ਬਿਵਸਥਾ 9
9
ਇਸਰਾਏਲ ਦੀ ਧਾਰਮਿਕਤਾ ਦੇ ਕਾਰਨ ਨਹੀਂ
1ਹੇ ਇਸਰਾਏਲ, ਸੁਣੋ, ਹੁਣ ਤੁਸੀਂ ਯਰਦਨ ਪਾਰ ਕਰਨ ਜਾ ਰਹੇ ਹੋ ਅਤੇ ਤੁਸੀਂ ਉਹਨਾਂ ਲੋਕਾਂ ਨੂੰ ਬਾਹਰ ਕੱਢੋ ਕਿਉਂਕਿ ਉਹ ਤੁਹਾਡੇ ਨਾਲੋਂ ਵੱਡੀਆਂ ਅਤੇ ਬਲਵੰਤ ਕੌਮਾਂ ਹਨ, ਉਹਨਾਂ ਦੇ ਸ਼ਹਿਰ ਵੱਡੇ ਹਨ ਜਿਨ੍ਹਾਂ ਦੀਆਂ ਕੰਧਾਂ ਅਕਾਸ਼ ਤੱਕ ਹਨ। 2ਉਹ ਲੋਕ ਤਕੜੇ ਅਤੇ ਉੱਚੇ ਹਨ, ਅਰਥਾਤ ਅਨਾਕੀ! ਤੁਸੀਂ ਉਹਨਾਂ ਬਾਰੇ ਜਾਣਦੇ ਹੋ ਅਤੇ ਇਹ ਕਿਹਾ ਸੁਣਿਆ ਹੈ, “ਅਨਾਕੀਆਂ ਦੇ ਵਿਰੁੱਧ ਕੌਣ ਖੜ੍ਹਾ ਹੋ ਸਕਦਾ ਹੈ?” 3ਪਰ ਅੱਜ ਯਕੀਨ ਰੱਖੋ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ ਜੋ ਭਸਮ ਕਰਨ ਵਾਲੀ ਅੱਗ ਵਾਂਗ ਤੁਹਾਡੇ ਅੱਗੇ ਲੰਘਦਾ ਹੈ। ਉਹ ਉਹਨਾਂ ਨੂੰ ਤਬਾਹ ਕਰ ਦੇਵੇਗਾ, ਉਹ ਤੁਹਾਡੇ ਸਾਮ੍ਹਣੇ ਉਹਨਾਂ ਨੂੰ ਆਪਣੇ ਅਧੀਨ ਕਰ ਦੇਵੇਗਾ ਅਤੇ ਤੁਸੀਂ ਉਹਨਾਂ ਨੂੰ ਬਾਹਰ ਕੱਢ ਦੇਵੋਗੇ ਅਤੇ ਉਹਨਾਂ ਨੂੰ ਜਲਦੀ ਨਾਸ ਕਰੋਗੇ, ਜਿਵੇਂ ਕਿ ਯਾਹਵੇਹ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ।
4ਜਦੋਂ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਨੂੰ ਤੁਹਾਡੇ ਸਾਮ੍ਹਣੇ ਬਾਹਰ ਕੱਢ ਦਿੱਤਾ ਹੈ, ਤਾਂ ਆਪਣੇ ਆਪ ਨੂੰ ਇਹ ਨਾ ਕਹੋ, “ਯਾਹਵੇਹ ਨੇ ਮੇਰੀ ਧਾਰਮਿਕਤਾ ਦੇ ਕਾਰਨ ਮੈਨੂੰ ਇਸ ਧਰਤੀ ਉੱਤੇ ਕਬਜ਼ਾ ਕਰਨ ਲਈ ਇੱਥੇ ਲਿਆਂਦਾ ਹੈ।” ਨਹੀਂ, ਇਹ ਤਾਂ ਇਹਨਾਂ ਕੌਮਾਂ ਦੀ ਦੁਸ਼ਟਤਾ ਦੇ ਕਾਰਨ ਹੈ ਕਿ ਯਾਹਵੇਹ ਉਹਨਾਂ ਨੂੰ ਤੁਹਾਡੇ ਅੱਗਿਓਂ ਕੱਢ ਰਿਹਾ ਹੈ। 