Bible App logo
Search Icon

ਬਿਵਸਥਾ 34

34
ਮੋਸ਼ੇਹ ਦੀ ਮੌਤ
1ਤਦ ਮੋਸ਼ੇਹ ਮੋਆਬ ਦੇ ਮੈਦਾਨਾਂ ਤੋਂ ਯਰੀਹੋ ਦੇ ਪਾਰ ਪਿਸਗਾਹ ਦੀ ਚੋਟੀ ਤੋਂ ਨਬੋ ਪਹਾੜ ਉੱਤੇ ਚੜ੍ਹਿਆ। ਉੱਥੇ ਯਾਹਵੇਹ ਨੇ ਉਸ ਨੂੰ ਗਿਲਿਆਦ ਤੋਂ ਲੈ ਕੇ ਦਾਨ ਤੱਕ ਸਾਰਾ ਦੇਸ਼ ਦਿਖਾਇਆ। 2ਸਾਰਾ ਨਫ਼ਤਾਲੀ, ਇਫ਼ਰਾਈਮ ਅਤੇ ਮਨੱਸ਼ੇਹ ਦਾ ਇਲਾਕਾ, ਯਹੂਦਾਹ ਦਾ ਸਾਰਾ ਦੇਸ਼ ਮਹਾ ਸਾਗਰ#34:2 ਮਹਾ ਸਾਗਰ ਅਰਥਾਤ: ਭੂਮੱਧ ਸਾਗਰ ਤੱਕ, 3ਅਤੇ ਦੱਖਣ ਦਾ ਦੇਸ਼ ਅਤੇ ਸੋਆਰ ਤੱਕ ਯਰੀਹੋ ਦੀ ਘਾਟੀ ਦੇ ਮੈਦਾਨ ਜਿਹੜਾ ਖਜ਼ੂਰ ਦੇ ਰੁੱਖਾਂ ਦਾ ਸ਼ਹਿਰ। 4ਤਦ ਯਾਹਵੇਹ ਨੇ ਉਸ ਨੂੰ ਆਖਿਆ, “ਇਹ ਉਹ ਧਰਤੀ ਹੈ ਜਿਸ ਦੀ ਸਹੁੰ ਮੈਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਖਾਧੀ ਸੀ ਜਦੋਂ ਮੈਂ ਕਿਹਾ ਸੀ, ‘ਮੈਂ ਇਹ ਤੇਰੇ ਉੱਤਰਾਧਿਕਾਰੀਆਂ ਨੂੰ ਦਿਆਂਗਾ।’ ਮੈਂ ਤੈਨੂੰ ਤੇਰੀਆਂ ਅੱਖਾਂ ਨਾਲ ਇਹ ਦੇਸ਼ ਵਿਖਾ ਦਿੱਤਾ ਹੈ ਪਰ ਤੂੰ ਪਾਰ ਲੰਘ ਕੇ ਉੱਥੇ ਨਹੀਂ ਜਾਵੇਗਾ।”
5ਅਤੇ ਯਾਹਵੇਹ ਦਾ ਦਾਸ ਮੋਸ਼ੇਹ ਉੱਥੇ ਮੋਆਬ ਵਿੱਚ ਮਰ ਗਿਆ, ਜਿਵੇਂ ਯਾਹਵੇਹ ਨੇ ਆਖਿਆ ਸੀ। 6ਉਸ ਨੇ ਉਸ ਨੂੰ ਮੋਆਬ ਵਿੱਚ ਬੈਥ ਪਓਰ ਦੇ ਸਾਮ੍ਹਣੇ ਵਾਲੀ ਵਾਦੀ ਵਿੱਚ ਦੱਬ ਦਿੱਤਾ ਪਰ ਅੱਜ ਤੱਕ ਕੋਈ ਨਹੀਂ ਜਾਣਦਾ ਕਿ ਉਸ ਦੀ ਕਬਰ ਕਿੱਥੇ ਹੈ। 7ਜਦੋਂ ਮੋਸ਼ੇਹ ਮਰਿਆ ਤਾਂ ਉਹ ਇੱਕ ਸੌ ਵੀਹ ਸਾਲਾਂ ਦਾ ਸੀ, ਪਰ ਨਾ ਉਸ ਦੀਆਂ ਅੱਖਾਂ ਕਮਜ਼ੋਰ ਹੋਈਆਂ ਅਤੇ ਨਾ ਹੀ ਉਸ ਦਾ ਬਲ ਘਟਿਆ। 8ਇਸਰਾਏਲੀਆਂ ਨੇ ਮੋਆਬ ਦੇ ਮੈਦਾਨ ਵਿੱਚ ਤੀਹ ਦਿਨ ਤੱਕ ਮੋਸ਼ੇਹ ਲਈ ਸੋਗ ਕੀਤਾ, ਇਸ ਤਰ੍ਹਾਂ ਮੋਸ਼ੇਹ ਦੇ ਸੋਗ ਅਤੇ ਵਿਰਲਾਪ ਦੇ ਦਿਨ ਪੂਰੇ ਹੋਏ।
9ਹੁਣ ਨੂਨ ਦਾ ਪੁੱਤਰ ਯਹੋਸ਼ੂਆ ਬੁੱਧ ਦੇ ਆਤਮਾ ਨਾਲ ਭਰਪੂਰ ਸੀ ਕਿਉਂਕਿ ਮੋਸ਼ੇਹ ਨੇ ਉਸ ਉੱਤੇ ਹੱਥ ਰੱਖੇ ਸਨ। ਇਸ ਲਈ ਇਸਰਾਏਲੀ ਉਸਦੀ ਗੱਲ ਸੁਣਦੇ ਸਨ ਅਤੇ ਉਸੇ ਤਰ੍ਹਾਂ ਕਰਦੇ ਸਨ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
10ਇਸ ਤੋਂ ਬਾਅਦ ਹੁਣ ਤੱਕ ਇਸਰਾਏਲ ਵਿੱਚ ਮੋਸ਼ੇਹ ਵਰਗਾ ਕੋਈ ਵੀ ਨਬੀ ਨਹੀਂ ਉੱਠਿਆ, ਜਿਸ ਨੂੰ ਯਾਹਵੇਹ ਆਹਮੋ-ਸਾਮ੍ਹਣੇ ਜਾਣਦਾ ਸੀ, 11ਅਤੇ ਯਾਹਵੇਹ ਨੇ ਉਸਨੂੰ ਮਿਸਰ ਦੇ ਫ਼ਿਰਾਊਨ ਅਤੇ ਉਸ ਦੇ ਸਾਰੇ ਕਰਮਚਾਰੀਆਂ ਦੇ ਸਾਮ੍ਹਣੇ ਅਤੇ ਉਸ ਦੇ ਸਾਰੇ ਦੇਸ਼ ਵਿੱਚ ਨਿਸ਼ਾਨ ਅਤੇ ਅਚਰਜ ਕੰਮ ਵਿਖਾਲਣ ਲਈ ਭੇਜਿਆ ਸੀ। 12ਕਿਉਂ ਜੋ ਮੋਸ਼ੇਹ ਨੇ ਸਾਰੇ ਇਸਰਾਏਲੀਆਂ ਦੇ ਵੇਖਦਿਆਂ ਬਲਵੰਤ ਹੱਥ ਅਤੇ ਵੱਡੇ ਡਰ ਦੇ ਕੰਮ ਕਰਕੇ ਵਿਖਾਏ।

Currently Selected:

ਬਿਵਸਥਾ 34: PCB

Highlight

Copy

Compare

Share

None

Want to have your highlights saved across all your devices? Sign up or sign in