੋਂ ਵੱਧ ਗਿਣਤੀ ਵਿੱਚ ਸੀ, ਕਿਉਂਕਿ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਬਹੁਤ ਘੱਟ ਸੀ। 8ਪਰ ਇਹ ਇਸ ਲਈ ਸੀ ਕਿ ਯਾਹਵੇਹ ਨੇ ਤੁਹਾਨੂੰ ਪਿਆਰ ਕੀਤਾ ਅਤੇ ਉਸ ਸਹੁੰ ਨੂੰ ਪੂਰਾ ਕੀਤਾ ਜੋ ਉਸਨੇ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ ਕਿ ਉਸਨੇ ਤੁਹਾਨੂੰ ਸ਼ਕਤੀਸ਼ਾਲੀ ਹੱਥਾਂ ਨਾਲ ਬਾਹਰ ਲਿਆਂਦਾ ਅਤੇ ਤੁਹਾਨੂੰ ਗੁਲਾਮੀ ਦੇ ਦੇਸ਼ ਵਿੱਚੋਂ, ਮਿਸਰ ਦੇ ਰਾਜੇ ਫ਼ਿਰਾਊਨ ਦੇ ਰਾਜ ਤੋਂ ਛੁਡਾਇਆ। 9ਇਸ ਲਈ ਜਾਣ ਲਵੋ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਹੀ ਪਰਮੇਸ਼ਵਰ ਹੈ। ਉਹ ਵਫ਼ਾਦਾਰ ਪਰਮੇਸ਼ਵਰ ਹੈ, ਜੋ ਉਸ ਨੂੰ ਪਿਆਰ ਕਰਨ ਵਾਲੇ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨ ਵਾਲਿਆਂ ਦੀਆਂ ਹਜ਼ਾਰਾਂ ਪੀੜ੍ਹੀਆਂ ਲਈ ਆਪਣੇ ਪਿਆਰ ਦਾ ਨੇਮ ਰੱਖਦਾ ਹੈ। 10ਪਰ
ਜਿਹੜੇ ਉਸ ਨੂੰ ਨਫ਼ਰਤ ਕਰਦੇ ਹਨ,
ਉਹਨਾਂ ਦੇ ਵੇਖਦਿਆਂ-ਵੇਖਦਿਆਂ ਹੀ ਉਹਨਾਂ ਦਾ ਨਾਸ ਕਰਕੇ ਬਦਲਾ ਦਿੰਦਾ ਹੈ।
ਉਹ ਉਹਨਾਂ ਦੇ ਮੂੰਹ ਦਾ ਬਦਲਾ ਦੇਣ ਵਿੱਚ ਢਿੱਲ ਨਹੀਂ ਕਰੇਗਾ ਜਿਹੜੇ ਉਸ ਨੂੰ ਨਫ਼ਰਤ ਕਰਦੇ ਹਨ।
11ਇਸ ਲਈ ਜਿਹੜੇ ਹੁਕਮ, ਫ਼ਰਮਾਨ ਅਤੇ ਬਿਵਸਥਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਉਹਨਾਂ ਦੀ ਪਾਲਣਾ ਕਰਕੇ ਪੂਰਾ ਕਰੋ।
12ਜੇਕਰ ਤੁਸੀਂ ਇਨ੍ਹਾਂ ਕਾਨੂੰਨਾਂ ਵੱਲ ਧਿਆਨ ਦਿੰਦੇ ਹੋ ਅਤੇ ਇਨ੍ਹਾਂ ਦੀ ਪਾਲਣਾ ਕਰਨ ਲਈ ਧਿਆਨ ਰੱਖਦੇ ਹੋ, ਤਾਂ ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਡੇ ਨਾਲ ਪਿਆਰ ਦੇ ਆਪਣੇ ਨੇਮ ਨੂੰ ਕਾਇਮ ਰੱਖੇਗਾ, ਜਿਵੇਂ ਉਸਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ। 13ਉਹ ਤੁਹਾਨੂੰ ਪਿਆਰ ਕਰੇਗਾ ਅਤੇ ਤੁਹਾਨੂੰ ਅਸੀਸ ਦੇਵੇਗਾ ਅਤੇ ਤੁਹਾਡੀ ਗਿਣਤੀ ਵਧਾਵੇਗਾ। ਉਹ ਤੁਹਾਡੀ ਕੁੱਖ ਦੇ ਫਲ, ਤੁਹਾਡੀ ਧਰਤੀ ਦੀਆਂ ਫ਼ਸਲਾਂ, ਤੁਹਾਡੇ ਅਨਾਜ, ਨਵੀਂ ਦਾਖ਼ਰਸ#7:13 ਦਾਖ਼ਰਸ ਅਰਥਾਤ: ਅੰਗੂਰਾਂ ਦਾ ਰਸ ਅਤੇ ਜ਼ੈਤੂਨ ਦੇ ਤੇਲ, ਤੁਹਾਡੇ ਇੱਜੜਾਂ ਦੇ ਵੱਛਿਆਂ ਅਤੇ ਤੁਹਾਡੇ ਇੱਜੜਾਂ ਦੇ ਲੇਲਿਆਂ ਨੂੰ ਬਰਕਤ ਦੇਵੇਗਾ ਜਿਸ ਧਰਤੀ ਵਿੱਚ ਉਸਨੇ ਤੁਹਾਡੇ ਪੁਰਖਿਆਂ ਨਾਲ ਤੁਹਾਨੂੰ ਦੇਣ ਦੀ ਸਹੁੰ ਖਾਧੀ ਸੀ। 