5ਇਹ ਤੁਹਾਡੀ ਧਾਰਮਿਕਤਾ ਜਾਂ ਤੁਹਾਡੀ ਖਰਿਆਈ ਦੇ ਕਾਰਨ ਨਹੀਂ ਹੈ ਕਿ ਤੁਸੀਂ ਉਹਨਾਂ ਦੀ ਧਰਤੀ ਉੱਤੇ ਕਬਜ਼ਾ ਕਰਨ ਲਈ ਜਾ ਰਹੇ ਹੋ, ਪਰ ਇਹਨਾਂ ਕੌਮਾਂ ਦੀ ਦੁਸ਼ਟਤਾ ਦੇ ਕਾਰਨ, ਤੁਹਾਡਾ ਯਾਹਵੇਹ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਅੱਗਿਓਂ ਬਾਹਰ ਕੱਢਦਾ ਹੈ, ਤਾਂ ਜੋ ਉਹ ਉਸ ਬਚਨ ਨੂੰ ਕਾਇਮ ਰੱਖੇ ਜੋ ਉਸ ਨੇ ਤੁਹਾਡੇ ਪੁਰਖਿਆਂ, ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾ ਕੇ ਦਿੱਤਾ ਸੀ। 6ਤਾਂ ਇਹ ਸਮਝ ਲਵੋ ਕਿ ਇਹ ਤੁਹਾਡੀ ਧਾਰਮਿਕਤਾ ਦੇ ਕਾਰਨ ਨਹੀਂ ਹੈ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਇਹ ਚੰਗੀ ਧਰਤੀ ਪ੍ਰਾਪਤ ਕਰਨ ਲਈ ਦੇ ਰਿਹਾ ਹੈ, ਕਿਉਂ ਜੋ ਤੁਸੀਂ ਕਠੋਰ ਲੋਕ ਹੋ।
ਸੁਨਹਿਰੀ ਵੱਛਾ
7ਇਹ ਯਾਦ ਰੱਖੋ ਅਤੇ ਇਹ ਕਦੇ ਨਾ ਭੁੱਲੋ ਕਿ ਤੁਸੀਂ ਉਜਾੜ ਵਿੱਚ ਯਾਹਵੇਹ ਆਪਣੇ ਪਰਮੇਸ਼ਵਰ ਦਾ ਕ੍ਰੋਧ ਕਿਵੇਂ ਭੜਕਾਇਆ ਸੀ। ਜਿਸ ਦਿਨ ਤੋਂ ਤੁਸੀਂ ਮਿਸਰ ਛੱਡ ਕੇ ਇੱਥੇ ਪਹੁੰਚੇ ਹੋ, ਤੁਸੀਂ ਯਾਹਵੇਹ ਦੇ ਵਿਰੁੱਧ ਵਿਦਰੋਹ ਹੀ ਕੀਤਾ ਹੈ। 8ਹੋਰੇਬ ਵਿੱਚ ਤੁਸੀਂ ਯਾਹਵੇਹ ਦਾ ਕ੍ਰੋਧ ਭੜਕਾਇਆ ਅਤੇ ਯਾਹਵੇਹ ਤੁਹਾਨੂੰ ਤਬਾਹ ਕਰਨ ਲਈ ਬਹੁਤ ਕ੍ਰੋਧਵਾਨ ਹੋ ਗਿਆ। 9ਜਦੋਂ ਮੈਂ ਪੱਥਰ ਦੀਆਂ ਫੱਟੀਆਂ ਲੈਣ ਲਈ ਪਹਾੜ ਉੱਤੇ ਚੜ੍ਹਿਆ ਅਰਥਾਤ ਨੇਮ ਦੀਆਂ ਫੱਟੀਆਂ ਜਿਹੜੀਆਂ ਯਾਹਵੇਹ ਨੇ ਤੁਹਾਡੇ ਨਾਲ ਬੰਨ੍ਹੀਆਂ ਸੀ, ਮੈਂ ਪਹਾੜ ਉੱਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਰਿਹਾ, ਮੈਂ ਨਾ ਰੋਟੀ ਖਾਧੀ ਅਤੇ ਨਾ ਪਾਣੀ ਪੀਤਾ। 10ਯਾਹਵੇਹ ਨੇ ਮੈਨੂੰ ਦੋ ਪੱਥਰ ਦੀਆਂ ਫੱਟੀਆਂ ਦਿੱਤੀਆਂ ਜੋ ਪਰਮੇਸ਼ਵਰ ਦੀ ਉਂਗਲ ਨਾਲ ਲਿਖੀਆਂ ਹੋਈਆਂ ਸਨ। ਉਹਨਾਂ ਉੱਤੇ ਉਹ ਸਾਰੇ ਹੁਕਮ ਸਨ ਜੋ ਯਾਹਵੇਹ ਨੇ ਤੁਹਾਨੂੰ ਸਭਾ ਦੇ ਦਿਨ ਅੱਗ ਵਿੱਚੋਂ ਪਹਾੜ ਉੱਤੇ ਸੁਣਾਏ ਸਨ।
11ਚਾਲੀ ਦਿਨਾਂ ਅਤੇ ਚਾਲੀ ਰਾਤਾਂ ਦੇ ਅੰਤ ਵਿੱਚ, ਯਾਹਵੇਹ ਨੇ ਮੈਨੂੰ ਪੱਥਰ ਦੀਆਂ ਦੋ ਫੱਟੀਆਂ ਅਰਥਾਤ ਨੇਮ ਦੀਆਂ ਫੱਟੀਆਂ ਦਿੱਤੀਆਂ। 12ਤਦ ਯਾਹਵੇਹ ਨੇ ਮੈਨੂੰ ਆਖਿਆ, “ਛੇਤੀ ਇੱਥੋਂ ਹੇਠਾਂ ਜਾ ਕਿਉਂ ਜੋ ਤੇਰੀ ਪਰਜਾ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ ਭ੍ਰਿਸ਼ਟ ਹੋ ਗਏ ਹਨ। ਜੋ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ, ਉਹ ਉਹਨਾਂ ਤੋਂ ਛੇਤੀ ਹੀ ਹਟ ਗਏ ਹਨ ਅਤੇ ਆਪਣੇ ਲਈ ਇੱਕ ਮੂਰਤੀ ਬਣਾ ਲਈ ਹੈ।”
13ਅਤੇ ਯਾਹਵੇਹ ਨੇ ਮੈਨੂੰ ਆਖਿਆ, “ਮੈਂ ਇਨ੍ਹਾਂ ਲੋਕਾਂ ਨੂੰ ਵੇਖਿਆ ਹੈ ਅਤੇ ਇਹ ਸੱਚ-ਮੁੱਚ ਕਠੋਰ ਲੋਕ ਹਨ! 14ਮੈਨੂੰ ਛੱਡ ਦਿਓ ਤਾਂ ਜੋ ਮੈਂ ਉਹਨਾਂ ਨੂੰ ਨਾਸ ਕਰ ਦਿਆਂ ਅਤੇ ਅਕਾਸ਼ ਦੇ ਹੇਠੋਂ ਉਹਨਾਂ ਦਾ ਨਾਮ ਮਿਟਾ ਦਿਆਂ ਅਤੇ ਮੈਂ ਤੁਹਾਨੂੰ ਇੱਕ ਕੌਮ ਬਣਾਵਾਂਗਾ ਜੋ ਉਹਨਾਂ ਨਾਲੋਂ ਵਧੇਰੇ ਤਾਕਤਵਰ ਅਤੇ ਬਹੁਤ ਜ਼ਿਆਦਾ ਹੋਵੇਗੀ।”
15ਸੋ ਮੈਂ ਮੁੜਿਆ ਅਤੇ ਪਹਾੜ ਤੋਂ ਹੇਠਾਂ ਉਤਰਿਆ ਜਦੋਂ ਉਹ ਪਹਾੜ ਅੱਗ ਨਾਲ ਬਲ ਰਿਹਾ ਸੀ ਅਤੇ ਨੇਮ ਦੀਆਂ ਦੋ ਫੱਟੀਆਂ ਮੇਰੇ ਹੱਥਾਂ ਵਿੱਚ ਸਨ। 16ਜਦੋਂ ਮੈਂ ਨਿਗਾਹ ਕੀਤੀ ਤਾਂ ਵੇਖਿਆ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਸੀ! ਤੁਸੀਂ ਆਪਣੇ ਲਈ ਇੱਕ ਵੱਛੇ ਦੇ ਰੂਪ ਵਿੱਚ ਇੱਕ ਮੂਰਤੀ ਬਣਾਈ ਸੀ। ਤੁਸੀਂ ਉਸ ਰਾਹ ਤੋਂ ਛੇਤੀ ਹੀ ਹਟ ਗਏ ਸੀ ਜਿਸਦਾ ਯਾਹਵੇਹ ਨੇ ਤੁਹਾਨੂੰ ਹੁਕਮ ਦਿੱਤਾ ਸੀ। 17ਇਸ ਲਈ ਮੈਂ ਉਹ ਦੋਵੇਂ ਫੱਟੀਆਂ ਲੈ ਕੇ ਆਪਣੇ ਹੱਥਾਂ ਵਿੱਚੋਂ ਸੁੱਟ ਦਿੱਤੀਆਂ ਅਤੇ ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਉਹਨਾਂ ਦੇ ਟੁਕੜੇ ਕਰ ਦਿੱਤੇ।