14ਤੁਸੀਂ ਹੋਰਨਾਂ ਲੋਕਾਂ ਨਾਲੋਂ ਵੱਧ ਮੁਬਾਰਕ ਹੋਵੋਗੇ। ਤੁਹਾਡੇ ਵਿੱਚੋਂ ਕੋਈ ਵੀ ਆਦਮੀ ਜਾਂ ਔਰਤ ਬੇ-ਔਲਾਦ ਨਹੀਂ ਹੋਵੇਗਾ, ਅਤੇ ਤੁਹਾਡੇ ਪਸ਼ੂਆਂ ਵਿੱਚੋਂ ਕੋਈ ਵੀ ਬੇ-ਔਲਾਦ ਨਹੀਂ ਹੋਵੇਗਾ। 15ਯਾਹਵੇਹ ਤੁਹਾਨੂੰ ਹਰ ਬਿਮਾਰੀ ਤੋਂ ਮੁਕਤ ਰੱਖੇਗਾ। ਉਹ ਤੁਹਾਨੂੰ ਉਹ ਭਿਆਨਕ ਬਿਮਾਰੀਆਂ ਨਹੀਂ ਲਾਵੇਗਾ ਜਿਨ੍ਹਾਂ ਬਾਰੇ ਤੁਸੀਂ ਮਿਸਰ ਵਿੱਚ ਜਾਣਦੇ ਸੀ, ਪਰ ਉਹ ਤੁਹਾਨੂੰ ਉਹਨਾਂ ਸਾਰਿਆਂ ਲੋਕਾਂ ਨੂੰ ਦੇਵੇਗਾ ਜੋ ਤੁਹਾਨੂੰ ਨਫ਼ਰਤ ਕਰਦੇ ਹਨ। 16ਤੁਸੀਂ ਉਹਨਾਂ ਸਾਰੀਆਂ ਕੌਮਾਂ ਨੂੰ ਤਬਾਹ ਕਰ ਸੁੱਟੋਗੇ ਜੋ ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਨੂੰ ਸੌਂਪਦਾ ਹੈ। ਉਹਨਾਂ ਨੂੰ ਤਰਸ ਨਾਲ ਨਾ ਵੇਖੋ ਅਤੇ ਉਹਨਾਂ ਦੇ ਦੇਵਤਿਆਂ ਦੀ ਉਪਾਸਨਾ ਨਾ ਕਰੋ, ਕਿਉਂ ਜੋ ਇਹ ਤੁਹਾਡੇ ਲਈ ਇੱਕ ਫਾਹੀ ਹੋਵੇਗਾ।
17ਤੁਸੀਂ ਆਪਣੇ ਆਪ ਨੂੰ ਆਖ ਸਕਦੇ ਹੋ, “ਇਹ ਕੌਮਾਂ ਸਾਡੇ ਨਾਲੋਂ ਵਧੇਰੇ ਤਾਕਤਵਰ ਹਨ। ਅਸੀਂ ਉਹਨਾਂ ਨੂੰ ਕਿਵੇਂ ਬਾਹਰ ਕੱਢ ਸਕਦੇ ਹਾਂ?” 18ਪਰ ਉਹਨਾਂ ਤੋਂ ਨਾ ਡਰੋ; ਯਾਦ ਰੱਖੋ ਕਿ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਫ਼ਿਰਾਊਨ ਅਤੇ ਸਾਰੇ ਮਿਸਰ ਨਾਲ ਕੀ ਕੀਤਾ ਸੀ। 19ਤੁਸੀਂ ਆਪਣੀਆਂ ਅੱਖਾਂ ਨਾਲ ਵੱਡੀਆਂ ਅਜ਼ਮਾਇਸ਼ਾਂ, ਨਿਸ਼ਾਨ ਅਤੇ ਅਚੰਭੇ, ਬਲਵੰਤ ਹੱਥ ਅਤੇ ਫੈਲੀ ਹੋਈ ਬਾਂਹ ਵੇਖੀ, ਜਿਸ ਨਾਲ ਯਾਹਵੇਹ, ਤੁਹਾਡਾ ਪਰਮੇਸ਼ਵਰ ਤੁਹਾਨੂੰ ਬਾਹਰ ਲਿਆਇਆ। ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਸਾਰੀਆਂ ਕੌਮਾਂ ਨਾਲ ਵੀ ਅਜਿਹਾ ਹੀ ਕਰੇਗਾ ਜਿਨ੍ਹਾਂ ਤੋਂ ਤੁਸੀਂ ਹੁਣ ਡਰਦੇ ਹੋ। 20ਇਸ ਤੋਂ ਇਲਾਵਾ, ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਵਿੱਚ ਡੇਹਮੂ#7:20 ਡੇਹਮੂ ਅਰਥਾਤ: ਪਲੇਗ ਭੇਜੇਗਾ ਜਦ ਤੱਕ ਕਿ ਉਹ ਜਿਹੜੇ ਆਪਣੇ ਆਪ ਨੂੰ ਲੁਕਾਉਣਗੇ, ਤੁਹਾਡੇ ਸਾਹਮਣਿਓਂ ਨਾਸ ਨਾ ਹੋ ਜਾਣ। 