18ਤਦ ਮੈਂ ਇੱਕ ਵਾਰ ਫਿਰ ਯਾਹਵੇਹ ਦੇ ਅੱਗੇ ਚਾਲੀ ਦਿਨ ਅਤੇ ਚਾਲੀ ਰਾਤਾਂ ਤੱਕ ਪਿਆ ਰਿਹਾ। ਮੈਂ ਨਾ ਤਾਂ ਰੋਟੀ ਖਾਧੀ ਅਤੇ ਨਾ ਹੀ ਪਾਣੀ ਪੀਤਾ ਕਿਉਂ ਜੋ ਤੁਸੀਂ ਉਹ ਸਾਰੇ ਪਾਪ ਕੀਤੇ ਸਨ, ਜੋ ਯਾਹਵੇਹ ਦੀ ਨਿਗਾਹ ਵਿੱਚ ਭੈੜੇ ਸਨ ਅਤੇ ਉਸ ਦਾ ਗੁੱਸਾ ਭੜਕਾਇਆ। 19ਮੈਂ ਯਾਹਵੇਹ ਦੇ ਕ੍ਰੋਧ ਅਤੇ ਕਹਿਰ ਤੋਂ ਡਰਦਾ ਸੀ, ਕਿਉਂਕਿ ਉਹ ਤੁਹਾਡੇ ਉੱਤੇ ਇੰਨਾ ਕ੍ਰੋਧਵਾਨ ਸੀ ਕਿ ਤੁਹਾਨੂੰ ਤਬਾਹ ਕਰ ਦੇਵੇ, ਪਰ ਫਿਰ ਵੀ ਯਾਹਵੇਹ ਨੇ ਮੇਰੀ ਗੱਲ ਸੁਣੀ। 20ਅਤੇ ਯਾਹਵੇਹ ਹਾਰੋਨ ਉੱਤੇ ਬਹੁਤ ਨਾਰਾਜ਼ ਸੀ ਕਿ ਉਸਨੂੰ ਤਬਾਹ ਕਰ ਦੇਵੇ, ਪਰ ਉਸ ਸਮੇਂ ਮੈਂ ਹਾਰੋਨ ਲਈ ਵੀ ਪ੍ਰਾਰਥਨਾ ਕੀਤੀ। 21ਨਾਲੇ ਮੈਂ ਤੁਹਾਡੇ ਉਹ ਪਾਪੀ ਵੱਛੇ ਨੂੰ ਜਿਹੜਾ ਤੁਸੀਂ ਬਣਾਇਆ ਸੀ, ਲੈ ਕੇ ਅੱਗ ਵਿੱਚ ਸਾੜ ਦਿੱਤਾ। ਫਿਰ ਮੈਂ ਇਸਨੂੰ ਕੁਚਲਿਆ ਅਤੇ ਇਸਨੂੰ ਧੂੜ ਵਾਂਗ ਬਰੀਕ ਪੀਸਿਆ ਅਤੇ ਧੂੜ ਨੂੰ ਪਹਾੜ ਤੋਂ ਹੇਠਾਂ ਵਗਣ ਵਾਲੀ ਨਦੀ ਵਿੱਚ ਸੁੱਟ ਦਿੱਤਾ।
22ਤੁਸੀਂ ਤਬੇਰਾਹ, ਮੱਸਾਹ ਅਤੇ ਕਿਬਰੋਥ ਹੱਤਾਵਹ ਵਿੱਚ ਵੀ ਯਾਹਵੇਹ ਨੂੰ ਕ੍ਰੋਧਿਤ ਕੀਤਾ ਸੀ।
23ਅਤੇ ਜਦੋਂ ਯਾਹਵੇਹ ਨੇ ਤੁਹਾਨੂੰ ਕਾਦੇਸ਼ ਬਰਨੇਆ ਤੋਂ ਬਾਹਰ ਭੇਜਿਆ ਤਾਂ ਉਸ ਨੇ ਕਿਹਾ, “ਉੱਪਰ ਜਾਓ ਅਤੇ ਜਿਹੜੀ ਧਰਤੀ ਮੈਂ ਤੁਹਾਨੂੰ ਦਿੱਤੀ ਹੈ ਉਸ ਉੱਤੇ ਕਬਜ਼ਾ ਕਰੋ।” ਪਰ ਤੁਸੀਂ ਆਪਣੇ ਪਰਮੇਸ਼ਵਰ ਦੇ ਹੁਕਮ ਤੋਂ ਬਾਗੀ ਹੋ ਗਏ ਅਤੇ ਤੁਸੀਂ ਉਸ ਉੱਤੇ ਭਰੋਸਾ ਨਹੀਂ ਕੀਤਾ, ਤੇ ਨਾ ਹੀ ਉਸ ਦਾ ਕਹਿਣਾ ਮੰਨਿਆ। 24ਜਦੋਂ ਤੋਂ ਮੈਂ ਤੁਹਾਨੂੰ ਜਾਣਦਾ ਹਾਂ ਤੁਸੀਂ ਯਾਹਵੇਹ ਦੇ ਵਿਰੁੱਧ ਬਾਗ਼ੀ ਰਹੇ ਹੋ।
25ਮੈਂ ਉਹਨਾਂ ਚਾਲੀ ਦਿਨ ਅਤੇ ਚਾਲੀ ਰਾਤਾਂ ਵਿੱਚ ਯਾਹਵੇਹ ਦੇ ਅੱਗੇ ਮੂੰਹ ਭਾਰ ਡਿੱਗ ਕੇ ਪਿਆ ਰਿਹਾ, ਕਿਉਂਕਿ ਯਾਹਵੇਹ ਨੇ ਕਿਹਾ ਸੀ ਕਿ ਉਹ ਤੁਹਾਨੂੰ ਨਾਸ ਕਰ ਦੇਵੇਗਾ। 26ਮੈਂ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਅਤੇ ਕਿਹਾ, “ਹੇ ਪ੍ਰਭੂ ਯਾਹਵੇਹ, ਆਪਣੀ ਪਰਜਾ ਨੂੰ, ਆਪਣੀ ਵਿਰਾਸਤ ਨੂੰ ਨਾਸ ਨਾ ਕਰ ਜਿਨ੍ਹਾਂ ਨੂੰ ਤੁਸੀਂ ਆਪਣੀ ਮਹਾਨ ਸ਼ਕਤੀ ਦੁਆਰਾ ਛੁਡਾਇਆ ਅਤੇ ਆਪਣੇ ਬਲ ਨਾਲ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ। 27ਆਪਣੇ ਸੇਵਕ ਅਬਰਾਹਾਮ, ਇਸਹਾਕ ਅਤੇ ਯਾਕੋਬ ਨੂੰ ਚੇਤੇ ਕਰ। ਇਨ੍ਹਾਂ ਲੋਕਾਂ ਦੇ ਜ਼ਿੱਦੀਪਣ, ਉਹਨਾਂ ਦੀ ਦੁਸ਼ਟਤਾ ਅਤੇ ਉਹਨਾਂ ਦੇ ਪਾਪ ਨੂੰ ਨਾ ਵੇਖ। 28ਨਹੀਂ ਤਾਂ, ਉਹ ਦੇਸ਼ ਜਿਸ ਤੋਂ ਤੁਸੀਂ ਸਾਨੂੰ ਕੱਢ ਲਿਆਏ ਹੋ ਆਖਣਗੇ, ‘ਕਿ ਯਾਹਵੇਹ ਉਹਨਾਂ ਨੂੰ ਉਸ ਦੇਸ਼ ਵਿੱਚ ਨਹੀਂ ਲੈ ਜਾ ਸਕਿਆ ਜਿਸਦਾ ਉਸ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਅਤੇ ਕਿਉਂਕਿ ਉਹ ਉਹਨਾਂ ਨਾਲ ਵੈਰ ਕਰਦਾ ਸੀ, ਇਸ ਲਈ ਉਹ ਉਹਨਾਂ ਨੂੰ ਬਾਹਰ ਕੱਢ ਲਿਆਇਆ ਤਾਂ ਜੋ ਉਜਾੜ ਵਿੱਚ ਉਹਨਾਂ ਦਾ ਨਾਸ ਕਰੇ।’ 29ਪਰ ਉਹ ਤੁਹਾਡੀ ਪਰਜਾ ਹੈ, ਤੁਹਾਡੀ ਵਿਰਾਸਤ ਹਨ ਜਿਨ੍ਹਾਂ ਨੂੰ ਤੁਸੀਂ ਆਪਣੀ ਮਹਾਨ ਸ਼ਕਤੀ ਅਤੇ ਆਪਣੀ ਫੈਲੀ ਹੋਈ ਬਾਂਹ ਨਾਲ ਬਾਹਰ ਕੱਢ ਲਿਆਇਆ ਹੈ।”
Currently Selected:
ਬਿਵਸਥਾ 9: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.