21ਉਹਨਾਂ ਤੋਂ ਨਾ ਘਬਰਾਓ ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ, ਜੋ ਤੁਹਾਡੇ ਵਿਚਕਾਰ ਹੈ, ਇੱਕ ਮਹਾਨ ਅਤੇ ਸ਼ਾਨਦਾਰ ਪਰਮੇਸ਼ਵਰ ਹੈ। 22ਤੁਹਾਡਾ ਯਾਹਵੇਹ ਪਰਮੇਸ਼ਵਰ ਹੌਲੀ-ਹੌਲੀ ਉਹਨਾਂ ਕੌਮਾਂ ਨੂੰ ਤੁਹਾਡੇ ਅੱਗੇ ਤੋਂ ਬਾਹਰ ਕੱਢ ਦੇਵੇਗਾ। ਤੁਹਾਨੂੰ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਖਤਮ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ, ਜਾਂ ਜੰਗਲੀ ਜਾਨਵਰ ਤੁਹਾਡੇ ਆਲੇ-ਦੁਆਲੇ ਵੱਧ ਹੋ ਜਾਣ। 23ਪਰ ਯਾਹਵੇਹ, ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਹਵਾਲੇ ਕਰ ਦੇਵੇਗਾ, ਅਤੇ ਉਹਨਾਂ ਨੂੰ ਬਹੁਤ ਉਲਝਣ ਵਿੱਚ ਪਾਵੇਗਾ ਜਦੋਂ ਤੱਕ ਉਹ ਨਾਸ ਨਹੀਂ ਹੋ ਜਾਂਦੇ। 24ਉਹ ਉਹਨਾਂ ਦੇ ਰਾਜਿਆਂ ਨੂੰ ਤੇਰੇ ਹੱਥ ਵਿੱਚ ਕਰ ਦੇਵੇਗਾ ਅਤੇ ਤੂੰ ਉਹਨਾਂ ਦੇ ਨਾਮ ਅਕਾਸ਼ ਦੇ ਹੇਠੋਂ ਮਿਟਾ ਦੇਣਾ ਅਤੇ ਕੋਈ ਵੀ ਤੁਹਾਡੇ ਵਿਰੁੱਧ ਖੜ੍ਹਾ ਨਹੀਂ ਹੋ ਸਕੇਗਾ, ਤੁਸੀਂ ਉਹਨਾਂ ਨੂੰ ਤਬਾਹ ਕਰ ਦੇਵੋਂਗੇ। 25ਉਹਨਾਂ ਦੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਤੁਸੀਂ ਅੱਗ ਵਿੱਚ ਸਾੜ ਦੇਣਾ ਅਤੇ ਤੁਸੀਂ ਉਸ ਚਾਂਦੀ, ਸੋਨੇ ਦਾ ਲਾਲਚ ਨਾ ਕਰਨਾ ਜੋ ਉਹਨਾਂ ਦੇ ਉੱਤੇ ਹੈ ਅਤੇ ਉਸਨੂੰ ਆਪਣੇ ਲਈ ਨਾ ਲਓ, ਨਹੀਂ ਤਾਂ ਤੁਸੀਂ ਇਸ ਫੰਦੇ ਵਿੱਚ ਫਸ ਜਾਵੋਗੇ, ਕਿਉਂਕਿ ਇਹ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਲਈ ਘਿਣਾਉਣੀ ਹੈ। 26ਆਪਣੇ ਘਰ ਵਿੱਚ ਘਿਣਾਉਣੀ ਵਸਤੂ ਨਾ ਲਿਆਓ ਕਿਤੇ ਤੁਸੀਂ ਵੀ ਉਸ ਤਰ੍ਹਾਂ ਘਿਣਾਉਣੇ ਹੋ ਜਾਓ। ਤੁਸੀਂ ਉਸ ਤੋਂ ਨਫ਼ਰਤ ਅਤੇ ਘਿਣ ਕਰੋ ਕਿਉਂ ਜੋ ਉਹ ਇੱਕ ਘਿਣਾਉਣੀ ਚੀਜ਼ ਹੈ।

Currently Selected:

ਬਿਵਸਥਾ 7: PCB

Highlight

Copy

Compare

Share

None

Want to have your highlights saved across all your devices? Sign up or sign in